[Ideal of Life]
ਡਾ: ਹਰਭਜਨ ਸਿੰਘ ਜੀ, ਮਾਨਵ ਆਦੇਸ਼, ਫਰਵਰੀ 1990
Manav Adesh, Feb 1990 (pages 2-5)

ਆਮ ਲੋਕਾਂ ਵਾਸਤੇ ਦੁਨੀਆਂ ਖੁਸ਼ੀਆਂ ਅਤੇ ਮੁਸੀਬਤਾਂ ਦਾ ਘਰ ਹੈ। ਜਿਸ-ਜਿਸ ਨਜ਼ਰੀਏ ਵਿੱਚ ਲੋਕ ਆਉਂਦੇ ਰਹੇ, ਉਸੇ ਹੀ ਨਜ਼ਰੀਏ ਵਿੱਚ ਦੁਨੀਆਂ ਨੂੰ ਪਾ ਕੇ ਵਾਪਸ ਜਾਂਦੇ ਰਹੇ। ਲੇਕਿਨ ਦੁਨੀਆਂ ਦੇ ਇਸ ਅਥਾਹ ਸਮੁੰਦਰ ਦਾ ਕਿਸੇ ਨੂੰ ਪਤਾ ਨਹੀਂ ਲੱਗਾ। ਕੁਝ ਹੋਸ਼ ਵਾਲੇ ਆਦਮੀ ਆਏ, ਮਹਾਂਪੁਰਸ਼ ਆਏ, ਜਿਨ੍ਹਾਂ ਦੀਆਂ ਬਾਣੀਆਂ ਸਾਡੇ ਸਾਹਮਣੇ ਹਨ।
ਉਨ੍ਹਾਂ ਨੇ ਸਾਨੂੰ ਹੋਸ਼ ਦਿੱਤੀ ਕਿ ਆਦਮੀ ਕਿਥੋਂ ਆਇਆ? ਕਿਉਂ ਆਇਆ?
ਇਸ ਦੇ ਆਉਣ ਦਾ ਆਦਰਸ਼ ਕੀ ਸੀ। ਇਨ੍ਹਾਂ ਪਹਿਲੂਆਂ ਨੂੰ ਉਹਨਾਂ ਨੇ ਸਾਡੇ ਸਾਹਮਣੇ ਰੱਖਿਆ, ਖਾਲੀ (ਸਿਰਫ਼) ਰੱਖਿਆ ਹੀ ਨਹੀਂ, ਇਸ ਨੂੰ ਹੱਲ ਵੀ ਕੀਤਾ। ਉਨ੍ਹਾਂ ਕਿਹਾ ਕਿ,
“ਇਨਸਾਨ ਨੂੰ ਮੁਕੰਮਲ ਇਨਸਾਨ ਬਣਨਾ ਚਾਹੀਦਾ ਹੈ।”
ਮੁਕੰਮਲ ਇਨਸਾਨ ਕਿਸ ਤਰ੍ਹਾਂ?
ਦੁਨੀਆਂ ਵਿੱਚ ਰਹਿੰਦੇ ਹੋਏ ਇਨਸਾਨ ਬਾ-ਅਸੂਲ ਅਤੇ ਅਸੂਲ ਪ੍ਰਸਤ ਹੋ ਕੇ ਚੱਲੇ। ਗੁਰੂ ਗ੍ਰੰਥ ਸਾਹਿਬ ਵਿਚ man making ਕਹੋ, ਇਨਸਾਨ ਦਾ ਬਨਣਾ ਕਹੋ, ਇਹ ਸਭ ਤੋਂ ਪਹਿਲਾ ਆਦਰਸ਼ ਰੱਖਿਆ ਗਿਆ ਹੈ। ਰੂਹਾਨੀਅਤ ਵਿੱਚ ਇਹ ਪਹਿਲਾ ਪਹਿਲੂ ਹੈ ਕਿ ਇਨਸਾਨ ਜਿਸ ਮਕਸਦ ਲਈ ਦੁਨੀਆਂ ਵਿਚ ਆਇਆ ਹੈ, ਉਸ ਨੂੰ ਵੀ ਹੱਲ ਕਰੇ।
ਉਹ ਮਕਸਦ ਕੀ ਸੀ?
ਇਹ ਦੁਨੀਆਂ ਬਹੁਤ ਚਿਰ ਦੀ ਬਣੀ, ਕਰੋੜਾਂ ਅਰਬਾਂ ਸਾਲਾਂ ਦੀ ਬਣੀ ਹੈ। ਬਹੁਤ-ਬਹੁਤ ਸੰਤ ਮਹਾਤਮਾ ਅਤੇ ਰਾਜੇ-ਮਹਾਰਾਜੇ ਵੀ ਦੁਨੀਆਂ ਤੇ ਆਏ। ਅਖੀਰ ਇਸ ਜਿਸਮ ਨੂੰ ਛੱਡ ਗਏ। ਸਾਡੇ ਮਾਂ-ਬਾਪ, ਦਾਦੇ-ਪੜਦਾਦੇ, ਉਨ੍ਹਾਂ ਦੇ ਦਾਦੇ-ਪੜਦਾਦੇ ਵੀ ਦੁਨੀਆਂ ਵਿੱਚ ਆਏ ਔਰ ਦੁਨੀਆਂ ਨੂੰ ਛੱਡ ਕੇ ਚਲੇ ਗਏ ਲੇਕਿਨ ਇੱਕ ਤਿਨਕਾ ਵੀ ਆਪਣੇ ਨਾਲ ਨਹੀਂ ਲੈ ਕੇ ਗਏ।
ਗੁਰਬਾਣੀ ਕਹਿੰਦੀ ਹੈ ਕਿ ਤੁਸੀਂ ਇਸ ਦੁਨੀਆਂ ਵਿੱਚ ਕਿਉਂ ਆਏ:
ਭਈ ਪਰਾਪਤਿ ਮਾਨੁਖ ਦੇਹੁਰੀਆ ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
— ਆਸਾ ਮ:੫ (ਪੰਨਾ ੩੭੮)
ਕਿ ਇਨਸਾਨ ਤੈਨੂੰ ਜਿਸਮ ਦਿੱਤਾ ਗਿਆ, ਕਿਸ ਵਾਸਤੇ ਦਿੱਤਾ ਗਿਆ, ਕਿ ਤੂੰ ਪ੍ਰਮਾਤਮਾ ਨਾਲੋਂ ਵਿਛੜਿਆ ਪਿਆ ਹੈਂ। ਕਦੋਂ ਦਾ ਵਿਛੜਿਆ ਪਿਆ, ਇਹ ਕੋਈ ਪਤਾ ਨਹੀਂ।
ਤੂੰ ਇਸ ਦੁਨੀਆਂ ਵਿਚ ਧੱਕੇ ਖਾ ਰਿਹਾ ਹੈਂ। ਮਿੱਟੀ ਔਰ ਪਾਣੀ ਵਿੱਚ ਮਿਲ ਕੇ ਤੂੰ ਆਪਣੇ ਆਪ ਨੂੰ ਬਰਬਾਦ ਕਰ ਲਿਆ ਹੈ। ਤੂੰ ਬਾਰ-ਬਾਰ ਇਸ ਦੁਨੀਆਂ ਵਿੱਚ ਆ ਰਿਹਾ ਹੈਂ। ਤੈਨੂੰ ਹੋਸ਼ ਹੀ ਭੁੱਲ ਗਈ ਕਿ ਤੂੰ ਇਥੋਂ ਦਾ ਰਹਿਣ ਵਾਲਾ ਨਹੀਂ ਹੈ। ਤੂੰ ਤੇ ਅਰਸ਼ਾਂ ਦੀ ਰਹਿਣ ਵਾਲੀ ਰਾਣੀ ਸੀ। ਤੂੰ ਇਥੇ ਆ ਕੇ ਬੁਰੀ ਤਰ੍ਹਾਂ ਫਸ ਗਿਆ। ਤੈਨੂੰ ਹੋਸ਼ ਭੁੱਲ ਗਈ।
ਸੋ, ਮਹਾਂਪੁਰਸ਼ ਕਹਿੰਦੇ ਨੇ,
“ਇਹ ਇੱਕ ਵਾਰੀ ਹੈ ਪ੍ਰਮਾਤਮਾ ਨੂੰ ਪਾਉਣ ਦੀ,ਜ਼ਿੰਦਗੀ ਨਹੀਂ।”
ਅਸੀਂ ਕਰੋੜਾਂ ਅਰਬਾਂ ਜਨਮ ਇਸ ਦੁਨੀਆਂ ਤੇ ਆਏ। ਬੜੀਆਂ-ਬੜੀਆਂ ਹੋਰ ਜੂਨਾਂ ਵਿੱਚ ਆਏ। ਦੁਨੀਆਂ ਵਿੱਚ ਸਾਡੇ ਹੋਰ ਸੰਬੰਧ ਰਹੇ। ਆਖ਼ਰ ਜਦੋਂ ਇਨਸਾਨੀ ਜਾਮਾ ਮਿਲਦਾ ਹੈ ਉਹ ਪ੍ਰਮਾਤਮਾ ਨੂੰ ਪਾਉਣ ਲਈ ਮਿਲਦਾ ਹੈ। ਇਹ ਪ੍ਰਮਾਤਮਾ ਨੂੰ ਪਾਉਣ ਦੀ ਵਾਰੀ ਹੈ। ਜੇ ਇਸ ਦਾ ਲਾਭ ਉਠਾ ਲਿਆ ਤਾਂ ਤੇਰਾ ਜੀਵਨ ਸਫ਼ਲ ਹੋ ਜਾਵੇਗਾ, ਨਹੀਂ ਤਾਂ ਦੂਜਿਆਂ ਵਾਂਗ ਤੂੰ ਵੀ ਚਲਾ ਜਾਵੇਗਾ।
ਮਹਾਂਪੁਰਸ਼ਾਂ ਨੇ ਇਸ ਨੂੰ ਪ੍ਰੈਕਟੀਕਲ ਰੂਪ ਵਿੱਚ ਲਿਆ ਹੈ। ਰੂਹਾਨੀਅਤ ਦਾ ਸਬਕ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦਾ ਹੈ। ਕਿਥੋਂ ਨਿਕਲਿਆ? ਇਹ ਸਰੀਰ ਵਿਚੋਂ ਨਿਕਲਿਆ।
ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚ ਕੀ ਜੋਤਿ ॥
— ਗਉੜੀ ਵਾਰ, ਮ:੪ (ਪੰਨਾ ੩੦੯)
ਹਰਿ ਮੰਦਰੁ ਇਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥
— ਪ੍ਰਭਾਤੀ ਮ:੩, (ਪੰਨਾ ੧੩੪੬)
ਮਹਾਂਪੁਰਸ਼ਾਂ ਨੇ ਰਾਜ਼-ਏ ਜ਼ਿੰਦਗੀ ਹੱਲ ਕੀਤੀ, ਕਿਸ ਤਰ੍ਹਾਂ ਕੀਤੀ, ਜਿਸਮ ਤੋਂ ਉਪਰ ਆ ਕੇ। ਇਹ ਅਸਲ ਹਰਿਮੰਦਰ ਹੈ, ਇਸ ਵਿਚੋਂ ਪ੍ਰਮਾਤਮਾ ਨੂੰ ਪਾਇਆ, ਸਿਰਫ਼ ਪਾਇਆ ਹੀ ਨਹੀਂ ਸਗੋਂ ਲੋਕਾਂ ਨੂੰ ਵੀ ਦਿਖਲਾਇਆ ਔਰ ਬਿਠਾ ਕੇ ਤਜਰਬਾ ਦਿਤਾ।
ਸਾਡੇ ਜਿਸਮ ਦੇ ਵਿੱਚ ਦੋ ਤਾਕਤਾਂ ਕੰਮ ਕਰ ਰਹੀਆਂ ਹਨ ਸੁਰਤ ਔਰ ਸ਼ਬਦ। ਸੁਰਤ ਸਾਡੀ ਮਨ ਦੇ ਅਧੀਨ ਹੋ ਕੇ ਬਾਹਰ ਦੁਨੀਆਂ ਦੇ ਵਿੱਚ ਫੈਲ ਚੁੱਕੀ ਹੈ। ਔਰ ਏਨੀ ਫੈਲ ਚੁੱਕੀ ਹੈ ਕਿ ਆਪਣੇ ਆਪ ਦਾ ਇਸ ਨੂੰ ਪਤਾ ਨਹੀਂ। ਇਹ ਭੁੱਲ ਚੁੱਕੀ ਹੈ ਲੇਕਿਨ ਸਾਡੇ ਜਿਸਮ ਦੇ ਵਿੱਚ ਹੀ ਮਨ-ਇੰਦਰੀਆਂ ਤੋਂ ਉਪਰ ਜਿੱਥੇ ਸਾਡੀ ਪਹੁੰਚ ਨਹੀਂ, ਰਸਾਈ ਨਹੀਂ, ਉੱਥੇ ਸ਼ਬਦ ਰੂਪ ਦੇ ਵਿੱਚ ਪ੍ਰਭੂ ਪ੍ਰਮਾਤਮਾ ਵਸ ਰਿਹਾ ਹੈ ਔਰ ਸਾਡੀ ਇੰਤਜ਼ਾਰ ਕਰ ਰਿਹਾ ਹੈ ਕਿ ਕਦੋਂ ਇਹ ਮਨ-ਇੰਦਰੀਆਂ ਤੋਂ ਅਤੇ ਮਨ ਤੋਂ ਆਜ਼ਾਦ ਹੋ ਕੇ ਇਸ ਜਗ੍ਹਾ ਤੇ ਆਵੇਗੀ ਔਰ ਮੈਂ ਇਸ ਨੂੰ ਵਾਪਸ ਲਿਜਾਵਾਂਗਾ।
ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ ॥
— ਰਾਗੁ ਗਉੜੀ ਪੂਰਬੀ ਮ:੫ (ਪੰਨਾ ੨੦੫)
ਇੱਕ ਹੀ ਸੰਗਤ ਦੇ ਵਿੱਚ, ਇੱਕ ਹੀ ਮਕਾਨ ਦੇ ਵਿੱਚ ਦੋ ਭਰਾ ਵਸ ਰਹੇ ਹਨ ਲੇਕਿਨ ਅਫਸੋਸ ਹੈ ਕਿ ਕਰੋੜਾਂ ਅਰਬਾਂ ਜਨਮ ਹੋ ਗਏ, ਇੱਕ ਦੂਜੇ ਨਾਲ ਗੱਲਾਂ ਬਾਤਾਂ ਕੀਤੀਆਂ ਨੂੰ। ਰੂਹ ਔਰ ਸ਼ਬਦ ਦੇ ਵਿੱਚ ਕੋਈ ਫ਼ਾਸਲਾ (ਦੂਰੀ) ਨਹੀਂ। ਨਾ ਫ਼ਾਸਲਾ ਔਰ ਨਾ ਵਕਤ, ਦੋਵੇਂ ਚੀਜ਼ਾਂ ਨਹੀਂ।
ਅੱਜ ਇੱਕ ਆਦਮੀ ਉਠਦਾ, ਦੂਸਰੇ ਦਿਨ ਉਸਦੀ ਪ੍ਰਾਪਤੀ ਕਰ ਲੈਂਦਾ, ਕਿਉਂ ਭਈ, ਫਾਸਲਾ ਨਹੀਂ, ਦੂਰੀ ਨਹੀਂ। ਕੋਈ ਆਦਮੀ ਆਪਣਾ ਮੁਕੰਮਲ ਇਰਾਦਾ ਕਰ ਲਏ ਉਸ ਨੂੰ ਚੀਜ਼ ਮਿਲ ਸਕਦੀ ਹੈ।
ਉਹ ਕੀ ਚੀਜ਼ ਹੈ?
ਜਿਸ ਆਦਰਸ਼ ਵਾਸਤੇ ਸਾਨੂੰ ਜ਼ਿੰਦਗੀ ਮਿਲੀ ਹੈ। ਉਸ ਨੂੰ ਕੋਈ ਪੂਰਾ ਕਰਾ ਦੇਵੇ। ਉਹ ਕੀ ਹੈ?
ਜਿੰਦੇ-ਜੀ ਮਰਨਾ।
ਜਿੰਦੇ-ਜੀ ਮਰਨਾ ਕੀ ਹੈ? ਸਾਡੇ ਗੁਰੂ ਸਾਹਿਬ ਭੋਰਿਆਂ ਦੇ ਵਿੱਚ ਬੈਠ ਕੇ ਕੀ ਕਰਦੇ ਸਨ?
ਉਹ ਰੂਹ ਨੂੰ ਜਿਸਮ ‘ਚੋਂ ਕੱਢ ਕੇ ਉਪਰ ਲੈ ਆਉਂਦੇ ਸਨ। ਇਹ ਅਸਲ, ਹਰਿਮੰਦਰ ਹੈ ਜੋ ਵੀ ਉਹਨਾਂ ਨੂੰ ਤਜਰਬਾ ਹੋਇਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿੱਤਾ। ਉਹਨਾਂ ਦਾ ਤਜਰਬਾ, ਸਾਡਾ ਤਜਰਬਾ ਬਣਨਾ ਚਾਹੀਦਾ ਹੈ ਜੇ ਨਹੀਂ ਬਣਦਾ ਤਾਂ ਅਸੀਂ ਉਹਨਾਂ ਦੇ ਅਸੂਲਾਂ ਤੇ ਨਹੀਂ ਚਲਦੇ।
ਅੰਦਰ ਜੋਤੀ ਔਰ ਸੁਰਤੀ ਮਾਰਗ ਹੈ। ਸੁਰਤ ਔਰ ਸ਼ਬਦ ਦਾ ਮੇਲ ਹੈ। ਸੰਤ ਕ੍ਰਿਪਾਲ ਸਿੰਘ ਜੀ ਕਹਿੰਦੇ ਸਨ,
“ਬੈਠੋ ਔਰ ਦੇਖੋ।”
ਉਧਾਰ ਨਹੀਂ ਸੀ ਕਰਦੇ। ਉਧਾਰ ਤਾਂ ਉਹ ਕਰੇ ਜੋ ਦੇ ਨਹੀਂ ਸਕਦਾ। ਉਹ ਤਾਂ ਤੁਹਾਨੂੰ ਚੱਕਰ ਲਗਵਾਏਗਾ, ਅਸਲੀਅਤ ਨਹੀਂ ਦੱਸੇਗਾ। ਔਰ ਦੁਨੀਆਂ ਦੀ ਹਿਸਟਰੀ ਵੇਖ ਲਉ ਗੁਰੂ ਅਮਰਦਾਸ ਜੀ 70-72 ਸਾਲ ਦੀ ਤਲਾਸ਼ ਤੋਂ ਬਾਅਦ ਜਦੋਂ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿਚ ਆਏ ਤੇ ਕਹਿਣ ਲਗੇ:
ਬਹੁ ਬਿਧਿ ਥਾਕਾ ਕਰਮ ਕਮਾਇ ॥੩॥
— ਰਾਗੁ ਗਉੜੀ ਪੂਰਬੀ ਮ:੩ (ਪੰਨਾ ੧੨੬੨)
ਕਰਮ ਕਰ ਕਰ ਕੇ ਥੱਕ ਗਿਆ ਹਾਂ। ਅਸੀਂ ਵੀ ਕਰਮ ਕਰ ਕਰ ਕੇ ਥੱਕ ਰਹੇ ਹਾਂ। ਕੋਈ ਹੈ, ਆਦਮੀ? ਜਿਸ ਨੇ ਅਸਲੀਅਤ ਨੂੰ ਪਾਇਆ ਹੈ। ਜਿਸ ਨੇ ਪਾਇਆ ਖੁਸ਼ੀ ਦੀ ਗੱਲ ਹੈ।
ਲੇਕਿਨ ਕਰਮਾਂ ਦੀ ਮਾਰ ਦੇ ਵਿੱਚ ਅਸੀਂ ਸਾਰੇ ਆਏ ਹਾਂ, ਭਾਰ ਚੁੱਕੀ ਫਿਰਦੇ ਹਾਂ, ਸਾਡੀ ਕੀ ਹਾਲਤ ਹੈ। ਇੱਕ ਇਨਸਾਨ ਗੱਡੀ ਵਿਚ ਸਫ਼ਰ ਕਰ ਰਿਹਾ ਹੈ, ਸਿਰ ਦੇ ਉੱਤੇ ਭਾਰ ਚੁੱਕਿਆ ਹੈ। ਉਸ ਨੂੰ ਕੋਈ ਸਿਆਣਾ ਨਹੀਂ ਸਮਝੇਗਾ। ਉਸ ਨੂੰ ਕਹਿਣਗੇ, ਭਾਰ ਰੱਖ ਦੇ ਭਈ!
ਇਨਸਾਨੀ ਜਾਮਾ ਹੀ ਇਸ ਕਰਕੇ ਮਿਲਿਆ ਹੈ ਕਿ ਅਸੀਂ ਪਿਛਲੇ ਜੋ ਕਰਮ ਹਨ, ਉਨ੍ਹਾਂ ਦਾ ਨਾਸ਼ ਕਰ ਦੇਈਏ, ਹਲਕੇ ਹੋ ਜਾਈਏ ਔਰ ਅਸਲੀ ਰਸਤਾ ਅਖ਼ਤਿਆਰ ਕਰ ਲਈਏ। ਉਹ ਰਸਤਾ ਕੀ ਹੈ? ਜਿੰਦੇ-ਜੀ ਮਰਨਾ। ਉਸਦੀ ਕੋਈ ਜਾਂਚ ਸਿਖਾ ਦੇਵੇ।
ਸੰਤ ਕਿਰਪਾਲ ਸਿੰਘ ਜੀ ਮਹਾਰਾਜ ਇਹ ਦਾਤ (ਤਜਰਬਾ) ਦੇਂਦੇ ਹੁੰਦੇ ਸੀ ਉਹ ਦਾਤ ਅੱਜ ਵੀ ਮਿਲਦੀ ਹੈ। ਸਭ ਤੋਂ ਉੱਚੀ ਚੀਜ਼ ਹੈ। ਕਿਸੇ ਦਾ ਮਤ ਨਹੀਂ ਬਦਲਿਆ ਜਾਂਦਾ, ਕਿਸੇ ਦੇ ਬੋਲੇ ਨਹੀਂ ਬਦਲੇ ਜਾਂਦੇ, ਕਿਸੇ ਦੀ ਸਮਾਜ ਨਹੀਂ ਬਦਲੀ ਜਾਂਦੀ। ਇਨਸਾਨ ਇਨਸਾਨ ਸਭ ਇੱਕ ਹਨ:
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ॥
ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ॥
— ਅਕਾਲ ਉਸਤਤਿ, ਦਸਮ ਗ੍ਰੰਥ (ਪੰਨਾ ੧੬) ਪਾ:੧੦

