ਬਾਬਾ ਸਾਵਣ ਸਿੰਘ ਜੀ ਦਾ ਜਨਮ ਦਿਨ 1961 ਈ:

[Birth Anniversary of Baba Sawan Singh 1961]

ਹਜ਼ੂਰ ਬਾਬਾ ਸਾਵਣ ਸਿੰਘ ਜੀ ਦੇ ਜਨਮ ਦਿਵਸ ‘ਤੇ 10 ਜੁਲਾਈ, 1961 ਨੂੰ ਸੰਤ ਕਿਰਪਾਲ ਸਿੰਘ ਜੀ ਦਾ ਸੰਦੇਸ਼

ਰੱਬੀ ਨੂਰ ਦੇ ਪਿਆਰੇ ਬੱਚਿਓ,

ਮੈਂ, ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਜੀ ਦੇ ਸ਼ੁੱਭ ਜਨਮ ਦਿਵਸ ਦੇ ਮੌਕੇ ‘ਤੇ ਤੁਹਾਡੇ ਸਾਰਿਆਂ ਤੱਕ ਆਪਣਾ ਪਿਆਰ ਪਹੁੰਚਾਉਂਦਾ ਹਾਂ ਅਤੇ ਆਪਣੇ ਦਿਲ ਦੀਆਂ ਭਾਵਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ।

ਸੱਚਮੁੱਚ ਧੰਨ ਹੈ ਉਹ ਸਮਾਂ ਜਦੋਂ ਅਕਾਲ ਨੇ ਸਮੇਂ ਵਿੱਚ ਜਨਮ ਲਿਆ, ਨਿਰੰਕਾਰ (ਅਰੂਪ) ਨੇ ਇੱਕ ਰੂਪ ਧਾਰਨ ਕੀਤਾ, ਅਨਾਮ ਨਾਮ ਬਣ ਗਿਆ ਅਤੇ ਸ਼ਬਦ (ਨਾਮ) ਨੇ ਸਰੀਰ ਧਾਰਨ ਕੀਤਾ ਤੇ ਸਾਡੇ ਵਿਚਕਾਰ ਆ ਕੇ ਰਹਿਣ ਲੱਗਾ। ਅਸਲੀਅਤ ਇਹ ਹੈ ਕਿ ਤੁਸੀਂ ਮੂਲ ਰੂਪ ਵਿੱਚ ਅਤੇ ਸੰਭਾਵੀ ਤੌਰ ‘ਤੇ ਅਨੰਤ ਹੋ, ਅਰੂਪ ਹੋ ਅਤੇ ਅਨਾਮ ਹੋ। ਸ਼ਬਦ (ਨਾਮ) ਤੁਹਾਡੇ ਵਿੱਚ ਹੈ ਅਤੇ ਤੁਸੀਂ ਸ਼ਬਦ (ਨਾਮ) ਵਿੱਚ ਰਹਿੰਦੇ ਹੋ ਅਤੇ ਸ਼ਬਦ ਦੇ ਆਸਰੇ ਜੀਂਦੇ ਹੋ ਭਾਵੇਂ ਤੁਸੀਂ ਇਸ ਸਮੇਂ ਇੰਦਰੀਆਂ ਦੇ ਪੱਧਰ ‘ਤੇ ਕੰਮ ਕਰ ਰਹੇ ਹੋ ਅਤੇ ਆਪਣੀ ਅਸਲ ਪਛਾਣ ਤੋਂ ਅਣਜਾਣ ਹੋ।

ਇੱਕ ਰੁੱਖ ਆਪਣੇ ਫਲ ਤੋਂ ਜਾਣਿਆ ਜਾਂਦਾ ਹੈ। ਕਿਸੇ ਵੀ ਕਿਸਮ ਦੇ ਭਾਸ਼ਣ, ਸੰਦੇਸ਼, ਬਿਆਨ ਅਤੇ ਉਪਦੇਸ਼ — ਭਾਵੇਂ ਉਹ ਆਧਿਆਤਮਿਕ ਹੋਣ ਜਾਂ ਕਿਸੇ ਹੋਰ ਵਿਸ਼ੇ ਨਾਲ ਸੰਬੰਧਿਤ, ਚਾਹੇ ਉਹ ਬੋਲ ਕੇ ਬਿਆਨ ਕੀਤੇ ਹੋਣ ਜਾਂ ਲਿਖਤੀ — ਜੇ ਉਨ੍ਹਾਂ ਨੂੰ ਅਮਲ ਵਿੱਚ ਨਾ ਲਿਆਂਦਾ ਜਾਵੇ ਜਾਂ ਉਨ੍ਹਾਂ ਅਨੁਸਾਰ ਜੀਵਨ ਨਾ ਜਿਉਂਇਆ ਜਾਵੇ, ਤਾਂ ਉਹ ਸਿਰਫ਼ ਖਾਲੀ ਗੱਲਾਂ ਹੀ ਰਹਿ ਜਾਂਦੇ ਹਨ।

ਬ੍ਰਹਮ ਸ਼ਬਦ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੋ ਅਤੇ ਉਸ ਅਨੁਸਾਰ ਜੀਓ ਜੋ ਕਿ ਸ਼ਬਦਾਂ ਦਾ ਸ਼ਬਦ ਹੈ ਜਾਂ ਸੱਚ (ਪਰਮਾਤਮਾ) ਦਾ ਪ੍ਰਗਟਾਵਾ ਹੈ। ਇਹ ਸ਼ਬਦ ਆਤਮਾ ਦੁਆਰਾ ਸੁਣਿਆ ਜਾਂਦਾ ਹੈ। ਇਹ ਸਦੀਵੀ ਸੰਗੀਤ ਹੈ ਜੋ ਯੁੱਗਾਂ ਪਹਿਲਾਂ (ਪ੍ਰਭੂ ਦੁਆਰਾ) ਗਾਇਆ ਗਿਆ ਸੀ ਅਤੇ ਉਸੀ ਸੰਗੀਤ ਦੁਆਰਾ ਇਹ ਬ੍ਰਹਿਮੰਡ ਹੋਂਦ ਵਿੱਚ ਆਇਆ।

ਜਦੋਂ ਉਹ ਅੰਤਰੀ ਸੰਗੀਤ ਸੁਣਾਈ ਦੇਵੇਗਾ, ਤਾਂ ਤੁਹਾਨੂੰ ਪ੍ਰਭੂ ਅਤੇ ਸੱਚੇ ਸਤਿਗੁਰੂ ਦੀ ਕੁਝ ਝਲਕ ਮਿਲੇਗੀ। ਕਈਆਂ ਨੂੰ ਇਹ ਤਜ਼ਰਬਾ ਥੋੜ੍ਹਾ ਹੋਵੇਗਾ, ਕਈਆਂ ਨੂੰ ਜ਼ਿਆਦਾ ਅਤੇ ਕਈਆਂ ਨੂੰ ਉਸ ਤੋਂ ਵੀ ਜ਼ਿਆਦਾ। ਗੁਰੂ-ਸੱਤਾ ਨਾਲ ਜੁੜੀਆਂ ਆਤਮਾਵਾਂ ਪ੍ਰਕਾਸ਼ਵਾਨ ਹੋ ਉੱਠਣਗੀਆਂ। ਆਤਮਾਵਾਂ ਗੁਰੂ-ਸੱਤਾ ਪ੍ਰਤੀ ਜਿੰਨੀਆਂ ਜ਼ਿਆਦਾ ਗ੍ਰਹਿਣਸ਼ੀਲ ਹੋਣਗੀਆਂ, ਉਹ ਓਨਾ ਹੀ ਜ਼ਿਆਦਾ ਪ੍ਰਕਾਸ਼ਵਾਨ ਹੋਣਗੀਆਂ।

ਜੇਕਰ ਤੁਸੀਂ ਪਰਮਾਤਮਾ ਨੂੰ ਸੱਚਮੁੱਚ ਸਭ ਤੋਂ ਵਿਹਾਰਕ ਤਰੀਕੇ ਨਾਲ ਪਿਆਰ ਕਰਨਾ ਚਾਹੁੰਦੇ ਹੋ, ਤਾਂ ਆਪਣੇ ਸਾਥੀਆਂ ਨਾਲ ਪਿਆਰ ਕਰੋ; ਦੂਜਿਆਂ ਲਈ ਉਸੇ ਤਰ੍ਹਾਂ ਮਹਿਸੂਸ ਕਰੋ ਜਿਵੇਂ ਅਸੀਂ ਆਪਣੇ ਸਕੇ-ਸੰਬੰਧੀਆ ਲਈ ਮਹਿਸੂਸ ਕਰਦੇ ਹਾਂ; ਦੂਜਿਆਂ ਵਿੱਚ ਕਮੀਆਂ ਦੇਖਣ ਦੀ ਬਜਾਏ, ਆਪਣੇ ਅੰਤਰ ਦੇਖੋ; ਦੂਜਿਆਂ ਦੇ ਦੁੱਖਾਂ ਵਿੱਚ ਦੁੱਖ ਸਾਂਝੇ ਕਰੋ ਅਤੇ ਦੂਜਿਆਂ ਦੀ ਖੁਸ਼ੀ ਵਿੱਚ ਖੁਸ਼ੀ ਮਹਿਸੂਸ ਕਰੋ, ਜੋ ਵੀ ਉਸ ਪ੍ਰਭੂ-ਪਰਮਾਤਮਾ ਵੱਲੋਂ ਆਉਂਦਾ ਹੈ ਉਸਨੂੰ ਉਸਦੀ ਇੱਛਾ (ਹੁਕਮ) ਵਜੋਂ ਖੁਸ਼ੀ ਨਾਲ ਸਵੀਕਾਰ ਕਰੋ, ਅਤੇ ਉਸਦੇ ਕਿਸੇ ਵੀ ਜੀਵ ਨੂੰ ਦੁਖੀ ਜਾਂ ਨੁਕਸਾਨ ਨਾ ਪਹੁੰਚਾਓ। ਪਰਮਾਤਮਾ ਨੂੰ ਪਿਆਰ ਕਰਨ ਲਈ, ਸਾਨੂੰ ਪਰਮਾਤਮਾ ਲਈ ਜੀਣਾ ਚਾਹੀਦਾ ਹੈ ਅਤੇ ਪਰਮਾਤਮਾ ਲਈ ਮਰਨਾ ਚਾਹੀਦਾ ਹੈ।

ਮੈਂ ਤੁਹਾਡੇ ਦਿਲਾਂ ਵਿੱਚ ਪਿਆਰ ਦਾ ਬੀਜ ਬੀਜਣਾ ਚਾਹੁੰਦਾ ਹਾਂ, ਤਾਂ ਜੋ ਦੁਨੀਆ ਦੀਆਂ ਸਾਰੀਆਂ ਕੌਮਾਂ, ਧਰਮਾਂ, ਸੰਪਰਦਾਵਾਂ ਅਤੇ ਜਾਤਾਂ ਵਿੱਚ ਪਿਆਰ ਦੀਆਂ ਭਾਵਨਾਵਾਂ ਪੈਦਾ ਹੋਣ। ਸਾਰੇ ਸੰਤਾਂ ਨੇ ਇਹੀ ਉਪਦੇਸ਼ ਦਿੱਤਾ।

ਪਰ ਸਭ ਤੋਂ ਪਹਿਲਾਂ, ਤੁਹਾਨੂੰ ਪਰਮੇਸ਼ੁਰ ਦੇ ਰਾਜ
ਅਤੇ ਉਸ ਦੇ ਧਰਮ ਦੀ ਇੱਛਾ ਕਰਨੀ ਚਾਹੀਦੀ ਹੈ।
ਫ਼ਿਰ ਇਹ ਸਭ ਵਸਤਾਂ ਵੀ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ।
— ਮੱਤੀ 6:33

“ਪਿਆਰ ਤੋਂ ਬਿਨਾਂ ਇੱਥੇ ਜਾਂ ਪਰਲੋਕ ਵਿੱਚ ਕੋਈ ਸ਼ਾਂਤੀ ਨਹੀਂ ਹੈ।”
— ਕਬੀਰ

“ਜਿਹੜਾ ਵਿਅਕਤੀ ਪਿਆਰ ਨਹੀਂ ਕਰਦਾ ਉਹ ਪਰਮੇਸ਼ੁਰ
ਨੂੰ ਨਹੀਂ ਜਾਣਦਾ ਕਿਉਂਕਿ ਪਰਮੇਸ਼ੁਰ ਪਿਆਰ ਹੈ।”
— 1 ਯੂਹੰਨਾ 4:8

ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥
— ਪਾ:੧੦ ਅਕਾਲ ਉਸਤਤਿ (ਦਸਮ ਗ੍ਰੰਥ)

ਮੇਰੇ ਸਤਿਗੁਰੂ ਦਾ ਮੁੱਖ ਉਦੇਸ਼ ਮਨੁੱਖਤਾ ਨੂੰ ਉਸ ਸੱਚ ਪ੍ਰਤੀ ਜਾਗਰੂਕ ਕਰਨਾ ਸੀ ਜਿਸਦੀ ਸਿੱਖਿਆ ਪਿਛਲੇ ਸਮੇਂ ਵਿੱਚ ਆਏ ਸਾਰੇ ਸੰਤਾਂ-ਮਹਾਤਮਾ ਦੁਆਰਾ ਦਿੱਤੀ ਗਈ ਅਤੇ ਪ੍ਰਚਾਰ ਕੀਤਾ ਗਿਆ ਸੀ। ਉਨ੍ਹਾਂ ਦਾ ਕੰਮ, ਹਰ ਦਿਲ ਵਿੱਚ ਪ੍ਰਭੂਤਾ ਨੂੰ ਜਗਾਉਣਾ ਅਤੇ ਹਰੇਕ ਨੂੰ ਉਸਦੇ ਜੀਵਨ ਦੇ ਲਕਸ਼ ਵੱਲ ਪ੍ਰੇਰਿਤ ਕਰਨਾ ਸੀ।

ਬੀਤੇ ਸਮੇਂ ਦੇ ਮਹਾਨ ਗੁਰੂਆਂ ਵਾਂਗ, ਉਨ੍ਹਾਂ ਨੇ ਸਾਰੀਆਂ ਜਾਤਾਂ ਅਤੇ ਰੰਗਾਂ ਦੇ ਲੋਕਾਂ ਨੂੰ ਜੀਵੰਤ ਉਦਾਹਰਣਾਂ ਦੇ ਕੇ ਆਪਣੇ ਵੱਲ ਆਕਰਸ਼ਿਤ ਕੀਤਾ। ਉਨ੍ਹਾਂ ਨੇ ਮਨੁੱਖਤਾ ਨੂੰ ਸਾਰੇ ਜੀਵਾਂ ਦੀ ਮੂਲ ਅਤੇ ਅਟੱਲ ਏਕਤਾ ਪ੍ਰਤੀ ਜਾਗਰੂਕ ਕੀਤਾ। ਸਾਰੀ ਮਨੁੱਖਤਾ ਇੱਕ ਹੈ। ਸੱਚਾ ਭਾਈਚਾਰਾ ਮਨੁੱਖ ਵਿੱਚ ਪਹਿਲਾਂ ਤੋਂ ਮੌਜੂਦ ਏਕਤਾ ਪ੍ਰਤੀ ਜਾਗਰੂਕ ਹੋਣ ਨਾਲ ਪੈਦਾ ਹੋਵੇਗਾ। ਮਨੁੱਖ ਇੱਕ ਆਤਮਾ ਦੇਹਧਾਰੀ ਹੈ — ਆਤਮਾ ਇੱਕ ਚੇਤੰਨ ਹਸਤੀ ਹੈ — ਮਹਾਂ-ਚੇਤਨਾ ਦੇ ਸਮੁੰਦਰ ਦੀ ਇੱਕ ਬੂੰਦ। ਮਨੁੱਖ ਸਭ ਤੋਂ ਪੁਰਾਣਾ ਹੈ — ਧਾਰਮਿਕ ਸਥਾਨ ਮਨੁੱਖ ਦੁਆਰਾ ਪਰਮਾਤਮਾ ਦੀ ਪ੍ਰਾਪਤੀ ਲਈ ਬਣਾਏ ਗਏ ਸਨ। ਬਾਬਾ ਸਾਵਣ ਸਿੰਘ ਜੀ ਕੋਈ ਨਵਾਂ ਧਰਮ ਸਥਾਪਤ ਕਰਨ ਲਈ ਨਹੀਂ ਆਏ ਸਨ। ਉਨ੍ਹਾਂ ਨੇ ਜੋ ਧਰਮ ਸਿਖਾਇਆ, ਉਹ ਆਤਮ-ਗਿਆਨ ਅਤੇ ਅਨੇਕਤਾ ਵਿੱਚ ਏਕਤਾ (ਪ੍ਰਭੂ) ਦਾ ਗਿਆਨ ਹੈ, ਜੋ ਕਿ ਅੰਤਰਮੁੱਖ ਹੋ ਕੇ ਜਾਂ ਆਪਣੇ ਆਪ ਦੀ ਮਹਾਨ ਕਿਤਾਬ ਨੂੰ ਪੜ੍ਹ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਨਸਾਨੀ ਸਰੀਰ ਵਿੱਚ ਪਰਮਾਤਮਾ ਪ੍ਰਗਟ ਹੈ — ਜੋ ਸਾਰੀਆਂ ਕਿਤਾਬਾਂ ਦੀ ਕਿਤਾਬ ਹੈ, ਸਾਰੀਆਂ ਬਾਈਬਲਾਂ ਦੀ ਬਾਈਬਲ ਹੈ, ਜਿਸ ਵਿੱਚ ਜੀਵਨ ਦੇ ਰਹੱਸ ਦੀ ਕੁੰਜੀ ਲੁਕੀ ਹੋਈ ਹੈ। ਸੱਚ ਦਾ ਰਸਤਾ ਬੜਾ ਸਰਲ ਹੈ, ਇਹ ਹੈ — ਆਪਣੇ ਆਪ ਨੂੰ ਜਾਣਨਾ ਤਾਂ ਜੋ ਪਰਮਾਤਮਾ ਨੂੰ ਜਾਣਿਆ ਜਾ ਸਕੇ। ਜਦੋਂ ਕੋਈ ਵਿਅਕਤੀ ਆਤਮ-ਚੇਤਨਾ ਪ੍ਰਤੀ ਜਾਗ੍ਰਿਤ ਹੁੰਦਾ ਹੈ, ਤਾਂ ਉਸਦੇ ਬਾਹਰੀ ਮੋਹ ਖ਼ਤਮ ਹੋ ਜਾਂਦੇ ਹਨ ਅਤੇ ਪਰਮਾਤਮਾ ਉਸਦੀ ਆਤਮਾ ਨੂੰ ਆਪਣੇ ਰੰਗ ਵਿੱਚ ਦਿੰਦਾ ਹੈ।

ਉਨ੍ਹਾਂ ਨੇ ਜੋ ਨਿਯਮ ਸਿਖਾਏ, ਉਹ ਹਨ — ਭਜਨ ਸਿਮਰਨ, ਸ਼ੁੱਧ ਨੈਤਿਕ ਜੀਵਨ ਅਤੇ ਨਿਰਸਵਾਰਥ ਸੇਵਾ। ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਈਸਾਈ, ਹਿੰਦੂ, ਸਿੱਖ, ਮੁਸਲਮਾਨ ਜਾਂ ਜ਼ੋਰਾਸਟਰੀਅਨ ਬਣਨਾ ਛੱਡ ਦਿਓ, ਸਗੋਂ ਮਸੀਹ, ਭਗਵਾਨ ਕ੍ਰਿਸ਼ਨ, ਗੁਰੂ ਨਾਨਕ, ਪੈਗੰਬਰ ਮੁਹੰਮਦ ਜਾਂ ਜ਼ੋਰਾਸਟਰ ਦਾ ਸੱਚਾ ਪੈਰੋਕਾਰ ਬਣੋ, ਯਾਨੀ ਉਨ੍ਹਾਂ ਨੇ ਜੋ ਕਿਹਾ, ਉਹ ਕਰੋ। ਉਨ੍ਹਾਂ ਨੇ ਅੱਜ ਦੇ ਸ਼ੱਕੀ ਆਦਮੀ ਜਾਂ ਔਰਤ ਨੂੰ ਕਿਸੇ ਵੀ ਸਿਧਾਂਤ ਨੂੰ ਸਵੀਕਾਰ ਕਰਨ ਲਈ ਨਹੀਂ ਕਿਹਾ, ਸਗੋਂ ਨਿਮਰਤਾ ਦੀ ਭਾਵਨਾ ਨਾਲ ਉਸ ਪਰਮਾਤਮਾ ਦਾ ਹੁਕਮ ਮੰਨਣ ਲਈ ਕਿਹਾ, ਜੋ ਸਭ ਦੇ ਹਿਰਦੇ ਅੰਦਰ ਗੂੰਜ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਮਨੁੱਖ ਨੂੰ ਆਤਮਾ ਦੇ ਪੱਧਰ ਤੋਂ ਦੇਖਣ, ਨਾ ਕਿ ਵੱਖ-ਵੱਖ ਧਰਮਾਂ ਦੇ ਪਹਿਰਾਵੇ ਵਿੱਚੋਂ ਜੋ ਉਹ ਪਹਿਨਦੇ ਹਨ ਅਤੇ ਸਾਰਿਆਂ ਨੂੰ ਪਿਆਰ ਕਰਨ। ਉਹਨਾਂ ਨੇ ਸਾਨੂੰ ਬਾਹਰੀ ਰੂਪ ਬਦਲਣ ਲਈ ਨਹੀਂ ਕਿਹਾ, ਸਗੋਂ ਆਪਣੇ ਅੰਦਰ ਝਾਤੀ ਮਾਰਨ ਲਈ ਕਿਹਾ, ਜਿੱਥੇ ਸਾਰੇ ਇੱਕ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਧਰਮ ਜੋ ਵੀ ਹੋਵੇ, ਸਾਨੂੰ ਨੈਤਿਕ ਜੀਵਨ ਜੀਣਾ ਚਾਹੀਦਾ ਹੈ, ਜੋ ਸਾਡੇ ਜੀਵਨ ਨੂੰ ਬਦਲ ਦੇਵੇ। ਉਹ ਸਾਡੇ ਅਮਲ ਕਰਨ ਲਈ ਪੂਰਬੀ ਜਾਂ ਪੱਛਮੀ ਵਿਚਾਰ ਨਹੀਂ ਲਿਆਏ ਸਨ, ਸਗੋਂ ਉਸ ਮੂਲ ਸੱਚ ‘ਤੇ ਅਮਲ ਕਰਨ ਵਿੱਚ ਸਾਡੀ ਮਦਦ ਕੀਤੀ ਜੋ ਪਹਿਲਾਂ ਤੋਂ ਹੀ ਸਾਡੇ ਧਰਮਾਂ ਵਿੱਚ ਮੌਜੂਦ ਹੈ। ਜਿਸ ਸੱਚ ਨੂੰ ਅਸੀਂ ਭੁੱਲ ਗਏ ਸੀ ਉਨ੍ਹਾਂ ਨੇ ਉਸ ਸੱਚ ਨੂੰ ਮੁੜ ਸੁਰਜੀਤ ਕੀਤਾ, ਜੋ ਸਦੀਵੀ ਹੈ।

”ਕਰਨੀ ਕਥਨੀ ਤੋਂ ਬਿਹਤਰ ਹੈ।”

ਅੱਜ ਦੇ ਯੁੱਗ ਵਿੱਚ ਇਹੋ ਜਿਹੇ ਗੁਰੂ ਦੀ ਲੋੜ ਹੈ, ਜੋ ਇੱਕ ਜਿਉਂਦੀ ਜਾਗਦੀ ਉਦਾਹਰਣ ਹੋਵੇ ਤੇ ਉਸ ਦੀ ਜਿਸ ਦੀ ਜ਼ਿੰਦਗੀ ਅਜਿਹੀ ਹੋਵੇ, ਜਿਵੇਂ ਸਾਨੂੰ ਸਾਰਿਆ ਨੂੰ ਜੀਣੀ ਚਾਹੀਦੀ ਹੈ।ਅਸੀ ਕੇਵਲ ਉਸੇ ਗੁਰੂ ਨੂੰ ਸਵੀਕਾਰ ਕਰ ਸਕਦੇ ਹਾਂ ਜਿਸਨੇ ਪਰਮਾਤਮਾ ਦਾ ਅਨੁਭਵ ਕੀਤਾ ਹੋਵੇ। ਉਹ ਇੱਕ ਅਜਿਹਾ ਗੁਰੂ ਹੋਣਾ ਚਾਹੀਦਾ ਹੈ ਜਿਸਨੇ ਚੇਤੰਨ ਰਹਿ ਕੇ ਸਮੇਂ (ਕਾਲ) ਅਤੇ ਅਨੰਤਤਾ (ਸਦੀਵੀ ਅਵਸਥਾ) ਦੇ ਵਿਚਕਾਰ ਦੀ ਖਾਈ ਨੂੰ ਪਾਰ ਕੀਤਾ ਹੋਵੇ ਅਤੇ ਦੂਜਿਆਂ ਨੂੰ ਵੀ ਇਸੇ ਤਰ੍ਹਾਂ ਪਾਰ ਕਰਨ ਦਾ ਮਾਰਗ ਦਿਖਾ ਸਕਦਾ ਹੋਵੇ। ਉਹ ਸਾਨੂੰ ਆਪਣੇ ਆਪ ਨੂੰ ਖੋਜਣ ਦੇ ਯੋਗ ਬਣਾਉਂਦਾ ਹੈ। ਉਹ ਸਾਡੇ ਦਿਲਾਂ ਨੂੰ ਬਦਲਦਾ ਹੈ ਅਤੇ ਉਸ ਦੇ ਵਿੱਚ ਦਯਾ ਵੰਡਣ ਦੀ, ਪ੍ਰੇਮ ਨੂੰ ਜਾਗ੍ਰਿਤ ਕਰਨ ਦੀ ਅਤੇ ਸਾਨੂੰ ਪਰਮਾਤਮਾ ਦੇ ਪ੍ਰਕਾਸ਼ ਨਾਲ ਜੋੜਨ ਦੀ ਸਮਰੱਥਾ ਹੁੰਦੀ ਹੈ। ਉਹ ਪਰਮਾਤਮਾ ਅਤੇ ਸਾਰੀ ਸ੍ਰਿਸ਼ਟੀ ਦੇ ਪਿਆਰ ਨਾਲ ਭਰਿਆ ਹੋਇਆ ਹੁੰਦਾ ਹੈ ਅਤੇ ਜੋ ਲੋਕ ਉਸਦੇ ਸੰਪਰਕ ਵਿੱਚ ਆਉਂਦੇ ਹਨ ਉਹ ਉਸ ਦੇ ਪਿਆਰ ਨਾਲ ਪ੍ਰਕਾਸ਼ਵਾਨ ਹੋ ਜਾਂਦੇ ਹਨ ਅਤੇ ਉਸਦੇ ਦੁਆਰਾ ਕੰਮ ਕਰਦੀ ਪ੍ਰਭੂ-ਸ਼ਕਤੀ, ਦੂਜਿਆਂ ਦੇ ਅੰਦਰ ਵੱਸਦੇ ਪਰਮਾਤਮਾ ਨੂੰ ਜਗਾਉਂਦੀ ਹੈ।

ਕਿਤਾਬਾਂ ਗੁਰੂਆਂ ਦੀ ਥਾਂ ਨਹੀਂ ਲੈ ਸਕਦੀਆਂ।
ਜਦੋਂ ਤੱਕ ਕੋਈ ਮਨੁੱਖੀ ਸਰੀਰ ਵਿੱਚ ਕੰਮ ਕਰਦੇ ਗੁਰੂ ਨੂੰ ਨਹੀਂ ਮਿਲਦਾ,
ਕੋਈ ਵਿਅਕਤੀ ਆਪਣੇ ਆਪ ਦੇ ਰਹੱਸ ਨੂੰ ਨਹੀਂ ਸਮਝ ਸਕਦਾ।
ਜੋ ਇੱਕ ਮਨੁੱਖ ਨੇ ਪਾਇਆ ਹੈ ਉਹ ਦੂਜਾ ਵੀ ਪਾ ਸਕਦਾ ਹੈ,
ਬੇਸ਼ੱਕ, ਸਹੀ ਮਾਰਗਦਰਸ਼ਨ ਅਤੇ ਮਦਦ ਨਾਲ।

ਤੁਹਾਨੂੰ ਉਹ ਰਸਤਾ ਦਿਖਾਇਆ ਗਿਆ ਹੈ — ਜੋ ਤੁਹਾਨੂੰ ਤੁਹਾਡੇ ਅੰਤਰ ਵਿੱਚ ਮੌਜੂਦ ਪ੍ਰਭੂ ਵੱਲ ਲੈ ਜਾਂਦਾ ਹੈ। ਤੁਹਾਨੂੰ ਪਵਿੱਤਰ ਪ੍ਰਕਾਸ਼ (ਜੋਤਿ) ਅਤੇ ਨਾਦ (ਸੁਰਤ-ਸ਼ਬਦ) ਯੋਗ, ਜੋ ਕਿ ਹਰ ਚੀਜ਼ ਦੀ ਜੀਵਨ ਅਤੇ ਆਤਮਾ ਹੈ, ਦਾ ਅਨੁਭਵ ਮਿਲ ਚੁੱਕਾ ਹੈ ਅਤੇ ਤੁਸੀਂ ਇਸ ਜੀਵਤ (ਅੰਦਰੂਨੀ) ਸੰਪਰਕ ਦੇ ਆਪਣੇ ਸ਼ੁਰੂਆਤੀ ਅਨੁਭਵ ਨੂੰ ਕਿਸੇ ਵੀ ਹੱਦ ਤੱਕ ਵਿਕਸਤ ਕਰ ਸਕਦੇ ਹੋ। ਇਹ ਸਭ ਤੁਹਾਡੇ ‘ਤੇ ਨਿਰਭਰ ਕਰਦਾ ਹੈ। ਜਿੱਥੇ ਚਾਹ, ਉੱਥੇ ਰਾਹ। ਇਸਦੇ ਲਈ ਨਿਰੰਤਰ ਯਤਨ ਕਰੋ। ਇਹ ਜੀਵਨ ਦਾ ਸਾਰ ਹੈ ਅਤੇ ਧਰਤੀ ‘ਤੇ ਤੁਹਾਨੂੰ ਸਭ ਤੋਂ ਵੱਡਾ ਤੋਹਫ਼ਾ ਮਿਲਿਆ ਹੈ। ਇਸਨੂੰ ਪਿਆਰ,ਸਨੇਹ, ਦੇਖਭਾਲ ਅਤੇ ਪ੍ਰੇਮ ਭਰੀ ਭਗਤੀ ਨਾਲ ਵਧਾਓ, ਤਾਂ ਕਿ ਜੀਵਨ ਦੇ ਤੂਫਾਨਾਂ ਵਿੱਚ ਤੁਸੀ ਮੁੜ ਇਹ ਮੌਕਾ ਨਾ ਗੁਆ ਬੈਠੋ।

“ਉੱਠੋ, ਜਾਗੋ ਅਤੇ ਆਪਣਾ ਲਕਸ਼ ਪ੍ਰਾਪਤ ਹੋਣ ਤੱਕ ਨਾ ਰੁਕੋ”
— ਕਥਾ ਉਪਨਿਸ਼ਦ (ਸਵਾਮੀ ਵਿਵੇਕਾਨੰਦ ਦੁਆਰਾ ਪ੍ਰਸਿੱਧ)

. . . ਇਹ ਸੰਦੇਸ਼ ਅਨੰਤ ਕਾਲ ਤੋਂ ਚਲਿਆ ਆ ਰਿਹਾ ਹੈ, ਜੋ ਕਿ ਧੁਰ-ਧਾਮ ਤੋਂ ਆਉਂਦਾ ਹੈ, ਅਤੇ ਮੈਂ ਇਸਨੂੰ ਅੱਜ ਆਪਣੇ ਪੂਰੇ ਜ਼ੋਰ ਨਾਲ ਦੁਹਰਾਉਂਦਾ ਹਾਂ। “ਧੁੱਪ ਹੋਣ ਵੇਲੇ ਘਾਹ ਸੁਕਾ ਲਓ” ਭਾਵ:- “ਮੌਕਾ ਮਿਲਿਆ ਹੋਇਆ ਹੈ ਤਾਂ ਉਸ ਦਾ ਪੂਰਾ ਲਾਭ ਉਠਾਓ।”

ਵਾਸਤਵ ਵਿੱਚ, ਪਰਮਾਤਮਾ ਦਾ ਰਾਜ ਨੇੜੇ ਹੀ ਹੈ ਅਤੇ ਪਰਮਾਤਮਾ ਦੀ ਸ਼ਕਤੀ ਸਪੱਸ਼ਟ ਤੌਰ ‘ਤੇ ਤੁਹਾਨੂੰ ਬੁਲਾ ਰਹੀ ਹੈ। ਇਸ ਸੁਨਹਿਰੀ ਮੌਕੇ ਦਾ ਲਾਭ ਉਠਾਓ, ਜੋ ਪ੍ਰਭੂ ਨੇ ਤੁਹਾਨੂੰ ਦਿੱਤਾ ਹੈ, ਕਿਉਂਕਿ ਮਨੁੱਖੀ ਜਨਮ ਦਾ ਮਿਲਣਾ ਇੱਕ ਦੁਰਲੱਭ ਮੌਕਾ ਹੈ ਅਤੇ ਮਨੁੱਖ ਬਹੁਤ ਹੀ ਭਾਗਸ਼ਾਲੀ ਹੈ। ਜਦੋਂ ਤੱਕ ਸਮਾਂ ਹੈ ਇਸਦਾ ਵੱਧ ਤੋਂ ਵੱਧ ਲਾਭ ਉਠਾਓ। ਆਪਣੇ ਵਿਚਾਰਾਂ ਵਿੱਚ ਕੋਈ ਮਤਭੇਦ ਨਾ ਆਉਣ ਦਿਓ, ਤਾਂ ਕਿ ਤੁਹਾਡੀ ਤਰੱਕੀ ਵਿੱਚ ਕੋਈ ਰੁਕਾਵਟ ਨਾ ਆਵੇ। ਤੁਸੀਂ ਉਸ ਰੂਹਾਨੀ ਪ੍ਰਕਾਸ਼ ਦੇ ਭਾਗਸ਼ਾਲੀ ਬੱਚਿਆਂ ਵਿੱਚੋਂ ਇੱਕ ਹੋ। ਉਸ ਪਵਿੱਤਰ ਸੱਚਾਈ ਦੇ ਅਨੁਸਾਰ ਜੀਓ। ਗੁਰੂ-ਸ਼ਕਤੀ ਹਮੇਸ਼ਾਂ ਤੁਹਾਡੇ ਨਾਲ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਪਿਆਰ ਅਤੇ ਕਿਰਪਾ ਪ੍ਰਦਾਨ ਕਰੇਗੀ।

ਜੇਕਰ ਅਸੀਂ ਸਿੱਖਿਆਵਾਂ ‘ਤੇ ਖਰੇ ਉਤਰਦੇ ਹਾਂ, ਤਾਂ ਇਹ ਸਾਰੇ ਦੁੱਖ-ਦਰਦ, ਬੀਮਾਰੀਆਂ ਅਤੇ ਬੁਰਾਈਆਂ ਦਾ ਇਲਾਜ ਹੈ।

ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਪਿਆਰ,
10 ਜੁਲਾਈ, 1961

Scroll to Top