[The Rain-bearing Clouds of Sawan]
ਅਧਿਆਇ 3 [ਪਿਤਾ ਪੂਤ]
ਸਾਵਣੁ ਆਇਆ ਹੇ (*) ਸਖੀ ਕੰਤੈ ਚਿਤਿ ਕਰੇਹੁ ॥
ਨਾਨਕ ਝੂਰਿ ਮਰਹਿ ਦੋਹਾਗਣੀ ਜਿਨੑ ਅਵਰੀ ਲਾਗਾ ਨੇਹੁ ॥੧॥
ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥
ਨਾਨਕ ਸੁਖਿ ਸਵਨੁ ਸੋਹਾਗਣੀ ਜਿਨੑ ਸਹ ਨਾਲਿ ਪਿਆਰੁ ॥੨॥
— ਸਲੋਕ ਮ: ੨ ॥ ਰਾਗੁ ਮਲਾਰ: ਪੰਨਾ ੧੨੮੦ ਪੰ. ੧
ਭਾਵ :– “ਐ ਮੇਰੀ ਸਖੀ ਸਹੇਲੀ ਆਤਮਾ, ਸਾਵਣ ਦੀ ਸੁਹਾਵਣੀ ਰੁੱਤ ਆ ਗਈ ਹੈ, ਅਤੇ ਉਸ ਸਾਰੇ ਜਹਾਨ ਦੇ ਵਾਲੀ (ਪ੍ਰਮਾਤਮਾ) ਨੂੰ ਆਪਣੇ ਹਿਰਦੇ ਅੰਦਰ ਵਸਾ ਲੈ। ਜਿਨ੍ਹਾਂ ਦਾ ਉਸ ਪ੍ਰੀਤਮ ਤੋਂ ਬਿਨ੍ਹਾਂ ਕਿਸੇ ਹੋਰ ਨਾਲ ਪਿਆਰ ਹੈ ਉਹ ਪਚ ਪਚ ਕੇ ਮਰਨਗੇ। ਉਹ ਪ੍ਰੀਪੂਰਨ ਪ੍ਰਮਾਤਮਾ ‘ਨਾਮ’ ਦੀ ਮੂਹਲੇ ਧਾਰ ਵਰਖਾ ਕਰ ਰਿਹਾ ਹੈ ਉਸ ਨਾਲ ਨਿਹਾਲ ਹੋ ਜਾਓ। ਇਸ ਹਨ੍ਹੇਰ ਗਰਦੀ ਦੇ ਸੰਸਾਰ ਵਿੱਚ ਬੈਠੇ, ਸੁਖੀ ਕੇਵਲ ਉਹੀ ਹੋਣਗੇ, ਜਿਨ੍ਹਾਂ ਦਾ ਉਸ ਪ੍ਰੀਤਮ ਨਾਲ ਪਿਆਰ ਹੋਵੇਗਾ”।
ਸਾਵਣ ਦੀ ਘਟਾ ਜਦ ਪੂਰੇ ਜੋਬਨ ਤੇ ਆ ਕੇ ਵਰ੍ਹਦੀ ਹੈ, ਤਾਂ ਉਹ ਉੱਚੀਆਂ ਜਾਂ ਨੀਵੀਆਂ ਥਾਵਾਂ ਨਹੀਂ ਵੇਖਦੀ, ਸਗੋਂ ਉਸ ਦੀ ਬਖਸ਼ਿਸ਼ ਸਾਰਿਆਂ ਉੱਤੇ ਇੱਕ ਸਮਾਨ ਹੁੰਦੀ ਹੈ। ਜਦੋਂ ਵੀ ਵਰਖਾ ਆਉਂਦੀ ਹੈ ਤਾਂ ਉਹ ਜੰਗਲਾਂ, ਉਜਾੜਾਂ, ਪਹਾੜਾਂ, ਮੈਦਾਨਾਂ ਅਤੇ ਹਰ ਥਾਂ ਨੂੰ ਹਰਾ ਭਰਿਆ ਕਰ ਦਿੰਦੀ ਹੈ। ਹਜ਼ੂਰ ਮਹਾਰਾਜ ਬਾਬਾ ਸਾਵਣ ਸਿੰਘ ਜੀ, ਜਿਨ੍ਹਾਂ ਦੇ ਨਾਉਂ ਦਾ ਪਹਿਲਾ ਸ਼ਬਦ “ਸਾਵਣ” ਹੈ, ਸਾਵਣ ਦੇ ਮਹੀਨੇ ਵਿਚ, ਸਾਵਣ ਦੀ ਘਟਾ ਬਣਕੇ ਆਏ, ਅਤੇ ਦਯਾ ਮਿਹਰ ਦੀ ਉਹ ਮਹਾਨ ਵਰਸ਼ਾ ਕੀਤੀ ਕਿ ਹਰ ਥਾਂ ਜਲ ਥਲ ਕਰ ਦਿੱਤਾ।
ਹਿੰਦੂ, ਮੁਸਲਮਾਨ ਸਿੱਖ, ਈਸਾਈ, ਪਾਪੀ, ਪੁੰਨੀ, ਜੋ ਵੀ ਉਨ੍ਹਾਂ ਦੀ ਸ਼ਰਨ ਵਿੱਚ ਆਏ, ਉਨ੍ਹਾਂ ਸਾਰਿਆਂ ਨੂੰ ਇੱਕ ਸਮਾਨ ਸਮਝਕੇ, ਆਪਣੀ ਦਯਾ ਦ੍ਰਿਸ਼ਟੀ ਦਾ ਉਭਾਰ ਦੇ ਕੇ ਉਸ ਪ੍ਰਮਾਤਮਾ ਨਾਲ ਜੋੜਦੇ ਰਹੇ। ਕਿਉਂ ਜੋ ਮਹਾਂਪੁਰਸ਼ ਸਾਰੀ ਦੁਨੀਆਂ ਦੇ ਸਾਂਝੇ ਹੁੰਦੇ ਹਨ, ਇਸ ਲਈ ਊਂਚ ਨੀਚ, ਤੰਗਦਿਲੀ ਅਤੇ ਧਾਰਮਿਕ ਵਿਤਕਰਿਆਂ ਨੂੰ ਦੂਰ ਕਰਕੇ ਆਪ ਸਾਰਿਆਂ ਨੂੰ ਪਿਆਰ ਨਾਲ ਮਿਲ ਕੇ ਬੈਠਣਾ ਸਿਖਾ ਗਏ। ਆਪ ਦਾ ਉਪਦੇਸ਼ ਸੀ :–
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥
— ਸੋਰਠਿ ਮਹਲਾ ੫ ਘਰੁ ੨ ਚਉਪਦੇ: ਪੰਨਾ ੬੧੧

ਉਹ ਰੱਬੀ ਨੂਰ ਦੇ ਚਾਨਣ ਮੁਨਾਰੇ ਸਨ ਜਿਸ ਰਾਹੀਂ ਸਾਰੇ ਸੰਸਾਰ ਨੂੰ ਚਾਨਣ ਦੇ ਗਏ। ਆਪ ਪ੍ਰਮਾਤਮਾ ਵਿੱਚ ਅਭੇਦ ਸਨ ਅਤੇ ਕੁੱਲ ਮਾਲਕ ਸਨ ਅਤੇ ਲੋਕਾਂ ਨੂੰ ਉਸ ਦੀ ਨੂਰਾਨੀ ਝਲਕ ਵਿਖਾ ਗਏ।
ਸਮੇਂ ਦੀ ਲੋੜ
ਮਨੁੱਖ ਦੇ ਅੰਦਰ ਜਿਸ ਪ੍ਰਕਾਰ ਦੇ ਆਦਰਸ਼ ਲਈ ਤਾਂਘ ਹੁੰਦੀ ਹੈ, ਤਾਂ ਪ੍ਰਮਾਤਮਾ ਉਸੇ ਪ੍ਰਕਾਰ ਦਾ ਵਾਤਾਵਰਣ ਅਤੇ ਸਮਾਨ ਪੈਦਾ ਕਰ ਦਿੰਦਾ ਹੈ ਅਤੇ ਉਹੋ ਜਿਹੀ ਮੂਰਤ ਸਾਡੇ ਸਾਹਮਣੇ ਪ੍ਰਗਟ ਕਰ ਦਿੰਦਾ ਹੈ। ਪ੍ਰਮਾਤਮਾ ਬਾਰੇ ਜੋ ਵੀ ਖਿਆਲ ਲੋਕਾਂ ਦੇ ਮਨਾਂ ਵਿਚ ਆਉਂਦਾ ਹੈ, ਕੁਦਰਤ ਉਸੇ ਤਰ੍ਹਾਂ ਦੇ ਨਮੂਨੇ ਪੇਸ਼ ਕਰਦੀ ਰਹਿੰਦੀ ਹੈ। ਅਜਿਹੀਆਂ ਸੱਤ ਸਰੂਪ ਹਸਤੀਆਂ, ਗੁਰੂ ਨਾਨਕ, ਦਸ ਪਾਤਸ਼ਾਹੀਆਂ, ਕਬੀਰ ਸਾਹਿਬ, ਦਾਦੂ ਸਾਹਿਬ, ਪਲਟੂ ਸਾਹਿਬ, ਮੌਲਾਨਾ ਰੂਮ, ਸ਼ਮਸ਼ਤਬਰੇਜ਼, ਤੁਲਸੀ ਸਾਹਿਬ, ਸਵਾਮੀ ਜੀ ਮਹਾਰਾਜ, ਬਾਬਾ ਜੈਮਲ ਸਿੰਘ ਜੀ ਅਤੇ ਬਾਬਾ ਸਾਵਣ ਸਿੰਘ ਜੀ ਮਹਾਰਾਜ ਆਦਿ ਸੰਤਾਂ ਦੇ ਰੂਪ ਵਿੱਚ ਪ੍ਰਗਟ ਹੁੰਦੀਆਂ ਹਨ ਜੋ ਆਪਣੀਆਂ ਜਿਉਂਦੀਆਂ ਜਾਗਦੀਆਂ ਉਦਾਹਰਣਾਂ ਪੇਸ਼ ਕਰਕੇ ਪਰਮਾਰਥ ਅਭਿਲਾਸ਼ੀਆਂ ਨੂੰ ਆਪਣੇ ਸ਼ਰਨ ਵਿੱਚ ਖਿੱਚਦੇ ਆਏ ਹਨ। ਇਸ ਲਈ ਜਿਹੜੇ ਜੀਵ ਉਸ ਪ੍ਰਮਾਤਮਾ ਨੂੰ ਪਾਉਣਾ ਚਾਹੁੰਦੇ ਹਨ, ਜਦ ਕਦੇ ਵੀ ਉਨ੍ਹਾਂ ਨੂੰ ਆਪਣੇ ਜੀਵਨ ਆਦਰਸ਼ ਦੇ ਅਨੁਕੂਲ ਕੋਈ ਜਿਉਂਦੀ ਜਾਗਦੀ ਪਵਿੱਤਰ ਜੋਤ ਮਿਲ ਜਾਂਦੀ ਹੈ, ਤਾਂ ਉਸ ਉਤੇ ਆਪਣਾ ਸਭ ਕੁਝ ਵਾਰਨ ਲਈ ਤਿਆਰ ਹੋ ਜਾਂਦੇ ਹਨ।
ਗੁਰੂ ਨਾਨਕ ਸਾਹਿਬ ਤੇ ਕਬੀਰ ਸਾਹਿਬ ਜਿਸ ਸਮੇਂ ਇਸ ਸੰਸਾਰ ਵਿਚ ਪ੍ਰਗਟ ਹੋਏ, ਉਸ ਸਮੇਂ ਹਿੰਦੂ ਅਤੇ ਇਸਲਾਮ, ਦੋਹਾਂ ਧਰਮਾਂ ਦੀ ਖਿਚੋਤਾਣ ਜੋਰਾਂ ਉੱਤੇ ਸੀ। ਧਰਮਾਂ ਦੇ ਠੇਕੇਦਾਰ ਆਪਸ ਵਿੱਚ ਇੱਕ ਦੂਜੇ ਨੂੰ ਵੇਖ ਕੇ ਰਾਜੀ ਨਹੀਂ ਸਨ ਅਤੇ ਦੁਨੀਆਂ-ਦਾਰੀ ਰੂਹਾਨੀਅਤ ਉੱਤੇ ਸਵਾਰ ਹੋਈ ਜਾਪਦੀ ਸੀ। ਆਤਮ ਗਿਆਨ ਸੰਸਾਰੀ ਕਰਮਾਂ-ਧਰਮਾਂ ਦੇ ਪਰਦੇ ਥੱਲੇ ਛਪ ਚੁਕਿਆ ਸੀ। ਧਰਮਾਂ ਦੇ ਨਾਉਂ ਉੱਤੇ ਅਤਿਅੰਤ ਜ਼ੁਲਮ ਹੋ ਰਹੇ ਸਨ। ਸਾਧੂ ਪ੍ਰਮਾਤਮਾ, ਜੋ ਆਤਮ ਗਿਆਨ ਦਾ ਉਪਦੇਸ਼ ਕਰਦੇ ਵੀ ਸਨ ਤਾਂ ਉਨ੍ਹਾਂ ਨੂੰ ਹਰ ਪ੍ਰਕਾਰ ਦੇ ਤਸੀਹੇ ਝੱਲਣੇ ਪੈਂਦੇ ਸੀ। ਆਖਰ ਦੁੱਖੀ ਦਿਲਾਂ ਦੀ ਪੁਕਾਰ ਉਸ ਪ੍ਰਮਾਤਮਾਂ ਦੇ ਚਰਨਾਂ ਵਿੱਚ ਪਹੁੰਚੀ, ਉਹ ਦਯਾ ਮਿਹਰ ਦਾ ਸਾਗਰ ਉਭਾਰ ਵਿੱਚ ਆਇਆ, ਉਹ ਰੱਬੀ ਧਾਰਾ ਗੁਰੂ ਨਾਨਕ ਸਾਹਿਬ ਅਤੇ ਕਬੀਰ ਸਾਹਿਬ ਦੇ ਰੂਪ ਵਿੱਚ ਇਕੋ ਸਮੇਂ ਪ੍ਰਗਟ ਹੋਈ, ਅਤੇ ਇਸ ਸੰਸਾਰ ਵਿੱਚ ਪੈਰ ਧਰਦਿਆਂ ਹੀ ਦੋਹਾਂ ਧਰਮਾਂ ਦੇ ਭੁਲੇਖੇ ਦੂਰ ਕਰਕੇ ਉਨ੍ਹਾਂ ਨੂੰ ਆਪਸ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ।
ਇਸ ਸੰਬੰਧ ਵਿਚ ਗੁਰੂ ਨਾਨਕ ਸਾਹਿਬ ਨੇ ਕਿਹਾ :–
ਨਾ ਕੋ ਹਿੰਦੂ ਨਾ ਮੁਸਲਮਾਨ, ਹਮ ਦੋਨੋਂ ਕੋ ਏਕੋ ਜਾਨ ॥
— ਸੰਤ ਕਿਰਪਾਲ ਸਿੰਘ ਨੇ ਪੁਸ਼ਟੀ ਕੀਤੀ
(ਦੇਖੋ “ਗੁਰੂ ਨਾਨਕ ਅਤੇ ਉਸ ਦੀਆਂ ਸਿੱਖਿਆਵਾਂ” ਅੰਗਰੇਜ਼ੀ ਸਤਿ ਸੰਦੇਸ਼ 1970-01)
ਗੁਰੂ ਨਾਨਕ ਸਾਹਿਬ ਦੇ ਇਨ੍ਹਾਂ ਸ਼ਬਦਾਂ ਨਾਲ ਜਨਤਾ ਨੂੰ ਕੁਝ ਸ਼ਾਂਤੀ ਮਿਲੀ। ਉਨ੍ਹਾਂ ਨੇ ਉਪਦੇਸ਼ ਕੀਤਾ ਕਿ ਬਾਹਰੀ ਭੇਸ ਧਾਰਣ ਕਰਨ ਨਾਲ ਪ੍ਰਮਾਤਮਾ ਨਹੀਂ ਮਿਲਦਾ। ਰੂਹਾਨੀ ਗਿਆਨ ਇਨ੍ਹਾਂ ਝਗੜਿਆਂ ਤੋਂ ਉੱਚਾ ਗਿਆਨ ਹੈ।
ਇਸੇ ਸੰਬੰਧ ਵਿਚ ਕਬੀਰ ਸਾਹਿਬ ਨੂੰ ਕੱਟੜ ਮੁਸਲਮਾਨ ਫੜ ਕੇ ਲੈ ਗਏ। ਫਿਰ ਪੁੱਛਿਆ ਤੁਸੀਂ ਕੌਣ ਹੋ ? ਤਾਂ ਉੱਤਰ ਮਿਲਿਆ :–
ਹਿੰਦੂ ਕਹਾ ਤਾ ਮਾਰੀਐ, ਮੁਸਲਮਾਨ ਭੀ ਨਾਹਿ ॥
ਪਾਂਚ ਤਤ ਕਾ ਪੁਤਲਾ, ਗੈਬੀ ਖੇਲਹਿ ਮਾਹਿ ॥
— ਕਬੀਰ ਸਾਖੀ ਸੰਗ੍ਰਹਿ, ਭਾਗ ੧ (ਮੱਧ ਕਾ ਅੰਗ ੪, ਪੰਨਾ ੭੫)
ਭਾਵ :– ਜੇ ਮੈਂ ਕਹਾਂ ਮੈਂ ਹਿੰਦੂ ਹਾਂ, ਤਾਂ ਤੁਸੀਂ ਮੈਨੂੰ ਮਾਰੋਗੇ ਕਿਉਂਕਿ ਤੁਹਾਡੀ ਨਜ਼ਰ ਬਾਹਰੀ ਸ਼ਕਲਾਂ ਬਣਾਵਟਾਂ ਉੱਤੇ ਪੈਂਦੀ ਹੈ ਅਤੇ ਬਾਹਰੀ ਸ਼ਕਲਾਂ ਅਤੇ ਬਣਾਵਟਾਂ ਕਰਕੇ ਤੁਸੀਂ ਮੈਨੂੰ ਜੇਕਰ ਮੁਸਲਮਾਨ ਸਮਝਦੇ ਹੋ, ਮੈਂ ਅਜਿਹਾ ਮੁਸਲਮਾਨ ਵੀ ਨਹੀਂ। ਮੈਂ ਉਹ ਗੁਪਤ ਸ਼ਕਤੀ ਹਾਂ ਜਿਹੜੀ ਇਨ੍ਹਾਂ ਪੰਜਾਂ ਤੱਤਾਂ ਦੇ ਸਰੀਰ ਵਿੱਚ ਗੁਪਤ ਹੈ। ਮੈਂ ਇਸ ਦੇਹ ਰੂਪੀ ਮਕਾਨ ਦਾ ਵਾਸੀ ਹਾਂ। ਉਸ ਸ਼ਕਤੀ ਨੂੰ ‘ਕਬੀਰ’ ਕਹਿੰਦੇ ਹਨ।
ਇਤਿਹਾਸ ਆਪਣੇ ਆਪ ਦਾ ਗਵਾਹ ਹੈ। ਅਰੰਭ ਵਿੱਚ ਕੇਵਲ ਦੋ ਸਮਾਜਾਂ ਸਨ ਪਰ ਅੱਜ ਇੱਕ ਇੱਕ ਸਮਾਜ ਦੇ ਕਈ ਕਈ ਫਿਰਕੇ ਬਣ ਗਏ, ਇਥੋਂ ਤੱਕ ਕਿ ਮੁਸਲਮਾਨਾਂ ਵਿੱਚ ਅੱਜ 72 ਫਿਰਕੇ ਬਣ ਚੁੱਕੇ ਹਨ। ਇਸੇ ਪ੍ਰਕਾਰ ਹਿੰਦੂ, ਸਿੱਖ ਅਤੇ ਈਸਾਈਆਂ ਵਿੱਚ ਵੀ ਅਣਗਿਣਤ ਫਿਰਕੇ ਬਣੇ ਹੋਏ ਹਨ। ਸਿੱਟਾ ਇਹ ਕਿ ਅੱਜ ਸੱਤ ਸੌ ਤੋਂ ਵੀ ਵੱਧ ਫਿਰਕੇ ਇਸ ਸੰਸਾਰ ਵਿੱਚ ਬਣੇ ਹੋਏ ਹਨ ਅਤੇ ਹਰ ਇਕ ਫਿਰਕਾ ਆਪਣੇ ਆਪ ਨੂੰ ਹੀ ਠੀਕ ਸਮਝਦਾ ਹੋਇਆ ਦੂਜੇ ਫਿਰਕਿਆਂ ਦੀ ਨਿੰਦਾ ਕਰਦਾ ਹੈ। ਝਗੜਾ ਤਾਂ ਹੋਇਆ ਧਾਰਮਕ ਠੇਕੇਦਾਰਾਂ ਦਾ ਆਪਸ ਵਿੱਚ ਗੱਦੀਆਂ ਲਈ, ਪਰ ਨੁਕਸਾਨ ਹੋ ਰਿਹਾ ਹੈ ਰੂਹਾਨੀਅਤ ਦੇ ਇੱਛਕਾਂ ਦਾ। ਉਨ੍ਹਾਂ, ਦੁੱਖੀ ਦਿਲਾਂ ਦੀ ਪੁਕਾਰ ਪ੍ਰਮਾਤਮਾਂ ਦੇ ਚਰਨਾਂ ਵਿੱਚ ਪਹੁੰਚੀ ਉਸ ਦਯਾਂ ਮਿਹਰ ਦੇ ਸਾਗਰ ਵਿੱਚ ਉਭਾਰ ਪੈਦਾ ਹੋਇਆ, ਧਾਰਾ ਵਗੀ ਅਤੇ ਆਪ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਚੋਲੇ ਵਿੱਚ ਬਹਿ ਕੇ ਪ੍ਰਗਟ ਹੋਏ।
ਇਹ ਉਸ ‘ਸਾਵਣ’ ਦਾ ਵਰਨਣ ਆ ਰਿਹਾ ਨੂੰ ਜਿਸ ਦੀ ਹੁਣ ਰੁੱਤ ਆ ਗਈ ਹੈ ਅਤੇ ਉਸ ਮਾਲਕ ਨਾਲ ਜੁੜ ਜਾਓ, ਉਸ ਦੀ ਮਿਹਰ ਭਰੀ ਵਰਖਾ ਹੋ ਰਹੀ ਹੈ। ਇਸ ਸਾਵਣ ਦੀ ਰੁੱਤ ਪਿਛੋਂ ਤਾਂ ਭੜਾਸ ਉੱਠਦੀ ਹੈ, ਪਰੰਤੂ ਉਸ ਮਹਾਂਪੁਰਸ਼ ਦੀ ਜਦੋਂ ਦਯਾ ਮਿਹਰ ਭਰੀ ਵਰਖਾ ਹੁੰਦੀ ਸੀ ਤਾਂ ਸਦਾ ਲਈ ਸ਼ਾਂਤ ਮਈ, ਸਹਿਜ ਅਨੰਦ ਅਤੇ ਅਮਰ ਜੀਵਨ ਜੀਵਾਂ ਨੂੰ ਮਿਲਦਾ ਸੀ। ਉਨ੍ਹਾਂ ਦੇ ਪਿਆਰ ਭਰੇ ਮਨੋਹਰ ਬਚਨ ਹਿਰਦੇ ਦੀ ਭੜਕੀ ਹੋਈ ਅਗਨੀ ਨੂੰ ਸ਼ਾਂਤ ਕਰ ਦਿੰਦੇ ਸਨ। ਉਨ੍ਹਾਂ ਦਾ ਉਪਦੇਸ਼ ਸਾਰੇ ਸੰਸਾਰ ਲਈ ਸਾਂਝਾ ਸੀ ਅਤੇ ਹੈ।
ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥
ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥
— ਸਲੋਕੁ ਮਃ ੩ ॥ ਸਿਰਲੇਖ: ਰਾਗੁ ਸੋਰਠਿ ॥ ਅੰਗ: ੬੪੭
ਗੁਰੂ ਸਾਹਿਬ ਪੁਕਾਰ ਪੁਕਾਰ ਕੇ ਦੱਸ ਰਹੇ ਹਨ ਕਿ ਐ “ਹਿੰਦੂਓ, ਸਿਖੋਂ, ਮੁਸਲਮਾਨੋ, ਈਸਾਈਓ. ਅਤੇ ਬਾਕੀ ਮਨੁੱਖ ਦੇਹ ਧਾਰੀਓ ਮੈਂ ਤੁਹਾਡਾ ਸਾਰਿਆਂ ਦਾ ਹਾਂ ਅਤੇ ਮੇਰੇ ਤੁਸੀਂ ਹੋ। ਮੈਂ ਤੁਹਾਨੂੰ ਸਾਰਿਆਂ ਨੂੰ ਗਲ ਨਾਲ ਲਾਉਣ ਆਇਆ ਹਾਂ। ਕਿਸੇ ਬਣਾਵਟ, ਰਸਮ ਰਿਵਾਜ਼ ਅਤੇ ਧਰਮ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ। ਮੇਰੀ ਗਰਜ਼ ਕੇਵਲ ਰੂਹਾਨੀਅਤ ਨਾਲ ਹੈ। ਜਿਸ ਸਮਾਜ ਵਿੱਚ ਆਪ ਰਹਿੰਦੇ ਹੋ, ਉਸੇ ਵਿੱਚ ਰਹੋ। ਆਪਣੇ ਆਪਣੇ ਢੰਗ ਨਾਲ ਰਸਮ ਰਿਵਾਜ਼ ਅਤੇ ਦੂਸਰੇ ਕਾਰ ਵਿਹਾਰ ਨਿਭਾੳ। ਮੇਰਾ ਤੁਹਾਡੇ ਨਾਲ ਸੰਬੰਧ ਕੇਵਲ ਆਤਮਕ ਪੱਧਰ ਦਾ ਹੈ, ਇਸ ਲਈ ਸਾਰੇ ਕਾਰ ਵਿਹਾਰਾਂ ਤੋਂ ਵਿਹਲੇ ਹੋ ਕੇ ਆਪਣੇ ਆਪ ਨੂੰ ਜਾਣੋ ਅਤੇ ਪ੍ਰਮਾਤਮਾ ਨਾਲ ਜੁੜੋ”।
ਪਿਛਲੇ ਸਮਿਆਂ ਵਿੱਚ ਕੇਵਲ ਦੋ ਸਮਾਜਾਂ ਸਨ। ਉਸ ਸਮੇਂ ਵੀ ਮਹਾਪੁਰਸ਼ਾਂ ਦੀ ਲੋੜ ਸੀ। ਪਰ ਵਰਤਮਾਨ ਸਮੇਂ ਵਿੱਚ ਜਿੱਥੇ 700 ਸਮਾਜਾਂ ਖੜੀਆਂ ਹੋ ਚੁੱਕੀਆਂ ਹੋਣ ਅਤੇ ਹਰ ਸਮਾਜ ਦੂਜੀ ਸਮਾਜ ਨੂੰ ਭੈੜੀ ਨਿਗ੍ਹਾ, ਨਾਲ ਵੇਖਦੀ ਹੋਵੇ, ਅਜਿਹੀ ਸੱਤ ਸਰੂਪ ਹਸਤੀ ਦੀ ਅਸਲ ਲੋੜ ਜਿਹੜੀ ‘ਨਾਮ’ ਦੇ ਅਭਿਲਾਸ਼ੀਆਂ ਨੂੰ ਇਨ੍ਹਾਂ ਬਣਾਵਟੀ ਕੰਮਾਂ ਤੋਂ ਉਤੇ ਲਿਆ ਕੇ ਮਾਲਕ ਨਾਲ ਜੋੜ ਸਕੇ। ਪਿਛਲੇ ਸਮਿਆਂ ਵਿੱਚ ਮਹਾਂਪੁਰਸ਼ਾਂ ਨੂੰ ਕੇਵਲ ਦੋ ਸਮਾਜਾਂ ਨਾਲ ਮੱਥਾ ਢਾਉਣਾ ਪਿਆ, ਪਰ ਅੱਜ ਤਾਂ 700 ਸਮਾਜਾਂ ਰਾਹ ਵਿੱਚ ਖੜੀਆਂ ਹਨ। ਜੋ ਅਜਿਹੇ ਸਮੇਂ ਵਿਚ ਸਾਰੀਆਂ ਸਮਾਜ ਨੂੰ ਮੁੱਖ ਰੱਖ ਕੇ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਕੇ ਰੂਹਾਨੀਅਤ ਦੇ ਕੰਮ ਦੀ ਸਿਲਸਿਲੇਵਾਰ ਲੜੀ ਚਲਾਉਣੀ, ਉਸ ਮਹਾਨ ਸ਼ਕਤੀ, ਬਾਬਾ ਸਾਵਣ ਸਿੰਘ ਜੀ ਮਹਾਰਾਜ ਦਾ ਹੀ ਕੰਮ ਸੀ, ਜਿਹੜੀ ਉਨ੍ਹਾਂ ਵਿਚ ਬਰਾਜਮਾਨ ਸੀ ਅਤੇ ਜਿਹੜੀ ਇੱਥੇ ਆ ਕੇ ਉਨ੍ਹਾਂ ਨੇ ਵਰਤੀ। ਉਨ੍ਹਾਂ ਦਾ ਸਭ ਤੋਂ ਪਹਿਲਾਂ ਕੰਮ ਸਾਰੀਆਂ ਸਮਾਜਾਂ ਨੂੰ ਮਿਲਾ ਕੇ ਬੈਠਣਾ ਸੀ।
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥
— ਬਸੰਤੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੮੫
ਉਨ੍ਹਾਂ ਦਾ ਉਪਦੇਸ਼ ਸਾਰੇ ਸੰਸਾਰ ਲਈ ਸਾਂਝਾ ਸੀ। ਉਹ ਫਰਮਾਉਂਦੇ ਹਨ ਕਿ “ਸਾਰੇ ਭਰਾ ਮਿਲਕੇ ਬੈਠੋ ਅਤੇ ਆਪਸ ਵਿੱਚ ਜੋ ਵੀ ਕਿਸੇ ਨੂੰ ਕੋਈ ਗਿਲਾ ਹੈ, ਉਹ ਪਿਆਰ ਨਾਲ ਦੂਰ ਕਰੋ। ਮਨੁੱਖਤਾ ਦੇ ਨਾਂਤੇ ਅਸੀਂ ਸਾਰੇ ਇੱਕ ਹਾਂ”।
ਹਿੰਦੂ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫੀ ਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋ॥ ੧੫॥੮੫॥
— ਅਕਾਲ ਉਸਤਤਿ, ਪਾ: ੧੦ ਸ੍ਰੀ ਦਸਮ ਗ੍ਰੰਥ
ਅਸੀਂ ਸਾਰੇ ਦੇਹ ਧਾਰੀ ਹਾਂ ਅਤੇ ਸਾਡੀ ਆਤਮਾ ਉਸ ਪ੍ਰਮਾਤਮਾਂ ਦੀ ਅੰਸ਼ ਹੈ।
ਕਹੁ ਕਬੀਰ ਇਹੁ ਰਾਮ ਕੀ ਅੰਸੁ ॥
ਜਸ ਕਾਗਦ ਪਰ ਮਿਟੈ ਨ ਮੰਸੁ ॥੪॥੨॥੫॥
— ਭਗਤ ਕਬੀਰ ਦੁਆਰਾ ਰਾਗ ਗੋਂਡ, ਅੰਗ ੮੭੧
ਸਾਡਾ ਸਾਰਿਆਂ ਦਾ ਜੀਵਨ ਆਧਾਰ ਕੇਵਲ ਉਹੀ ਪ੍ਰਮਾਤਮਾ ਹੈ। ਮਨੁੱਖਤਾ ਦੇ ਨਾਉਂ ਉੱਤੇ ਅਤੇ ਉਸ ਦੇ ਨਾਉਂ ਉੱਤੇ ਅਸੀਂ ਸਾਰੇ ਇੱਕ ਹਾਂ। ਕਿਸੇ ਪੂਰਨ ਪੁਰਸ਼ ਦੀ ਸ਼ਰਨ ਵਿੱਚ ਬੈਠੋ ਤਾਂ ਜੋ ਉਸ ਨਾਮ ਦੀ ਸੱਚਾਈ ਨੂੰ ਪ੍ਰਾਪਤ ਕਰ ਸਕੀਏ, ਜਿਹੜੀ ਹੈ ਤਾਂ ਸਾਡੇ ਅੰਦਰ ਹੀ, ਪਰ ਅਸੀਂ ਬੇ-ਸਮਝੀ ਕਰਕੇ ਉਸ ਨੂੰ ਭੁੱਲੀ ਬੈਠੇ ਹਾਂ।
ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧ ਸੰਗਤਿ ਮੋਹਿ ਪਾਈ ॥ ੧॥ ਰਹਾਉ ॥
ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ ॥੧॥
— ਕਾਨੜਾ ਮਹਲਾ ੫ ਪੰਨਾ :੧੨੯੯
ਦਯਾ ਮਿਹਰ ਦੀ ਵਰਸ਼ਾ
ਬਾਬਾ ਸਾਵਣ ਸਿੰਘ ਜੀ ਮਹਾਰਾਜ ਜਿਸ ਦਿਨ ਦੇਹ ਸਰੂਪ ਵਿੱਚ ਪ੍ਰਗਟ ਹੋਏ ਸਨ, ਉਹ ਸ਼ੁਭ ਦਿਹਾੜਾ 27 ਜੁਲਾਈ, ਸੰਨ 1858 (1) ਈਸਵੀ, 13 ਸਾਵਣ 1925 ਬਿਕਰਮੀ, ਮੰਗਲਵਾਰ ਦਾ ਸ਼ੁਭ ਦਿਨ ਅਤੇ ਸਮਾਂ ਦਿਨ ਚੜ੍ਹੇ ਦਾ 38 ਘੜੀ ਅਤੇ 22 ਪਲ ਅਤੇ “ਏਕਮ” ਦੀ ਤਿਥੀ ਸੀ। ਆਪ ਦਾ ਜਨਮ ਪਿੰਡ “ਮਹਿਮਾਂ ਸਿੰਘ ਵਾਲਾ” ਜ਼ਿਲਾ ਲੁਧਿਆਣਾ ਸੀ, ਅਤੇ ਆਪਦੇ ਪਿਤਾ ਜੀ ਸਰਦਾਰ ਕਾਬਲ ਸਿੰਘ ਜੀ ਜੱਟ “ਗਰੇਵਾਲ” ਘਰਾਣੇ ਨਾਲ ਸਬੰਧ ਰੱਖਦੇ ਸਨ।
ਆਪ ਦੇ ਪਿਤਾ ਜੀ ‘ਸਰਦਾਰ ਕਾਬਲ ਸਿੰਘ’ ਫੌਜ ਵਿੱਚ ਸੂਬੇਦਾਰ ਮੇਜ਼ਰ ਸਨ, ਅਤੇ ਮਾਤਾ ਜੀ ਦਾ ਨਾਓਂ ‘ਮਾਤਾ ਜੀਉਣੀ’ ਜੀ ਸੀ। ਕਿਉਂ ਜੋ ਆਪ ਆਪਣੇ ਸਤਿਕਾਰ ਯੋਗ ਮਾਪਿਆਂ ਦੇ ਕੱਲੇ ਪੁੱਤਰ ਸਨ ਇਸ ਲਈ ਉਨ੍ਹਾਂ ਦੀਆਂ ਸਾਰੀਆਂ ਆਸਾਂ ਉਮੀਦਾਂ ਆਪ ਉੱਤੇ ਹੀ ਨਿਰਭਰ ਸਨ। ਅਜਿਹੀਆਂ ਸੱਤ ਸਰੂਪ ਹਸਤੀਆਂ ਕਿਸੇ ਆਮ ਸਧਾਰਣ ਮਾਪਿਆਂ ਦੇ ਘਰੀਂ ਜਨਮ ਨਹੀਂ ਲੈਂਦੀਆਂ ਹੁੰਦੀਆਂ। ਆਪ ਦੇ ਪਿਤਾ ਜੀ ਸਤਿਸੰਗ ਪ੍ਰੇਮੀ ਸਨ। ਉਹ ਸਾਧਾਂ ਸੰਤਾਂ ਦੇ ਸੇਵਕ ਅਤੇ ਦੇਵਤਾ ਸਰੂਪ ਸਨ ਅਤੇ ‘ਮਾਤਾ ਜਿਊਣੀ ਜੀ’ ਪੁਰਾਣੇ ਸਮੇਂ ਦੇ ਸਦਾਚਾਰੀ ਜੀਵਨ, ਸਾਦਗੀ ਅਤੇ ਸੰਤੁਸ਼ਟਤਾ ਦੀ ਜਿਊਂਦੀ ਜਾਗਦੀ ਉਦਾਹਰਣ ਸਨ।
ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਜਨਮ ਤੋਂ ਪਹਿਲਾਂ ਵਰਖਾ ਨਾ ਹੋਣ ਕਾਰਣ, ਕਾਲ ਪੈਣ ਦੇ ਹਾਲਾਤ ਪੈਦਾ ਹੋ ਗਏ ਸਨ, ਪਰੰਤੂ ਆਪ ਦੇ ਜਨਮ ਦੇ ਦਿਹਾੜੇ ਇਤਨੀ ਜ਼ੋਰ ਦੀ ਝੜੀ ਲੱਗੀ ਕਿ ਸ਼ਾਮ ਤੱਕ ਬੱਦਲਾਂ ਨੇ ਅੱਖ ਨਾ ਪੁੱਟੀ ਅਤੇ ਬੇਸ਼ੁਮਾਰ ਵਰਖਾ ਹੁੰਦੀ ਰਹੀ। ਸਗੋਂ ਸਾਵਣ ਦਾ ਸਾਰਾ ਹੀ ਮਹੀਨਾ ਜ਼ੋਰ ਦੀ ਵਰਖਾ ਹੁੰਦੀ ਰਹੀ। ਆਪ ਜੀ ਦੇ ਇਸ ਧਰਤੀ ਉਤੇ ਪ੍ਰਵੇਸ਼ ਕਰਦਿਆਂ ਹੀ ਸੰਸਾਰ ਦੇ ਦੁੱਖ ਅਤੇ ਦਲਿੱਦਰ ਦੂਰ ਹੋ ਗਏ ਅਤੇ ਚੌਹੀਂ ਪਾਸੀਂ ਹਰੀਆਂ ਭਰੀਆਂ ਖੇਤੀਆਂ ਦਿਸਣ (2) ਲੱਗ ਪਈਆਂ। ਇਹ ਕੁਦਰਤ ਵਲੋਂ ਇਕ ਸੂਚਨਾਂ ਸੀ ਕਿ ਜਿਥੇ ਇਸ ਮਹਾਨ ਹਸਤੀਆਂ ਨੇ ਪ੍ਰਗਟ ਹੁੰਦਿਆਂ ਹੀ ਅੰਨ ਦਾ ਸੰਕਟ ਦੂਰ ਕਰ ਦਿੱਤਾ, ਉਥੇ ਰੂਹਾਨੀਅਤ ਦੀ ਸੁੱਕ ਰਹੀ ਖੇਤੀ ਨੂੰ ਵੀ ‘ਨਾਮ’ ਦੀ ਵਰਖਾ ਕਰਕੇ ਮਾਲਾਮਾਲ ਕਰ ਦਿੱਤਾ ਅਤੇ ਦੋਹੀਂ ਹੱਥੀਂ ਦਯਾ ਮਿਹਰ ਦੇ ਭੰਡਾਰ ਲੁਟਾਉਣੇ ਅਰੰਭ ਕਰੇਗੀ। ਕੁਦਰਤ ਦੀ ਕਰਨੀ ਵੀ ਐਸੀ ਵਰਤੀ ਕਿ ਹਰ ਵਿਅਕਤੀ ਦੇ ਮੂੰਹੋਂ ਇਹੋ ਵਾਕ ਨਿਕਲਣ ਲੱਗ ਪਏ ਕਿ ਇਹ ਬਾਲਕ ਭਾਗਾਂ ਵਾਲਾ ਹੋਵੇਗਾ। ‘ਨਾਮ ਕਰਨ’ ਵਾਲੇ ਦਿਨ ਆਪ ਦਾ ਨਾਓਂ ਰੱਖਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਵਾਕ ਵੀ ਲਿਆ ਗਿਆ ਤਾਂ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ, ਮਹਾਰਾਜ ਦਾ ਇਹ ਸ਼ਬਦ ਆਇਆ :–
ਸਾਵਣਿ ਸਰਸੀ ਕਾਮਣੀ, ਚਰਣ ਕਮਲ ਸਿਉਂ ਪਿਆਰ ॥
ਮਨੁ ਤਨੁ ਰਤਾ ਸਚ ਰੰਗਿ, ਇਕੋ ਨਾਮ ਆਧਾਰੁ ॥
— ਮਾਝ ਬਾਰਹਮਾਹਾ (ਮਃ ੫) ੬:੨, ਗੁਰੂ ਗ੍ਰੰਥ ਸਾਹਿਬ (ਅੰਗ ੧੩੪ ਪੰ. ੧੧)
ਇਸ ਪਵਿੱਤਰ ਵਾਕ ਨੂੰ ਮੁੱਖ ਰੱਖਕੇ ਆਪ ਜੀ ਦਾ ਨਾਉਂ “ਸਾਵਣ ਸਿੰਘ” ਰੱਖਿਆ ਗਿਆ, ਜਿਹੜਾ ਕਿ ਉਨ੍ਹਾਂ ਦੀ ਬਰਕਤਾਂ ਭਰੀ ਵਾਸਤਵਵਿਕਤਾ ਦੇ ਅਨੁਕੂਲ ਸੀ ਕਿਉਂ ਜੋ ਮਗਰੋਂ ਜੀਵਨ ਵਿੱਚ ਆਪ ਦੇ ਮਹਾਨ ਅਤੇ ਰੱਬੀ ਕੰਮਾਂ ਨੇ ਸਿੱਧ ਕਰ ਦਿੱਤਾ।
ਹਜ਼ੂਰ ਦੀ ਜਨਮ ਕੁੰਡਲੀ
ਜਦੋਂ ਆਪ ਦੀ ਜਨਮ ਕੁੰਡਲੀ ਬਣਾਈ ਗਈ ਤਾਂ ਪੰਡਤ ਲੋਕ, ਇਸ ਨੂੰ ਵੇਖ ਕੇ ਬੜੇ ਹੈਰਾਨ ਹੋਏ ਕਿਉਂ ਕਿ ਅਜਿਹੀ ਜਨਮ ਕੁੰਡਲੀ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਵੀ ਨਹੀਂ ਸੀ ਵੇਖੀ। ਇਸ ਉਤੇ ਵਿਚਾਰ ਕਰਨ ਤੋਂ ਪ੍ਰਗਟ ਹੋਇਆ ਕਿ ਇਹ ਹੋਣਹਾਰ ਬਾਲਕ, ਦੀਨ-ਦੁਨੀਆਂ ਅਤੇ ਲੋਕ-ਪਰਲੋਕ ਦਾ ਸੁਆਮੀ ਹੋਵੇਗਾ ਅਤੇ ਲੱਖਾਂ ਜੀਵਾਂ ਦਾ ਉਧਾਰ ਕਰੇਗਾ। ਇਹ ਜੋਗੀਆਂ ਦਾ ਪਰਮ ਜੋਗੀ, ਧਨੀਆਂ ਦਾ ਧਨੀ ਅਤੇ ਮੀਰੀ ਪੀਰੀ ਦਾ ਮਾਲਕ ਹੋਵੇਗਾ ਅਤੇ ਇਨ੍ਹਾਂ ਦੋਹਾਂ ਸ਼ਾਨਾਂ ਵਿੱਚ ਪੂਰਨ ਹੋਵੇਗਾ। ਇਸ ਦੀ ਪ੍ਰਭਾਤ ਸਾਰੇ ਸੰਸਾਰ ਵਿੱਚ ਫੈਲੇਗੀ। ਇਸ ਦੇ ਪਵਿੱਤਰ ਦਰਸ਼ਨਾਂ ਵਿੱਚ ਇਕ ਵਿਸ਼ੇਸ਼ ਖਿੱਚ ਹੋਵੇਗੀ। ਇਹ ਹਰ ਇੱਕ ਦੇ ਹਿਰਦੇ ਉਤੇ ਰਾਜ ਕਰੇਗਾ। ਜਿਤਨੀ ਇਸ ਦੀ ਇੱਛਾ ਹੋਵੇਗੀ, ਆਯੂ ਭੋਗੇਗਾ ਅਤੇ ਜਦੋਂ ਜੀਅ ਕਰੇਗਾ ਇਸ ਸੰਸਾਰ ਨੂੰ ਛੱਡ ਕੇ ਚਲਾ ਜਾਵੇਗਾ। ਇਹ ਹਜ਼ੂਰ ਦੀ ਜਨਮ ਕੁੰਡਲੀ ਦਾ ਸਾਰ ਸੀ।

ਬਚਪਨ ਦਾ ਵਰਤਾਂਤ
“ਹੋਣਹਾਰ ਬਿਰਵਾ ਕੇ ਹੋਵਤ ਚਿਕਨੇ ਪਾਤ”
ਭਾਵ ਬਚਪਨ ਤੋਂ ਹੀ ਆਪ ਵਿੱਚ ਮਹਾਨ ਸੂਝ ਬੂਝ ਅਤੇ ਉੱਚ ਬੁੱਧੀ ਦੇ ਚਿੰਨ੍ਹ ਵੇਖਣ ਵਿੱਚ ਆਉਣ ਲੱਗ ਪਏ ਸਨ। ਬਾਲ-ਅਵਸਥਾ ਵਿੱਚ ਹੀ ਆਪ ਏਕਾਂਤ ਪਸੰਦ ਸਨ ਅਤੇ ਆਪਣੇ ਸਾਥੀ ਬੱਚਿਆਂ ਨਾਲ ਬਾਹਰ ਖੇਡਣ ਲਈ ਨਹੀਂ ਸਨ ਜਾਂਦੇ ਅਤੇ ਘਰ ਬੈਠੇ ਇਕੱਲੇ ਹੀ ਪੜ੍ਹਾਈ ਵਿਚ ਮਗਨ ਰਹਿੰਦੇ ਸਨ। ਆਪ ਬੜੇ ਮਿਹਨਤੀ ਅਤੇ ਸੂਝਵਾਨ ਵਿਦਿਆਰਥੀ ਸਨ ਅਤੇ ਆਪਣੀ ਸ਼੍ਰੇਣੀ ਵਿੱਚ ਸਦਾ ਹੀ ਪਹਿਲੇ ਨੰਬਰ ਉੱਤੇ ਆਉਂਦੇ। ਆਪ ਬਹੁਤ ਸਫ਼ਾਈ ਪਸੰਦ ਸਨ ਅਤੇ ਆਪਣੀਆਂ ਪੁਸਤਕਾਂ ਤੇ ਹੋਰ ਸਾਰੀਆਂ ਵਸਤੂਆਂ ਨੂੰ ਬਹੁਤ ਸਜਾਕੇ ਰੱਖਦੇ ਸਨ। ਸਫ਼ਾਈ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਅੱਜ ਤੱਕ ਆਪ ਦੇ ਕੱਪੜਿਆਂ ਨੂੰ ਕਦੇ ਕਿਸੇ ਪ੍ਰਕਾਰ ਦਾ ਕੋਈ ਦਾਗ ਨਹੀਂ ਸੀ ਵੇਖਿਆ ਗਿਆ।
ਆਪ ਦੇ ਪਿਤਾ ਸਰਦਾਰ ਕਾਬਲ ਸਿੰਘ ਜੀ ਮੁੱਢ ਤੋਂ ਹੀ ਸਾਧੂ ਸੰਤਾਂ ਦੀ ਸੰਗਤ ਕਰਦੇ ਅਤੇ ਉਨ੍ਹਾਂ ਦੀ ਸੇਵਾ ਵਿੱਚ ਮਗਨ ਰਹਿੰਦੇ ਸਨ, ਇਸ ਕਰਕੇ ਆਪ ਜੀ ਨੂੰ ਅਰੰਭ ਤੋਂ ਹੀ ਸਾਧੂ ਸੰਤਾਂ ਦੀ ਸੇਵਾ ਦਾ ਸੁਭਾਗ ਅਵਸਰ ਪ੍ਰਾਪਤ ਹੋ ਗਿਆ। ਆਪ 12 ਵਰਸ਼ ਦੀ ਆਯੂ, ਭਾਵ 1870 ਈਸਵੀ ਤਕ ਆਪਣੇ ਮਾਪਿਆਂ ਦੇ ਸੰਗ ਵਿੱਚ ਰਹੇ। ਪਿਤਾ ਦੇ ਸਾਧੂ ਸੇਵਾ ਦੇ ਸੁਭਾਅ ਦੇ ਸਿੱਟੇ ਵਲੋਂ ਆਪ ਵੀ ਉਨ੍ਹਾਂ ਹੀ ਲੀਹਾਂ ਉੱਤੇ ਚਲਦੇ ਹੋਏ ਸੰਤ ਮਹਾਤਮਾਵਾਂ ਦੀ ਸੇਵਾ ਕਰਨ ਦੇ ਚਾਹਵਾਨ ਬਣ ਗਏ ਅਤੇ ਜਿਤਨਾ ਵੀ ਸਮਾਂ ਆਪ ਜੀ ਨੂੰ ਮਿਲਦਾ ਸਾਧੂ ਸੰਗ ਵਿੱਚ ਹੀ ਬਤੀਤ ਕਰਦੇ।
ਬਾਬਾ ਜੀ ਨੇ ਮੁੱਢਲੀ ਵਿੱਦਿਆ “ਨਾਰੰਗਵਾਲ ਪਿੰਡ” ਵਿਚ ਪ੍ਰਾਪਤ ਕੀਤੀ। ਇਸ ਤੋਂ ਮਗਰੋਂ ਦਸਵੀਂ ਦੀ ਪ੍ਰੀਖਿਆ “ਗੁੱਜਰਵਾਲ” ਪਿੰਡ ਤੋਂ ਪਾਸ ਕੀਤੀ। ਆਪ ਦੇ ਦਿਲ ਵਿੱਚ ਆਪਣੇ ਅਧਿਆਪਕਾਂ ਲਈ ਬੜਾ ਸਤਿਕਾਰ ਸੀ। ਆਪਣੇ ਫਾਰਸੀ ਦੇ ਅਧਿਆਪਕ, ਮੁਨਸ਼ੀ ਬਖਸ਼ੀਸ਼ ਸਿੰਘ ਦਾ ਵਰਨਣ ਕਰਦੇ ਹੋਏ ਫ਼ਰਮਾਉਂਦੇ ਸਨ ਕਿ ਆਪ ਉਸ ਨੂੰ ਨੇੜੇ ਦੇ ਖੂਹ ਤੋਂ ਪਾਣੀ ਲਿਆ ਕੇ ਅਸ਼ਨਾਨ ਕਰਾਇਆ ਕਰਦੇ ਸਨ। ਅਧਿਆਪਕ ਆਪਦੀ ਬੜੀ ਕਦਰ ਕਰਦੇ ਸਨ। ਥੋੜਾ ਬਹਿ ਕੇ ਅਨੁਮਾਨ ਲਾਉ ਕਿ ਉਸ ਵੇਲੇ ਕੌਣ ਕਹਿ ਸਕਦਾ ਸੀ ਕਿ ਇਹ ਬਾਲਕ ਜੋ ਬਸਤਾ ਲੈ ਕੇ ਸਕੂਲ ਜਾ ਰਿਹਾ ਸੀ, ਇਕ ਦਿਨ ਸਾਰੇ ਸੰਸਾਰ ਦਾ ਅਧਿਆਪਕ ਬਣੇਗਾ। ਸੰਨ 1878 ਈਸਵੀ ਵਿਚ ਦਸਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਮਗਰੋਂ ਆਪ ਜ਼ਿਲੇਦਾਰੀ ਲਈ ਚੁਣੇ ਗਏ ਅਤੇ ਇਸ ਪਦ ਨੂੰ ਪ੍ਰਾਪਤ ਕਰਕੇ ਆਪ ਜੀ ਰੋਹਤਕ ਜ਼ਿਲੇ ਦੀ ਗੋਹਾਨਾ ਨਹਿਰ ਉੱਤੇ ਜ਼ਿਲੇਦਾਰ ਵਲੋਂ ਕੰਮ ਕਰਦੇ ਰਹੇ। ਪਰੰਤੂ ਉੱਥੇ ਜਾ ਕੇ ਆਪ ਨੂੰ ਇਕ ਬਿਮਾਰੀ ਨੇ ਦਬਾ ਲਿਆ ਜਿਸ ਕਰਕੇ ਵਾਪਸ ਘਰ ਆਉਣਾ ਪਿਆ, ਅਤੇ ਇਸ ਦੇ ਸਿੱਟੇ ਵਜੋਂ ਪੂਰੇ ਦੋ ਸਾਲ ਘਰ ਹੀ ਰਹੇ।
ਜੀਵਾਂ ਨੂੰ ਦੀਖਿਆ ਦੇ ਕੇ ਸੰਸਾਰ ਦੇ ਭਵ ਸਾਗਰ (Ocean of the World) ਤੋਂ ਪਾਰ ਕਰਨ ਲਈ ਜਿਸ ਮਹਾਂਪੁਰਸ਼ ਨੂੰ ਵੀ ਇਹ ਮਹਾਨ ਕੰਮ ਸੰਭਾਲਿਆ ਜਾਂਦਾ ਹੈ, ਉਸ ਦੇ ਜੀਵਨ ਨੂੰ ਉਸੇ ਪ੍ਰਕਾਰ ਢਾਲਣ ਲਈ ਪ੍ਰਮਾਤਮਾਂ ਸਮਾਨ ਵੀ ਉਸੇ ਢੰਗ ਦੇ ਉਤਪੰਨ ਕਰ ਦਿੰਦਾ ਹੈ। ਅਖੀਰ ਦੋ ਵਰ੍ਹੇ ਦਾ ਯਾਦ ਰੱਖਣ ਵਾਲਾ ਸਮਾਂ, ਜਿਹੜਾ ਆਪ ਜੀ ਨੇ ਘਰ ਬਹਿ ਕੇ ਬਤੀਤ ਕੀਤਾ, ਆਪ ਨੂੰ ਭਾਈ ਭੂਪ ਸਿੰਘ ਦੀ ਸੰਗਤ ਤੋਂ ਲਾਭ ਉਠਾਇਆ ਜਿਹੜੇ ਮਹਾਨ ਤਿਆਗੀ ਸਨ। ਉਹ ਵੇਦਾਂਤ ਦੇ ਮਾਹਿਰ ਅਤੇ ਜੋਗ ਵਿਦਿਆ ਦੇ ਅਨੁਭਵੀ ਪੁਰਸ਼ ਸਨ। ਭਾਈ ਭੂਪ ਸਿੰਘ ਦੀ ਸੰਗਤ ਰੰਗ ਲਿਆਈ ਅਤੇ ਤਿਆਗ ਦਾ ਵਿਚਾਰ ਮਨ ਵਿੱਚ ਪੈਦਾ ਹੋ ਗਿਆ ਬਾਬਾ ਜੀ ਆਪਣੇ ਮਾਪਿਆਂ ਦੇ ਇਕੱਲੇ ਹੀ ਧੀ ਤੇ ਪੁੱਤਰ ਸਨ ਅਤੇ ਇਸ ਵਿਚਾਰ ਨੇ ਉਨ੍ਹਾਂ ਨੂੰ ਤਿਆਗ ਤੋਂ ਰੋਕ ਦਿੱਤਾ ਕਿਉਂ ਜੋ ਤਿਆਗੀ ਪੁਰਸ਼ ਮਾਪਿਆਂ ਦੀ ਸੇਵਾ ਨਹੀਂ ਕਰ ਸਕਦੇ ਅਤੇ ਜੇ ਇਸ ਸਾਧਨ ਦੀ ਪੂਰਤੀ ਵਿੱਚ ਸਮਾਂ ਘਟ ਦਿੰਦੇ ਤਾਂ ਉਹ ਪਦ ਨੂੰ ਪੂਰਨ ਰੂਪ ਵਿਚ ਪ੍ਰਾਪਤ ਨਹੀਂ ਕਰ ਸਕਦੇ।
ਸੰਨ 1880 ਈਸਵੀ ਤਕ ਇਸ ਪ੍ਰਕਾਰ ਆਪ ਸੰਸਾਰੀ ਯਾਤਰਾ ਕਰਦੇ ਹੋਏ 22 ਵਰ੍ਹਿਆਂ ਦੇ ਹੋ ਗਏ। ਇਸ ਤੋਂ ਮਗਰੋਂ ਆਪ ਦੇ ਪਿਤਾ ਸਰਦਾਰ ਕਾਬਲ ਸਿੰਘ ਜੀ ਨੇ ਉੱਦਮ ਕੀਤਾ ਕਿ ਆਪਦਾ ਬੇਟਾ ਭਾਰਤੀ ਫ਼ੌਜ ਵਿਚ ਅਫ਼ਸਰ ਬਣ ਜਾਵੇ। ਇਸ ਸੰਬੰਧ ਵਿਚ ਉਨ੍ਹਾਂ ਨੇ ਆਪਣੇ ਕਮਾਂਡਿੰਗ ਅਫ਼ਸਰ ਨਾਲ ਗੱਲ ਬਾਤ ਕੀਤੀ ਅਤੇ ਉਸ ਨੇ ਵਿਸ਼ਵਾਸ ਦਵਾ ਦਿੱਤਾ ਕਿ ਹੌਲੇ ਹੌਲੇ ਅਫ਼ਸਰ ਦੇ ਪਦ ਉਤੇ ਲਾ ਦਿਆਂਗੇ। ਆਪ ਕੁਝ ਸਮੇਂ ਲਈ ‘ਫਰੁਖਾਬਾਦ’ ਵਿੱਚ ਫ਼ੌਜੀ ਸਕੂਲ ਵਿੱਚ ਅਧਿਆਪਕ ਵੀ ਰਹੇ ਪਰੰਤੂ ਉੱਥੇ ਸ਼ਰਾਬੀ ਕਬਾਬੀ ਬੰਦਿਆਂ ਦਾ ਸੰਗ ਵਧੇਰੇ ਹੋਣ ਕਰਕੇ ਦਿਲ ਨਾ ਲਗਿਆ ਇਸ ਲਈ ਨੌਕਰੀ ਛੱਡ ਕੇ “ਰੁੜਕੀ” (U.P.) ਦੇ ਥੌਪਸਨ ਇੰਜੀਨੀਅਰਿੰਗ ਕਾਲਜ ਵਿੱਚ ਦਾਖ਼ਲ ਹੋ ਗਏ ਅਤੇ ਇਹ ਕੋਰਸ ਆਪ ਨੇ ਬਹੁਤ ਚੰਗੇ ਨੰਬਰਾਂ ਵਿੱਚ ਪਾਸ ਕੀਤਾ।
ਪ੍ਰਮਾਰਥ ਅਭਿਲਾਸ਼ੀਆਂ ਨੂੰ ਹਦਾਇਤ ਵਜੋਂ ਬਾਬਾ ਜੀ ਆਪਣੇ ਮਹਾਨ ਜੀਵਨ ਦੀਆਂ ਕਈਆਂ ਘਟਨਾਵਾਂ ਦਾ ਵਰਨਣ ਕਰਦੇ ਹੋਏ ਕਈ ਭੇਦ ਭਰੇ ਸੰਕੇਤ ਦਿੱਤਾ ਕਰਦੇ ਸਨ। ਆਪ ਫ਼ਰਮਾਇਆ ਕਰਦੇ ਸਨ ਕਿ, “ਇੰਜੀਨੀਅਰਿੰਗ ਦੀ ਪ੍ਰੀਖਿਆ ਪਾਸ ਕਰਨ ਤੋਂ ਮਗਰੋਂ ਸਾਡੇ ਪ੍ਰੋਫੈਸਰਾਂ ਨੇ ਸਾਡੇ ਨਾਲ ਹੱਥ ਮਿਲਾਏ ਅਤੇ ਆਪਣੇ ਸਮਾਨ ਕੁਰਸੀਆਂ ਉੱਤੇ ਬਿਠਾਏ ਅਤੇ ਕਹਿਣ ਲੱਗੇ ਕਿ ਹੁਣ ਸਾਡੇ ਅਤੇ ਤੁਹਾਡੇ ਵਿਚਕਾਰ ਕੋਈ ਅੰਤਰ ਨਹੀਂ ਰਹਿ ਗਿਆ”! ਬਾਬਾ ਜੀ ਦਾ ਇਹ ਕਹਿਣ ਤੋਂ ਭਾਵ ਇਹ ਸੀ ਕਿ ਪੂਰੇ ਗੁਰੂ ਕੋਲੋਂ “ਨਾਮ” ਦੀ ਬਖਸ਼ਿਸ਼ ਪ੍ਰਾਪਤ ਕਰਨ ਤੋਂ ਮਗਰੋਂ ਜੇਕਰ ਉਸ ਦੀ ਕਮਾਈ ਕਰਨ ਲੱਗ ਜਾਓ ਤਾਂ ਤੁਸੀਂ ਵੀ ਇਕ ਦਿਨ ਉਸ ਪੂਰਨ ਗਤੀ ਨੂੰ ਪਾ ਜਾਓਗੇ, ਜਿਸ ਗਤੀ ਨੂੰ ਗੁਰੂ ਨੇ ਪਾਇਆ ਹੈ। ਫਰੁਖਾਬਾਦ ਵਿਚ ਨਿਵਾਸ ਦੇ ਸਮੇਂ ਵਿਚ ਗੰਗਾ ਦੇ ਕੰਢੇ ਉਤੇ ਆਪ ਨੂੰ ਕਈ ਸਾਧੂਆਂ ਨੂੰ ਮਿਲਣ ਦਾ ਅਵਸਰ ਪ੍ਰਾਪਤ ਹੁੰਦਾ ਸੀ ਅਤੇ ਵਿਸ਼ੇਸ਼ ਕਰਕੇ “ਭਾਈ ਨਿਹਾਲ ਸਿੰਘ ਥੋਹੇਵਾਲੇ” ਨਾਲ ਆਪ ਦਾ ਬਹੁਤ ਸੰਬੰਧ ਰਹਿੰਦਾ ਸੀ।
ਥੋੜੀ ਦੇਰ ਮਗਰੋਂ ਕਮਾਂਡਿੰਗ ਅਫ਼ਸਰ ਨੇ ਆਪ ਜੀ ਨੂੰ ਫ਼ੌਜ ਵਿੱਚ ਅਫ਼ਸਰ ਦਾ ਪਦ ਦੇਣ ਦਾ ਫੈਸਲਾ ਕਰ ਅਤੇ ਦਿੱਤਾ ਉਸੇ ਸਮੇਂ ਆਪ ਨੂੰ ਇੰਜੀਨੀਅਰ ਦੀ ਨੌਕਰੀ ਮਿਲ ਗਈ। ਬਾਬਾ ਜੀ ਨੇ ਐਮ. ਈ. ਐਸ. (M.E.S ) ਦੀ ਨੌਕਰੀ ਪਸੰਦ ਕੀਤੀ ਅਤੇ ਸੰਨ 1883 ਈਸਵੀ ਵਿੱਚ ਆਪ ਨੂੰ ਨੌਸ਼ਹਿਰੇ ਵਿੱਚ ਸਬ-ਉਵਰਸੀਅਰ ਦੇ ਪਦ ਉਤੇ ਲਾ ਦਿੱਤਾ ਗਿਆ। ਉਥੇ ਆਪ ਨੂੰ ਮਕਾਨ ਦੀ ਲੋੜ ਸੀ। ਲੋਕਾਂ ਨੇ ਆਪ ਨੂੰ ਦੱਸਿਆ ਕਿ ਮਕਾਨ ਤਾਂ ਖਾਲੀ ਇੱਕ ਹੈ ਪਰ ਉਸ ਵਿਚ ਭੂਤਾਂ ਦਾ ਵਾਸਾ ਹੈ ਅਤੇ ਖਤਰੇ ਵਾਲੀ ਥਾਂ ਹੈ। ਬਾਬਾ ਜੀ ਨੇ ਕਿਹਾ, “ਮੈਂ ਉਥੇ ਹੀ ਰਹਾਂਗਾ”।ਇਸ ਉਪਰੰਤ ਆਪ ਉਥੇ ਹੀ ਰਹਿਣ ਲੱਗ ਪਏ ਅਤੇ ਹੈਰਾਨੀ ਦੀ ਗੱਲ ਇਹ ਕਿ ਪਤਾ ਹੀ ਨਹੀਂ ਲਗਿਆ ਭੂਤ ਕਿੱਧਰ ਨੂੰ ਉੱਡ ਗਏ। ਅਸਲੀ ਗੱਲ ਤਾਂ ਇਹ ਹੈ ਕਿ ਜੋ ਕੁੱਲ ਸ੍ਰਿਸ਼ਟੀ ਦਾ ਮਾਲਕ ਆਪ ਹੋਵੇ ਉਸ ਨੂੰ ਕਿਹੜੀ ਗੱਲ ਦਾ ਡਰ ਜਦ ਕਿ ਸਾਰੀ ਸ੍ਰਿਸ਼ਟੀ ਉਸ ਦੀ ਸੇਵਾ ਲਈ ਹੈ।
ਨੌਸ਼ਹਿਰਾ ਵਿੱਚ ਬਾਬਾ ਸਾਵਣ ਸਿੰਘ ਜੀ ਨੂੰ ‘ਹੋਤੀ ਮਰਦਾਨ’ ਵਾਲੇ ਮਹਾਤਮਾਂ ਬਾਬਾ ਕਰਮ ਸਿੰਘ ਜੀ ਦੇ ਦਰਸ਼ਨ ਅਤੇ ਉਨ੍ਹਾਂ ਦੇ ਸਤਿਸੰਗ ਸੁਣਨ ਦਾ ਅਵਸਰ ਪ੍ਰਾਪਤ ਹੁੰਦਾ ਰਿਹਾ ਅਤੇ ਧਰਮ ਗ੍ਰੰਥਾਂ ਦਾ ਅਧਿਐਨ ਆਪ ਅਰੰਭ ਤੋਂ ਹੀ ਕਰਦੇ ਚਲੇ ਆ ਰਹੇ ਸਨ। ਆਪ ਜੀ ਨੇ ਹਰ ਇਕ ਧਰਮ ਦੇ ਪਵਿੱਤਰ ਗ੍ਰੰਥ ਨੂੰ ਪੂਰੇ ਸਤਿਕਾਰ, ਸ਼ਰਧਾ ਅਤੇ ਖੁਲ੍ਹੇ ਦਿਲ ਨਾਲ ਖੋਜਿਆ। ਆਪ ਨੇ ਹਿੰਦੀ, ਉਰਦੂ, ਪੰਜਾਬੀ, ਫ਼ਾਰਸੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਗੂੜ ਅਧਿਐਨ ਕੀਤਾ, ਤਾਂ ਜੋ ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈਆਂ ਦੇ ਧਰਮ ਗ੍ਰੰਥਾਂ, ਸੂਫ਼ੀਆਂ ਦੀਆਂ ਪੁਸਤਕਾਂ ਅਤੇ ਸੰਤਾਂ ਦੀਆਂ ਬਾਣੀਆਂ ਦਾ ਪੂਰਾ ਪੂਰਾ ਅਨੁਭਵ ਹੋ ਸਕੇ। ਅਧਿਆਤਮਕ ਵਿਦਿਆ ਪ੍ਰੇਮ ਅਤੇ ਸਦਾਚਾਰੀ ਜੀਵਨ ਉੱਤੇ ਆਪ ਨੂੰ ਪੂਰਨ ਰੂਪ ਵਿੱਚ ਜਾਣਕਾਰੀ ਪ੍ਰਾਪਤ ਸੀ। ਆਪ ਮੁੱਢ ਤੋਂ ਹੀ ਸਮਾਜੀ ਤੰਗ ਦਿਲੀ ਦੀ ਘਿਰਣਾ ਅਤੇ ਮਜ਼ਹਬੀ ਬੰਧਨਾਂ ਤੋਂ ਮੁਕਤ ਸਨ, ਅਤੇ ਸਾਰਿਆਂ ਨਾਲ ਪਿਆਰ ਕਰਦੇ ਸਨ। ਹਰ ਇਕ ਧਰਮ ਦੇ ਮੂਲ ਸਿਧਾਂਤਾਂ ਦੀ ਖੋਜ ਅਤੇ ਛਾਣ-ਬੀਨ ਕਰਕੇ ਉਨ੍ਹਾਂ ਦਾ ਨਿਚੋੜ ਕੱਢਣਾ ਆਪ ਦਾ ਮੁੱਢਲਾ ਮੰਤਵ ਸੀ। ਮਾਤਾ ਪਿਤਾ ਦੇ ਪਵਿੱਤਰ ਅਤੇ ਸਦਾਚਾਰੀ ਜੀਵਨ ਅਤੇ ਸਾਧੂ ਸੰਤਾਂ ਦੇ ਪਵਿੱਤਰ ਬਚਨਾਂ ਦੇ ਪ੍ਰਭਾਵ ਥੱਲੇ ਹੀ ਆਪ ਵਿੱਚ ਤਪ, ਤਿਆਗ, ਦਯਾ, ਖਿਮਾਂ, ਸਬਰ ਅਤੇ ਨਿੰਮ੍ਰਤਾ ਦੇ ਮੁੱਢਲੇ ਗੁਣ ਉਤਪੰਨ ਹੋ ਚੁੱਕੇ ਸਨ। ਸਾਰ ਅੰਸ਼ ਇਹ ਕਿ ਇਹ ਸਾਰੀਆਂ ਗੱਲਾਂ ਉਸ ਮਹਾਨ ਜੀਵਨ ਦੀ ਤਿਆਰੀ ਲਈ ਮੂਲ ਮੰਤਰ ਸਨ, ਜੋ ਮਗਰੋਂ ਪ੍ਰਗਟ ਹੋਇਆ।
ਬਾਬਾ ਕਾਹਨ ਸਿੰਘ ਨਾਲ ਭੇਂਟ
ਨੌਸ਼ਹਿਰੇ ਤੋਂ ਬਾਬਾ ਜੀ ਪਸ਼ਾਵਰ ਚਲੇ ਗਏ, ਜਿਥੇ ਜਾ ਕੇ ਆਪ ਦੀ ਬਾਬਾ ਕਾਹਨ ਨਾਲ ਭੇਂਟ ਹੋ ਗਈ। ਉਹ ਬੜੀ ਕਮਾਈ ਵਾਲੇ ਮਸਤ ਫਕੀਰ ਸਨ ਅਤੇ ਹਰ ਵੇਲੇ ਮਸਤੀ ਵਿੱਚ ਰਹਿੰਦੇ ਅਤੇ ਕਿਸੇ ਨੂੰ ਆਪਣੇ ਪਾਸ ਨਹੀਂ ਸਨ ਫਟਕਣ ਦਿੰਦੇ, ਪਰੰਤੂ ਬਾਬਾ ਜੀ ਜਦੋਂ ਵੀ ਉਨ੍ਹਾਂ ਕੋਲ ਜਾਂਦੇ ਤਾਂ ਉਹ ਬੜੇ ਪਿਆਰ ਨਾਲ ਮਿਲਦੇ ਅਤੇ ਰਾਜ਼ੀ ਖੁਸ਼ੀ ਪੁੱਛਦੇ ਅਤੇ ਆਪ ਵੀ ਬਾਬਾ ਕਾਹਨ ਦੀ ਸੇਵਾ ਕਰਦੇ ਰਹਿੰਦੇ ਸਨ। ਬਾਬਾ ਜੀ ਨੂੰ ਉਹਨਾਂ ਦਿਨਾਂ ਵਿੱਚ ਫੀਲਡ ਸਰਵਿਸ ਲਈ ਭੇਜ ਦਿੱਤਾ ਗਿਆ, ਜਿਥੇ ਜਾਣ ਲਈ ਸਰਕਾਰੀ ਭੱਤੇ ਅਤੇ ਤਨਖ਼ਾਹ ਵੱਧ ਮਿਲੀ। ਜਦੋਂ ਆਪ ਮੁੜ ਵਾਪਸ ਪਹੁੰਚੇ ਤਾਂ ਉਸੇ ਪ੍ਰਕਾਰ ਦਸ ਰੁਪਈਏ ਬਾਬਾ ਕਾਹਨ ਨੂੰ ਭੇਟਾ ਦਿੱਤੀ। ਇਸ ਉੱਤੇ ਉਹ ਕਹਿਣ ਲੱਗੇ, “ਮੈਂ ਤਾਂ ਵੀਹ ਰੁਪਈਏ ਲਵਾਂਗਾਂ ਚਿੱਟੇ ਚਿੱਟੇ (ਚਾਂਦੀ ਦੇ)”। ਬਾਬਾ ਸਾਵਣ ਸਿੰਘ ਜੀ ਨੇ ਹੱਸ ਕੇ ਕਿਹਾ, “ਬਾਬਾ, ਤੂੰ ਤੇ ਲਾਲਚੀ ਹੋ ਗਿਆ ਹੈ”। ਇਸ ਉਤੇ ਬਾਬਾ ਕਾਹਨ ਨੇ ਉੱਤਰ ਦਿੱਤਾ, “ਮੈਂ ਲਾਲਚੀ ਨਹੀਂ ਹੋਇਆ। ਤੈਨੂੰ ਅੱਗੇ ਨਾਲੋਂ ਵਧੇਰੇ ਤਨਖਾਹ ਮਿਲੀ ਹੈ, ਮੈਂ ਚਾਹੁੰਦਾ ਹਾਂ ਤੇਰੀ ਕਮਾਈ ਵਿਚੋਂ ਜ਼ਹਿਰ ਨਿਕਲ ਜਾਵੇ ਤੇ ਇਹ ਸਫਲ ਤੇ ਪਵਿੱਤਰ ਹੋ ਜਾਵੇ। ਮੈਂ ਤੇਰੇ ਰੁਪਈਆਂ ਦਾ ਭੁੱਖਾ ਨਹੀਂ,ਇਹ ਲੈ ਕੇ ਮੈਂ ਕੀ ਕਰਨੇ ਹਨ। ਹੁਣੇ ਬੱਚੇ ਆਉਣਗੇ ਤੇ ਸਾਰੇ ਰੁਪਈਏ ਲੈ ਜਾਣਗੇ”। ਇਸ ਗੱਲ ਤੋਂ ਪ੍ਰਭਾਵਤ ਹੋ ਕੇ ਬਾਬਾ ਜੀ ਨੇ ਵੀਹ ਰੁਪਈਏ ਅੱਗੇ ਭੇਟਾ ਕੀਤੇ। ਥੋੜੀ ਦੇਰ ਮਗਰੋਂ ਬੱਚੇ ਆਏ ਤੇ ਸਾਰੀ ਰਕਮ ਲੈ ਗਏ।
ਉਨ੍ਹਾਂ ਦਿਨਾਂ ਵਿੱਚ ਹੀ ਬਾਬਾ ਜੀ ਨੇ ਬਾਬਾ ਕਾਹਨ ਤੋਂ ਅਧਿਆਤਮਿਕ ਗਿਆਨ ਦੀ ਬਖਸ਼ਿਸ਼ ਮੰਗੀ ਅਤੇ ਕਿਹਾ, “ਬਾਬਾ, ਮੈਨੂੰ ਕੁਝ ਦੇ”। ਇਸ ਉੱਤੇ ਉਨ੍ਹਾਂ ਨੇ ਉੱਤਰ ਦਿੱਤਾ, “ਤੈਨੂੰ ਮਿਲੇਗਾ ਜ਼ਰੂਰ, ਪਰ ਕੋਈ ਹੋਰ ਦੇਵੇਗਾ”। ਆਪ ਨੇ ਪੁੱਛਿਆ, “ਉਸਨੂੰ ਕਿੱਥੇ ਲੱਭਾਂ”? ਉੱਤਰ ਮਿਲਿਆ, “ਉਹ ਮਹਾਂਪੁਰਸ਼ ਸਮਾਂ ਆਉਣ ਤੇ ਆਪ ਹੀ ਤੈਨੂੰ ਲੱਭ ਲਵੇਗਾ”। ਇਹ ਹਸਤੀਆਂ ਤਿੰਨਾਂ ਲੋਕਾਂ ਦਾ ਗਿਆਨ ਰੱਖਦੀਆਂ ਹੁੰਦੀਆਂ ਹਨ (ਆਕਾਸ਼ ਲੋਕ, ਮਾਤ ਲੋਕ ਤੇ ਪਤਾਲ ਲੋਕ)। ਮਗਰੋਂ ਜਦੋਂ ਆਪ ਜੀ ਨੂੰ ਬਾਬਾ ਜੈਮਲ ਸਿੰਘ ਜੀ ਮਹਾਰਾਜ ਤੋਂ ਇਹ ਆਤਮਕ ਅਨੁਭਵ ਮਿਲਿਆ, ਤਾਂ ਬਾਬਾ ਸਾਵਣ ਸਿੰਘ ਜੀ ਬਾਬਾ ਕਾਹਨ ਨੂੰ ਫੇਰ ਮਿਲਣ ਗਏ ਅਤੇ ਆਖਣ ਲੱਗੇ, “ਬਾਬਾ ਤੂੰ ਤੇ ਮੈਨੂੰ ਕੁਝ ਨਹੀਂ ਦਿੱਤਾ, ਪਰ ਕਿਸੇ ਹੋਰ ਨੇ ਬੜੀ ਅਪਾਰ ਦਯਾ ਮਿਹਰ ਕਰ ਦਿੱਤੀ ਹੈ”। ਇਸ ਉਤੇ ਬਾਬਾ ਕਾਹਨ ਨੇ ਬੜਾ ਹੈਰਾਨੀ ਭਰਿਆ ਉੱਤਰ ਦਿੱਤਾ ਤੇ ਕਿਹਾ, “ਅਸੀਂ ਸਾਰੇ ਹੀ ਇੱਕ ਹੁੰਦੇ ਹਾਂ”।
ਬਾਬਾ ਜੈਮਲ ਸਿੰਘ ਜੀ ਨਾਲ ਭੇਂਟ
ਪਸ਼ਾਵਰ ਤੋਂ ਬਾਬਾ ਜੀ ਦੀ ਬਦਲੀ “ਕੋਹਮਰੀ” ਦੀ ਹੋ ਗਈ। ਉੱਥੇ “ਭਰਪੂਰਾ ਮੱਲ” ਦੀ ਧਰਮਸ਼ਾਲਾ ਦੇ ਨੇੜੇ ਆਪ ਨੇ ਰਹਿਣ ਲਈ ਮਕਾਨ ਲੈ ਲਿਆ। ‘ਅਮਰਨਾਥ’ ਦੇ ਪਵਿੱਤਰ ਅਸਥਾਨ ਦੀ ਯਾਤਰਾ ਲਈ ਜਿਤਨੇ ਵੀ ਯਾਤਰੀ ਜਾਂਦੇ ਹਨ, ਉਹ ਸਾਰੇ ਦੇ ਸਾਰੇ ਇਥੇ ਆ ਕੇ ਪੜਾਅ ਲਾਉਂਦੇ ਹੁੰਦੇ ਸਨ। ਆਪ ਸਮੇਂ ਸਮੇਂ ਅਨੁਸਾਰ ਉਨ੍ਹਾਂ ਯਾਤਰੀਆਂ ਨਾਲ ਆਤਮ ਗਿਆਨ ਉੱਤੇ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਅਤੇ ਉਨ੍ਹਾਂ ਦੀ ਸੰਗਤ ਤੋਂ ਲਾਭ ਉਠਾਉਂਦੇ। ਛੋਟੀ ਆਯੂ ਤੋਂ ਹੀ ਕੁਦਰਤ ਆਪ ਦੀ ਸਹਾਇਤਾ ਕਰਦੀ ਰਹੀ ਅਤੇ ਹਰ ਇਕ ਸਾਧੂ ਮਹਾਤਮਾਂ ਦੇ ਮੇਲ ਨਾਲ ਕੁਝ ਲਾਭ ਪਹੁੰਚਦਾ ਰਿਹਾ। ਇਸੇ ਪ੍ਰਕਾਰ ਉਹ ਦਿਨ ਵੀ ਆ ਗਿਆ, ਜਿਸ ਦਿਨ ਆਪ ਨੂੰ ਕੁਲ ਮਾਲਕ ਦੇ ਰੂਪ ਵਿੱਚ ਸੰਸਾਰੀ ਜੀਵਾਂ ਦਾ ਉਧਾਰ ਕਰਨ ਦੀ ਜ਼ਿੰਮੇਵਾਰੀ ਸੰਭਾਲਣ ਦੀ ਨੀਂਹ ਰੱਖੀ ਜਾਣੀ ਸੀ।
ਕੁਦਰਤ ਦਾ ਨਿਯਮ ਹੈ ਕਿ ਜਿਥੇ ਅੱਗ ਲੱਗਦੀ ਹੈ, ਆਕਸੀਜਨ ਉਸੇ ਵੇਲੇ ਉਸ ਦੀ ਸਹਾਇਤਾ ਲਈ ਆ ਜਾਂਦੀ ਹੈ। ਪ੍ਰਮਾਤਮਾ ਭੁੱਖੇ ਨੂੰ ਉਸੇ ਵੇਲੇ ਰੋਟੀ ਅਤੇ ਪਿਆਸੇ ਲਈ ਪਾਣੀ ਪਰਦਾਨ ਕਰਦਾ ਆਇਆ ਹੈ। ਉਹ ਸੱਤ ਸਰੂਪ ਹਸਤੀ, ਜਿਹੜੀ ਮਨੁੱਖੀ ਚੋਲੇ ਵਿੱਚ ਪ੍ਰਗਟ ਹੋ ਚੁੱਕੀ ਸੀ, ਅਤੇ ਜਿਸ ਨੂੰ ਅਸੀਂ ਬਾਬਾ ਜੈਮਲ ਸਿੰਘ ਜੀ ਮਹਾਰਾਜ ਆਖਦੇ ਹਨ ਦੀ ਖਿੱਚ ਪਈ। ਉਹ ਬਿਆਸ ਤੋਂ ਚੱਲੇ ਅਤੇ ਕੋਹਮਰੀ ਜਾ ਪਹੁੰਚੇ। ਉਨ੍ਹਾਂ ਦਿਨਾਂ ਵਿੱਚ ਆਪ ‘ਐਸ. ਡੀ. ਓ.’ ਦੀ ਉੱਚ ਪਦਵੀ ਤੇ ਲੱਗੇ ਹੋਏ ਸਨ। ਬਾਬਾ ਸਾਵਣ ਸਿੰਘ ਜੀ ਕੰਮ ਦੀ ਨਿਗਰਾਨੀ ਕਰ ਰਹੇ ਸਨ ਜਦੋਂ ਬਾਬਾ ਜੈਮਲ ਸਿੰਘ ਜੀ ਕੋਲੋਂ ਦੀ ਲੰਘੇ। ਇਹ ਮਹਾਨ ਕਿੱਸਾ ਬਾਬਾ ਜੀ ਆਪਣੀ ਜ਼ਬਾਨੀ ਇਸ ਪ੍ਰਕਾਰ ਬਿਆਨ ਕਰਦੇ ਹੁੰਦੇ ਸਨ,
“ਮੈਂ ਇਕ ਦਿਨ ‘ਮਰੀ’ ਦੀ ਪਹਾੜੀ ਉੱਤੇ ਕੰਮ ਦੀ ਨਿਗਰਾਨੀ ਕਰ ਰਿਹਾ ਸਾਂ, ਤਾਂ ਮੈਂ ਇਕ ਸਿੱਖ ਬਜ਼ੁਰਗ ਨੂੰ ਉਥੋਂ ਦੀ ਲੰਘਦਿਆਂ ਵੇਖਿਆ। ਉਸ ਦੇ ਨਾਲ ਅੱਧੀ ਉਮਰ ਦੀ ਇੱਕ ਇਸਤਰੀ ਵੀ ਸੀ। ਮੈਂ ਸਮਝਿਆ ਕਿ ਇਹ ਸਰਦਾਰ ਸ਼ਾਇਦ ਕਮਿਸ਼ਨਰ ਦੀ ਕਚਹਿਰੀ ਵਿੱਚ ਅਪੀਲ ਕਰਨ ਲਈ ਆਇਆ ਹੋਵੇ। ਪਰ ਉਹ ਸਰਦਾਰ ਸਾਹਿਬ, ‘ਬਾਬਾ ਜੈਮਲ ਸਿੰਘ’ ਜੀ ਮਹਾਰਾਜ ਸਨ ਅਤੇ ‘ਬੀਬੀ ਰੁੱਕੋ ਉਨ੍ਹਾਂ ਦੇ ਨਾਲ ਸਨ। ਉਸ ਸਮੇਂ ਮੈਨੂੰ ਇਸ ਗੱਲ ਦਾ ਉੱਕਾਂ ਹੀ ਧਿਆਨ ਨਹੀਂ ਸੀ। ਪਰ ਮਗਰੋਂ ਪਤਾ ਲੱਗਿਆ ਕਿ ਬਾਬਾ ਜੀ ਨੇ ਬੀਬੀ ਰੁੱਕੋ ਨੂੰ ਮੇਰੇ ਵੱਲ ਇਸ਼ਾਰਾ ਕਰਕੇ ਆਖਿਆ, ‘ਅਸੀਂ’ ਇਸ ਸਿੱਖ ਨੂੰ ਲੈਣ ਲਈ ਆਏ ਹਾਂ”। ਇਹ ਗੱਲ ਸੁਣ ਕੇ ਬੀਬੀ ਰੁੱਕੋ ਨੇ ਬੇਨਤੀ ਕੀਤੀ, “ਬਾਬਾ ਜੀ, ਪਰ ਇਸ ਸਿੱਖ ਨੇ ਤਾਂ ਆਪ ਨੂੰ ਫਤਿਹ ਵੀ ਨਹੀਂ ਬੁਲਾਈ (ਨਮਸਕਾਰ ਵੀ ਨਹੀਂ ਕੀਤਾ)। “ਬਾਬਾ ਜੀ ਨੇ ਉੱਤਰ ਦਿੱਤਾ, ‘ਇਸ ਨੂੰ ਹਾਲੇ ਕੀ ਪਤਾ ਹੈ’? ਅੱਜ ਤੋਂ ਚੌਥੇ ਦਿਨ ਇਹ ਸਾਡੇ ਕੋਲ ਆਵੇਗਾ”।
ਹੁਣ ਇਸ ਮਹਾਨ ਘਟਨਾ ਨੂੰ ਚੋਣ ਕਹੋ, ਨਿਯੁਕਤੀ ਕਹੋ ਜਾਂ ਦੋ ਦਿਲਾਂ ਦੀ ਰਾਹ ਜਾਣਨ ਵਾਲਿਆਂ ਦਾ ਮੇਲ ਕਹੋ, ਪ੍ਰਮਾਤਮਾਂ ਆਪ ਇਹ ਖੇਲ੍ਹ ਰਚਾਉਂਦਾ ਹੈ। ਸੋਚਣ ਦੀ ਗੱਲ ਇਹ ਹੈ ਕਿ, ਕੀ ਸਾਰੇ ਪੰਜਾਬ ਵਿੱਚ ਹੋਰ ਕੋਈ ਬੰਦਾ ਹੀ ਨਹੀਂ ਸੀ ਬਾਬਾ ਜੀ ਤੋਂ ਬਿਨਾਂ ? ਬੰਦੇ ਤਾਂ ਬਹੁਤ ਸਨ। ਪਰ ਅਜਿਹਾ ਕੋਈ ਨਹੀਂ ਸੀ, ਜਿਸ ਨੇ ਅੱਗੇ ਜਾਂ ਕੇ ਸੰਸਾਰ ਨੂੰ ਆਤਮਕ ਰਾਹ ਵਿਖਾਉਣਾ ਸੀ। ਵਾਸਤਵ ਵਿੱਚ ਹੀ ਉਨ੍ਹਾਂ ਵਿੱਚ ਉਹ ਸੰਸਕਾਰ ਪਰਬਲ ਸਨ ਜਿਹੜੇ ਪੂਰਨ ਪੁਰਸ਼ਾਂ ਵਿੱਚ ਹੋਇਆ ਕਰਦੇ ਹਨ।
ਬਾਬਾ ਜੀ ਦੀ ਭਵਿੱਖ ਬਾਣੀ ਅਨੁਸਾਰ ਬਾਬਾ ਸਾਵਣ ਸਿੰਘ ਜੀ ਠੀਕ ਚੌਥੇ ਦਿਨ ‘ਬਾਬਾ ਕਾਹਨ ਸਿੰਘ’ ਦੇ ਨਾਲ, ‘ਬਾਬੂ ਸੁਖਦਯਾਲ’ ਦੀ ਬੈਠਕ ਵਿੱਚ ਆ ਪਹੁੰਚੇ, ਜਿਥੇ ਬਾਬਾ ਜੈਮਲ ਸਿੰਘ ਜੀ ਠਹਿਰੇ ਹੋਏ ਸਨ। ਉਸ ਤੋਂ ਇਕ ਦਿਨ ਪਹਿਲਾਂ ਸ਼ਾਮ ਦੇ ਸਮੇਂ ਆਪ ਇਕ ਵੇਦਾਂਤੀ ਸਾਧੂ ਦੇ ਨਾਲ ਵੇਦ ਮੰਤਰਾਂ ਬਾਰੇ ਇੱਕ ਗ੍ਰੰਥ ਉੱਤੇ ਵਿਚਾਰ ਵਟਾਂਦਰਾ ਕਰ ਰਹੇ ਸਨ ਕਿ ਅਚਾਨਕ ਹੀ ਬਾਬਾ ਕਾਹਨ ਸਿੰਘ ਨੇ ਆ ਕੇ ਆਪ ਨੂੰ ਆਖਿਆ ਕਿ “ਇਕ ਪਹੁੰਚੇ ਹੋਏ ਮਹਾਤਮਾ ਇਥੇ ਆਏ ਹੋਏ ਹਨ, ਜੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਆਉ ਚੱਲੀਏ”। ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਪੂਰਨ ਪੂਰਸ਼ ‘ਰਾਧਾ ਸੁਆਮੀ’ ਹਨ। ਇਹ ਗੱਲ ਸੁਣ ਕੇ ਵੇਦਾਂਤੀ ਸਾਧੂ ਰੋਹ ਵਿੱਚ ਆ ਕੇ ਆਖਣ ਲੱਗਾ, ਇਹ ਲੋਕ ਤਾਂ ਨਾਸਤਕ ਹੁੰਦੇ ਹਨ ਅਤੇ ਸਿਰ ਵਿੱਚ ਇਕ ਬਾਜਾ ਰੱਖਦੇ ਹਨ (ਅਨਹਦ ਨਾਦ ਜਾਂ ਸ਼ਬਦ)। ਇਸ ਉਤੇ ਬਾਬਾ ਸਾਵਣ ਸਿੰਘ ਜੀ ਫਰਮਾਉਣ ਲੱਗੇ, “ਮੈਂ ਇੰਜਨੀਅਰ ਹਾਂ ਅਤੇ ਅੱਜ ਤਕ ਮੇਰੇ ਵੇਖਣ ਵਿੱਚ ਕੋਈ ਅਜਿਹਾ ਬਾਜਾ ਨਹੀਂ ਆਇਆ ਜਿਹੜਾ ਸਿਰ ਵਿੱਚ ਰੱਖਿਆ ਜਾਵੇ”। ਪਰੰਤੂ ਵੇਦਾਂਤੀ ਨਹੀਂ ਸੀ ਚਾਹੁੰਦਾ ਕਿ ਬਾਬਾ ਜੀ, ਬਾਬਾ ਜੈਮਲ ਸਿੰਘ ਜੀ ਕੋਲ ਜਾਣ।
ਪਰ ਉਸ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਬਾਬਾ ਜੀ ਠੀਕ ਚੌਥੇ ਦਿਨ ਬਾਬਾ ਕਾਹਨ ਸਿੰਘ ਜੀ ਨੂੰ ਨਾਲ ਲੈ ਕੇ ਬਾਬਾ ਜੈਮਲ ਸਿੰਘ ਜੀ ਦੇ ਦਰਸ਼ਨਾਂ ਲਈ ਚਲੇ ਗਏ, ਜਿਸ ਘਟਨਾ ਦਾ ਵਰਨਣ ਬਾਬਾ ਜੀ ਇਸ ਪ੍ਰਕਾਰ ਕਰਿਆ ਕਰਦੇ ਸਨ :–
“ਚੌਥੇ ਦਿਨ ਮੈਂ ਬਾਬਾ ਜੈਮਲ ਸਿੰਘ ਜੀ ਦੇ ਸਤਿਸੰਗ ਵਿੱਚ ਗਿਆ। ਬਾਬਾ ਜੀ ਜਪੁਜੀ ਸਾਹਿਬ ਦੀ ਵਿਆਖਿਆ ਕਰ ਰਹੇ ਸਨ। ਇਸ ਤੋਂ ਮਗਰੋਂ ਮੈਂ ਪ੍ਰਸ਼ਨਾਂ ਦੀ ਝੜੀ ਲਾ ਦਿੱਤੀ ਅਤੇ ਇਤਨੇ ਸੁਆਲ ਕੀਤੇ ਕਿ ਸਤਿਸੰਗ ਵਿੱਚ ਬੈਠੇ ਲੋਕੀਂ ਬੜੇ ਹੈਰਾਨ ਹੋਏ। ਸੁਆਮੀ ਜੀ ਮਹਾਰਾਜ ਦੀ ਬਾਣੀ ਦੀ ਪੁਸਤਕ ‘ਸਾਰ ਬਚਨ’ ਨਾਓਂ ਦੀ ਵੀ ਉਥੇ ਪਈ ਸੀ। ਮੈਂ ‘ਰਾਧਾ ਸੁਆਮੀ’ ਸ਼ਬਦ ਉਤੇ ਘਿਰਣਾਂ ਪ੍ਰਗਟ ਕੀਤੀ ਜਿਸ ਦੇ ਉੱਤਰ ਵਿੱਚ ਬਾਬਾ ਜੀ ਨੇ ‘ਸਾਰ ਬਚਨ’ ਦੀ ਉਹ ਤੁਕ ਪੜ੍ਹੀ ਜਿਸ ਦੀ ਵਿਆਖਿਆ ਸੁਆਮੀ ਜੀ ਮਹਾਰਾਜ ਨੇ ਆਪ ਕੀਤੀ ਹੈ”। ਉਹ ਤੁਕ ਇਹ ਸੀ :–
“ਰਾਧਾ ਆਦਿ ਸੁਰਤਿ ਕਾ ਨਾਮ,
ਸੁਆਮੀ ਆਦਿ ਸ਼ਬਦ ਨਿਜ ਧਾਮ”।
— ਸਾਰ ਬਚਨ, ਕਵਿਤਾ (ਬਚਨ ੨, ਸਿਫਤ ੪)
“ਬਾਬਾ ਜੀ, ‘ਸੁਰਤਿ ਸ਼ਬਦ’ ਦੇ ਮਾਰਗ ਬਾਰੇ ਸਮਝਾਉਣ ਲੱਗੇ। ਪਰੰਤੂ ਮੈਂ ਤਾਂ ਵੇਦਾਂਤ ਦਾ ਗਿਆਨ ਪੜ੍ਹਿਆ ਹੋਇਆ ਸੀ ਇਸ ਲਈ ਜਦੋਂ ਵੀ ਮੈਂ ਗੁਰਬਾਣੀ ਪੜ੍ਹਦਾ ਸੀ, ਉਸੇ ਵੇਲੇ ਵਿਚਾਰ ਪਲਟਾ ਖਾ ਜਾਂਦੇ ਸਨ। ਆਖਰ ਮੈਂ, ਬਾਬਾ ਜੀ ਦੀ ਤਾਲੀਮ ਨੂੰ ਸਮਝਣ ਲਈ ਪੂਰੀ ਅੱਠ ਦਿਨਾਂ ਦੀ ਛੁੱਟੀ ਲੈ ਲਈ। ਬਾਬਾ ਜੀ ਨੇ ਮੈਨੂੰ ਕਬੀਰ ਸਾਹਿਬ ਦੀ ਬਾਣੀ ‘ਅਨੁਰਾਗ ਸਾਗਰ’ (Anurag Sagar) ਪੜ੍ਹਨ ਦਾ ਆਦੇਸ਼ ਦਿੱਤਾ। ਮੈਂ ਉਸੇ ਵੇਲੇ ਇਸ ਪਵਿੱਤਰ ਪੁਸਤਕ ਦੀਆਂ ਅੱਠ ਜਿਲਦਾਂ ਬੰਬਈ ਤੋਂ ਮੰਗਵਾਂ ਲਈਆਂ ਅਤੇ ਬਾਬਾ ਹਰੀ ਰਾਮ ਅਤੇ ਬਾਬਾ ਗੁਲਾਬ ਸਿੰਘ ਤੇ ਬਾਕੀ ਦੋਸਤਾਂ ਨੂੰ ਪੜ੍ਹਨ ਲਈ ਇੱਕ ਇੱਕ ਪੁਸਤਕ ਦੇ ਦਿੱਤੀ ਤਾਂ ਜੋ ਉਹ ਸਾਰੇ ਹੀ ਇਸ ਨੂੰ ਪੜ੍ਹਕੇ ਆਪਣੀ ਆਪਣੀ ਰਾਇ ਦੇ ਸਕਣ। ਬਾਬਾ ਜੀ ਨਾਲ ਥੋੜੇ ਦਿਨ ਹੋਰ ਵਿਚਾਰ ਵਟਾਂਦਰਾ ਹੁੰਦਾ ਰਿਹਾ। ਹੌਲੇ ਹੌਲੇ ਮੇਰੇ ਸਾਰੇ ਸ਼ੰਕੇ ਦੂਰ ਹੋ ਗਏ ਅਤੇ ਮੇਰੀ ਪੂਰੀ ਤਸੱਲੀ ਹੋ ਗਈ। ਅੰਤ ਵਿਚ 15 ਅਕਤੂਬਰ ਸੰਨ 1894 ਈਸਵੀ ਨੂੰ ਉਸ ਮਹਾਨ ਹਸਤੀ, ਬਾਬਾ ਜੈਮਲ ਸਿੰਘ ਜੀ ਕੋਲੋਂ ‘ਨਾਮ ਦਾਨ’ (Initiation) ਪ੍ਰਾਪਤ ਕੀਤਾ”।
ਇਸ ਤੋਂ ਮਗਰੋਂ ਦੀ ਕਹਾਣੀ ਗੁਰਮੁਖ (True Disciple), ਗੁਰੂ ਭਗਤੀ (Gurbhakti) ਅਤੇ ਗੁਰੂ ਦੀ ਦਯਾ ਮਿਹਰ ਦੀ ਦਿਲ ਖਿੱਚਵੀਂ ਕਹਾਣੀ ਹੈ। ਮਗਰੋਂ ਬਾਬਾ ਜੈਮਲ ਸਿੰਘ ਜੀ ਮਹਾਰਾਜ ਪੂਰੇ ਦੋ ਮਹੀਨੇ ‘ਕੋਹ ਮਰੀ’ ਵਿੱਚ ਠਹਿਰੇ ਅਤੇ ਆਪ ਉਨ੍ਹਾਂ ਦੇ ਪਵਿੱਤਰ ਚਰਨਾਂ ਵਿੱਚ ਬਹਿ ਕੇ ਸਤਿਸੰਗਾਂ ਤੋਂ ਲਾਭ ਉਠਾਉਂਦੇ ਰਹੇ ਅਤੇ ਉਨ੍ਹਾਂ ਦੇ ਆਦੇਸ਼ ਅਨੁਸਾਰ ਸ਼ਬਦ ਦੀ ਕਮਾਈ ਕਰਦੇ ਰਹੇ। ਬਾਬਾ ਜੀ ਦੇ ਜਾਣ ਤੋਂ ਮਗਰੋਂ ਆਪ ਬਹੁਤਾ ਸਮਾਂ ਭਜਨ, ਬੰਦਗੀ ਵਿੱਚ ਹੀ ਬਤੀਤ ਕਰਦੇ ਅਤੇ ਗੁਰੂ ਪਰੇਮ ਦੀ ਇਹ ਅਵਸਥਾ ਪਹੁੰਚ ਚੁੱਕੀ ਸੀ ਕਿ ਬਾਬਾ ਜੀ ਦੇ ਵਿਯੋਗ ਵਿੱਚ ਹਰ ਵੇਲੇ ਉਦਾਸ ਰਹਿਣ ਲੱਗ ਪਏ। ਜਦੋਂ ਵੀ ਆਪ ਨੂੰ ਛੁੱਟੀ ਹੁੰਦੀ ਜਾਂ ਇਧਰ ਆਉਣ ਦਾ ਮੌਕਾ ਮਿਲਦਾ ਤਾਂ ਝੱਟ ਬਿਆਸ ਪਹੁੰਚ ਜਾਂਦੇ ਅਤੇ ਬਾਬਾ ਜੀ ਦੇ ਚਰਨਾਂ ਵਿੱਚ ਬਹਿ ਕੇ ਸਤਿਸੰਗ ਤੋਂ ਪੂਰਾ ਪੂਰਾ ਲਾਭ ਉਠਾਉਂਦੇ।
ਡੇਰਾ ਬਾਬਾ ਜੈਮਲ ਸਿੰਘ ਦੀ ਨੀਂਹ ਰੱਖਣਾ
ਬਾਬਾ ਜੈਮਲ ਸਿੰਘ ਜੀ ਮਹਾਰਾਜ, ਬਿਆਸ ਨਦੀ ਦੇ ਕੰਢੇ ਉੱਤੇ ਇਕ ਕੱਚੀ ਕੋਠੜੀ ਵਿੱਚ ਰਿਹਾ ਕਰਦੇ ਸਨ। ਇਹ ਥਾਂ, ਜਿੱਥੇ ਅੱਜ ਡੇਰਾ ਬਣਿਆ ਹੋਇਆ ਹੈ, ਆਪ ਪਹਿਲਾਂ ਹੀ ਇਸ ਨੂੰ ਵੇਖ ਕੇ ਪਸੰਦ ਕਰ ਚੁੱਕੇ ਸਨ। ਇੱਥੇ ਪਹਿਲਾਂ ਇੱਕ ਮਸਤ ਫਕੀਰ, ਜਿਸ ਨੂੰ ਪਿੰਡ ਦੇ ਲੋਕੀਂ “ਕੰਵਲਾ ਕਾਹਨਾ” ਕਿਹਾ ਕਰਦੇ ਸਨ ਰਹਿੰਦਾ ਹੁੰਦਾ ਸੀ। ਜਦੋਂ ਆਪ ਉਸ ਨੂੰ ਮਿਲੇ ਤਾਂ ਉਹ ਕੰਕਰ ਪੱਥਰ ਇਕੱਠੇ ਕਰ ਰਹੇ ਸਨ। ਬਾਬਾ ਜੈਮਲ ਸਿੰਘ ਜੀ ਨੇ ਉਨ੍ਹਾਂ ਨੂੰ ਪੁੱਛਿਆ, “ਸਾਈਂ ਜੀ ਇਹ ਕੀ ਕਰ ਰਹੇ ਹੋ”? ਤਾਂ ਉਸ ਫਕੀਰ ਨੇ ਉੱਤਰ ਦਿੱਤਾ, “ਤੇਰੇ ਲਈ ਮਕਾਨ ਬਣਾਉਣ ਦੀ ਖਾਤਰ ਇੱਟਾਂ ਪੱਥਰ ਇਕੱਠੇ ਕਰ ਰਿਹਾ ਹਾਂ”। ਇਹ ਗੱਲ ਉਸ ਸਮੇਂ ਦੀ ਹੈ ਜਦੋਂ ਹਾਲੇ ਬਾਬਾ ਜੈਮਲ ਸਿੰਘ ਜੀ ਮਹਾਰਾਜ ਨੌਕਰੀ ਕਰਦੇ ਸਨ। ਸੰਨ 1891 ਈਸਵੀ ਵਿਚ ਆਪ ਹੌਲਦਾਰੀ ਦੇ ਪਦ ਤੋਂ ਰਿਟਾਇਰ ਹੋਏ ਅਤੇ ਪੈਨਸ਼ਲ ਲੈਂਦਿਆਂ ਹੀ ਬਿਆਸ ਨਦੀ ਦੇ ਕੰਢੇ ਡੇਰੇ ਲਾ ਦਿੱਤੇ ਅਤੇ ਬੀਬੀ ਰੁੱਕੋ ਨੇ 8 ਫੁੱਟ ਲੰਮੀ ਤੇ ਅੱਠ ਫੁੱਟ ਚੌੜੀ ਘਾਹ ਫੂਸ ਦੀ ਝੁੱਗੀ ਪਹਿਲਾਂ ਹੀ ਤਿਆਰ ਕੀਤੀ ਹੋਈ ਸੀ। ਬਾਬਾ ਜੀ ਅਟੰਕ ਹੋ ਕੇ ਏਕਾਂਤ ਭਰੇ ਵਾਤਾਵਰਣ ਵਿੱਚ ਇਸ ਝੁੱਗੀ ਵਿੱਚ ਬਹਿ ਕੇ ਭਜਨ ਬੰਦਗੀ ਕਰਦੇ ਰਹੇ। ਬਾਬਾ ਜੈਮਲ ਸਿੰਘ ਜੀ ਦੇ ਗੁਰਮੁਖ ਪਰੇਮੀ ‘ਲਾਲਾ ਖਜਾਨਾ ਮੱਲ’ ਜਦੋਂ ਉਹਨਾਂ ਦੇ ਦਰਸ਼ਨਾਂ ਲਈ ਗਏ ਤਾਂ ਉਨ੍ਹਾਂ ਨੇ ਘਾਹ ਫੂਸ ਦੀ ਝੁੱਗੀ ਵੇਖਕੇ ਉਸ ਨੂੰ ਚੌਹੀਂ ਪਾਸੀਂ ਮਿੱਟੀ ਨਾਲ ਲੇਪਨ ਕਰਵਾ ਦਿੱਤਾ ਅਤੇ ਨਾਲ ਹੀ ਇੱਕ ਗੁਫ਼ਾ ਵੀ ਖੁਦਵਾ ਦਿੱਤੀ। ਬਾਬਾ ਜੀ ਉਸ ਗੁਫ਼ਾ ਵਿੱਚ ਬਹਿ ਕੇ ਭਜਨ ਸਿਮਰਨ ਕਰਦੇ ਅਤੇ ਕਈ ਦਿਨ ਉਸ ਗੁਫ਼ਾ ਤੋਂ ਬਾਹਰ ਨਾ ਨਿਕਲਦੇ।
ਬਾਬਾ ਜੈਮਲ ਸਿੰਘ ਜੀ ਮਹਾਰਾਜ ਦੂਰ ਏਕਾਂਤ ਵਿੱਚ ਪ੍ਰਮਾਤਮਾਂ ਨਾਲ ਲਿਵ ਲਗਾਈਂ ਬੈਠੇ ਸਨ, ਕਿ ਉਨ੍ਹਾਂ ਦੀ ਕਮਾਈ ਅਤੇ ਸਾਧਨਾਂ ਦੀ ਸੁਗੰਧੀ ਚੌਹੀਂ ਪਾਸੀਂ ਦੂਰ ਦੁਰਾਡੇ ਫੈਲਣੀ ਅਰੰਭ ਹੋ ਗਈ ਅਤੇ ਬੜੀ ਦੂਰ ਦੂਰ ਤੋਂ ਲੋਕੀਂ ਸ਼ਰਧਾ ਨਾਲ ਆਪ ਜੀ ਕੋਲ ਆਉਣ ਲੱਗ ਪਏ। ਕਈ ਧਨੀ ਸੇਵਕਾਂ ਨੇ ਆਪ ਲਈ ਪੱਕਾ ਮਕਾਨ ਬਣਵਾ ਕੇ ਦੇਣ ਦੀ ਬੇਨਤੀ ਕੀਤੀ ਪਰੰਤੂ ਆਪ ਨੇ ਜੁਆਬ ਦੇ ਦਿੱਤਾ ਅਤੇ ਉਸੇ ਕੋਠੜੀ ਵਿੱਚ ਨਿਰਵਾਹ ਕਰਦੇ ਰਹੇ। ਡੇਰੇ ਦੀ ਵੱਡੀ ਇਮਾਰਤ ਦਾ ਕੰਮ ਕੇਵਲ ਉਸ ਵੇਲੇ ਹੀ ਅਰੰਭ ਹੋਇਆ ਜਦੋਂ ਬਾਬਾ ਸਾਵਣ ਸਿੰਘ ਜੀ ਆਪ ਦੇ ਚਰਨਾਂ ਵਿੱਚ ਆਏ (ਸੰਨ 1894 ਈਸਵੀ ਵਿੱਚ)। ਬਾਬਾ ਜੀ ਦੇ ਬੇਨਤੀ ਕਰਨ ਉੱਤੇ ਬਾਬਾ ਜੈਮਲ ਸਿੰਘ ਨੇ ਕੱਚੀ ਝੁੱਗੀ ਦੀ ਥਾਂ ਤੇ ਪੱਕਾ ਮਕਾਨ ਬਨਾਉਣ ਦੀ ਮਨਜ਼ੂਰੀ ਦੇ ਦਿੱਤੀ। ਉਨ੍ਹਾਂ ਦਿਨਾਂ ਵਿੱਚ ਡੇਰੇ ਵਿੱਚ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਅਤੇ ਸੇਵਾਦਾਰ ਸਤਿਸੰਗੀ ਭਰਾਵਾਂ ਦੀ ਸੇਵਾ ਲਈ ਪਾਣੀ ਪੀਪਿਆਂ ਵਿੱਚ ਭਰ ਕੇ ਮੋਢਿਆਂ ਉੱਤੇ ਰੱਖ ਕੇ ਜਾਂ ਬਹਿੰਗੀਆਂ ਵਿੱਚ ਪੀਪੇ ਰੱਖਕੇ ਨਦੀ ਵਿੱਚੋਂ ਲਿਆਇਆ ਕਰਦੇ ਸਨ। ਬਾਬਾ ਜੀ ਤੋਂ ਮਨਜ਼ੂਰੀ ਲੈ ਕੇ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਡੇਰੇ ਵਿਚ ਇੱਕ ਪੱਕਾ ਖੂਹ ਲਵਾ ਦਿੱਤਾ ਜਿਸ ਨਾਲ ਸੰਗਤਾਂ ਨੂੰ ਸੌਖ ਹੋ ਗਈ। ਇਸ ਤੋਂ ਮਗਰੋਂ ਛੋਟਾ ਦਰਬਾਰ ਅਤੇ ਲੰਗਰ ਦੀ ਇਮਾਰਤ ਬਣਵਾਈ ਗਈ। ਹੌਲੇ ਹੌਲੇ ਬਾਹਰੋਂ ਆਉਣ ਵਾਲੇ ਪਰਮਾਰਥ ਅਭਿਲਾਸ਼ੀਆਂ ਦੇ ਠਹਿਰਣ ਲਈ ਕਈ ਕੋਠੜੀਆਂ ਬਣਵਾ ਦਿੱਤੀਆਂ ਗਈਆਂ। ਇਸ ਪ੍ਰਕਾਰ ਉਸਾਰੀ ਦਾ ਕੰਮ ਦਿਨ ਦੂਣਾ ਵਧਦਾ ਗਿਆ। ਮੁਢਲੇ ਉਸਾਰੀ ਦੇ ਕੰਮ ਵਿੱਚ ਛੋਟੇ ਦਰਬਾਰ ਅਤੇ ਵੱਡੇ ਦਰਬਾਰ ਦੀਆਂ ਇਮਾਰਤਾਂ ਵਿਸ਼ੇਸ਼ ਰੂਪ ਵਿੱਚ ਮਹੱਤਤਾ ਰਖਦੀਆਂ ਹਨ, ਸਗੋਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਡੇਰਾ ਬਾਬਾ ਜੈਮਲ ਸਿੰਘ ਦੀਆਂ ਇਹ ਦੋ ਇਮਾਰਤਾਂ ਹੀ ਡੇਰਾ ਅਖਵਾਉਂਦੀਆਂ ਸਨ। ਇਸ ਲਈ ਇਨ੍ਹਾਂ ਦਾ ਥੋੜਾ ਜਿਹਾ ਵਰਨਣ ਅਸੀਂ ਇਥੇ ਕਰਦੇ ਹਾਂ।
ਛੋਟਾ ਦਰਬਾਰ
ਇਹ ਕਮਰਾ 30 ਫੁੱਟ ਲੰਮਾ ਅਤੇ 15 ਫੁੱਟ ਚੌੜਾ, ਇਸ ਡੇਰੇ ਦੀ ਪਹਿਲੀ ਉਸਾਰੀ ਸੀ। ਪਰ ਇਸ ਵਿੱਚ ਸਿਰੀ ਆਦਿ ਗ੍ਰੰਥ ਸਾਹਿਬ ਦਾ ਹਰ ਵੇਲੇ ਪ੍ਰਕਾਸ਼ ਰਹਿੰਦਾ ਸੀ ਅਤੇ ਇਸ ਨੂੰ ਪੂਰਨ ਰੂਪ ਵਿੱਚ ਗੁਰਦੁਆਰੇ ਦੀ ਸ਼ਕਲ ਦਿੱਤੀ ਗਈ ਸੀ, ਜਿਹੜੀ ਬਾਬਾ ਸਾਵਣ ਸਿੰਘ ਜੀ ਦੇ ਸਮੇਂ ਵਿੱਚ ਵੀ ਪ੍ਰਚਲਤ ਰਹੀ। ਇਨ੍ਹਾਂ ਦੇ ਸਮੇਂ ਵਿੱਚ ਇੱਥੇ ਤਿੰਨ ਦਰਬਾਰ ਸਾਹਿਬ ਸਨ। ਇਨ੍ਹਾਂ ਵਿੱਚ ਹਜ਼ੂਰ ਸੁਆਮੀ ਜੀ ਮਹਾਰਾਜ ਦਾ ਗ੍ਰੰਥ ਸਾਹਿਬ, ਜਿਸ ਵਿਚੋਂ ਉਹ ਆਗਰੇ ਤੋਂ ਨਾਲ ਲਿਆਏ ਸਨ, ਵੀ ਸ਼ਾਮਲ ਸੀ। ਇਸ ਦਰਬਾਰ ਸਾਹਿਬ ਦੇ ਦਰਸ਼ਨ ਮਹੀਨੇ ਵਿੱਚ ਕੇਵਲ ਇਕ ਵਾਰ ਕਰਾਏ ਜਾਂਦੇ ਸਨ ! ਉਸ ਸਮੇਂ ਵਿਚ ਸਤਿਸੰਗੀ ਬੜੇ ਥੋੜੇ ਸਨ ਅਤੇ ਸਤਿਸੰਗ ਇਸੇ ਦਰਬਾਰ ਵਿੱਚ ਹੁੰਦਾ ਸੀ। ਜਿਵੇਂ ਗੁਰੂਦੁਆਰਿਆਂ ਵਿੱਚ ਚੰਦੋਆ (ਚਾਨਣੀ) ਲਾ ਕੇ ਦਰਬਾਰ ਸਾਹਿਬ ਸਜਾਇਆ ਜਾਂਦਾ ਹੈ, ਠੀਕ ਉਸੇ ਪ੍ਰਕਾਰ ਉੱਥੇ ਵੀ ਦੀਵਾਨ ਸਜਦਾ ਸੀ। ਮਗਰੋਂ ਜਿਸ ਵੇਲੇ ਵੱਡਾ ਦਰਬਾਰ ਸਾਹਿਬ, ਜਿਸ ਦੀ ਲੰਬਾਈ 50 ਫੁੱਟ ਅਤੇ ਚੌੜਾਈ 20 ਫੁੱਟ ਸੀ ਬਣ ਕੇ ਤਿਆਰ ਹੋ ਗਿਆ ਤਾਂ ਸਤਿਸੰਗ ਵੱਡੇ ਦਰਬਾਰ ਵਿੱਚ ਹੋਣ ਲੱਗ ਪਿਆ ਅਤੇ ਛੋਟੋ ਦਰਬਾਰ ਨੂੰ ਗੁਰਬਾਣੀ ਦਾ ਪਾਠ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰੱਖਣ ਲਈ ਹੀ ਨੀਅਤ ਕਰ ਦਿੱਤਾ। ਇਸ ਵੱਡੇ ਦਰਬਾਰ ਸਾਹਿਬ ਵਿੱਚ ਪਹਿਲਾ ਸਤਿਸੰਗ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਕੀਤਾ ਸੀ।
ਡੇਰਾ ਗੁਰੂਦੁਆਰਾ ਸੀ ਅਤੇ ਗੁਰੂਦੁਆਰਾ ਹੀ ਹੈ
ਛੋਟੇ ਦਰਬਾਰ ਵਿੱਚ ਨਿਯਮਤ ਰੂਪ ਵਿੱਚ ਗ੍ਰੰਥੀ ਨੀਅਤ ਕੀਤੇ ਹੋਏ ਸਨ ਅਤੇ ਅਖੰਡ ਪਾਠ ਹੋਇਆ ਕਰਦੇ ਸਨ ਜਿਨ੍ਹਾਂ ਦਾ ਪੂਰਨ ਗੁਰ ਮਰਿਯਾਦਾ ਅਨੁਸਾਰ ਭੋਗ ਪਾਇਆ ਜਾਂਦਾ ਸੀ। ਬਾਬਾ ਸਾਵਣ ਸਿੰਘ ਜੀ ਮਹਾਰਾਜ ਆਪ ਬਹਿ ਕੇ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਅੰਮ੍ਰਿਤ ਛਕਾਇਆ ਕਰਦੇ ਸਨ। ਇਸ ਤੋਂ ਮਗਰੋਂ ਬਾਬਾ ਜੀ ਨੇ ਭਾਈ ਭਗਤ ਸਿੰਘ ਜੀ ਨੂੰ ਹੈਡ ਗ੍ਰੰਥੀ ਨਿਯੁਕਤ ਕੀਤਾ। ਉਨ੍ਹਾਂ ਦਿਨਾਂ ਵਿੱਚ ਵੀ ਅਖੰਡ ਪਾਠ ਰਖਾਏ ਜਾਂਦੇ ਸਨ ਅਤੇ ਭੋਗ ਪਾਏ ਜਾਂਦੇ ਸਨ। ਇਕ ਵਾਰ ਜਦੋਂ ਬਾਬਾ ਸਾਵਣ ਸਿੰਘ ਜੀ ਬਿਮਾਰ ਹੋ ਗਏ ਸਨ, ਉਸ ਸਮੇਂ ਵੀ ਪਾਠ ਰਖਵਾਇਆ ਗਿਆ ਸੀ। ਡੇਰਾ ਜਿਹੜੀ ਥਾਂ ਤੇ ਕਾਇਮ ਹੈ, ਇਹ ਥਾਂ ‘ਬਲ ਸਰਾਇ’’ ਪਿੰਡ ਦੇ ਲੋਕਾਂ ਨੇ ਦਿੱਤੀ ਸੀ ਅਤੇ ਇਸ ਦਾ ਇੰਤਕਾਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਉਂ ਉੱਤੇ ਹੀ ਕਰਾਇਆ ਸੀ ਅਤੇ ਇਸ ਦੇ ਪ੍ਰਬੰਧਕ ਬਾਬਾ ਜੈਮਲ ਸਿੰਘ ਜੀ ਨੀਅਤ ਕੀਤੇ ਗਏ। ਉਨ੍ਹਾਂ ਦੇ ਚੋਲਾ ਬਦਲਣ ਤੋਂ ਮਗਰੋਂ ਵੀ ਇਸ ਥਾਂ ਦਾ ਪ੍ਰਬੰਧਕ ਸਾਵਣ ਸਿੰਘ ਜੀ ਮਹਾਰਾਜ ਨੂੰ ਨੀਯਤ ਕੀਤਾ ਗਿਆ।
ਅਕਾਲੀ ਲਹਿਰ
ਗੁਰੂਦੁਆਰਿਆਂ ਉਤੇ ਕਬਜ਼ੇ ਕਰਨ ਲਈ ਜਿਨ੍ਹਾਂ ਦਿਨਾਂ ਵਿੱਚ ਅਕਾਲੀ ਲਹਿਰ ਚੱਲੀ ਤਾਂ ਅਕਾਲੀਆਂ ਨੇ ਡੇਰੇ ਦੇ ਸਾਹਮਣੇ ਵੀ ਕੈਂਪ ਲਾ ਦਿੱਤਾ ਅਤੇ ਡੇਰੇ ਦੇ ਵਿਰੁੱਧ ਪ੍ਰਚਾਰ ਕਰਨਾ ਅਰੰਭ ਕਰ ਦਿੱਤਾ। ਪਰ ਬਾਬਾ ਸਾਵਣ ਸਿੰਘ ਜੀ ਦਾ ਹਿਰਦਾ ਬੜਾ ਵਿਸ਼ਾਲ ਸੀ। ਉਹ ਅਕਾਲੀਆਂ ਨੂੰ ਜਿਹੜੇ ਦਿਨ ਰਾਤ ਡੇਰੇ ਦੇ ਵਿਰੁੱਧ ਪਰਚਾਰ ਕਰ ਰਹੇ ਸਨ, ਆਪ ਨੇ ਪੁੱਛਿਆ, “ਆਪ ਭਰਾਵਾਂ ਨੂੰ ਲੰਗਰ ਦੀ ਔਕੜ ਆਉਂਦੀ ਹੋਵੇਗੀ। ਇਹ ਗੁਰੂ ਦਾ ਲੰਗਰ ਹੈ, ਇਸੇ ਵਿੱਚ ਪ੍ਰਸ਼ਾਦ ਛਕ ਲਿਆ ਕਰੋ”। ਇਸ ਰੋਸ ਵਲੋਂ ਜਦੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਡੇਰੇ ਦੇ ਪ੍ਰਬੰਧ ਵਿੱਚ ਪੁੱਛ-ਗਿੱਛ ਕੀਤੀ ਗਈ ਕਿ ਇਹ ਗੁਰੂਦੁਆਰਾ ਹੈ ਜਾਂ ਨਹੀਂ, ਤਾਂ ਇਸ ਗੱਲ ਦਾ ਨਿਰਣਾ ਕਰਨ ਲਈ ਬਾਬਾ ਜੀ ਨੇ ਭਾਈ ਸੁਰੈਣ ਸਿੰਘ ਅਤੇ ਭਾਈ ਮੱਘਰ ਸਿੰਘ ਨੂੰ ਅੰਮ੍ਰਿਤਸਰ ਭੇਜਿਆ। ਉਨ੍ਹਾਂ ਨੇ ਬਾਬਾ ਸਾਵਣ ਸਿੰਘ ਜੀ ਵਲੋਂ ਇਹ ਐਲਾਨ ਕੀਤਾ ਕਿ ਡੇਰਾ ਬਾਬਾ ਜੈਮਲ ਸਿੰਘ, ਗੁਰੂਦੁਆਰਾ ਹੈ ਅਤੇ ਗੁਰੂਦੁਆਰਾ ਹੀ ਰਹੇਗਾ। ਉਥੇ ਗੁਰਬਾਣੀ ਦਾ ਪ੍ਰਚਾਰ ਹੁੰਦਾ ਹੈ ਅਤੇ ਇਹੀ ਪ੍ਰਚਾਰ ਹੁੰਦਾ ਰਹੇਗਾ। ਉਨ੍ਹਾਂ ਨੇ ਇਹ ਚੀਜ਼ ਉੱਥੇ ਲਿਖ ਕੇ ਦਿੱਤੀ, ਜਿਸ ਦਾ ਰਿਕਾਰਡ ਅੱਜ ਵੀ ਸ਼੍ਰੋਮਣੀ ‘ਕਮੇਟੀ ਦੇ ਦਫ਼ਤਰ ਵਿੱਚ ਹਾਜ਼ਰ ਹੋਵੇਗਾ।
ਹਜ਼ੂਰ ਮਹਾਰਾਜ ਜੀ ਦੀ ਗੁਰ ਭਗਤੀ
ਬਾਬਾ ਸਾਵਣ ਸਿੰਘ ਜੀ ਮਹਾਰਾਜ ਸੰਨ 1894 ਈਸਵੀ ਵਿੱਚ ਬਾਬਾ ਜੈਮਲ ਸਿੰਘ ਜੀ ਦੇ ਚਰਨਾਂ ਵਿੱਚ ਗਏ। ਆਪ ਉਨ੍ਹਾਂ ਦਿਨਾਂ ਵਿੱਚ ‘ਕੋਹ ਮਰੀ’ ਵਿੱਚ ਐਸ. ਡੀ. ਓ. ਲੱਗੇ ਹੋਏ ਸਨ ਅਤੇ ਜਦੋਂ ਵੀ ਛੁੱਟੀ ਮਿਲਦੀ, ਸਿੱਧੇ ਬਾਬਾ ਜੈਮਲ ਸਿੰਘ ਜੀ ਦੇ ਚਰਨਾਂ ਵਿੱਚ ਬਿਆਸ ਆ ਜਾਂਦੇ ਅਤੇ ਗੁਰੂ ਦੇ ਪਵਿੱਤਰ ਦਰਸ਼ਨ ਕਰਕੇ ਅਤੇ ਮਨੋਹਰ ਵਾਕ ਸੁਣ ਕੇ ਲਾਭ ਉਠਾਉਂਦੇ। ਆਉਂਦੇ ਹੋਏ ਆਪਣੀ ਮਹੀਨੇ ਦੀ ਤਨਖ਼ਾਹ ਨਾਲ ਲੈ ਆਉਂਦੇ ਅਤੇ ਬਾਬਾ ਜੀ ਦੇ ਚਰਨਾਂ ਵਿਚ ਅਰਪਣ ਕਰ ਦਿੰਦੇ। ਬਾਬਾ ਜੈਮਲ ਸਿੰਘ ਜੀ ਮਹਾਰਾਜ ਗੁਜ਼ਾਰੇ ਲਈ ਕੁਝ ਰਕਮ ਆਪ ਦੇ ਘਰ ਭੇਜ ਦਿੰਦੇ ਅਤੇ ਬਾਕੀ ਵਿੱਚੋਂ ਜਿੰਨੀ ਠੀਕ ਸਮਝਦੇ ਸੇਵਾ ਵਿੱਚ ਲਾ ਦਿੰਦੇ। ਜੇਕਰ ਬਾਬਾ ਜੀ ਦਾ ਹੁਕਮ ਮਿਲਦਾ ਕਿ ਘਰ ਹੋ ਆਓ, ਤਾਂ ਘਰ ਆ ਕੇ ਮਿਲ ਜਾਂਦੇ, ਨਹੀਂ ਤਾਂ ਗੁਰੂ ਦੀ ਦਯਾ ਮਿਹਰ ਦਾ ਲਾਹਾ ਖੱਟ ਕੇ ਉਥੋਂ ਹੀ ਵਾਪਸ ਨੌਕਰੀ ਉੱਤੇ ਪਹੁੰਚ ਜਾਂਦੇ।
ਗੁਰਿਆਈ ਦੀ ਦਾਤ
ਸੰਨ 1902 ਈਸਵੀ ਵਿੱਚ ਵੱਡੇ ਸਤਿਸੰਗ ਘਰ ਦੀ ਨੀਂਹ ਰੱਖੀ ਗਈ। ਜਦੋਂ ਹਾਲੇ ਇਹ ਸਤਿਸੰਗ ਘਰ ਬਣ ਹੀ ਰਿਹਾ ਸੀ ਕਿ ਬਾਬਾ ਜੈਮਲ ਸਿੰਘ ਜੀ ਨੇ ਸੰਕੇਤ ਦਿੱਤਾ, “ਅਸੀਂ ਇਸ ਸਤਿਸੰਗ ਘਰ ਵਿਚ ਸਤਿਸੰਗ ਨਹੀਂ ਕਰਾਂਗੇ”। ਜਦੋਂ ਸਤਿਸੰਗ ਘਰ ਤਿਆਰ ਹੋ ਗਿਆ ਅਤੇ ਬਾਬਾ ਜੀ ਨੂੰ ਉਸ ਵਿਚ ਪਵਿੱਤਰ ਚਰਨ ਪਾ ਕੇ ਸਤਿਸੰਗ ਕਰਨ ਦੀ ਬੇਨਤੀ ਕੀਤੀ ਗਈ ਤਾਂ ਬਾਬਾ ਜੀ ਨੇ ਉੱਤਰ ਦਿੱਤਾ, “ਨਹੀਂ, ਪ੍ਰਮਾਤਮਾਂ ਦੀ ਇਹ ਇੱਛਾ ਨਹੀਂ ਹੈ। ਮੇਰੇ ਮਗਰੋਂ ਜਿਸ ਨੇ ਇਸ ਮਹਾਨ ਕਾਰਜ ਨੂੰ ਸੰਭਾਲਣਾ ਹੈ, ਉਹੀ ਵੱਡੇ ਦਰਬਾਰ ਵਿਚ ਸਤਿਸੰਗ ਕਰੇਗਾ”। ਇਸ ਉਤੇ ਬੀਬੀ ਰੁਕੋ ਨੇ ਬੇਨਤੀ ਕੀਤੀ, “ਮਹਾਰਾਜ, ਜਦ ਉਸ ਦਾ ਸਮਾਂ ਆਵੇਗਾ ਤਾਂ ਉਸ ਨੂੰ ਵੀ ਸੁਣ ਲਿਆਂਗੇ। ਹਾਲੇ ਤਾਂ ਆਪ ਸਾਡੇ ਸਿਰ ਉਤੇ ਬੈਠੇ ਹੋ, ਅੱਜ ਤਾਂ ਅਸੀਂ ਆਪਦੇ ਸਤਿਸੰਗ ਹੀ ਸੁਣਾਂਗੇ”। ਫਿਰ ਬਾਬਾ ਜੀ ਨੇ ਕਿਹਾ, “ਨਹੀਂ, ਮੈਂ ਚਾਹੁੰਦਾ ਹਾਂ ਬਾਬੂ ਸਾਵਣ ਸਿੰਘ ਮੇਰੇ ਹੁੰਦਿਆਂ ਹੀ ਸਤਿਸੰਗ ਦਾ ਕੰਮ ਸੰਭਾਲ ਲੈਣ”। ਉਸ ਵੇਲੇ ਤਕ ਸੰਗਤ ਸਤਿਸੰਗ ਲਈ ਇਕੱਠੀ ਹੋ ਚੁੱਕੀ ਸੀ ਅਤੇ ਸਾਰਿਆਂ ਦੀ ਇਹ ਇੱਛਾ ਸੀ ਕਿ ਬਾਬਾ ਜੀ ਸਤਿਸੰਗ ਕਰਨ। ਆਖਰ ਬੀਬੀ ਰੁੱਕੋ ਦੇ ਬਾਰ ਬਾਰ ਜ਼ੋਰ ਪਾਉਣ ਉਤੇ ਬਾਬਾ ਜੀ ਉੱਠ ਖਲੋਤੇ। ਹਾਲੇ ਕੇਵਲ ਦੋ ਹੀ ਪੌੜੀਆਂ ਚੜੇ ਸਨ, ਉੱਥੇ ਹੀ ਰੁਕ ਗਏ ਅਤੇ ਉਹੀ ਬਚਣ ਦੁਹਰਾਏ ਕਿ “ਪ੍ਰਮਾਤਮਾਂ ਦੀ ਇਹ ਇੱਛਾ ਨਹੀਂ ਹੈ”। ਮੇਰੇ ਮਗਰੋਂ ਜਿਸ ਨੇ ਸਤਿਸੰਗ ਦਾ ਕੰਮ ਕਰਨਾ ਹੈ, ਉਹ ਇਸ ਨਵੇਂ ਸਤਿਸੰਗ ਘਰ ਵਿੱਚ ਸਤਿਸੰਗ ਕਰੇਗਾ।
ਜਦੋਂ ਲੋਕੀਂ ਸਤਿਸੰਗ ਘਰ ਵਿੱਚ ਪਹੁੰਚੇ ਤਾਂ ਬਾਬਾ ਜੀ ਮਹਾਰਾਜ ਦੇ ਗੁਰਮੁਖ ਸਪੁੱਤਰ, ਬਾਬਾ ਸਾਵਣ ਸਿੰਘ ਜੀ ਮਹਾਰਾਜ, ਜਿਹੜੇ ਉਸ ਸਮੇਂ ਡੇਰੇ ਵਿੱਚ ਹਾਜ਼ਰ ਨਹੀਂ ਸਨ, ਸਤਿਸੰਗ ਦੇ ਆਸਣ ਉਤੇ ਬੈਠੇ ਨਜ਼ਰੀਂ ਪਏ। ਇਹ ਚਮਤਕਾਰ ਵੇਖ ਕੇ ਲੋਕੀਂ ਹੈਰਾਨ ਰਹਿ ਗਏ।
ਇਹ ਗੱਲਾਂ ਅਸਚਰਜ ਨਹੀਂ ਹਨ, ਸਗੋਂ ਕੁਦਰਤੀ ਨਿਯਮ ਦੇ ਅਨੁਕੂਲ ਹਨ, ਜਿਨ੍ਹਾਂ ਦੀ ਹਾਲੇ ਸਾਨੂੰ ਜਾਣਕਾਰੀ ਨਹੀਂ ਹੈ। ‘ਮੈਡਮ ਵਲਾਵਟਸਕੀ’ ਬਾਰੇ ਜ਼ਿਕਰ ਆਉਂਦਾ ਹੈ ਕਿ ਉਹ ਲਾਹੌਰ ਵਿਚ ਭਾਸ਼ਣ ਕਰ ਰਹੇ ਸਨ, ਇਕ ਪ੍ਰੋਫੈਸਰ ਉੱਠ ਕੇ ਕਹਿਣ ਲੱਗੇ, “ਇਹ ਜੋ ਕੁਝ ਆਪ ਬਿਆਨ ਕਰ ਰਹੇ ਹੋ ਸਭ ਕਿੱਸੇ ਕਹਾਣੀਆਂ ਹਨ ਅਤੇ ਜਿਵੇਂ ਛੱਤ ਵਿਚੋਂ ਫੁੱਲ ਡਿਗਣੇ ਅਸੰਭਵ ਹਨ ਇਸੇ ਪ੍ਰਕਾਰ ਇਹ ਵੀ ਅਸੰਭਵ ਹੈ”। ਮੈਡਮ ਵਲਾਵਟਸਕੀ ਨੇ ਆਖਿਆ, “ਪ੍ਰੋਫੈਸਰ ਸਾਹਿਬ। ਕੀ ਤੁਸੀਂ ਇਸ ਨੂੰ ਅਸੰਭਵ ਸਮਝਦੇ ਹੋ”? ਇਤਨੀ ਕਹਿਣ ਦੀ ਦੇਰ ਸੀ ਕਿ ਛੱਤ ਤੋਂ ਫੁੱਲ ਵਰ੍ਹਨੇ ਅਰੰਭ ਹੋ ਗਏ ਅਤੇ ਮੇਜ਼ ਭਰ ਗਈ। ਇਹ ਵੇਖਕੇ ਪ੍ਰੋਫੈਸਰ ਹੈਰਾਨ ਹੋ ਗਿਆ। ਮੈਡਮ ਵਲਾਵਟਸਕੀ ਨੇ ਕਿਹਾ, “ਇਹ ਜੋ ਕੁਝ ਹੋਇਆ ਹੈ, ਪ੍ਰਕਿਰਤੀ ਦੇ ਨਿਯਮ ਦੇ ਅਧੀਨ ਹੀ ਹੋਇਆ ਹੈ, ਜਿਸਦਾ ਹਾਲੇ ਸਾਨੂੰ ਗਿਆਨ ਨਹੀਂ ਹੈ, ਜਿਸ ਦੇ ਬਾਰੇ ਹਾਲਾਂ ਅਸੀਂ ਕੁਝ ਜਾਣਦੇ ਨਹੀਂ”।
ਸੂਰਜ ਦੀਆਂ ਕਿਰਨਾਂ ਦੀ ਤਰ੍ਹਾਂ, ਜੋ ਸਾਰਿਆਂ ਨੂੰ ਬਰਾਬਰ ਜੀਵਨ ਅਤੇ ਨੂਰ ਦਿੰਦੀਆਂ ਹਨ, ਬਾਬਾ ਜੀ ਦੀ ਦਯਾ ਮਿਹਰ ਦਾ ਉਭਾਰ ਸਾਰਿਆ ਲਈ ਸੀ। ਪਰੰਤੂ ਉਨ੍ਹਾਂ ਦੇ ਪਿਆਰੇ ਗੁਰਮੁਖ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਉਨ੍ਹਾਂ ਦੇ ਮੁੱਖ ਕਿਰਪਾ ਪਾਤਰ ਸਨ। ਹਜ਼ੂਰ 1894 ਈ: ਤੋਂ 1903 ਈ: ਤਕ ਬਾਬਾ ਜੀ ਦੇ ਦਰਸ਼ਨਾਂ ਲਈ ਨਿਯਮ ਅਨੁਸਾਰ ਡੇਰਾ ਬਿਆਸ ਆਉਂਦੇ ਰਹੇ। ਇਸ ਸਮੇਂ ਵਿੱਚ ਬਾਬਾ ਜੀ ਵੀ ਕਈ ਵਾਰੀ ਉਹਨਾਂ ਕੋਲ ਆਏ। ਬਾਬਾ ਜੀ ਨੇ ਆਪਣੀ ਨਿਜੀ ਸੇਵਕਾ ਬੀਬੀ ਰੁੱਕੋ, ਜੋ ਇਕ ਕਮਾਈ ਵਾਲੀ ਬੀਬੀ ਸੀ, ਉਸ ਨੂੰ ਪਹਿਲਾਂ ਹੀ ਦਸ ਦਿੱਤਾ ਸੀ ਕਿ ਇੱਕ ਸੁੰਦਰ ਸਰੂਪ ਬਾਬਾ ਸਾਵਣ ਸਿੰਘ ਜੀ ਉਨ੍ਹਾਂ ਦੇ ਪਿਛੋਂ ਰੂਹਾਨੀਅਤ ਦੀ ਗੱਦੀ ਦੇ ਹੱਕਦਾਰ ਹੋਣਗੇ।
ਇਕ ਦਿਨ ਬਾਬਾ ਜੀ ਮੌਜ ਵਿਚ ਆਕੇ ਆਪਣੇ ਪਿਆਰੇ ਗੁਰਮੁਖ ਨੂੰ ਕਹਿਣ ਲੱਗੇ, “ਆਪ ਅਤੇ ਮੈਂ ਮਨੁੱਖ ਜਾਤੀ ਦੇ ਕਲਿਆਣ ਲਈ ਸੰਸਾਰ ਵਿੱਚ ਆਏ ਹਾਂ”। ਹਜ਼ੂਰ ਮਹਾਰਾਜ ਨੇ ਉੱਤਰ ਦਿਤਾ, “ਆਪ ਜ਼ਰੂਰ ਦੁਨੀਆਂ ਦੀ ਭਲਾਈ ਲਈ ਆਏ ਹੋ, ਪਰੰਤੂ ਮੈਂ ਤਾਂ ਇਕ ਸਧਾਰਣ ਭੁੱਲਿਆਂ ਭੱਟਕਿਆ ਹੋਇਆਂ ਬੰਦਾ ਹਾਂ”। (3) ਬਾਬਾ ਜੀ ਨੇ ਪਹਿਲੇ ਬਚਨ ਫਿਰ ਦੁਹਰਾਏ ਤਾਂ ਹਜ਼ੂਰ ਨੇ ਫਿਰ ਪਹਿਲਾਂ ਵਾਲਾ ਹੀ ਉੱਤਰ ਦਿਤਾ। ਬਾਬਾ ਜੀ ਨੇ ਮੱਥੇ ਵੱਟ ਪਾ ਕੇ ਜ਼ੋਰਦਾਰ ਆਵਾਜ਼ ਵਿਚ ਕਿਹਾ, “ਬਾਬੂ ਜੀ ! ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ। ਅਸੀਂ ਦੋਵੇਂ ਮਨੁੱਖ ਜਾਤੀ ਦੇ ਕਲਿਆਣ ਲਈ ਆਏ ਹਾਂ”। ਹਜ਼ੂਰ ਇਹ ਗੱਲ ਸੁਣ ਕੇ ਚੁੱਪ ਰਹੇ।
ਬਾਬਾ ਜੀ ਨੇ ਇਸੇ ਤਰ੍ਹਾਂ ਆਪਣੇ ਪ੍ਰੇਮੀਆਂ ਨੂੰ ਕਿਹਾ, ਕਿ “ਮੈਨੂੰ ਪਰਮਾਰਥ ਦੀ ਦੌਲਤ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕਰਨੀ ਪਈ। ਮੈਂ ਇਸ ਨੂੰ ਕੱਸ ਕੇ ਜਿੰਦਰੇ ਲਗਾਕੇ ਰੱਖਿਆ ਹੈ, ਇਸ ਦੀ ਖੁਸ਼ਬੂ ਬਾਹਰ ਨਹੀਂ ਨਿਕਲਣ ਦਿਤੀ, ਪਰੰਤੂ ਮੇਰੇ ਪਿਛੋਂ ਕੰਮ ਕਰਨ ਵਾਲੇ ਦੀ ਸੁਗੰਧੀ ਦੁਨੀਆਂ ਭਰ ਵਿਚ ਫੈਲੇਗੀ”। (4)
ਜਿਵੇਂ ਵੇਲਾ ਲੰਘਦਾ ਗਿਆ ਡੇਰਾ ਬਾਬਾ ਜੈਮਲ ਸਿੰਘ ਦੀ ਪ੍ਰਸਿਧਤਾ ਵੱਧਦੀ ਗਈ ਅਤੇ ਉਹ ਦੁਨੀਆਂ ਵਿੱਚ ਵੱਡਾ ਰੂਹਾਨੀਅਤ ਦਾ ਕੇਂਦਰ ਬਣਿਆ। ਬਾਬਾ ਜੀ ਵੱਡੀਆਂ ਵੱਡੀਆਂ ਇਮਾਰਤਾਂ ਬਣਵਾਉਣ ਦੇ ਹੱਕ ਵਿਚ ਨਹੀਂ ਸਨ ਪਰ ਆਪਣੇ ਪਿਆਰੇ ਗੁਰਮੁਖ ਬਾਬੂ ਸਾਵਣ ਸਿੰਘ ਦੀ ਗੱਲ ਟਾਲ ਨਾ ਸਕੇ। ਪਰੰਤੂ ਬਾਬਾ ਜੀ ਦੇ ਜੀਵਨ ਦੇ ਅਖੀਰ ਵਿਚ ਇਕ ਪੱਕਾ ਖੂਹ ਅਤੇ ਇੱਕ ਬੜਾ ਸਤਿਸੰਗ ਘਰ ਬਣਵਾਇਆ (ਜਿਸਦਾ ਵੇਰਵਾ ਪਹਿਲਾਂ ਆ ਚੁੱਕਾ ਹੈ) ਪਹਿਲੀ ਵੇਰ ਜਦੋਂ ਇਹ ਤਜਵੀਜ਼ ਬਾਬਾ ਜੀ ਅੱਗੇ ਰੱਖੀ ਗਈ ਤਾਂ ਉਨ੍ਹਾਂ ਕਿਹਾ “ਅਜਿਹੀ ਥਾਂ ਇਮਾਰਤ ਬਨਾਉਣ ਦਾ ਕੀ ਲਾਭ ਜਿਥੇ ਦਰਿਆ ਦਾ ਪਾਣੀ ਹੀ ਹੜ੍ਹਾਂ ਲੈ ਜਾਵੇ”। ਪਰ ਬਾਬੂ ਸਾਵਣ ਸਿੰਘ ਜੀ ਕਿਥੇ ਮੰਨਣ ਵਾਲੇ ਸਨ। ਉਹਨਾਂ ਆਖਿਆ “ਮਹਾਰਾਜ ਜੇਕਰ ਆਪ ਉਥੇ ਇੱਕ ਵਾਰ ਵੀ ਸਤਿਸੰਗ ਕਰ ਲਉਗੇ ਤਾਂ ਮੇਰਾ ਉੱਦਮ ਸਫ਼ਲ ਹੋ ਜਾਏਗਾ। ਇਸ ਤੋਂ ਮਗਰੋਂ ਭਾਵੇਂ ਦਰਿਆ ਦਾ ਪਾਣੀ ਹੜ੍ਹਾਂ ਹੀ ਲੈ ਜਾਵੇ”।
ਬਾਬਾ ਜੀ ਦਾ ਅੰਤ ਸਮਾਂ
ਬਾਬਾ ਜੀ ਦੇ ਜੀਵਨ ਦੇ ਅੰਤਲੇ ਦਿਨਾਂ ਵਿਚ ਬਿਆਸ ਵਿੱਚ ਯਾਤਰੂਆਂ ਦੀ ਬੜੀ ਭੀੜ ਲੱਗੀ ਰਹਿੰਦੀ ਸੀ। ਬਾਬਾ ਜੀ ਜੋ ਕਿਸੇ ਸਮੇਂ ਵਿਚ ਦਿਨ ਰਾਤ ਸਮਾਧੀ ਵਿੱਚ ਲੀਨ ਰਹਿੰਦੇ ਸਨ, ਹੁਣ ਸਾਰਾ ਸਮਾਂ ਸੰਗਤ ਦੀ ਸੇਵਾ ਵਿੱਚ ਲੱਗੇ ਰਹਿੰਦੇ ਸਨ। ਉਹਨਾਂ ਦਿਨਾਂ ਵਿਚ ਦਯਾ ਮਿਹਰ ਦੇ ਦਰਵਾਜ਼ੇ ਸਾਰਿਆਂ ਉੱਤੇ ਖੋਲ੍ਹ ਦਿੱਤੇ ਗਏ। ਬਖ਼ਸ਼ਿਸ਼ ਦੀ ਅਜਿਹੀ ਮੌਜ ਸੀ, ਕਿ ਸਰੀਰ ਛੱਡਨ ਤੋਂ ਕੁਝ ਦਿਨ ਪਹਿਲਾਂ ਜੋ ਵੀ ਉਨ੍ਹਾਂ ਦੇ ਕਮਰੇ ਵਿਚ ਗਿਆ, ਉਸਦਾ ਧਿਆਨ ਟਿੱਕ ਗਿਆ ਅਤੇ ਉਸਦੀ ਰੂਹ ਰੂਹਾਨੀ ਮੰਡਲਾਂ ਵਿੱਚ ਜਾਣ ਲੱਗ ਪਈ।
ਅਖੀਰ ਬਾਬਾ ਜੀ ਦਾ ਅੰਤਮ ਸਮਾਂ ਵੀ ਆ ਪੁੱਜਿਆ । 29 ਦਸੰਬਰ 1903 ਈ: ਦਾ ਦਿਨ ਸੀ। ਬਿਆਸ ਨਦੀ ਦੀਆਂ ਲਹਿਰਾਂ ਤੋਂ ਹੁੰਦੀ ਹੋਈ ਠੰਢੀ ਹਵਾ, ਸਰੀਰ ਨੂੰ ਸੁੰਨ ਕਰੀ ਜਾਂਦੀ ਸੀ। ਬਾਬਾ ਜੀ ਦੀ ਦ੍ਰਿਸ਼ਟੀ ਬਾਰ ਬਾਰ ਦਰਵਾਜ਼ੇ ਪਰ ਜਾਂਦੀ। ਆਖਰ ਇਕ ਪੁਲਿਸ ਅਫਸਰ (5) ਆਇਆ ਅਤੇ ਉਸ ਨੇ ਨਾਮ ਦਾਨ ਲਈ ਬੇਨਤੀ ਕੀਤੀ। ਬਾਬਾ ਜੀ ਨੇ ਕਿਹਾ ਮੈਂ ਤਾਂ ਤੁਹਾਡੀ ਰਾਹ ਦੇਖ ਰਿਹਾ ਸਾਂ। ਠੀਕ ਉਸੇ ਵੇਲੇ ਬਾਬਾ ਜੀ ਨੇ ਉਸ ਨੂੰ ਸੁਰਤ ਸ਼ਬਦ ਯੋਗ ਦਾ ਭੇਦ ਦੇਣਾ ਸ਼ੁਰੂ ਕਰ ਦਿੱਤਾ। ਨਾਮ ਦੇਣ ਮਗਰੋਂ ਬਾਬਾ ਜੀ ਲੇਟ ਗਏ ਤੇ ਉਸ ਨਾਸ਼ਵਾਨ ਸਰੀਰ ਨੂੰ ਤਿਆਗ ਕੇ ਨਿੱਜਧਾਮ ਨੂੰ ਚਲੇ ਗਏ।
ਸਰਕਾਰੀ ਨੌਕਰੀ ਦਾ ਸਮਾਂ
ਬਾਬਾ ਜੀ ਦੇ ਸਰੀਰ ਛੱਡਣ ਤੋਂ ਪਿਛੋਂ ਵੀ ਹਜ਼ੂਰ ਨੌਕਰੀ ਕਰਦੇ ਰਹੇ। ਆਪ ਐਮ. ਈ. ਐਸ. (ਮਿਲਟਰੀ) ਵਿੱਚ ਐਸ. ਡੀ. ਓ. ਸਨ। ਨੌਕਰੀ ਦੇ ਸਮੇਂ ਮੌਲਾਰੀਮਾਊਂਟ ਡੀਪੂ ਬਣਵਾਇਆ। 1904 ਈ: ਤੋਂ 1911 ਈ: ਤਕ ‘ਏਬਟਾਬਾਦ’ ਅਤੇ ਰਾਵਲ ਪਿੰਡੀ ਵਿੱਚ ਰਹੇ ਅਤੇ ‘ਨਿਯੂ ਰਾਯਲ ਆਰਟਿਲਰੀ ਬਣਵਾਈ। ਮਰੀ ਪਹਾੜ ਉਤੇ ਪਾਣੀ ਸਪਲਾਈ ਦਾ ਬੜਾ ਵੱਡਾ ਤਾਲਾਬ ਬਣਵਾਇਆ। ਨੌਕਰੀ ਦੇ ਸਮੇਂ ਆਪ ਜੀ ਦਾ ਬਹੁਤ ਚੰਗਾ ਕੰਮ, ਅਨੌਖੀ ਸੂਝ ਬੂਝ, ਵਧੀਆ ਪ੍ਰਬੰਧ ਅਤੇ ਯੋਗਤਾ ਦੀ ਸਾਰਿਆਂ ਨੇ ਸ਼ਲਾਘਾ ਕੀਤੀ। ਨੌਕਰੀ ਦੇ ਦੌਰਾਨ ਹਜ਼ੂਰ ਡੇਰੇ ਆ ਕੇ ਨਿਯਮ ਨਾਲ ਮਾਸਕ ਸਤਿਸੰਗ ਕਰਦੇ ਰਹੇ।
1911 ਈ: ਵਿਚ ਜਦੋਂ ਹਜ਼ੂਰ ਰਿਟਾਇਰ ਹੋ ਕੇ ਬਿਆਸ ਡੇਰੇ ਵਿਚ ਰਹਿਣ ਲੱਗੇ, ਉਸ ਵੇਲੇ ਤੋਂ ਚੌਲਾ ਛੱਡਣ ਤੀਕ ਡੇਰੇ ਨੇ ਜੋ ਤਰੱਕੀ ਕੀਤੀ, ਉਹ ਸਭ ਦੇ ਸਾਹਮਣੇ ਹੈ। ਕਿਥੇ ਇਕ ਦੋ ਮਕਾਨ, ਕਿਥੇ ਪੂਰਾ ਸ਼ਹਿਰ ਆਬਾਦ ਹੋ ਗਿਆ। ਅੰਗਰੇਜ਼ੀ ਦੇ ‘T’ ਅੱਖਰ ਦੀ ਸ਼ਕਲ ਦਾ 40 ਫੁੱਟ ਚੌੜਾ ਅਤੇ 120 ਫੁਟ ਲੰਬਾ ਸਤਿਸੰਗ ਘਰ ਬਣਵਾਇਆ, ਜੋ ਭਵਨ ਨਿਰਮਾਣ ਕਲਾ ਦਾ ਸਭ ਤੋਂ ਉੱਚਾ ਕੰਮ ਹੈ। ਇਸ ਦੇ ਸੁਨਹਿਰੀ ਗੁੰਬਦ ਡੇਰੇ ਦੇ ਤਿੰਨ ਮੀਲ ਦੂਰ ਬਿਆਸ ਸਟੇਸ਼ਨ ਤੋਂ ਦਿਸਦੇ ਹਨ। ਆਪ ਨੇ ਨਾਮ (Word) ਦੇ ਖਜ਼ਾਨੇ ਐਸੇ ਖੁਲ੍ਹੇ ਦਿਲ ਨਾਲ ਲੁਟਾਏਂ ਕਿ ਸਾਰੇ ਸੰਸਾਰ ਵਿਚ ਰੂਹਾਨੀਅਤ ਅਤੇ ਅਧਿਆਤਮਕਤਾ ਦਾ ਹੜ੍ਹ ਆ ਗਿਆ।
ਬਾਬਾ ਜੀ ਮਹਾਰਾਜ ਨੇ ਆਪਣੇ ਜੀਵਨ ਕਾਲ ਵਿਚ ਲਗਭਗ 3000 ਲੋਕਾਂ ਨੂੰ “ਨਾਮ ਦਾਨ” (Initiation) ਬਖਸ਼ਿਆ। ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਵੇਲੇ ਸੁਰਤ-ਸ਼ਬਦ ਯੋਗ (Sant Mat) ਦੀ ਤਾਲੀਮ ਪੂਰਵ ਤੋਂ ਪੱਛਮ ਤੱਕ ਸਾਰੀ ਦੁਨੀਆਂ ਵਿਚ ਫੈਲੀ ਅਤੇ ਹੁਣ ਵੀ ਫੈਲ ਰਹੀ ਹੈ। ਲਗਭਗ ਡੇਢ ਲੱਖ ਮਰਦ, ਇਸਤਰੀਆਂ ਨੂੰ ਜਿਹਨਾਂ ਵਿਚ ਹਿੰਦੂ, ਮੁਸਲਿਮ, ਸਿੱਖ, ਈਸਾਈ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਯੂਰਪੀਅਨ ਅਤੇ ਅਮਰੀਕਨ ਆਦਿ ਸਾਰੇ ਦੇਸ਼ਾਂ ਅਤੇ ਸਭ ਧਰਮਾਂ ਦੇ ਲੋਕ ਸ਼ਾਮਲ ਹਨ, ਹਜ਼ੂਰ ਨੇ ਇਨ੍ਹਾਂ ਨੂੰ “ਨਾਮ” ਦਿੱਤਾ।
ਗੁਰੂ ਅਤੇ ਗੁਰਮੁਖ ਦੇ ਮਾਮਲੇ
ਬਾਬਾ ਜੀ ਅਤੇ ਉਹਨਾਂ ਦੇ ਪਿਆਰੇ ਗੁਰਮੁਖ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਜੀਵਨ ਵਿਚ ਜੋ ਘਟਨਾਵਾਂ ਹੋਈਆਂ, ਉਹਨਾਂ ਦੀ ਕਹਾਣੀ ਪਰਮਾਰਥੀ ਚਾਹਵਾਨਾਂ ਲਈ ਸਿੱਖਿਆ ਅਤੇ ਪ੍ਰੇਰਨਾ ਦਾ ਅਨਮੋਲ ਭੰਡਾਰ ਹੈ। ਇਹ ਆਤਮਾ ਨੂੰ ਸ਼ਕਤੀ ਦੇਣ ਵਾਲੀ ਅਤੇ ਅਸਲੀਅਤ ਨਾਲ ਭਰੀ ਕਹਾਣੀ ਹਜ਼ੂਰ ਬਾਬਾ ਸਾਵਣ ਸਿੰਘ ਜੀ ਦੇ ਪਿਆਰੇ ਗੁਰਮੁਖ ਮਹਾਰਾਜ ਕਿਰਪਾਲ ਸਿੰਘ ਜੀ ਨੇ ਆਪਣੀ ਰਚਨਾ, “ਜੀਵਨ ਚਰਿੱਤਰ — ਪਰਮ ਸੰਤ ਬਾਬਾ ਜੈਮਲ ਸਿੰਘ ਜੀ ਮਹਾਰਾਜ” (Baba Jaimal Singh — His life and teachings) ਦੇ ਨਾਂ ਹੇਠਾਂ ਕਿਤਾਬ ਦੀ ਸ਼ਕਲ ਵਿਚ ਲਿਖੀ ਹੈ। ਇਹ ਪੁਸਤਕ ਜੀਵਨ ਚਰਿੱਤਰ ਲਿਖਣ ਕਲਾ ਦੀ ਖੋਜ, ਪੂਰਨਤਾ ਦਾ ਉੱਚਾ ਕੰਮ ਕਹੀ ਜਾ ਸਕਦੀ ਹੈ।
ਇਸ ਵਿਚ ਬਾਬਾ ਜੀ ਮਹਾਰਾਜ ਦੇ ਜੀਵਨ ਦਾ ਹਾਲ ਅਤੇ ਸਿੱਖਿਆ ਉੱਤੇ ਐਸਾ ਭਰਪੂਰ ਚਾਨਣਾ ਪਾਇਆ ਗਿਆ ਹੈ ਕਿ ਬਾਬਾ ਜੀ ਅਤੇ ਉਹਨਾਂ ਦੇ ਸਮੇਂ ਦੀ ਇਕ ਜੀਉਂਦੀ ਜਾਗਦੀ ਤਸਵੀਰ ਨਜ਼ਰ ਆਉਣ ਲੱਗ ਜਾਂਦੀ ਹੈ। ਬਾਬਾ ਜੀ ਨੇ ਆਪਣੇ ਗੁਰਮੁਖ ਬੇਟੇ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੂੰ ਜੋ ਕਿਤੇ ਕਿਤੇ ਚਿੱਠੀਆਂ ਲਿਖੀਆਂ, ਉਹਨਾਂ ਵਿੱਚ ਉਹਨਾਂ ਦੀ ਸਿੱਖਿਆ ਅਤੇ ਗੁਰੂ ਔਰ ਗੁਰਮੁਖ ਦੇ ਵਿਸ਼ੇ ਤੇ ਚਾਨਣਾ ਪੈਂਦਾ ਹੈ। ਇਹਨਾਂ ਚਿਠੀਆਂ ਦਾ ਵਿਸ਼ੇ ਅਨੁਸਾਰ ਖਲਾਸਾ ਇਸ ਪੁਸਤਕ ਵਿੱਚ ਦਿਤਾ ਗਿਆ ਹੈ। ਇਥੇ ਇਸ ਕਹਾਣੀ ਨੂੰ ਵਿਸਥਾਰ ਨਾਲ ਲਿਖਣ ਲਈ ਥਾਂ ਨਹੀਂ।
ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਫ਼ਰਮਾਇਆ ਕਰਦੇ ਸਨ ਕਿ ਬਾਬਾ ਜੀ ਦੇ ਹੁਕਮ ਅਨੁਸਾਰ ਜੀਵਾਂ ਨੂੰ “ਨਾਮ ਦਾਨ” (Initiation) ਦੇਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਚਾ ਪ੍ਰਤਾਪ ਸਿੰਘ ਜੀ ਕੋਲ ਗਿਆ। ਬਾਬਾ ਗਰੀਬ ਦਾਸ ਜੀ ਦੇ ਕੋਲ ਵੀ ਗਿਆ। ਉਹਨਾਂ ਨੇ ਵਿਸ਼ਵਾਸ਼ ਦਿਵਾਇਆ ਕਿ ਤੁਹਾਡਾ ਚਿਤਾਇਆ ਅਰਥਾਤ ਦੀਖਿਅਤ ਜੀਵ ਚੌਰਾਸੀ ਲੱਖ (8.4 million species) ਜੂਨਾਂ ਦੇ ਚੱਕਰ ਵਿੱਚ ਨਹੀਂ ਜਾਵੇਗਾ। ਇਸ ਸੰਬੰਧ ਵਿੱਚ ਇੱਕ ਗੱਲ ਵਰਨਣ ਯੋਗ ਹੈ। ਹਜ਼ੂਰ ਫ਼ਰਮਾਇਆ ਕਰਦੇ ਸਨ, “ਅਨਮੋਲ ਬਚਨ” ਦੇ ਨਾਓਂ ਹੇਠਾਂ ਬਾਬਾ ਗਰੀਬ ਦਾਸ ਜੀ ਦੇ ਬਚਨਾਂ ਦਾ ਜੋ ਸੰਗ੍ਰਹਿ ਮਿਲਦਾ ਹੈ, ਉਸ ਵਿੱਚ ਮੇਰੇ ਹੀ ਪ੍ਰਸ਼ਨਾਂ ਦੇ ਉੱਤਰ ਹਨ, ਇਹ ਉਹ ਹੀ ਸਵਾਲ ਹਨ ਜਿਹੜੇ ਮੈਂ ਉਹਨਾਂ ਤੋਂ ਪੁੱਛਦਾ ਰਹਿੰਦਾ ਸੀ।
ਮਹਾਰਾਜ ਚਾਰ ਖਜ਼ਾਨਿਆਂ ਦੇ ਮਾਲਕ ਸਨ :–
- ਸ੍ਰੀ ਹਜੂਰ ਮਹਾਰਾਜ ਜੀ ਦੀ ਆਪਣੀ ਕਮਾਈ।
- ਬਾਬਾ ਜੈਮਲ ਸਿੰਘ ਜੀ ਮਹਾਰਾਜ ਦੀ ਕਮਾਈ।
- ਬਾਬਾ ਗਰੀਬ ਦਾਸ ਜੀ ਦੀ ਕਮਾਈ।
- ਚਾਚਾ ਪ੍ਰਤਾਪ ਸਿੰਘ ਜੀ ਮਹਾਰਾਜ ਦੀ ਕਮਾਈ।
ਬਾਬਾ ਜੀ ਨੇ 1903 ਈ: ਵਿਚ ਹਜ਼ੂਰ ਮਹਾਰਾਜ ਨੂੰ “ਨਾਮ ਦਾਨ” ਦਾ ਕੰਮ ਸੌਂਪਿਆ ਸੀ। ਉਸ ਸਮੇਂ ਹਜ਼ੂਰ ਨੇ ਬਾਬਾ ਜੀ ਤੋਂ ਇਹ ਚਾਰ ਵਰ ਮੰਗੇ ਸਨ। ਜੋ ਬਾਬਾ ਜੀ ਨੇ ਉਹਨਾਂ ਨੂੰ ਬਖਸ਼ੇ :–
- “ਕਲਯੁਗ ਵਿਚ ਜੀਵ ਆਉਂਦੇ ਰਹਿਣਗੇ ਅਤੇ ਕੁਕਰਮ ਕਰਦੇ ਰਹਿਣਗੇ। ਉਹਨਾਂ ਨੂੰ ਚੌਰਾਸੀ ਨਾ ਭੋਗਣੀ ਨਾ ਪਵੇ”। ਬਾਬਾ ਜੀ ਨੇ ਵਰ ਦਿੱਤਾ ਕਿ ਆਪ ਦਾ ਚਿਤਾਇਆ ਹੋਇਆ ਜੀਵ ਜੋ ਨਾਮ (“Naam”-Simran) ਦੀ ਕਮਾਈ ਕਰੇਗਾ ਉਹ ਚੌਰਾਸੀ ਦੇ ਚੱਕਰ ਵਿੱਚ ਅਰਥਾਤ ਮਨੁੱਖ ਜਨਮ ਤੋਂ ਥੱਲੇ ਨਹੀਂ ਜਾਵੇਗਾ।
- “ਹੱਥ ਕਦੇ ਤੰਗ ਨਾ ਹੋਵੇ ਤਾਂ ਕਿ ਸੰਗਤ ਦੀ ਸੇਵਾ ਵਿੱਚ ਕੋਈ ਔਕੜ ਨਾ ਆਵੇ”। ਬਾਬਾ ਜੀ ਨੇ ਇਹ ਵਰ ਦਿੱਤਾ “ਰਾਜੇ ਮਹਾਰਾਜੇ ਆਪ ਜੀ ਦੀ ਹਜ਼ੂਰੀ ਵਿੱਚ ਆਕੇ ਨਾਮ ਲੈਣਗੇ ਅਤੇ ਆਪ ਦਾ ਹੱਥ ਕਦੇ ਤੰਗ ਨਹੀਂ ਹੋਵੇਗਾ”।
- “ਮੇਰਾ ਦਿੱਤਾ ਹੋਇਆ ਵਰ ਸਾਰਿਆਂ ਨੂੰ ਲੱਗੇ, ਪਰੰਤੂ ਸਰਾਪ ਕਿਸੇ ਨੂੰ ਨਾ ਲੱਗੇ”। ਬਾਬਾ ਜੀ ਨੇ ਕਿਹਾ “ਐਸਾ ਹੀ ਹੋਵੇਗਾ”।
- “ਆਪ ਮੇਰੇ ਅੰਦਰ ਬੈਠ ਕੇ ਸਾਰੇ ਕੰਮ ਕਰਦੇ ਰਹਿਣਾ”। ਬਾਬਾ ਜੀ ਨੇ ਹੁਕਮ ਦਿੱਤਾ ਕਿ “ਐਸਾ ਹੀ ਹੋਵੇਗਾ”।
ਸ੍ਰੀ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੀ ਰੂਹਾਨੀ ਸ਼ਕਲ ਅਤੇ ਦਯਾ ਮਿਹਰ ਦੀ ਅਨੰਤ ਧਾਰਾ ਪ੍ਰਵਾਹ ਦੇ ਬਾਰੇ ਵਿੱਚ ਉਹਨਾਂ ਦੇ ਗੁਰਮੁਖ ਬੇਟੇ ਮਹਾਰਾਜ ਕਿਰਪਾਲ ਸਿੰਘ ਜੀ ਨੇ ਇਨਾਂ ਕੁਝ ਵਿਸਥਾਰ ਪੂਰਵਕ ਕਿਹਾ ਹੈ, ਕਿ ਉਹਨਾਂ ਦੇ ਸਤਿਸੰਗ ਬਚਨਾਂ ਨਾਲ ਹਜ਼ੂਰ ਮਹਾਰਾਜ ਦੇ ਮਹਾਨ ਉਪਕਾਰਾਂ ਅਤੇ ਦਯਾ ਮਿਹਰ ਦੀ ਉਦਹਾਰਣਾਂ ਨੂੰ ਜੇਕਰ ਇਕੱਠਾ ਕੀਤਾ ਜਾਵੇ ਤਾਂ ਗ੍ਰੰਥਾਂ ਦੇ ਗ੍ਰੰਥ ਲਿਖੇ ਜਾ ਸਕਦੇ ਹਨ।
ਮਹਾਰਾਜ ਕਿਰਪਾਲ ਸਿੰਘ ਜੀ ਆਪਣੇ ਸਤਿਸੰਗ ਬਚਨਾਂ ਵਿੱਚ ਆਮ ਤੌਰ ‘ਤੇ ਹਜ਼ੂਰ ਮਹਾਰਾਜ ਦੇ ਜਾਂ ਆਪਣੇ ਜੀਵਨ ਦੇ ਦਰਿਸ਼ਟਾਂਤ ਪੇਸ਼ ਕਰਦੇ ਹਨ। ਸੰਤਾਂ ਦੀ ਕਹਾਣੀ ਉਹਨਾਂ ਦੀ ਆਪਣੀ ਜ਼ਬਾਨੀ ਸੁਣੀਏ ਤਾਂ ਹੀ ਅਸੀਂ ਉਹਨਾਂ ਨੂੰ ਸਮਝ ਸਕਦੇ ਹਾਂ। ਜੇਕਰ ਉਹ ਆਪ ਆਪਣੇ ਬਾਰੇ ਨਾ ਦਸਣ ਤਾਂ ਅਸੀਂ ਮਨ ਬੁੱਧੀ ਦੇ ਘਾਟ ਤੇ ਰਹਿਣ ਵਾਲੇ ਜੀਵ, ਉਹਨਾਂ ਨੂੰ ਕੀ ਜਾਣ ਸਕਦੇ ਹਾਂ। ਇਸ ਲਈ ਇਥੇ ਅਸੀਂ ਮਹਾਰਾਜ ਕਿਰਪਾਲ ਸਿੰਘ ਜੀ ਦੇ ਸਤਿਸੰਗ ਦੇ ਬਚਨਾਂ ਦੇ ਅਖੁੱਟ ਭੰਡਾਰ ਵਿਚੋਂ ਹੀ ਸ੍ਰੀ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਪਵਿੱਤਰ ਜੀਵਨ ਦੀਆਂ ਕੁਝ ਝਲਕੀਆਂ ਪੇਸ਼ ਕਰਦੇ ਹਾਂ।
ਵਾਪਸ ਜਾਓ ^
ਫੁਟਨੋਟ:
(*) ਸਾਵਣ ਦਾ ਮਹੀਨਾ :– ਬਰਸਾਤ ਦੀ ਰੁੱਤ ਆ ਗਈ ਹੈ।
(1) ਹਜ਼ੂਰ ਸਾਹਿਬ ਨੂੰ ਇਕ ਵਾਰ ਉਨ੍ਹਾਂ ਦੇ ਜਨਮ ਦਿਵਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਉੱਤਰ ਦਿੱਤਾ, “ਮੇਰਾ ਅਸਲੀ ਜਨਮ ਦਿਵਸ ਉਹ ਹੈ ਜਦ ਮੈਂ ਬਾਬਾ ਜੈਮਲ ਸਿੰਘ ਜੀ ਦੇ ਚਰਨਾਂ ਵਿੱਚ ਆਇਆ ਸਾਂ”। ਮਹਾਂਪੁਰਸ਼ਾਂ ਦੀਆਂ ਬਾਣੀਆਂ ਵਿੱਚ ਇਹ ਸ਼ੁਭ ਵਿਚਾਰ ਥਾਂ ਥਾਂ ਮਿਲਦਾ ਹੈ। ਗੁਰੂ ਨਾਨਕ ਸਾਹਿਬ ਨੇ ਸਿਧਾਂ ਨਾਲ ਵਿਚਾਰ ਗੋਸ਼ਟੀ ਦੇ ਸਮੇਂ ਫ਼ਰਮਾਇਆ :–
ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥ ਅਨਹਤਿ ਰਾਤੇ ਇਹੁ ਮਨੁ ਲਾਇਆ ॥
— ਸ੍ਰੀ ਗੁਰੂ ਗ੍ਰੰਥ ਸਾਹਿਬ (ਪੰਨਾ:੯੪੦)
ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਜਨਮ ਦਿਨ ਬਾਰੇ ਉਨ੍ਹਾਂ ਦੇ ਜੀਵਨ ਵਿਚ ਹੀ ਝਗੜਾ ਚਲਿਆ ਆ ਰਿਹਾ ਸੀ। ਮਹਾਰਾਜ ਕਿਰਪਾਲ ਸਿੰਘ ਜੀ ਨੇ ਬੇਨਤੀ ਕੀਤੀ ਕਿ, ਮਹਾਪੁਰਸ਼ਾਂ ਦੇ ਜਨਮ ਦਿਨ ਬਾਰੇ ਆਮ ਤੌਰ, ਤੇ ਵੱਖੋ ਵੱਖਰੀਆਂ ਵਿਚਾਰ ਗੋਸ਼ਟੀਆਂ ਪਾਈਆਂ ਜਾਂਦੀਆਂ ਹਨ। ਹਜ਼ੂਰ ਆਪ ਹੀ ਫੈਸਲਾ ਕਰ ਦਿਓ, ਤਾਂ ਜੋ ਇਸ ਬਾਰੇ ਕੋਈ ਭੁਲੇਖਾ ਮਨ ਵਿੱਚ ਨਾ ਰਹਿ ਜਾਵੇ। ਅੰਤ ਵਿਚ ਪੱਤਰੀ ਕਢਵਾਈ ਗਈ, ਜਿਸ ਅਨੁਸਾਰ 27 ਜੁਲਾਈ ਅਤੇ 13 ਸਾਵਣ ਦੀ ਤਿਥੀ ਨਿਕਲੀ। ਜਦੋਂ ਬਾਬਾ ਜੀ ਦੀ ਸੇਵਾ ਵਿਚ ਉਹ ਪੱਤਰੀ ਪੇਸ਼ ਕੀਤੀ ਤਾਂ ਗਈ ਤਾਂ ਬਾਬਾ ਜੀ ਨੇ ਫ਼ਰਮਾਇਆ, “ਇਹ ਤਿਥੀ ਠੀਕ ਹੈ, ਹੋਰ ਸਾਰੀਆਂ ਗਲਤ”। ਇਸ ਉਤੇ ਅੰਮ੍ਰਿਤਸਰ ਵਾਲੇ, ਲਾਲਾ ਅਰੂੜ ਚੰਦ ਜੀ ਕਹਿਣ ਲੱਗੇ, “ਹਜ਼ੂਰ ਅਸੀਂ ਤਾਂ 5 ਸਾਵਣ ਨੂੰ ਹੀ ਜਨਮ ਦਿਵਸ ਮਨਾਵਾਂਗੇ”। (ਕਿਉਂ ਜੋ ਬਾਬਾ ਜੀ ਨੇ ਪਹਿਲੇ ਆਪਣੇ ਪਵਿੱਤਰ ਮੁਖੜੇ ਤੋਂ ਇਹੀ ਸ਼ਬਦ ਉਚਾਰੇ ਸਨ) ਪਰ ਇਸ ਗੱਲ ਨੂੰ ਟੋਕਦਿਆਂ ਬਾਬਾ ਜੀ ਨੇ ਫ਼ਰਮਾਇਆ, “ਪਹਿਲਾ ਵੀ ਮੈਂ ਹੀ ਆਖਿਆ ਸੀ ਤੇ ਹੁਣ ਵੀ ਮੈਂ ਹੀ ਆਖ ਰਿਹਾ ਹਾਂ ਕਿ ਮੇਰਾ ਜਨਮ 27 ਜੁਲਾਈ ਅਤੇ 13 ਸਾਵਣ ਦੀ ਤਿਥੀ ਦਾ ਹੈ”। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਬਾਬਾ ਜੀ ਦੇ ਸਪਸ਼ਟੀਕਰਣ ਤੋਂ ਮਗਰੋਂ ਵੀ ਬਾਬਾ ਜੀ ਦਾ ਜਨਮ ਦਿਵਸ 5 ਸਾਵਣ ਦਾ ਹੀ ਮਨਾਇਆ ਜਾ ਰਿਹਾ ਹੈ।
(2) ਬਾਬਾ ਜੀ ਦੀ ਇਕ ਵਿਸ਼ੇਸ਼ ਰੂਪ ਵਿਚ ਨਿਸ਼ਾਨੀ ਵੇਖਣ ਵਿਚ ਆਈ ਹੈ ਕਿ ਜਦੋਂ ਵੀ ਉਨ੍ਹਾਂ ਦਾ ਵਰਨਣ ਕਰੋ, ਆਮ ਤੌਰ ‘ਤੇ ਬਾਰਸ਼ ਆ ਜਾਂਦੀ ਹੈ, ਜੇਕਰ ਪੂਰੀ ਬਾਰਸ਼ ਨਹੀਂ ਤਾਂ ਕੁਝ ਬੂੰਦਾਂ ਤਾਂ ਅਵੱਸ਼ ਹੀ ਪੈ ਜਾਂਦੀਆਂ ਹਨ। ਇਸ ਸੰਬੰਧ ਵਿਚ, ਜਦੋਂ ‘ਸਾਵਣ ਆਸ਼ਰਮ ਦਿੱਲੀ’ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਸੀ ਤਾਂ ਆਕਾਸ਼ ਉੱਕਾ ਹੀ ਸਾਫ ਸੀ ਅਤੇ ਧੁੱਪ ਪੈ ਰਹੀ ਸੀ। ਸਾਰੇ ਭੈਣ ਭਰਾ ਬੈਠੇ ਸਨ। ਹਾਲੇ ਇਸ ਆਸ਼ਰਮ ਵਿਚ ਕੁਝ ਵੀ ਨਹੀਂ ਸੀ ਬਣਿਆ ਕਿ ਅਚਾਨਕ ਵਰਖਾ ਹੋਣੀ ਅਰੰਭ ਹੋ ਗਈ। ਮਹਾਰਾਜ ਕਿਰਪਾਲ ਸਿੰਘ ਜੀ ਨੇ ਫ਼ਰਮਾਇਆ “ਭਈ ਆ ਗਏ ਹਜ਼ੂਰ” (ਉਨ੍ਹਾਂ ਦਾ ਨਾਉਂ ਵੀ ਸਾਵਣ ਸੀ) ਇਸ ਲਈ ਸਾਵਣ ਦੀਆਂ ਕੁਝ ਨਾ ਕੁਝ ਬੂੰਦਾਂ ਜ਼ਰੂਰੀ ਪੈ ਜਾਂਦੀਆਂ ਹਨ। ਇਹ ਵੱਡੀ ਨਿਸ਼ਾਨੀ ਹੈ ਬਾਬਾ ਜੀ ਦੀ ਬਰਕਤ ਦੀ।
(3) ਬਾਬਾ ਜੀ ਮਹਾਰਾਜ ਨੂੰ ਵੀ ਉਹਨਾਂ ਦੇ ਸਤਿਗੁਰੂ ਸਵਾਮੀ ਸ਼ਿਵ ਦਿਆਲ ਸਿੰਘ ਜੀ ਮਹਾਰਾਜ ਨੇ ਇਹ ਗੱਲ ਆਖੀ ਸੀ। ਸਵਾਮੀ ਨੇ ਫ਼ਰਮਾਇਆ “ਜੀਵਾਂ ਦੇ ਕਲਿਆਣ ਲਈ ਆਪ ਦਾ ਜਨਮ ਹੋਇਆ ਹੈ। ਤੁਹਾਡੇ ਅਤੇ ਮੇਰੇ ਵਿਚ ਕੋਈ ਫਰਕ ਨਹੀਂ”। ਬਾਬਾ ਜੀ ਨੇ ਕਿਹਾ, “ਮੈਂ ਇਸ ਯੋਗ ਨਹੀਂ। ਮੈਨੂੰ ਆਪਣੇ ਚਰਨਾਂ ਵਿਚ ਪਿਆ ਰਹਿਣ ਦਿਉ, ਹੰਕਾਰ ਦੇ ਜ਼ਹਿਰ ਤੋਂ ਦੂਰ”। ਸਵਾਮੀ ਜੀ ਮਹਾਰਾਜ ਨੇ ਫ਼ਰਮਾਇਆ, “ਘਬਰਾਓ ਨਹੀਂ ! ਸੱਚੇ ਸੰਤਾਂ ਵਿੱਚ ਹੰਕਾਰ ਨਹੀਂ ਹੁੰਦਾ” ! ਬਾਬਾ ਜੀ ਨੇ ਫਿਰ ਓਹੀ ਗੱਲ ਦੁਹਰਾਈ ਕਿ “ਮੇਰੀ ਇਹੋ ਇੱਕ ਇੱਛਾ ਹੈ ਕਿ ਮੈਨੂੰ ਆਪਣੇ ਚਰਨਾਂ ਵਿਚ ਪਿਆ ਰਹਿਣ ਦਿਓ ਕਿ ਮੈਂ ਸੰਤਾਂ ਦੇ ਦਾਸਾਂ ਦਾ ਦਾਸ ਬਣਿਆ ਰਹਾਂ”।
(4) ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਵੀ ਆਪਣੇ ਉਤਰਾਧਿਕਾਰੀ ਦੇ ਬਾਰੇ ਵਿਚ ਭਵਿਖਬਾਣੀ ਕੀਤੀ ਸੀ ਕਿ “ਮੇਰੇ ਪਿਛੋਂ ਜਿਹੜਾ ਆਏਗਾ ਉਹ ਤੁਹਾਡੇ ਕੋਲੋਂ ਡੰਡੇ ਦੇ ਜ਼ੋਰ ਨਾਲ ਭਜਨ ਕਰਾਏਗਾ”। ਆਪਣੇ ਉਤਰਾਧਿਕਾਰੀ ਨੂੰ ਉਹਨਾਂ ਨੇ ਕਿਹਾ, “ਕਿਰਪਾਲ ਸਿੰਘ ! ਜੋ ਵੀ ਕਿਸੇ ਨੇ ਮੇਰੇ ਕੋਲੋਂ ਮੰਗਿਆ, ਮੈਂ ਉਸ ਨੂੰ ਦੇ ਦਿਤਾ। ਇਸ ਲਾਡ ਦਾ ਸਿੱਟਾ ਇਹ ਨਿਕਲਿਆ ਕਿ ਸੰਗਤ ਭਜਨ ਤੋਂ ਗਾਫ਼ਲ ਹੋ ਗਈ। ਤੁਸੀਂ ਇਹਨਾਂ ਕੋਲੋਂ ਭਜਨ ਕਰਾਉਣਾ”।
(5) ਇਹ ਪੁਲਿਸ ਅਫਸਰ ਲਾਲਾ ਮੰਗਤ ਰਾਏ ਇੰਸਪੈਕਟਰ ਪੁਲਿਸ ਸੀ। ਜਿਹਨਾਂ ਦਾ ਮਕਾਨ ਹੁਣ ਵੀ ਡੇਰੇ ਵਿਚ ਮੌਜ਼ੂਦ ਹੈ। ਉਹ 1903 ਈ: ਤੋਂ 1926 ਈ: ਤੀਕ ਸਾਰੀ ਉਮਰ ਡੇਰੇ ਵਿੱਚ ਹਜ਼ੂਰ ਦੇ ਚਰਨਾਂ ਵਿੱਚ ਰਹਿ ਕੇ ਸੰਗਤ ਦੀ ਸੇਵਾ ਕਰਦੇ ਰਹੇ।

