[ Kirpal — The King of kings ]
ਕਿਰਪਾਲ ਸਾਗਰ ਵਿਖੇ ਬੀਜੀ ਸੁਰਿੰਦਰ ਕੌਰ ਦੁਆਰਾ 18 ਨਵੰਬਰ 1998 ਨੂੰ ਕੀਤੇ ਗਏ ਸਤਿਸੰਗ ਤੋਂ ਅੰਸ਼
(Published in “Sayings of Sant Kirpal Singh” edition 1999-1)
ਸੱਚੇ ਪੁਰਖ, ਮਾਲਕ ਸ਼ਕਤੀ, ਗੁਰਮੁੱਖ ਦੇ ਦੋਸਤ ਬਣੋ, ਜਿਸ ਵਿੱਚ ਮਾਲਕ ਪ੍ਰਗਟ ਹੋਇਆ ਹੈ।
ਗੁਰਮੁੱਖ ਤੁਹਾਨੂੰ (ਮਨ ਦੀ) ਮੈਲ ਧੋਣ ਅਤੇ ਮੋਹ ਮਾਇਆ ਤੋਂ ਬਾਹਰ ਕੱਢ ਕੇ ਇੱਕ ਮੁਕੰਮਲ ਇਨਸਾਨ ਬਣਨ ਵਿੱਚ ਮਦਦ ਕਰਦਾ ਹੈ।
— ਬੀਜੀ ਸੁਰਿੰਦਰ ਕੌਰ

ਉਹ ਮਹਾਨ ਸ਼ਕਤੀ ਕੌਣ ਸੀ, ਸੰਤ ਕਿਰਪਾਲ ਸਿੰਘ? ਤੁਸੀਂ ਉਸਦੀ ਭਾਲ ਕਿਵੇਂ ਕਰ ਸਕਦੇ ਹੋ?
ਉਹ ਮਨੁੱਖੀ ਜਾਮੇ ਵਿੱਚ ਛੁਪਿਆ ਹੋਇਆ ਰੱਬ ਸੀ, ਅਤੇ ਅਸੀਂ ਉਸਨੂੰ ਸਿਰਫ਼ ਇੱਕ ਮਨੁੱਖ ਦੇ ਰੂਪ ਵਿੱਚ ਦੇਖਿਆ। ਪਰ ਪਰਮਾਤਮਾ ਦੀ ਸ਼ਕਤੀ ਉਸਦੇ ਰਾਹੀਂ ਪ੍ਰਕਾਸ਼ਿਤ ਹੋਈ। ਉਸਦੇ ਬਾਰੇ ਕੁਝ ਜਾਣਨ ਲਈ ਸਾਨੂੰ ਪਹਿਲਾਂ ਸਰੀਰ ਤੋਂ ਉੱਪਰ ਉੱਠਣਾ ਪਵੇਗਾ। ਉਸਦੀਆਂ ਅੱਖਾਂ ਧੁਰ-ਧਾਮ (ਸਭ ਤੋਂ ਉੱਚਾ ਸਥਾਨ) ਦੀਆਂ ਖਿੜਕੀਆਂ ਸਨ, ਅਤੇ ਇਹਨਾਂ ਅੱਖਾਂ ਨਾਲ ਅੰਦਰੋਂ ਉਹ ਆਪਣੀਆਂ ਰੂਹਾਂ ਨੂੰ ਦੇਖਦਾ ਸੀ। ਪ੍ਰਭੂ ਦਾ ਪ੍ਰਕਾਸ਼ ਉਸ ਵਿੱਚ ਚਮਕ ਰਿਹਾ ਸੀ ਅਤੇ ਉਹ ਇਸ ਸੰਸਾਰ ਲਈ ਇੱਕ ਉਦਾਹਰਣ ਸੀ।
ਉਹ ਸਾਨੂੰ ਸਰੀਰ ਤੋਂ ਉੱਪਰ ਲਿਆ ਕੇ ਸਾਡੀਆਂ ਅੱਖਾਂ ਨੂੰ ਨਸ਼ਾ ਦਿੰਦਾ ਸੀ। ਸੰਸਾਰਿਕ ਭੋਜਨ ਤੋਂ ਬਿਨਾਂ ਉਹ ਹਮੇਸ਼ਾ ਸੰਤੁਸ਼ਟ ਰਹਿੰਦਾ ਸੀ। ਆਪਣੀਆਂ ਅੱਖਾਂ ਰਾਹੀਂ ਉਸਨੇ ਸਾਨੂੰ ਨਸ਼ਾ ਦਿੱਤਾ। ਉਹ ਰੰਗ ਕਿੱਥੋਂ ਆਇਆ ਜੋ ਉਸਨੇ ਸਾਨੂੰ ਦਿੱਤਾ ਸੀ?
ਉਹ ਪ੍ਰਭੂ ਪਰਮਾਤਮਾ ਨਾਲ ਇੱਕ ਸੀ, ਅਤੇ ਉਸਨੇ ਸਾਨੂੰ ਉਸ ਨਾਲ ਜੋੜਿਆ। ਜੋ ਕੁਝ ਉਸ ਕੋਲ ਸੀ ਉਹ ਉਸਨੇ ਆਪਣੇ ਬੱਚਿਆਂ ਨੂੰ ਦੇ ਦਿੱਤਾ। ਉਹ ਨਹੀਂ ਚਾਹੁੰਦਾ ਸੀ ਕਿ ਉਸਦੇ ਬੱਚੇ ਮਨ- ਇੰਦਰੀਆਂ ਦੇ ਅਧੀਨ ਹੋਣ, ਉਹ ਚਾਹੁੰਦਾ ਸੀ ਕਿ ਉਹ ਵੀ ਸੰਤ ਬਣਨ। ਸਾਡੀਆਂ ਬਾਹਰੀ ਅੱਖਾਂ ਨੇ ਉਸਨੂੰ ਸਰੀਰਕ ਤੌਰ ‘ਤੇ ਦੇਖਣ ਦਾ ਮੌਕਾ ਗੁਆ ਦਿੱਤਾ ਹੈ। ਉਹ ਸਿਰਫ਼ ਇਸ ਸ੍ਰਿਸ਼ਟੀ ਨਾਲ ਸੰਬੰਧਿਤ ਨਹੀਂ ਸੀ, ਉਹ ਧੁਰ- ਧਾਮ ਤੋਂ ਆਇਆ ਸੀ। ਇਸ ਸ੍ਰਿਸ਼ਟੀ ਦੇ ਜੀਵ ਇਸ ਸਰੀਰ ਵਿੱਚ ਕੈਦ ਹਨ ਪਰ ਉਹ ਸਰਵਸ਼ਕਤੀਮਾਨ ਸ਼ਕਤੀ ਇਸ ਤੋਂ ਪੂਰੀ ਤਰ੍ਹਾਂ ਮੁਕਤ ਹੈ। ਇਹ ਸ਼ਕਤੀ ਸਾਰੇ ਖੰਡਾਂ-ਬ੍ਰਹਿਮੰਡਾਂ ਵਿੱਚ ਕੰਮ ਕਰਦੀ ਹੈ ਅਤੇ ਇਹ ਬੁੱਧੀ ਦੇ ਅਧੀਨ ਨਹੀਂ ਹੈ।
ਉਸਦੀ ਰਸਾਈ ਧੁਰ-ਧਾਮ, ਸਤਿ ਨਾਮ- ਅਨਾਮੀ ਤੱਕ ਹੈ, ਅਤੇ ਜਿਸਨੂੰ ਉਹ ਚਾਹੇ, ਉਹ ਸਾਡੀ ਆਤਮਾ ਨੂੰ ਪ੍ਰਮਾਤਮਾ ਨਾਲ ਮਿਲਾਪ ਕਰਨ ਵਿੱਚ ਮਦਦ ਕਰਦਾ ਹੈ। ਆਮ ਜੀਵਾਂ ਤੋਂ ਉਸਨੇ ਸਾਨੂੰ ਇੱਕ ਸੱਚਾ ਇਨਸਾਨ ਬਣਾਇਆ ਅਤੇ ਸਾਡੀ ਆਤਮਾ ਨੂੰ ਮਨ- ਇੰਦਰੀਆਂ ਤੋਂ ਉੱਪਰ ਲਿਆ ਕੇ ਸਾਨੂੰ ਉਸਨੇ ਪ੍ਰਭੂ ਪਰਮਾਤਮਾ ਵਿੱਚ ਅਭੇਦ ਹੋਣ ਦੇ ਕਾਬਿਲ ਬਣਾਇਆ।
ਉਹ ਅਤੇ ਪ੍ਰਭੂ ਪਰਮਾਤਮਾ ਇੱਕ ਹੀ ਤਾਕਤ ਹੈ, ਉਨ੍ਹਾਂ ਵਿੱਚ ਕੋਈ ਅੰਤਰ ਨਹੀਂ ਹੈ। ਉਸਨੂੰ ਮਨੁੱਖ ਦੇ ਵਿਕਾਸ ਲਈ ਇੱਕ ਸੰਤ ਵਜੋਂ ਕੰਮ ਕਰਨ ਦਾ ਫਰਜ਼ ਸੌਂਪਿਆ ਗਿਆ ਸੀ। ਉਹ ਸੱਚ ਦੇ ਮਾਲਕ ਸਨ, ਅਤੇ ਉਨ੍ਹਾਂ ਨੇ ਸੱਚ ਨੂੰ ਅੱਗੇ ਵਧਾਇਆ, ਅਜਿਹਾ ਇੱਕੋ ਇੱਕ ਸਤਿਗੁਰੂ ਉਹੀ ਸੀ। ਉਹ ਪਿਆਰ ਦਾ ਸਰੋਤ ਬਣ ਗਿਆ, ਅਤੇ ਸ਼ਬਦ ਦੇ ਰੂਪ ਵਿੱਚ ਉਹ ਸਾਡੇ ਵਿੱਚ ਨਿਵਾਸ ਕਰ ਗਿਆ। ਇਹ ਉਹੀ ਹੈ ਜੋ ਸਾਨੂੰ ਆਤਮਿਕ ਸ਼ਾਂਤੀ ਦਿੰਦਾ ਹੈ। ਉਹ ਸਾਡੇ ਅੰਦਰ ਵੱਸਦਾ ਹੈ ਅਤੇ ਸਾਡੇ ਘਟ- ਘਟ ਦੀ ਜਾਣਦਾ ਹੈ ਇਸ ਤਰ੍ਹਾਂ ਉਹ ਸਾਡੇ ਅੰਦਰ ਬੈਠ ਕੇ ਕੰਮ ਕਰਦਾ ਹੈ। ਉਹ ਸਾਨੂੰ ਮਨ – ਇੰਦਰੀਆਂ ਦੇ ਘਾਟ ਤੋਂ ਜਗਾਉਂਦਾ ਹੈ ਅਤੇ ਆਪਣਾ ਪ੍ਰਕਾਸ਼ ਦਿੰਦਾ ਹੈ। ਉਸਨੇ ਆਪਣਾ ਦੀਵਾ ਕਿੱਥੇ ਜਗਾਇਆ? ਜਿੱਥੇ ਉਸਦੇ ਨਾਲ ਅੰਤਰ ਵਿੱਚ ਮਿਲਾਪ ਹੁੰਦਾ ਹੈ।
ਭਾਜੀ (ਡਾ: ਹਰਭਜਨ ਸਿੰਘ) ਨੇ ਆਪਣੇ ਮਾਲਕ ਦੇ ਹੁਕਮ ਅਨੁਸਾਰ ਮਿਸ਼ਨ ਵਿੱਚ ਕੰਮ ਕੀਤਾ ਅਤੇ ਉਸਦੇ ਨਾਲ ਇੱਕ ਹੋ ਕੇ ਸਾਨੂੰ ਵੀ ਉਸਦੇ ਨਾਲ ਜੋੜਿਆ। ਮਨੁੱਖ ਨੂੰ ਹਮੇਸ਼ਾ ਹੀ ਇੱਕ ਅਜਿਹੇ ਗੁਰੂ ਦੀ ਲੋੜ ਹੈ ਜੋ ਮਨੁੱਖੀ ਰੂਪ ਵਿੱਚ ਹੋਵੇ, ਇਹ ਕੁਦਰਤ ਦਾ ਨਿਯਮ ਹੈ।
ਉਹ (ਮਾਲਕ ਜਾਂ ਗੁਰਮੁੱਖ) ਇਸ ਸੰਸਾਰ ਵਿੱਚ ਉਦੋਂ ਆਉਂਦਾ ਹੈ, ਜਦੋਂ ਮਨੁੱਖ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਅਤੇ ਇਸ ਸੰਸਾਰ ਰੂਪੀ ਮੇਲੇ ਵਿੱਚ ਗੁਆਚ ਜਾਂਦਾ ਹੈ। ਫਿਰ ਉਸ ਸ਼ਕਤੀ ਨੂੰ ਇੱਕ ਮਨੁੱਖੀ ਜਾਮੇ ਦਾ ਰੂਪ ਧਾਰਨ ਕਰਨਾ ਪੈਂਦਾ ਹੈ ਅਤੇ ਸੰਸਾਰ ਵਿੱਚ ਆਉਣਾ ਪੈਂਦਾ ਹੈ। ਫਿਰ ਉਹ ਸਾਨੂੰ ਅੰਦਰੋਂ ਪ੍ਰਭੂ ਪਰਮਾਤਮਾ ਨਾਲ ਜੋੜਦਾ ਹੈ, ਅਤੇ ਇਸ ਨਾਲ ਉਹ ਸਾਡੀ ਆਤਮਾ ਦਾ ਵਿਕਾਸ ਕਰਦਾ ਹੈ। ਆਪਣੀ ਦਯਾ ਨਾਲ ਉਹ ਕਿਸੇ ਨੂੰ ਵੀ ਇਸ ਦਾ ਅੰਦਰੂਨੀ ਅਨੁਭਵ ਦੇ ਸਕਦਾ ਹੈ, ਜਦੋਂ ਵੀ ਉਹ ਚਾਹੇ। ਉਹ ਚੇਤੰਨ ਹੈ, ਅਤੇ ਆਪਣੇ ਸਰਵਉੱਚ ਪ੍ਰਕਾਸ਼ ਨਾਲ ਉਹ ਸਾਡੀ ਆਤਮਾ ਨੂੰ ਉਸ ਰੰਗ ਵਿੱਚ ਰੰਗਦਾ ਹੈ ਜੋ ਉਸਨੇ ਪ੍ਰਭੂ ਪਰਮਾਤਮਾ ਤੋਂ ਪ੍ਰਾਪਤ ਕੀਤਾ ਹੁੰਦਾ ਹੈ। ਉਹ ਮਾਲਕ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ ਅਤੇ ਉਸਦੇ ਹਵਾਲੇ ਹੋ ਕੇ ਕੰਮ ਕਰਦਾ ਹੈ। ਉਹ ਨਿਰਸਵਾਰਥ ਕੰਮ ਕਰਦਾ ਹੈ ਅਤੇ ਉਸਦੇ ਹੁਕਮ ਅਨੁਸਾਰ ਉਹ ਵਾਪਸ ਚਲਾ ਜਾਂਦਾ ਹੈ। ਅਜਿਹੇ ਪੂਰਨ ਪੁਰਸ਼ ਨੂੰ ਉਸਦੇ ਸਰੀਰਕ ਸੰਕੇਤਾਂ, ਉਸਦੀ ਰਹਿਣੀ-ਬਹਿਣੀ ਤੋਂ, ਉਸਦੇ ਕਥਨੀ- ਕਰਨੀ ਤੋਂ ਵੀ ਪਛਾਣਿਆ ਜਾ ਸਕਦਾ ਹੈ ਅਤੇ ਕੋਈ ਉਸਦੇ ਜੀਵਨ ਤੋਂ ਸਬਕ ਸਿੱਖ ਸਕਦਾ ਹੈ।
ਉਹ ਸਿਰਫ਼ ਸੱਚ (ਪਰਮਾਤਮਾ) ਦੀ ਹੀ ਸਿੱਖਿਆ ਦਿੰਦਾ ਹੈ।
ਉਹ ਸੱਚ ਦੇ ਮੰਡਲਾਂ ਵਿੱਚ ਰਹਿੰਦਾ ਹੈ ਅਤੇ ਸਿਰਫ਼ ਸੱਚ ਫੈਲਾਉਂਦਾ ਹੈ।
ਉਹ ਸਰੀਰ ਨਹੀਂ, ਉਹ ਸਰੀਰ ਤੋਂ ਉੱਪਰ ਸੀ।
ਉਹ ਆਪਣੇ ਸ਼ਿਸ਼ਾਂ ਨੂੰ ਸਰੀਰ ਅਤੇ ਸਰੀਰ ਦੇ ਬੰਧਨਾਂ
ਤੋਂ ਵੀ ਉੱਪਰ ਲਿਆ ਸਕਦਾ ਸੀ।
ਉਸਦੀ ਮਹਿਮਾ ਦੇਖਣ ਲਈ ਸ਼ਿਸ਼ ਨੂੰ ਉਸ ਜਗ੍ਹਾ ਜਾਣਾ ਪੈਂਦਾ ਹੈ ਜਿੱਥੇ (ਅੰਦਰੂਨੀ) ਸੂਰਜ ਚੜ੍ਹਦਾ ਹੈ। ਜੇ ਉਹ ਸ਼ਿਸ਼ ਨੂੰ ਇਹ ਦਰਸ਼ਨ (ਆਪਣੀ ਮਹਾਨਤਾ ਦਾ) ਦਿੰਦਾ ਹੈ, ਤਾਂ ਉਹ ਉਸਦੇ ਨਾਲ ਇੱਕ ਹੋ ਜਾਂਦਾ ਹੈ। ਉਹ ਇਸ ਸ੍ਰਿਸ਼ਟੀ ਦਾ ਸਿਰਜਣਹਾਰ ਹੈ। ਇਹ ਤਾਲੀਮ ਮਹਾਰਾਜ ਜੀ ਨੇ ਆਪਣੀ ਨਿੱਜੀ ਡਾਇਰੀ ਵਿੱਚ ਲਿਖੀ ਸੀ, ਜੋ ਕਿ ਅੰਦਰੂਨੀ ਭਾਸ਼ਾ ਵਿੱਚ ਲਿਖੀ ਗਈ ਸੀ। ਭਾਜੀ ਨੇ ਇਸਦਾ ਅਨੁਵਾਦ ਕੀਤਾ।
ਜਦੋਂ ਸ਼ਿਸ਼ ਨੇ ਆਪਣੇ ਗੁਰੂ ਦੀ ਮਹਿਮਾ ਵੇਖ ਲਈ, ਤਾਂ ਹੁਣ ਉਹ ਇੱਕ ਆਮ ਇਨਸਾਨ ਨਹੀਂ ਰਿਹਾ; ਤੁਸੀਂ ਦੇਖ ਸਕਦੇ ਹੋ ਉਸਦਾ ਇਸ ਸੰਸਾਰ ਵਿੱਚ ਕੋਈ ਲਗਾਵ ਨਹੀਂ ਰਿਹਾ, ਦੁਨੀਆ ਨਾਲ ਉਸਦਾ ਸਾਰਾ ਲਗਾਵ ਟੁੱਟ ਗਿਆ। ਗੁਰੂ ਦੀ ਭਾਲ ਵਿੱਚ ਉਹ ਅੰਦਰਲੇ ਮੰਡਲਾਂ ਦਾ ਸਫ਼ਰ ਕਰਦਾ ਹੈ ਜਿੱਥੇ ਅਨਹਦ ਨਾਦ, ਸਾਰ ਸ਼ਬਦ, ਤ੍ਰਿਪੈਣੀ ਨਦੀ (ਅੰਮ੍ਰਿਤਸਰ ਦਾ ਸਰੋਵਰ), ਸਤਿ ਨਾਮ, ਅਨਾਮੀ ਵਿੱਚ ਜਾ ਕੇ ਉਸਦੇ ਹੰਸ ਵਿੱਚ ਅਭੇਦ ਹੋ ਜਾਂਦਾ ਹੈ।
ਅਤੇ ਅੰਦਰੋਂ ਕੋਈ ਫ਼ਰਕ ਨਹੀਂ ਕਰ ਸਕਦਾ,
ਕਿ ਮਾਲਕ ਪਰਮਾਤਮਾ ਹੈ ਜਾਂ ਪਰਮਾਤਮਾ ਮਾਲਕ ਹੈ,
ਅੰਦਰੋਂ ਉਹ ਇੱਕ ਹੋ ਜਾਂਦੇ ਹਨ।
ਭਾਜੀ ਨੇ ਦੱਸਿਆ ਕਿ ਕਬੀਰ ਸਾਹਿਬ ਨੇ ਸੰਤ ਕਿਰਪਾਲ ਸਿੰਘ ਨੂੰ ਕਿਹਾ,
“ਜਦੋਂ ਇਹ ਸ਼ਕਤੀ ਇੱਥੇ ਕੰਮ ਕਰਨ ਲਈ ਭੌਤਿਕ ਸੰਸਾਰ ਵਿੱਚ ਆਉਂਦੀ ਹੈ,
ਤਦ ਪ੍ਰਭੂ ਪਰਮਾਤਮਾ ਦੀ ਸ਼ਕਤੀ ਉਸ ਵਿੱਚ ਅਭੇਦ ਹੋ ਜਾਂਦੀ ਹੈ (ਤੁਸੀਂ ਦੋਵਾਂ ਵਿੱਚ ਕੋਈ ਅੰਤਰ ਨਹੀਂ ਕਰ ਸਕਦੇ)।”
ਫਿਰ ਉਹ ਅੰਦਰ ਅਤੇ ਬਾਹਰ ਹੈ, ਉਹ ਬਾਹਰੀ ਅਤੇ ਅੰਦਰੂਨੀ ਅੱਖਾਂ ਨਾਲ ਵੇਖਦਾ ਹੈ। ਭੌਤਿਕ ਅੱਖਾਂ ਨਾਲ ਉਹ ਬਾਹਰ ਵੇਖਦਾ ਹੈ, ਅਤੇ ਅੰਦਰੂਨੀ ਅੱਖਾਂ ਨਾਲ ਉਹ ਅੰਦਰੋਂ ਬੋਲਦਾ ਹੈ। ਉਸਨੂੰ ਧਿਆਨ ਵਿੱਚ ਬੈਠਣ ਦੀ ਵੀ ਜ਼ਰੂਰਤ ਨਹੀਂ ਹੈ, ਉਸਨੂੰ ਅਜਿਹੇ ਸਾਬਣ ਨਾਲ ਧੋਤਾ ਜਾਂਦਾ ਹੈ ਕਿ ਉਹ ਚੌਵੀ ਘੰਟੇ ਆਪਣੇ ਮਾਲਕ ਨੂੰ ਦੇਖ ਸਕਦਾ ਹੈ। ਪ੍ਰਭੂ ਪਰਮਾਤਮਾ ਦੀ ਸ਼ਕਤੀ, ਪੂਰਨ ਸਤਿਪੁਰਸ਼ (ਜੋ ਸੰਸਾਰ ਵਿੱਚ ਕੰਮ ਕਰਦਾ ਹੈ) ਨੂੰ ਦੇਖਦੀ ਹੈ ਅਤੇ ਉਸਨੂੰ ਅਧਿਆਤਮਿਕ ਪਾਣੀ, ਨਾਮ ਦਾ ਪਾਣੀ ਦਿੰਦੀ ਹੈ, ਤਾਂ ਜੋ ਉਹ ਨਾ ਸਿਰਫ਼ ਹਮੇਸ਼ਾ ਤਾਜ਼ਾ ਰਹੇ, ਸਗੋਂ ਆਪਣੇ ਲਗਾਏ ਹੋਏ ਬੂਟਿਆਂ ਨੂੰ ਵੀ ਪਾਣੀ ਦੇਵੇ।
ਅਤੇ ਉਹ ਸ਼ਕਤੀ ਕਿੱਥੇ ਹੈ?
ਉਹ ਸਭ ਤੋਂ ਉੱਚੇ ਅਸਥਾਨ ਸੱਚਖੰਡ (ਸਾਡੇ ਪਿਤਾ ਦਾ ਘਰ) ਵਿੱਚ ਰਹਿੰਦਾ ਹੈ। ਉਹ ਅਜਿਹੇ ਸਿੰਘਾਸਣ ‘ਤੇ ਬੈਠਦਾ ਹੈ ਜਿੱਥੇ ਕੋਈ ਦੁਨਿਆਵੀ ਆਵਾਜ਼ ਨਹੀਂ ਹੈ ਅਤੇ ਨਾ ਹੀ ਕੋਈ ਅੰਦਰੂਨੀ ਆਵਾਜ਼ ਸੁਣਾਈ ਦਿੰਦੀ ਹੈ, ਉੱਥੇ ਸਿਰਫ਼ ਉਹ ਹੈ, ਪ੍ਰਭੂ ਪਰਮਾਤਮਾ ਖੁਦ। ਪੂਰਨ ਸਤਿਪੁਰਸ਼ ਸੰਗਤ ਵਿੱਚ ਬੈਠਦਾ ਹੈ ਅਤੇ ਹਰ ਰੋਜ਼ ਉਹ ਆਪਣੇ ਪਿਤਾ ਨੂੰ ਮਿਲਦਾ ਹੈ ਅਤੇ ਉਸਨੂੰ ਸਾਡੇ ਦਿਲ ਦੀ ਕਹਾਣੀ ਸੁਣਾਉਂਦਾ ਹੈ। ਉਹ ਸਾਡੇ ਸਾਰੇ ਕੰਮ ਲਿਖਦਾ ਹੈ, ਅਤੇ ਸਾਨੂੰ ਅਜਿਹਾ ਕੁਝ ਵੀ ਨਹੀਂ ਕਰਨ ਦਿੰਦਾ ਜਿਸ ਕਾਰਨ ਅਸੀਂ ਆਪਣੇ ਮਾਲਕ ਤੋਂ ਵੱਖ ਹੋ ਕੇ ਰੋਈਏ।
ਇਹ ਸਾਰੀਆਂ ਚੀਜ਼ਾਂ ਇੰਨੀ ਆਸਾਨੀ ਨਾਲ ਨਹੀਂ ਮਿਲ ਸਕਦੀਆਂ।
ਤੁਹਾਨੂੰ ਇਹ ਕਦੋਂ ਮਿਲਣਗੀਆਂ?
ਸਿਰਫ਼ ਜਦੋਂ ਤੁਸੀਂ ਗੁਰਮੁੱਖ ਬਣ ਜਾਂਦੇ ਹੋ।
26 ਸਤੰਬਰ (1995) ਨੂੰ, ਭਾਜੀ ਦੇ ਚਲੇ ਜਾਣ ਤੋਂ ਬਾਅਦ, ਮੈਂ ਸੰਗਤ ਦੇ ਨਾਲ ਸੀ ਅਤੇ ਮੈਂ ਭਾਜੀ ਨੂੰ ਪ੍ਰਾਰਥਨਾ ਕੀਤੀ ਕਿ ਮੈਨੂੰ ਮਿਸ਼ਨ ਤੋਂ ਇਲਾਵਾ ਹੋਰ ਕੋਈ ਲਗਾਵ ਨਾ ਹੋਵੇ ਤਾਂ ਜੋ ਮੈਨੂੰ ਕੋਈ ਸਮੱਸਿਆ ਨਾ ਆਵੇ। ਮੈਂ ਪ੍ਰਾਰਥਨਾ ਕੀਤੀ,
“ਤੁਹਾਡੇ (ਭਾਜੀ) ਨਾਲ ਮੇਰਾ ਜੋ ਲਗਾਵ ਸੀ,
ਉਹ ਹੁਣ ਸੰਗਤ ਅਤੇ ਉਸਦੇ ਮਿਸ਼ਨ ਨਾਲ ਹੈ।
ਮੇਰਾ ਵਿਸ਼ਵਾਸ, ਮੇਰੀ ਜ਼ਿੰਦਗੀ ਦਾ ਉਦੇਸ਼,
ਸਭ ਕੁਝ ਸਿਰਫ ਮਿਸ਼ਨ ਨਾਲ ਜੁੜਿਆ ਹੋਇਆ ਹੈ।
ਤੀਜੀ ਗੱਲ ਜੋ ਮੈਂ ਆਪਣੇ ਦਿਮਾਗ ਵਿੱਚ ਨਹੀਂ ਰੱਖਦੀ।”
ਮੈਂ ਸਿਰਫ਼ ਇਨ੍ਹਾਂ ਸ਼ਕਤੀਆਂ (ਭਾਜੀ ਅਤੇ ਹਜ਼ੂਰ) ਨਾਲ ਸਫ਼ਰ ਕਰਦੀ ਹਾਂ, ਪਰ ਮੈਂ ਸੰਗਤ ਨਾਲ ਪਿਆਰ ਦੇ ਬੰਧਨ ਵਿੱਚ ਬੱਝੀ ਹੋਈ ਹਾਂ। ਪਰ ਮੈਂ ਹਰ ਚੀਜ਼ ਨੂੰ ਵਿਹਾਰਕ ਰੂਪ ਵਿੱਚ ਦੇਖਣਾ ਚਾਹੁੰਦੀ ਹਾਂ। ਅਸੀਂ ਬਹੁਤ ਲੇਟ ਹਾਂ। ਜਦੋਂ ਭਾਜੀ ਨੂੰ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕਿਹਾ, “ਕਿਰਪਾਲ ਸਾਗਰ ਦਾ ਸਿਰਫ਼ ਇੱਕ ਹਿੱਸਾ ਹੀ ਅਧੂਰਾ ਰਹਿ ਗਿਆ ਹੈ, ਚਿੰਤਾ ਨਾ ਕਰੋ।” ਮੈਂ ਜਲਦੀ ਹੀ ਇਸ ਕੰਮ ਨੂੰ ਪੂਰਾ ਕਰਾਂਗਾ ਤਾਂ ਜੋ ਉਸਦੀ ਬਖਸ਼ਿਸ਼ ਪ੍ਰਾਪਤ ਹੋ ਸਕੇ।
ਜਦੋਂ ਦੋ ਵਿਅਕਤੀਆਂ ਦੇ ਦਿਲ ਇੱਕ ਹੁੰਦੇ ਹਨ, ਤਾਂ ਇੱਕ ਦੀ ਮੰਗ ਦੂਜੇ ਦੁਆਰਾ ਸੁਣੀ ਜਾਂਦੀ ਹੈ। ਅਤੇ ਇਹੀ ਮੇਰੀ ਪ੍ਰਾਰਥਨਾ ਦਾ ਮਕਸਦ ਸੀ। ਜਦੋਂ ਮੈਂ ਉਸਨੂੰ ਪ੍ਰਾਰਥਨਾ ਕੀਤੀ, (ਉਸਨੇ ਇਹ ਪ੍ਰਾਰਥਨਾ ਅੰਦਰ ਸੁਣੀ), ਅਤੇ ਸੰਗਤ ਨੇ ਮੈਨੂੰ ਬਹੁਤ ਪਿਆਰ ਦਿੱਤਾ। ਜੋ ਪਿਆਰ ਮੈਨੂੰ ਗੁਰੂ ਤੋਂ ਮਿਲਦਾ ਸੀ, ਉਹ ਮੈਨੂੰ ਹੁਣ ਸੰਗਤ ਤੋਂ ਮਿਲਦਾ ਹੈ ਅਤੇ ਮੈਂ ਦੇਖਦੀ ਹਾਂ ਕਿ ਗੁਰੂ ਹੁਣ ਸੰਗਤ ਦੇ ਦਿਲਾਂ ਵਿੱਚ ਨਿਵਾਸ ਕਰ ਰਿਹਾ ਹੈ, ਅਤੇ ਉਹ ਉਨ੍ਹਾਂ ਰਾਹੀਂ ਕੰਮ ਕਰ ਰਿਹਾ ਹੈ। ਜੋ ਕੰਮ ਅਸੀਂ ਹੁਣ ਕਰ ਰਹੇ ਹਾਂ ਅਤੇ ਜੋ ਰੌਸ਼ਨੀ (ਦਯਾ) ਸਾਨੂੰ ਉਸਦੇ ਮਿਸ਼ਨ ਲਈ ਮਿਲ ਰਹੀ ਹੈ, ਉਹ ਸਿੱਧੇ ਉਸ ਤੋਂ ਆਉਂਦੀ ਹੈ। ਜਿਵੇਂ ਅਸੀਂ ਉਸਦੀ (ਭੌਤਿਕ) ਮੌਜੂਦਗੀ ਵਿੱਚ ਕੰਮ ਕਰਦੇ ਸੀ, ਉਸੇ ਹੀ ਤਰ੍ਹਾਂ ਅਸੀਂ ਹੁਣ ਕੰਮ ਕਰ ਰਹੇ ਹਾਂ, ਅਤੇ ਇਸ ਤਰ੍ਹਾਂ ਕੰਮ ਹੋਰ ਪ੍ਰਫੁੱਲਤ ਹੋ ਰਿਹਾ ਹੈ।
ਉਹ ਵੇਖਦਾ ਹੈ ਕਿ ਪਹਿਲਾਂ ਤੇ ਹੁਣ ਦੇ ਕੰਮ ਵਿੱਚ ਕੋਈ ਫਰਕ ਨਹੀਂ ਹੈ। ਜਿਵੇਂ ਇਹ ਕੰਮ ਉਸ ਦੀ ਹਜ਼ੂਰੀ ਵਿੱਚ ਹੁੰਦਾ ਸੀ, ਓਸੇ ਤਰ੍ਹਾਂ ਹੀ ਹੁਣ ਵੀ ਹੋ ਰਿਹਾ ਹੈ, ਜਦੋਂ ਉਹ ਸਰੀਰਕ ਤੌਰ ‘ਤੇ ਮੌਜੂਦ ਨਹੀਂ ਹੈ। ਜਦੋਂ ਜੀਵਤ ਗੁਰੂ ਸ਼ਿਸ਼ ਲਈ ਇੱਕ ਮਿਸਾਲ ਬਣ ਜਾਂਦਾ ਹੈ ਤਾਂ ਸ਼ਿਸ਼ ਵੀ ਉਸਦੇ ਦੱਸੇ ਹੋਏ ਪੂਰਨਿਆਂ ‘ਤੇ ਚੱਲ ਕੇ ਇੱਕ ਸੰਪੂਰਨ ਸ਼ਿਸ਼ ਬਣ ਜਾਂਦਾ ਹੈ। ਜਦੋਂ ਗੁਰੂ ਵਾਪਸ ਚਲਾ ਜਾਂਦਾ ਹੈ, ਫਿਰ ਇਹ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਕੋਈ ਇੱਕ ਕਮਰੇ ਤੋਂ ਦੂਜੇ ਕਮਰੇ ਵਿੱਚ ਚਲੇ ਜਾਂਦਾ ਹੈ, ਇਸੇ ਤਰ੍ਹਾਂ ਉਹ ਪ੍ਰਭੂ ਪਰਮਾਤਮਾ ਦੀ ਸ਼ਕਤੀ ਉਸ ਸੰਪੂਰਨ ਸ਼ਿਸ਼ ਵਿੱਚ ਬੈਠ ਕੇ ਕੰਮ ਕਰਦੀ ਹੈ ਅਤੇ ਮਿਸ਼ਨ ਪਹਿਲਾਂ ਵਾਂਗ ਹੀ ਚੱਲਦਾ ਰਹਿੰਦਾ ਹੈ।

