ਪ੍ਰਭੂ ਪ੍ਰੀਤਮ ਦੀ ਖੋਜ

ਅਧਿਆਇ 2   [ਪਿਤਾ ਪੂਤ]

ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ,
ਹਉ ਤਿਸੁ ਪਹਿ ਆਪੁ ਵੇਚਾਈ ॥ ੧ ॥
— ਆਦਿ ਗ੍ਰੰਥ (ਸੂਹੀ ਮਹਲਾ ੪, ਪੰਨਾ ੭੫੭)

ਭਾਵ :— ਜੇ ਕੋਈ ਮੈਨੂੰ ਪ੍ਰਮਾਤਮਾ ਜਾਂ ਪ੍ਰੀਤਮ ਪਿਆਰੇ ਨਾਲ ਮਿਲਾ ਦੇਵੇ, ਉਸ ਦੇ ਦਰਸ਼ਨ ਕਰਾ ਦੇਵੇ ਤਾਂ ਮੈਂ ਉਸ ਦਾ ਆਪਣੇ ਆਪ ਨੂੰ ਬੈ ਖਰੀਦ ਗੁਲਾਮ ਬਣਾ ਦੇਵਾਂ ਅਤੇ ਜੋ ਉਹ ਚਾਹੇ ਫਿਰ ਉਹੀ ਕਰਾਂ, ਇਹ ਕੋਈ ਗੱਲ ਨਹੀਂ ਮਿਲਾਉਣ ਵਾਲਾ ਕੋਈ ਵੀ ਹੋਵੇ।

ਮਹਾਰਾਜ ਕਿਰਪਾਲ ਸਿੰਘ ਜੀ ਫ਼ਰਮਾਉਂਦੇ ਹਨ ਕਿ ਜਿਸ ਦੇ ਅੰਦਰ ਜੀਵਨ ਦੇ ਭੇਦ ਨੂੰ ਪਾਉਣ ਦੀ ਭਾਵ, ਇਹ ਜਾਨਣ ਦੀ ਚਾਹ ਉਤਪੰਨ ਹੋ ਜਾਵੇ “ਕਿ ਮੈਂ ਕੌਣ ਹਾਂ ਤੇ ਕੀ ਹਾਂ,” ਤਾਂ ਪ੍ਰਮਾਤਮਾ ਆਪ ਹੀ ਉਸ ਦੀ ਸਮੱਸਿਆ ਹੱਲ ਕਰਨ ਦਾ ਸਮਾਨ ਤਿਆਰ ਕਰ ਦਿੰਦਾ ਹੈ ਉਸ ਨੂੰ ਮਿਲਣ ਦਾ ਪ੍ਰਸ਼ਨ ਇਕ ਵਾਰ ਮਨ ਵਿਚ ਉੱਠੇ ਤਾਂ ਸਹੀ ਰੱਬ ਉਸੇ ਵੇਲੇ ਹੱਲ ਕਰ ਦਿੰਦਾ ਹੈ। ਮਹਾਰਾਜ ਜੀ ਫ਼ਰਮਾਉਂਦੇ ਹਨ ਕਿ ਪ੍ਰਮਾਤਮਾ ਕਿਤੇ ਦੂਰ ਅਸਮਾਨਾਂ ਵਿਚ ਨਹੀਂ ਬੈਠਿਆ, ਸਗੋਂ ਉਹ ਤਾਂ ਸਾਡੇ ਅੰਦਰ ਹੀ ਬਿਰਾਜਮਾਨ ਹੈ ਅਤੇ ਸਾਡੀ ਜਾਨ ਦੀ ਜਾਨ ਹੈ। ਜਦੋਂ ਉਹ ਵੇਖਦਾ ਹੈ ਕਿ ਬੱਚਾ ਮੈਨੂੰ ਮਿਲਣ ਲਈ ਤੜਪ ਰਿਹਾ ਹੈ ਤਾਂ ਆਪਣੇ ਨਾਲ ਮਿਲਾਉਣ ਦਾ ਕੋਈ ਨਾ ਕੋਈ ਸਮਾਨ ਤਿਆਰ ਕਰ ਦਿੰਦਾ ਹੈ।

ਇਸ ਸੰਬੰਧ ਵਿਚ ਆਪ ਫ਼ਰਮਾਉਂਦੇ ਹਨ ਕਿ “ਅਸੀਂ ਜਦੋਂ ਤਕ ਜੀਵਨ ਦਾ ਕੋਈ ਅਜਿਹਾ ਉੱਤਮ ਨਿਸ਼ਾਨਾ ਨਹੀਂ ਬਣਾਉਂਦੇ ਜਿਸ ਉੱਤੇ ਅਸੀਂ ਆਪਣਾ ਸਭ ਕੁਝ ਵਾਰਨ ਨੂੰ ਤਿਆਰ ਹੋ ਜਾਈਏ, ਉਸ ਵੇਲੇ ਤੱਕ ਸਾਡੀ ਇਹ ਸਮੱਸਿਆ ਹੱਲ ਨਹੀਂ ਹੋ ਸਕਦੀ। ਜਦੋਂ ਤਕ ਸਾਡੇ ਅੰਦਰ ਤੜਪ, ਲਗਨ, ਚੇਤਨਤਾ ਤੇ ਪਿਆਰ ਪੈਦਾ ਨਾ ਹੋਵੇ, ਉਤਨੀ ਦੇਰ ਤਕ ਅਸੀਂ ਇਸ ਮਹਾਨ ਕਾਰਜ ਵਿਚ ਸਫ਼ਲ ਨਹੀਂ ਹੋ ਸਕਦੇ। ਅਸੀਂ ਜੀਵਨ ਦੀ ਬੇਚੈਨੀ ਵਿਚ ਹੀ ਸਾਰਾ ਸਮਾਂ ਬਤੀਤ ਕਰ ਦਿੰਦੇ ਹਾਂ ਅਤੇ ਇਹ ਹਰ ਵੇਲੇ ਸੋਚਦੇ ਰਹਿੰਦੇ ਹਾਂ, ਇਹ ਵੀ ਹੋ ਜਾਵੇ, ਉਹ ਵੀ ਹੋ ਜਾਵੇ। ਅੰਤ ਵਿੱਚ ਸਿੱਟਾ ਇਹ ਨਿਕਲਦਾ ਹੈ ਕਿ ਸਾਡੇ ਸਾਰੇ ਹੀ ਕੰਮ ਰਹਿ ਜਾਂਦੇ ਹਨ”।

ਆਦਰਸ਼

ਆਪ ਜੀ ਫਰਮਾਉਂਦੇ ਹਨ ਕਿ ਮੇਰੇ ਸਾਹਮਣੇ ਜੀਵਨ ਦੇ ਤਿੰਨ ਵੱਡੇ ਆਦਰਸ਼ ਸਨ :—

1. ਮਾਨਵਤਾ (Man Making) 2. ਜਨ ਸੇਵਾ (Man Service) ਅਤੇ ਭੂਮੀ ਸੇਵਾ (Land Service).

(1) ਮਾਨਵਤਾ   (Man Making)

ਇਸ ਨੂੰ ਭਾਵੇਂ ਮਨੁੱਖਤਾ ਦਾ ਵਿਕਾਸ ਕਹੋ ਭਾਵੇਂ ਜੋ ਮਰਜ਼ੀ ਕਹੋ। ਮਹਾਰਾਜ ਜੀ ਦੇ ਜੀਵਨ ਦਾ ਸਭ ਤੋਂ ਪਹਿਲਾ ਆਦਰਸ਼ ਇਹ ਸੀ, ਕਿ ਹਰ ਵਿਅਕਤੀ ਪੂਰਨ ਇਨਸਾਨ ਬਣੇ, ਅਤੇ ਦੂਜਿਆਂ ਨੂੰ ਵੀ ਬਣਾਵੇ।

ਇਨਸਾਨ ਸਰੀਰ ਰੱਖਦਾ ਹੈ, ਬੁੱਧੀ ਅਤੇ ਆਤਮਾ ਰੱਖਦਾ ਹੈ ਜਿਸ ਦਾ ਰੂਪ ਉਹ ਆਪ ਹੈ। ਮਨੁੱਖ ਸਰੀਰ ਨਹੀਂ ਸਗੋਂ ਆਤਮਾ ਹੈ, ਸਰੀਰ ਤਾਂ ਇਸ ਆਤਮਾ ਨੇ ਕੇਵਲ ਧਾਰਨ ਕੀਤਾ ਹੋਇਆ ਹੈ। ਇਹ ਸਾਡੀ ਆਤਮਾ ਬੁੱਧੀ ਅਤੇ ਸਰੀਰ, ਦੋਹਾਂ ਨੂੰ ਹੀ ਜੀਵਨ ਬਖਸ਼ਦੀ ਹੈ। ਇਸ ਜੀਵ ਨੂੰ ਇਨ੍ਹਾਂ ਤਿੰਨਾਂ ਪੱਖਾਂ ਤੋਂ ਹੀ ਉੱਨਤੀ ਕਰਨੀ ਪਵੇਗੀ ! ਸਰੀਰਕ ਉੱਨਤੀ ਵਿੱਚ ਬ੍ਰਹਮਚਰਯ ਦੀ ਰੱਖਿਆ। ਨੇਕ ਅਤੇ ਸਦਾਚਾਰੀ ਜੀਵਨ ਤੇ ਸਾਤਵਿਕ ਭੋਜਨ ( ਵੈਸ਼ਨੂੰ ਭੋਜਨ ) ਬੜੀਆਂ ਜ਼ਰੂਰੀ ਗੱਲਾਂ ਹਨ। ਇਹ ਸਰੀਰ ਇਕ ਘੋੜੇ ਦੇ ਸਮਾਨ ਹੈ ਅਤੇ ਅਸੀਂ ਇਸ ਘੋੜੇ ਤੋਂ ਮਾਨਵਤਾ ਦੀ ਉੱਨਤੀ ਦਾ ਕੰਮ ਲੈਣਾ ਹੈ।

ਪਰ ਉਹ ਕੰਮ ਹੈ ਕਿਹੜਾ ?

ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ
ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥੨॥
— ਆਦਿ ਗ੍ਰੰਥ (ਅੰਗ ੫੫੪)

ਬੁੱਧੀ ਦਾ ਕੰਮ ਹੈ ਸੰਸਾਰੀ ਕਾਰਵਿਹਾਰਾਂ ਦੀ ਪੜ੍ਹਾਈ ਕਰਨਾ, ਧਰਮ ਗ੍ਰੰਥਾਂ ਦਾ ਗਿਆਨ ਪ੍ਰਾਪਤ ਕਰਨਾ ਅਤੇ ਵਿਚਾਰ ਕਰਨੀ।

ਮਹਾਰਾਜ ਜੀ ਦਸਵੀਂ ਪਾਸ ਕਰਨ ਤੋਂ ਮਗਰੋਂ ਉੱਚ ਵਿੱਦਿਆ ਪ੍ਰਾਪਤ ਕਰਨਾ ਚਾਹੁੰਦੇ ਸਨ, ਪਰ ਵਾਤਾਵਰਨ, ਠੀਕ ਨਾ ਹੋਣ ਕਰਕੇ ਆਪ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ। ਪਰ ਫੇਰ ਵੀ ਤਿੱਖੀ ਬੁੱਧੀ ਅਤੇ ਪੜ੍ਹਾਈ ਵਿੱਚ ਰੁਚੀ ਹੋਣ ਕਾਰਣ ਗਿਆਨ ਪ੍ਰਾਪਤ ਕਰਨ ਵਿੱਚ ਆਪ ਜੀ ਨੂੰ ਅਸਚਰਜ ਭਰੀ ਉੱਨਤੀ ਮਿਲੀ।

ਸਾਡੇ ਸਰੀਰ ਦੀ ਸ਼ੋਭਾ ਸਾਡੀ ਆਤਮਾ ਨਾਲ ਹੈ! ਸਰੀਰ, ਆਤਮਾ ਦਾ ਘਰ ਹੈ ਅਤੇ ਆਤਮਾ ਇਸ ਦੀ ਵਸਨੀਕ ਹੈ। ਇਸ ਲਈ ਆਤਮਾ ਦਾ ਗਿਆਨ ਪ੍ਰਾਪਤ ਕਰਨਾ, ਇਸ ਨੂੰ ਜਾਨਣਾ ਕਿ ਇਹ ਹੈ ਕੀ ਚੀਜ਼ ਅਤੇ ਪ੍ਰਮਾਤਮਾ ਦੀ ਪ੍ਰਾਪਤੀ ਸਾਡਾ ਪਹਿਲਾ ਆਤਮਕ ਪੱਖ ਹੈ। ਆਤਮਾ ਉਸ ਪ੍ਰਮਾਤਮਾ ਦੀ ਅੰਸ਼ ਹੈ। ਪ੍ਰਮਾਤਮਾ ਮਹਾਨ ਚੇਤਨਤਾ ਦਾ ਠਾਠਾਂ ਮਾਰਦਾ ਸਮੁੰਦਰ ਹੈ ਅਤੇ ਆਤਮਾ ਉਸੇ ਸਮੁੰਦਰ ਦੀ ਇਕ ਬੂੰਦ ਹੈ ਅਤੇ ਇਸ ਵਿਚ ਵੀ ਚੇਤਨਤਾ ਦੇ ਉਹੀ ਗੁਣ ਭਰੇ ਹਨ ਜਿਹੜੇ ਪ੍ਰਮਾਤਮਾ ਵਿਚ, ਪਰੰਤੂ ਸਾਡੀ ਆਤਮਾ ਮਨ ਇੰਦਰੀਆਂ ਦੇ ਘਾਟ ਉਤੇ ਬਹਿ ਕੇ ਫੈਲਾਉ ਦੇ ਕਾਰਣ, ਇਤਨੀ ਮਲੀਣ ਹੋ ਗਈ ਹੈ ਕਿ ਇਸ ਨੂੰ ਚੇਤਾ ਹੀ ਭੁੱਲ ਗਿਆ ਕਿ ਮੈਂ ਕੀ ਹਾਂ ਅਤੇ ਦੇਹ ਵਿਚ ਬਹਿ ਕੇ ਇਹ ਵੀ ਭੁੱਲ ਗਿਆ ਕਿ ਮੈਂ ਆਤਮਾ ਹਾਂ ਜਾਂ ਸਰੀਰ। ਵਾਸਤਵ ਵਿਚ ਅਸੀਂ ਆਤਮਾ ਹਾਂ, ਸਰੀਰ ਨਹੀਂ, ਭਾਵ ਇਸ ਸਰੀਰ ਰੂਪੀ ਮਕਾਨ ਵਿਚ ਰਹਿਣ ਵਾਲੇ ਹਾਂ, ਮਕਾਨ ਨਹੀਂ। ਪੂਰਬਲੇ ਸੰਸਕਾਰਾਂ ਕਰਕੇ ਇਹ ਆਦਰਸ਼ ਮਹਾਰਾਜ ਜੀ ਦੇ ਅੱਗੇ ਮੁੱਢ ਤੋਂ ਹੀ ਰੱਖਿਆ ਹੋਇਆ ਸੀ ਕਿ ਆਤਮਾ, ਮਨ ਤੇ ਤਨ ਦੀ ਕੈਦ ਤੋਂ ਆਜ਼ਾਦ ਹੋਵੇ, ਬੰਧਨਾਂ ਤੋਂ ਮੁਕਤ ਹੋਵੇ, ਆਪਣੇ ਆਪ ਨੂੰ ਪਛਾਣੇ, ਆਪਣੇ ਜੀਵਨ ਆਧਾਰ ਪ੍ਰਮਾਤਮਾ ਨੂੰ ਜਾਣੇ ਉਸ ਪਰਮ ਤੱਤ, ਪ੍ਰਭੂ ਨੂੰ ਪ੍ਰਾਪਤ ਕਰੇ ਅਤੇ ਇਸ ਮਹਾਨ ਪ੍ਰਾਪਤੀ ਵਿਚ ਦੂਜਿਆਂ ਦੀ ਵੀ ਸਹਾਇਤਾ ਕਰੇ।

(2) ਜਨ ਸੇਵਾ   (Man Service)

ਮਨੁੱਖ ਜਾਤੀ ਦੀ ਸੇਵਾ ਦਾ ਦੂਜਾ ਨਿਸ਼ਾਨਾ ਵੀ ਆਪ ਦੇ ਅੱਗੇ ਉਤਨਾ ਹੀ ਪਰਬਲ ਸੀ। ਨਿਰਧਨ ਅਤੇ ਦੁਖੀ ਲੋਕਾਂ ਦੀ ਸੇਵਾ ਲਈ ਡਾਕਟਰੀ ਗਿਆਨ ਪ੍ਰਾਪਤ ਕਰਨ ਦੇ ਨਿਸ਼ਾਨੇ ਨੂੰ ਅੱਗੇ ਰੱਖ ਕੇ ਆਪ ਜੀ ਨੇ ਬਹੁਤ ਸਾਰੇ ਡਾਕਟਰੀ ਕਾਲਜਾਂ ਵਿਚੋਂ ਅਧਿਐਨ ਲਈ ਵੱਡੀਆਂ ਵੱਡੀਆਂ ਲਿਸਟਾਂ ਮੰਗਵਾਈਆਂ ਤਾਂ ਜੋ ਉਨ੍ਹਾਂ ਲੋਕਾਂ ਲਈ ਇਹ ਗਿਆਨ ਪ੍ਰਾਪਤ ਕਰਕੇ ਉਨ੍ਹਾਂ ਦੀ ਮੁਫ਼ਤ ਸੇਵਾ ਕਰ ਸਕਣ। ਭਾਵੇਂ ਕਈ ਕਾਰਣਾਂ ਕਰਕੇ ਮੈਡੀਕਲ ਕਾਲਜ ਵਿਚ ਪੜ੍ਹਾਈ ਲਈ ਦਾਖ਼ਲਾ ਨਾ ਲੈ ਸਕੇ, ਪਰ ਫਿਰ ਵੀ ਆਪ ਜੀ ਨੇ ‘ਹੋਮਿਉਪੈਥੀਦੀਆਂ ਦਵਾਈਆਂ ਦਾ ਗਿਆਨ ਘਰ ਬੈਠਿਆਂ ਹੀ ਪ੍ਰਾਪਤ ਕਰ ਲਿਆ ਸੀ, ਜਿਸ ਤੋਂ ਅਤਿਅੰਤ ਰੋਗੀਆਂ ਨੂੰ ਆਪ ਦੀਆਂ ਦਵਾਈਆਂ ਤੋਂ ਲਾਭ ਪਹੁੰਚਿਆ ਅਤੇ ਅੱਜ ਵੀ ਪਹੁੰਚ ਰਿਹਾ ਹੈ।

(3) ਅਤੇ ਭੂਮੀ ਸੇਵਾ   (Land Service)

ਭੂਮੀ ਸੇਵਾ ਦੇ ਸੰਬੰਧ ਵਿਚ ਆਪਦੇ ਸਾਹਮਣੇ ਇਹ ਮਹਾਨ ਆਦਰਸ਼ ਸੀ :—

“To grow a blade of grass is better than a patriots works”
( ਘਾਹ ਦਾ ਇੱਕ ਬਲੇਡ ਉਗਾਉਣਾ ਇੱਕ ਦੇਸ਼ ਭਗਤ ਦੇ ਕੰਮ ਨਾਲੋਂ ਬਿਹਤਰ ਹੈ )

ਅਰਥਾਤ ਖੇਤੀ ਦੁਆਰਾ ਜੀਵਾਂ ਦੇ ਖਾਣ ਪੀਣ ਲਈ ਕੁਝ ਪੈਂਦਾ ਕਰਨਾ, ਦੇਸ਼ ਭਗਤਾਂ ਦੀ ਸੇਵਾ ਕਰਨ ਤੋਂ ਕਿਤੇ ਮਹਾਨ ਅਤੇ ਉੱਤਮ ਕੰਮ ਹੈ। ਇਸ ਮਹਾਨ ਆਦਰਸ਼ ਨੂੰ ਗ੍ਰਹਿਣ ਕਰਨ ਅਤੇ ਇਸ ਉਤੇ ਚਲਣ ਦੀ ਅੱਜ ਦੇਸ਼ ਵਾਸੀਆਂ ਨੂੰ ਵਿਸ਼ੇਸ਼ ਰੂਪ ਵਿਚ ਲੋੜ ਹੈ।ਇਸ ਸੰਬੰਧ ਵਿਚ ਮਹਾਰਾਜ ਜੀ ਨੇ ਖੇਤੀ ਬਾੜੀ ਕਾਲਜ ‘ਲਾਇਲਪੁਰ ਤੋਂ ਪੁਸਤਕਾਂ ਵੀ ਮੰਗਵਾਈਆਂ, ਪਰੰਤੂ ਵਾਤਾਵਰਣ ਅਨੁਕੂਲ ਨਾ ਹੋਣ ਕਰਕੇ ਉਥੇ ਵੀ ਨਾ ਜਾ ਸਕੇ ! ਇਹ ਤਿੰਨ ਆਦਰਸ਼ ਉਨ੍ਹਾਂ ਸਾਰੀਆਂ ਪੁਸਤਕਾਂ ਅਤੇ ਧਰਮ ਗ੍ਰੰਥਾਂ ਦਾ ਨਿਚੋੜ ਸੀ, ਜਿਹੜੀਆਂ ਆਪ ਜੀ ਨੇ ਅੱਜ ਤਕ ਪੜ੍ਹੀਆਂ ਸਨ।

ਪ੍ਰਮਾਤਮਾ ਪਹਿਲਾਂ ਤੇ ਹੋਰ ਸਭ ਕੁਝ ਮਗਰੋਂ

ਆਪਣੇ ਮਹਾਨ ਪਰਉਪਕਾਰੀ ਜੀਵਨ ਦਾ ਵਰਨਣ ਕਰਦੇ ਹੋਏ ਮਹਾਰਾਜ ਜੀ ਫ਼ਰਮਾਉਂਦੇ ਹਨ, “ਦਸਵੀਂ ਪਾਸ ਕਰਨ ਤੋਂ ਮਗਰੋਂ ਜਦੋਂ ਮੈਂ ਸਕੂਲ ਦੀ ਪੜ੍ਹਾਈ ਤੋਂ ਨਿਸ਼ਚਿਤ ਹੋ ਗਿਆ ਤਾਂ ਮੈਂ ਆਪਣੇ ਆਪ ਉੱਤੇ ਸਵਾਲ ਕੀਤਾ ਕਿ ਜੀਵਨ ਵਿਚ ਸਭ ਤੋਂ ਮਹਾਨ ਅਤੇ ਪਹਿਲਾ ਕੰਮ ਮੈਂ ਕੀ ਕਰਨਾ ਹੈ ? ਮੇਰੇ ਜੀਵਨ ਦਾ ਮੁੱਖ ਆਦਰਸ਼ ਕੀ ਹੈ ? ਇਸ ਸਵਾਲ ਦਾ ਹੱਲ ਲੱਭਣ ਲਈ ਮੈਂ ਛੇ-ਸੱਤ ਦਿਨ ਲਾਏ ਕਿਉਂ ਜੋ ਇਕ ਆਦਰਸ਼ ਸਾਹਮਣੇ ਰੱਖ ਲਿਆ ਜਾਵੇ ਤਾਂ ਫਿਰ ਜਿਹੜਾ ਵੀ ਇਕ ਇਕ ਕਦਮ ਚੁੱਕਿਆ ਜਾਵੇ, ਇਸ ਮਹਾਨ ਆਦਰਸ਼ ਦੀ ਪ੍ਰਾਪਤੀ ਵਿਚ ਸਹਾਈ ਹੋਵੇ । ਇਸ ਸੰਬੰਧ ਵਿਚ ਜੀਵਨ ਦੇ ਹਰ ਪੱਖ ਉਤੇ ਚੰਗੀ ਤਰ੍ਹਾਂ ਵਿਚਾਰ ਕਰਨ ਤੋਂ ਮਗਰੋਂ ਇਹ ਫੈਸਲਾ ਹੋਇਆ ਕਿ ਮੇਰਾ ਪ੍ਰਭੂ ਪਹਿਲਾਂ ਤੇ ਸੰਸਾਰ ਉਸ ਤੋਂ ਮਗਰੋਂ (God First and World after)”।

ਮਹਾਰਾਜ ਜੀ ਦੇ ਸਤਿਸੰਗ ਬਚਨਾਂ ਤੋਂ ਅਨੁਭਵ ਹੁੰਦਾ ਹੈ ਕਿ ਆਪ ਜੀ ਨੇ ਇਸ ਪ੍ਰਸ਼ਨ ਦੇ ਹਰ ਇਕ ਅੰਗ ਉਤੇ ਬਹੁਤ ਬਰੀਕੀ ਅਤੇ ਦੂਰਦ੍ਰਿਸ਼ਟੀ ਨਾਲ ਵਿਚਾਰ ਕੀਤੀ। ਆਪ ਦਾ ਫ਼ਰਮਾਨ ਹੈ ਕਿ, “ਮਨੁੱਖੀ ਵਿਚਾਰਾਂ ਦਾ ਮਹੱਲ ਮਨ ਦੀ ਕਲਪਨਾਂ ਉਤੇ ਆਧਾਰਤ ਹੈ। ਜਦੋਂ ਇਹ ਆਤਮ ਗਿਆਨ ਨਾਂ ਹੋਣ ਕਰਕੇ ਝੂਠੇ ਸਿੱਧ ਹੋ ਜਾਂਦੇ ਹਨ ਤਾਂ ਇਹ ਸੰਸਾਰੀ ਵਿਚਾਰਾਂ ਦਾ ਮਹੱਲ ਰੇਤੇ ਦੀ ਦੀਵਾਰ ਵਾਂਗ ਢਹਿ ਜਾਂਦਾ ਹੈ। ਸੰਸਾਰ ਦੀ ਸਾਰੀ ਵਿੱਦਿਆ ਅਤੇ ਹੋਰ ਗਿਆਨ ਅਤੇ ਸਿਆਣਪ, ਜਲ, ਪ੍ਰਿਥਵੀ ਅਤੇ ਵਾਯੂ ਦੇ ਨਾਸ਼ਵਾਨ ਤੱਤਾਂ ਤੋਂ ਬਣਿਆ ਹੋਇਆ ਹੈ। ਜੇ ਕੁਦਰਤ ਦੀ ਸ਼ਕਤੀ ਨੂੰ ਵਸ ਵਿੱਚ ਕਰ ਲਿਆ ਤਾਂ ਕੀ ਹੋਇਆ ? ਇਹ ਸੰਸਾਰੀ ਸਮਾਨ ਤਾਂ ਮਰਨ ਤੋਂ ਮਗਰੋਂ ਸਾਰੇ ਦੇ ਸਾਰੇ ਏਥੇ ਹੀ ਰਹਿ ਜਾਣਗੇ”। ਸਮਾਨ ਤਾਂ ਕੀ ਇਹ ਸਰੀਰ ਵੀ ਜੋ ਜਨਮ ਵੇਲੇ ਨਾਲ ਆਇਆ ਸੀ, ਜਾਣ ਵੇਲੇ ਨਾਲ ਨਹੀਂ ਜਾਵੇਗਾ।

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥
ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ ॥੧॥
— ਆਦਿ ਗ੍ਰੰਥ (ਪੰਨਾ ੭੨੬)

ਭਾਵ :— ਮਨੁੱਖ ਨੇ ਜੇਕਰ ਸੰਸਾਰ ਦੇ ਸਾਰੇ ਐਸ਼ ਆਰਾਮ ਅਤੇ ਧਨ ਦੌਲਤ ਪ੍ਰਾਪਤ ਕਰ ਲਏ, ਪਰੰਤੂ ਆਪਣੇ ਆਪ (ਆਤਮਾ) ਨੂੰ ਨਾ ਜਾਣਿਆ ਤਾਂ ਕੀ ਨਫ਼ਾ ਖੱਟਿਆ ? ਮਹਾਰਾਜ ਜੀ ਨੇ ਇਸ ਪ੍ਰਸ਼ਨ ਦੇ ਹਰ ਇਕ ਪੱਖ ਨੂੰ ਇਤਨੀ ਸੂਖਸ਼ਮ ਦ੍ਰਿਸ਼ਟੀ ਨਾਲ ਤੱਕਿਆ, ਇਸ ਗੱਲ ਤੋਂ ਪ੍ਰਗਟ ਹੁੰਦਾ ਹੈ ਕਿ ਜਦ ਆਪ ਸਤਿਸੰਗ ਵਿੱਚ ਇਸ ਵਿਸ਼ੇ ਉਤੇ ਗੱਲ ਕਰਦੇ ਹਨ, ਤਾਂ ਸਤਿਸੰਗੀ ਭੈਣ ਅਤੇ ਭਰਾਵਾਂ ਦੇ ਦਿਲਾਂ ਅਤੇ ਦਿਮਾਗਾਂ ਉਤੋਂ ਸਾਰੇ ਪਰਦੇ ਲਹਿ ਜਾਂਦੇ ਹਨ, ਸਾਰੇ ਸ਼ੰਕੇ ਦੂਰ ਹੋ ਜਾਂਦੇ ਹਨ ਅਤੇ ਪਰਮਾਰਥ ਦੇ ਸਾਹਮਣੇ ਸੰਸਾਰ ਦੇ ਸਾਰੇ ਪਦਾਰਥ, ਹੁਸ਼ਿਆਰੀ, ਸੋਚ-ਵਿਚਾਰ ਸੁਭਾਵਕ ਤੌਰ ਤੇ ਹੀ ਵਿਅਰਥ ਦਿੱਸਣ ਲੱਗ ਪੈਂਦੇ ਹਨ। ਮੁੱਕਦੀ ਗੱਲ ਇਹ ਕਿ ਆਤਮਾ ਦਾ ਗਿਆਨ ਹੀ ਸਾਰੀ ਵਿੱਦਿਆ ਦਾ ਮੂਲ ਮੰਤਰ ਹੈ ਤੇ ਬਾਕੀ ਦੇ ਸਾਰੇ ਗਿਆਨ ਫੋਕੇ ਹਨ।

ਇੱਲਤੇ ਜੁਮਲਾ ਇਲਮਹਾ ਇਨਸਤੋ ਈ, ਤਾਤੋ ਦਾਨੀ ਸਨ ਕਾਇਮ ਦਰ ਯੋਮੇਂ ਦੀ।
ਕੀਮਤੇ ਹਰ ਕਾਲਹ ਮੀਦਾਨੀ ਕੇ ਚੀਸਤ, ਕੀਮਤੇ ਖੁਦਰਾ ਨਾਦਾਨੀ ਇਬਲ ਹੀਸਤ।

ਸਾਰੇ ਸੰਸਾਰੀ ਇਲਮਾਂ ਦਾ ਮੂਲ ਮੰਤਵ ਕੀ ਹੈ ? ਕੇਵਲ ਇਹ ਕਿ ਤੂੰ ਕੀ ਹੈਂ। ਸਾਰੇ ਇਲਮਾਂ ਨੂੰ ਜਾਨਣ ਤੋਂ ਮਗਰੋਂ ਜੇਕਰ ਤੂੰ ਆਪਣੇ ਆਪ ਨੂੰ ਨਹੀਂ ਜਾਣਿਆਂ, ਤਾਂ ਤੂੰ ਮੂਰਖਾਂ ਦਾ ਮੂਰਖ ਹੈਂ ਅਤੇ ਮਹਾ ਅਗਿਆਨੀ ਹੈਂ। ਆਖਰ ਸੋਚਣਾਂ ਇਸ ਗੱਲ ਦਾ ਹੈ ਕਿ ਸੰਸਾਰ ਦੇ ਸਾਰੇ ਧਰਮ ਗ੍ਰੰਥ, ਜਿਨ੍ਹਾਂ ਉਤੇ ਸਾਰੇ ਧਰਮ ਖੜੇ ਹਨ, ਇਹ ਕਿਥੋਂ ਆਏ ? ਇਹ ਪੂਰਨ ਪੁਰਸ਼ਾਂ ਦੇ ਹਿਰਦੇ ਵਿਚੋਂ ਨਿਕਲੇ ਹਨ। ਇਨ੍ਹਾਂ ਗ੍ਰੰਥਾਂ ਵਿਚ ਪੂਰਨ ਪੁਰਸ਼ਾਂ ਦੇ, ਪ੍ਰਮਾਤਮਾਂ ਨੂੰ ਪਾਉਣ ਦੇ ਆਪਣੇ ਨਿਜੀ ਅਨੁਭਵਾਂ ਦਾ ਵਰਨਣ ਹੈ, ਜਿਨ੍ਹਾਂ, ਰਾਹੀਂ ਉਨ੍ਹਾਂ ਨੇ ਆਤਮਾ ਨੂੰ ਜਾਣਿਆਂ ਅਤੇ ਪ੍ਰਮਾਤਮਾ ਨੂੰ ਪਾਇਆ। ਵਾਸਤਵ ਵਿਚ ਪ੍ਰਮਾਤਮਾ ਕਹਿਣ ਸੁਣਨ ਤੋਂ ਪਰੇ ਹੈ। ਧਰਮ ਗ੍ਰੰਥਾਂ ਵਿਚ ਕੇਵਲ ਪ੍ਰਮਾਤਮਾਂ ਨੂੰ ਪਾਉਣ ਦੇ ਵਸੀਲੇ ਦੱਸੇ ਗਏ ਹਨ।

ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥
ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥੧੨॥
ਜਿਨਮਤ ਬੇਦ ਕਤੇ ਬਨ ਤਿਆਗੀ, ਪਾਰ ਬ੍ਰਹਮ ਕੇ ਭਏ ਅਨੁਰਾਗੀ॥
— ਆਦਿ ਗ੍ਰੰਥ (ਪੰਨਾ ੧੪੨੭)

ਫੇਰ ਕਿਉਂ ਨਾ ਦੋ ਪੰਨਿਆਂ ਵਾਲੀ ਸਰੀਰਕ ਪੁਸਤਕ (human body) ਨੂੰ ਖੋਜਿਆ ਜਾਵੇ ਜਿਸ ਵਿਚੋਂ ਇਹ ਸਾਰੇ ਇਲਮ ਅਤੇ ਧਰਮ ਗ੍ਰੰਥ ਨਿਕਲੇ ਹਨ। ਸੰਸਾਰ ਭਰ ਦੇ ਧਰਮਾਂ ਗ੍ਰੰਥਾਂ ਅਤੇ ਪੂਰਨ ਪੁਰਸ਼ਾਂ ਦੀਆਂ ਪਵਿੱਤਰ ਬਾਣੀਆਂ ਦੇ ਥਾਂ ਥਾਂ ਸੰਕੇਤ ਦੇ ਕੇ ਇਸ ਵਿਸ਼ੇ ਨੂੰ ਖੁੱਲ੍ਹ ਕੇ ਸਮਝਾਉਂਦੇ ਹਨ, ਜਿਸ ਰਾਹੀਂ ਸਾਨੂੰ ਸਪਸ਼ਟ ਰੂਪ ਵਿਚ ਪਤਾ ਲੱਗ ਜਾਂਦਾ ਹੈ ਕਿ ਆਪ ਜੀ ਨੂੰ ਆਪਣੀ ਜ਼ਿੰਦਗੀ ਦੇ “ਮਿਸ਼ਨ” ਦਾ ਮੁੱਢ ਤੋਂ ਹੀ ਪਤਾ ਸੀ ਅਤੇ ਇਹ ਪ੍ਰੋਗਰਾਮ ਆਪ ਪਹਿਲਾਂ ਤੋਂ ਹੀ ਨੀਅਤ ਕੀਤਾ ਹੋਇਆ ਲੈ ਕੇ ਆਏ ਸਨ। ਪਰ ਫੇਰ ਵੀ ਆਪ ਨੇ ਇਕ ਆਮ ਬੰਦੇ ਦੇ ਰੂਪ ਵਿਚ ਇਸ ਪ੍ਰਸ਼ਨ ਦੇ ਸਾਰੇ ਪੱਖਾਂ ਦਾ ਅਨੁਭਵ ਕੀਤਾ। ਅਤੇ ਮਨੁੱਖੀ ਪੱਧਰ ਉਤੇ ਬਹਿ ਕੇ ਪ੍ਰਸ਼ਨ ਦਾ ਹੱਲ ਲੱਭਿਆ।

ਓ ਜਾਣ ਵਾਲੇ ਰਤਾ ਸਾਡੇ ਵੱਲ ਧਿਆਨ ਕਰ

ਜੀਵਨ ਦੇ ਆਦਰਸ਼ ਦਾ ਫੈਸਲਾ ਕਰਨ ਤੋਂ ਥੋੜਾ ਸਮਾਂ ਮਗਰੋਂ ਦੀ ਗੱਲ ਹੈ ਕਿ ਪਰਮਾਰਥ ਦੀ ਸੁਲਘਦੀ ਹੋਈ ਅਗਨੀ ਨੂੰ ਆਪ ਨੇ ਭੜਕਦੀ ਹੋਈ ਅੱਗ ਦਾ ਰੂਪ ਦੇ ਦਿੱਤਾ ਜਿਸ ਨਾਲ ਹੋਰ ਪ੍ਰਕਾਰ ਦੇ ਵਿਚਾਰ ਆਤਮਕ ਜੋਤੀ ਨਾਲ ਜਲ ਕੇ ਸੁਆਹ ਹੋ ਗਏ।

ਇਸ ਘਟਨਾਂ ਦਾ ਵਰਨਣ ਕਰਦੇ ਹੋਏ ਆਪ ਫ਼ਰਮਾਉਂਦੇ ਹਨ, ਕਿ “ਲਾਹੌਰ ਵਿਚ ਮੈਨੂੰ ਇਕ ਜਵਾਨ ਇਸਤਰੀ ਨੂੰ ਵੇਖਣ ਦਾ ਅਵਸਰ ਮਿਲਿਆ, ਜਿਸ ਦਾ ਅੰਤ ਸਮਾਂ ਨੇੜੇ ਆ ਗਿਆ ਸੀ। ਉਹ ਭਲੀ ਬੈਠੀ ਗੱਲਾਂ ਕਰ ਰਹੀ ਸੀ ਕਿ ਅਚਾਨਕ ਬੋਲੀ, ‘ਅੱਛਾ ਮੈਂ ਹੁਣ ਜਾਂਦੀ ਹਾਂ’ ਅਤੇ ਵੇਖਦਿਆਂ ਵੇਖਦਿਆਂ ਉਸ ਦਾ ਸਰੀਰ ਠੰਢਾ ਹੋ ਗਿਆ। ਮੈਂ ਵੇਖਕੇ ਹੈਰਾਨ ਹੋਇਆ ਕਿ ਥੋੜੀ ਦੇਰ ਪਹਿਲਾਂ ਇਹ ਇਸਤਰੀ ਸਾਡੇ ਵਾਂਗ ਜਿਊਂਦੀ ਜਾਗਦੀ ਅਤੇ ਭਲੀ ਚੰਗੀ ਗੱਲਾਂ ਕਰ ਰਹੀ ਸੀ ਇਸ ਵਿਚੋਂ ਕਿਹੜੀ ਚੀਜ਼ ਨਿਕਲ ਗਈ ਹੈ, ਜਿਹੜੀ ਹਾਲੇ ਸਾਡੇ ਅੰਦਰ ਬਿਰਾਜ਼ਮਾਨ ਹੈ। ਉਹ ਕੀ ਚੀਜ਼ ਹੈ ? ਅੰਤਰ ਵਿਚ ਆਤਮਕ ਅਨੰਦ ਮੈਨੂੰ ਮੁੱਢ ਤੋਂ ਹੀ ਪ੍ਰਾਪਤ ਸੀ, ਭਾਵੇਂ ਕਦੇ ਕਦੇ ਇਸ ਦਾ ਸੰਬੰਧ ਟੁੱਟ ਜਾਂਦਾ ਸੀ। ਰੂਹਾਨੀ ਮੰਡਲ ਦੀ ਰਸਾਈ ਵੀ ਮੈਨੂੰ ਪ੍ਰਾਪਤ ਸੀ, ਪਰ ਇਸ ਦਾ ਪੂਰਾ ਗਿਆਨ ਮੈਨੂੰ ਉਸ ਸਮੇਂ ਤਕ ਨਾ ਹੋਇਆ ਜਦੋਂ ਤਕ ਮੈਂ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਚਰਨਾਂ ਵਿਚ ਨਾ ਗਿਆ”।

ਆਪ ਉਸ ਇਸਤਰੀ ਦੀ ਅਰਥੀ ਨਾਲ ਵੀ ਗਏ। ਉਥੇ ਕੀ ਵੇਖਿਆ ਕਿ ਨੇੜੇ ਹੀ ਇਕ ਬੁੱਢੇ ਆਦਮੀ ਦੀ ਲਾਸ਼ ਵੀ ਚਿਤਾ ਉਤੇ ਪਈ ਸੀ। ਉਸ ਨੂੰ ਵੇਖਕੇ ਆਪਦੇ ਮਨ ਵਿਚ ਵਿਚਾਰ ਆਇਆ ਕਿ ਮੌਤ ਬੁੱਢੇ ਅਤੇ ਜਵਾਨ ਦਾ, ਕਿਸੇ ਦਾ ਵੀ ਲਿਹਾਜ਼ ਨਹੀਂ ਕਰਦੀ। ਜਵਾਨ ਹੋਵੇ ਭਾਵੇਂ ਬੁੱਢਾ, ਕਰਮਾਂ ਦਾ ਚੱਕਰ ਹਰ ਇਕ ਦੇ ਸਿਰ ਉਤੇ ਖਲੌਤਾ ਹੈ ਅਤੇ ਹਿਸਾਬ ਕਿਤਾਬ ਮੁੱਕ ਜਾਣ ਤੋਂ ਮਗਰੋਂ ਸਰੀਰ ਸਭਨਾਂ ਨੂੰ ਹੀ ਛੱਡਣਾ ਪੈਂਦਾ ਹੈ, ਇਸ ਵਿਚ ਕਿਸੇ ਦਾ ਲਿਹਾਜ਼ ਨਹੀਂ। ਜਦ ਉਥੋਂ ਮੁੜ ਵਾਪਸ ਆਏ, ਤਾਂ ਮੁਨਸ਼ੀ ਗੁਲਾਬ ਸਿੰਘ ਦੀ ਸਮਾਧੀ ਉਤੇ ਲਿਖੇ ਹੋਏ ਇਹ ਸ਼ਬਦ ਪੜ੍ਹੇ :—

“ਐ ਜਾਨੇ ਵਾਲੇ ਕਭੀ ਹਮ ਭੀ ਤੇਰੀ ਤਰਹ ਜ਼ਮੀਨ ਪਰ ਚਲਤੇ ਫਿਰਤੇ ਥੇ,
ਲੇਕਿਨ ਆਜ ਖਾਕ ਬਨ ਕਰ ਪਾਓ ਤਲੇ ਦਬੇ ਪੜੇ ਹੈ“ ।

ਇੱਕੋ ਦਿਨ ਵਿਚ ਤਿੰਨ ਘਟਨਾਵਾਂ ਵੇਖਕੇ ਆਪ ਫ਼ਰਮਾਉਂਦੇ ਹਨ, “ਇਹ ਸਮਾਧ ਉਤੇ ਲਿਖੀ ਹੋਈ ਲਾਈਨ ਪੜ੍ਹਦੇ ਦਿਲ ਨੂੰ ਬੜੀ ਡੂੰਘੀ ਸੱਟ ਲੱਗੀ ! ਉਸ ਦਿਨ ਤੋਂ ਮੇਰੀ ਅੱਖੀਆਂ ਵਿਚੋਂ ਨੀਂਦ ਉੱਡ ਗਈ, (ਭਾਵੇਂ ਸੱਤਵੀਂ ਸ਼ਰੇਣੀ ਤੋਂ ਹੀ ਨੀਂਦ ਤਾਂ ਆਪ ਜੀ ਨੂੰ ਬਹੁਤ ਘੱਟ ਆਉਣ ਲਗ ਪਈ ਸੀ) ! ਇਸ ਤੋਂ ਮਗਰੋਂ ਮੇਰੀ ਸਾਰੀ ਜ਼ਿੰਦਗੀ ਇਕ ਖੋਜ ਬਣ ਕੇ ਰਹਿ ਗਈ ਕੇਵਲ ਇਸ ਗੱਲ ਦੀ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਸਰੀਰ ਨੂੰ ਜਿਊਂਦਾ ਰੱਖਦੀ ਹੈ ਅਤੇ ਜਦ ਇਸ ਵਿਚੋਂ ਨਿਕਲ ਜਾਂਦੀ ਹੈ ਤਾਂ ਇਹ ਸਰੀਰ ਮਿੱਟੀ ਦਾ ਢੇਰ ਬਣ ਕੇ ਰਹਿ ਜਾਂਦਾ ਹੈ”।

ਇਸ ਤੜਫ ਅਤੇ ਖੋਜ ਨੇ ਕਈ ਰੰਗ ਵਖਾਏ। ਇਸ ਤੋਂ ਮਗਰੋਂ ਆਪ ਨੇ ਸਾਰੇ ਧਰਮਾਂ ਦੀਆਂ ਜਿਤਨੀਆਂ ਵੀ ਪੁਸਤਕਾਂ ਤੇ ਗ੍ਰੰਥ ਮਿਲ ਸਕੇ, ਧੀਰਜ ਨਾਲ ਪੜ੍ਹੇ। ਵੇਦਾਂ, ਸ਼ਾਸਤਰਾਂ ਅਤੇ ਉਪਨਿਸ਼ਦਾਂ ਦੇ ਅਨੁਵਾਦ ਪੜ੍ਹੇ। ਪੰਡਤ ਗੁਰੂ ਦੱਤ ਦੀਆਂ ਵਿਆਖਿਆਵਾਂ ਪੜ੍ਹੀਆਂ ਅਤੇ ਇਸੇ ਸੰਬੰਧ ਵਿਚ ਸੂਫੀ ਮਹਾਤਮਾਵਾਂ ਦੀਆਂ ਬਾਣੀਆਂ ਦਾ ਸਾਰ-ਅੰਸ਼ ਸਮਝਣ ਲਈ “ਮੁਨਸ਼ੀ ਫਾਜ਼ਿਲ” (ਫਾਰਸੀ ਭਾਸ਼ਾ ਦੀ ਪ੍ਰੀਖਿਆ) ਦੀ ਤਿਆਰੀ ਵੀ ਕੀਤੀ ਕਿਉਂ ਜੋ ਮੋਲਾਨਾ ਰੂਮ ਸਾਹਿਬ, ਸ਼ਮਸ ਤਬਰੇਜ਼, ਖ਼ਵਾਜਾ ਹਾਫਿਜ਼ ਅਤੇ ਹੋਰ ਮਹਾਂਪੁਰਸ਼ਾਂ ਦੇ ਕਲਾਮਾਂ ਦਾ ਗਿਆਨ ਹੋ ਸਕੇ! ਬਾਇਬਲ ਅਤੇ ਇਸਾਈ ਪੂਰਨ ਪੁਰਸ਼ਾਂ ਦੀਆਂ ਸਾਖੀਆਂ ਵੀ ਪੜ੍ਹੀਆਂ। ਮੁੱਕਦੀ ਗੱਲ ਇਹ ਕਿ ਜਿਥੇ ਕਿਤੇ ਵੀ ਕਿਸੇ ਮਹਾਤਮਾਂ ਦਾ ਪਤਾ ਲੱਗਿਆ, ਉਥੇ ਹੀ ਗਏ ਅਤੇ ਹੋਰ ਕੀ ਕੁਝ ਨਹੀਂ ਕਰਨਾ ਪਿਆ। ਜਦੋਂ ਦਿਲ ਦੀ ਲਗਨ ਹੋਵੇ ਬੰਦਾ ਕੀ ਕੁਝ ਨਹੀਂ ਕਰਦਾ, ਇਹ ਤਾਂ ਉਸ ਤੋਂ ਵੀ ਵੱਧ ਆਤਮਾ ਦੀ ਲਗਨ ਸੀ।

ਪੂਰਨ ਪੁਰਸ਼ਾਂ ਦੇ ਜੀਵਨ ਅਤੇ ਬਾਣੀਆਂ ਵਿੱਚ ਵਿਛੋੜੇ ਅਤੇ ਵਿਜੋਗ ਦੀ ਜਿਸ ਅਵਸਥਾ ਦਾ ਵਰਣਨ ਆਉਂਦਾ ਹੈ, ਉਨ੍ਹਾਂ ਹਾਲਤਾਂ ਵਿਚੋਂ ਆਪ ਜੀ ਨੂੰ ਵੀ ਲੰਘਣਾ ਪਿਆ ਜਿਸ ਦਾ ਸੰਕੇਤ ਗੁਰਬਾਣੀ ਦੀ ਇਸ ਪਵਿਤਰ ਤੁਕ ਤੋਂ ਮਿਲਦਾ ਹੈ :—

ਹਸ ਹਸ ਕੰਤ ਨ ਪਾਇਆ ਜਿਨ ਪਾਇਆ ਤਿਨ ਰੋਇ ॥
ਹਾਸੀ ਖੇਲੇ ਪੀਆ ਮਿਲੇ ਤੋਂ ਕੌਣ ਦੁਹਾਗਨ ਹੋਇ ॥
— ਕਬੀਰ ਸਾਹਿਬ

हंसि हंसि कंत न पाइए, जिनि पाया तिनि रोइ।
जो हाँसेही हरि मिलै, तो नहीं दुहागनि कोइ॥29॥
— कबीर साहेब (बिरह कौ अंग)

ਬਿਰਹਾ ਦੇ ਪ੍ਰਸੰਗ ਵਿਚ ਆਪ ਨੇ ਇਕ ਵਾਰ ਫ਼ਰਮਾਇਆ ਹੈ, “ਕੌਣ ਇਤਨਾ ਰੋਇਆ ਹੋਵੇਗਾ, ਜਿਤਨਾ ਮੈਂ ਰੋਇਆ ਹਾਂ! ਕਈ ਵਾਰੀ ਇੱਦਾਂ ਵੀ ਹੋਇਆ ਕਿ ਦਫਤਰ ਵਿਚ ਬੈਠਿਆਂ ਬੇਵਸ ਹੋ ਕੇ ਅੱਖੀਆਂ ਤੋਂ ਵਿਜੋਗ ਦੇ ਹੰਝੂਆਂ ਦੀ ਇਤਨੀ ਝੜੀ ਲੱਗਣੀ ਕਿ ਸਾਰੇ ਕਾਗਜ਼ ਪੱਤਰ ਭਿੱਜ ਜਾਣੇ”। ਵਿਛੋੜੇ ਅਤੇ ਬੇਵਸੀ ਦੀਆਂ ਰੰਗਾ ਰੰਗ ਹਾਲਤਾਂ ਦਾ ਵਰਣਨ, ਆਪ ਜੀ ਨੇ ਆਪਣੇ ਸਤਿਸੰਗ ਪ੍ਰਵਚਨਾਂ ਵਿਚ ਬੜੇ ਪ੍ਰੇਮ ਪੂਰਵਕ ਖੋਲ੍ਹ ਖੋਲ੍ਹ ਕੇ ਵਰਣਨ ਕੀਤਾ ਹੈ, ਅਤੇ ਵਿਗਿਆਨਕ ਢੰਗ ਨਾਲ ਇਸ ਉਤੇ ਚਾਨਣਾ ਪਾਇਆ ਹੈ। ਆਪ ਫ਼ਰਮਾਉਂਦੇ ਹਨ ਕਿ ਵਿਛੋੜੇ ਦੀ ਅਗਨੀ ਅਜੇਹੀ ਤੜਫਾਉਂਦੀ ਹੈ ਜਿਸ ਵਿਚ ਲੋਕ ਪ੍ਰਲੋਕ ਭੁੱਲ ਜਾਂਦੇ ਹਨ ਅਤੇ ਕੇਵਲ ਉਸ ਮਾਲਕ ਦੀ ਯਾਦ ਬਾਕੀ ਰਹਿ ਜਾਂਦੀ ਹੈ।

ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ
ਫਰੀਦਾ ਜਿਤੁ ਤਨਿ ਬਿਰਹੁ ਊਪਜੈ ਸੋ ਤਨੁ ਜਾਣੁ ਮਸਾਨੁ ॥੩੬॥
— ਸਲੋਕ ਫਰੀਦ ਜੀ, ਗੁਰੂ ਗ੍ਰੰਥ ਸਾਹਿਬ (ਅੰਗ ੧੩੭੯ ਪੰ. ੧੫)

ਭਾਵ ਜਿਸ ਮਨੁੱਖ ਅੰਦਰ ਵਿਜੋਗ ਨਹੀਂ ਉਪਜਦਾ ਉਹ ਮੋਇਆ ਸਮਾਨ ਹੈ। ਜਿਸ ਹਿਰਦੇ ਅੰਦਰ ਵਿਯੋਗ ਦੀ ਅਗਨੀ ਭੜਕ ਉਠੀ, ਸਮਝ ਲਉ ਕਿ ਉਸ ਦੇ ਪ੍ਰਭ ਪ੍ਰਮਾਤਮਾ ਨਾਲ ਮੇਲ ਦੇ ਦਿਨ ਆ ਗਏ। ਜਿਵੇਂ ਕਿਸੇ ਟਾਹਲੀ ਨੂੰ ਲਗੇ ਹੋਏ ਫੁੱਲ, ਉਸ ਨੂੰ ਫਲ ਲੱਗਣ ਦੀ ਸੂਚਨਾ ਦਿੰਦੇ ਹਨ, ਇਸੇ ਪ੍ਰਕਾਰ ਜੇ ਜੀਵ ਦੇ ਹਿਰਦੇ ਵਿੱਚ ਤੜਪ ਜਾਗ ਉੱਠੇ ਤਾਂ ਸਮਝ ਲਉ ਪ੍ਰਮਾਤਮਾ ਨੂੰ ਮਿਲਣ ਦੇ ਦਿਨ ਆ ਗਏ।

ਸਾਧੂਆਂ ਨਾਲ ਭੇਟ

ਸੰਸਾਰ ਦੇ ਸਾਰੇ ਧਾਰਮਕ ਗ੍ਰੰਥ ਪੜ੍ਹਨ ਤੋਂ ਮਗਰੋਂ ਗੁਰੂ ਦੀ ਲੋੜ ਦੀ ਤੜਫ ਤਾਂ ਦਿਲ ਵਿੱਚ ਜਾਗ ਹੀ ਉਠੀ ਸੀ ਪਰੰਤੂ ਮਨ ਵਿਚ ਹਰ ਵੇਲੇ ਇਹ ਡਰ ਪਿਆ ਰਹਿੰਦਾ ਕਿ ਕਿਤੇ ਕਿਸੇ ਅਧੂਰੇ ਗੁਰੂ ਨਾਲ ਪੱਲਾ ਨਾ ਪੈ ਜਾਵੇ ਜਿਹੜਾ ਮਾਲਕ ਤਕ ਪਹੁੰਚਾਉਣ ਵਿਚ ਨਿਸਫਲ ਰਹੇ ਅਤੇ ਐਵੇਂ ਹੀ ਜੀਵਨ ਬਰਬਾਦ ਨਾ ਚਲਾ ਜਾਵੇ। ਸੋ ਇਸ ਸੰਬੰਧ ਵਿੱਚ ਆਪ ਬਹੁਤ ਸਾਰੇ ਪੀਰਾਂ, ਫਕੀਰਾਂ ਅਤੇ ਮਹਾਤਮਾਵਾਂ ਨੂੰ ਮਿਲੇ। ਇੱਕ ਵਾਰ ਕਿਸੇ ਜਾਣਕਾਰ ਨੇ ਆਪ ਨੂੰ ਸੂਚਨਾਂ ਦਿਤੀ ਕਿ ਇਕ ਬੜੇ ਉੱਚੇ ਮਹਾਤਮਾ ਆਏ ਹੋਏ ਹਨ, ਜਿਨ੍ਹਾਂ ਦੀ ਸੱਚਖੰਡ ਤੱਕ ਰਸਾਈ ਹੈ। ਆਪ ਇਹ ਸੁਣ ਕੇ ਉਸ ਮਹਾਤਮਾ ਕੋਲ ਪਹੁੰਚੇ। ਉਸ ਮਹਾਤਮਾ ਤੋਂ ਜਦੋਂ ਮਹਾਰਾਜ ਜੀ ਨੇ ਆਤਮਕ ਵਰਦਾਨ ਮੰਗਿਆਂ ਤਾਂ ਉਸ ਨੇ ਉੱਤਰ ਵਿਚ ਮਹਾਰਾਜ ਜੀ ਨੂੰ ਕਿਹਾ, “ਇਸ ਮਾਰਗ ਵਿੱਚ ਸੀਸ ਦਾ ਬਲੀਦਾਨ ਦੇਣਾ ਪਵੇਗਾ ਤਾਂ ਕਿਤੇ ਅੰਦਰ ਦਾ ਰਾਹ ਖੁੱਲ੍ਹੇਗਾ”। ਮਹਾਰਾਜ ਜੀ ਨੇ ਸੋਚਿਆ ਕਿ ਜਿਹੜਾ ਆਪ ਹੀ ਮੰਗਤਾ ਹੈ ਉਹ ਦੂਜੇ ਨੂੰ ਕੀ ਦੇ ਸਕਦਾ ਹੈ। ਇਸ ਉਤੇ ਆਪ ਨੇ ਉਸ ਨੂੰ ਨਮਸਕਾਰ ਕੀਤਾ ਅਤੇ ਉੱਠ ਕੇ ਚਲੇ ਗਏ। ਜਿਨ੍ਹਾਂ ਨੇ ਲੈਣਾ ਸੀ, ਉਹ ਆਪ ਹੀ ਸੀਸ ਲੈ ਗਏ।

ਇਕ ਵਾਰ ਇਕ ਹੋਰ ਸਾਧੂ ਨਾਲ ਆਪ ਦੀ ਭੇਂਟ ਹੋਈ ਅਤੇ ਉਸ ਤੋਂ ਅੰਤਰਮੁਖੀ ਅਨੁਭਵ ਦੀ ਮੰਗ ਕੀਤੀ। ਉਹ ਸਾਧੂ ਵੀ ਕੱਚਾ ਸੀ। ਜਦੋਂ ਉਸ ਨੇ ਵੇਖਿਆ ਕਿ ਹੁਣ ਉਹ ਪਕੜੇ ਗਏ ਤਾਂ ਮਹਾਰਾਜ ਜੀ ਨੂੰ ਬੇਬਸ ਹੋ ਕੇ ਆਖਣ ਲੱਗਾ, “ਤੁਸੀਂ ਅਧਿਕਾਰੀ ਹੀ ਨਹੀਂ ਹੋ”। ਮਹਾਰਾਜ ਜੀ ਨੇ ਉਸਦਾ ਬਰਤਨ ਵੀ ਖਾਲੀ ਵੇਖ ਕੇ ਨਮਸਕਾਰ ਕਰ ਦਿਤੀ ਅਤੇ ਕਿਹਾ ਕਿ “ਜਦੋਂ ਅਧਿਕਾਰੀ ਬਣ ਜਾਵਾਂਗਾ ਉਦੋਂ ਆ ਜਾਵਾਂਗਾ”। ਫਿਰ ਆਪ ਤੀਜੇ ਸਾਧੂ ਕੋਲ ਗਏ ! ਉਹ ਹਰ ਰੋਜ਼ ਭਜਨ ਅਭਿਆਸ ਵਿਚ ਬਹਿਣ ਨਾਲ ਖੁਸ਼ਕੀ ਹੋ ਜਾਣ ਕਰਕੇ ਧਨੀਆਂ ਅਤੇ ਬਦਾਮ ਰਗੜ ਕੇ ਪੀਆ ਕਰਦੇ ਸਨ ਅਤੇ ਸਿਰ ਦੇ ਤਾਲੂ ਉੱਤੇ ਮੱਖਣ ਰੱਖਦੇ ਹੁੰਦੇ ਸਨ। ਮਹਾਰਾਜ ਜੀ ਨੇ ਉਸ ਸਾਧੂ ਨੂੰ ਬੇਨਤੀ ਕੀਤੀ, “ਮਹਾਤਮਾ ਜੀ ਮੈਨੂੰ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਵਰਗਾ ਸਾਧਨ ਅਤੇ ਭਜਨ ਬੰਦਗੀ ਚਾਹੀਦੀ ਹੈ, ਜਿਸ ਦਾ ਅਭਿਆਸ ਉਹ ਪਿੱਪਲੀ ਸਾਹਿਬ ਗੁਰਦੁਆਰੇ ਵਿਚ ਰੁੱਖੀ ਅਤੇ ਸੁੱਕੀ ਰੋਟੀ ਖਾ ਕੇ ਕਰਿਆ ਕਰਦੇ ਸਨ”।

ਕਰਾਮਾਤੀ ਮੁਸਲਮਾਨ ਫ਼ਕੀਰ

ਸੰਨ 1912 ਈਸਵੀ ਵਿਚ ਉੱਚੀ ਹਸਤੀ ਵਾਲੇ ਮੁਸਲਮਾਨ ਫਕੀਰ ਨਾਲ ਆਪ ਦੀ ਮੁਲਾਕਾਤ ਹੋਈ। ਉਸ ਦਾ ਨਾਉਂ “ਅਬਦੁਲ ਵਹਾਬ” ਸੀ ! ਉਹ ਇਤਨਾ ਕਰਾਮਾਤੀ ਸੀ ਕਿ ਬੈਠਿਆਂ ਬੈਠਿਆਂ ਧਰਤੀ ਤੋਂ ਤਿੰਨ ਚਾਰ ਫੁੱਟ ਉੱਚਾ ਉਠ ਜਾਂਦਾ ਸੀ ਅਤੇ ਕਈ ਘੰਟੇ ਧਰਤੀ ਤੋਂ ਉੱਤੇ ਹਵਾ ਵਿਚ ਹੀ ਸਮਾਧੀ ਲਾਈ ਬੈਠਾ ਰਹਿੰਦਾ ਸੀ। ਉਹ ਅਬਾਦੀ ਤੋਂ ਦੂਰ ਇਕ ਝੌਪੜੀ ਵਿਚ ਰਹਿੰਦਾ ਸੀ ਅਤੇ ਆਪਣੇ ਕੋਲ ਕਿਸੇ ਨੂੰ ਨਹੀਂ ਸੀ ਆਉਣ ਦਿੰਦਾ। ਪਰ ਉਹ ਮਹਾਤਮਾ ਮਹਾਰਾਜ ਜੀ ਨਾਲ ਬੜਾ ਪਿਆਰ ਕਰਦਾ ਸੀ ਅਤੇ ਇਹ ਜਦੋਂ ਚਾਹੁੰਦੇ ਉਸ ਕੋਲ ਚਲੇ ਜਾਂਦੇ, ਇਨ੍ਹਾਂ ਨੂੰ ਕੋਈ ਰੋਕ ਟੋਕ ਨਹੀਂ ਸੀ ਭਾਵੇਂ ਰਾਤ ਹੁੰਦੀ ਭਾਵੇਂ ਦਿਨ। ਆਖਰ ਰੋਕ ਟੋਕ ਹੋਵੇ ਵੀ ਕਿਉਂ, ਅੱਖ ਨੂੰ ਅੱਖ ਪਛਾਣਦੀ ਹੁੰਦੀ ਹੈ। ਇਸ ਤੋਂ ਬਿਨਾਂ ਆਪ ਹੋਰ ਕਈ ਪੀਰਾਂ ਫਕੀਰਾਂ ਕੋਲ ਵੀ ਗਏ, ਜਿਨ੍ਹਾਂ ਵਿਚੋਂ ਕਈ ਕਮਾਈ ਵਾਲੇ ਸਨ ਪਰ ਉਤਨੀ ਦੇਰ ਤਕ ਆਪ ਦੀ ਤਸੱਲੀ ਨਾ ਹੋਈ ਜਦੋਂ ਤੱਕ ਆਪ ਬਾਬਾ ਸਾਵਨ ਸਿੰਘ ਜੀ ਮਹਾਰਾਜ ਦੀ ਸ਼ਰਨ ਵਿਚ ਨਾ ਗਏ।

ਪਿਤਾ ਜੀ ਦਾ ਆਸ਼ੀਰਵਾਦ

ਆਪ ਜੀ ਦੇ ਸਤਿਕਾਰ ਯੋਗ ਪਿਤਾ ਜੀ ਸਰਦਾਰ ਹੁਕਮ ਸਿੰਘ ਜੀ ਸਾਹਿਬ, ਬੁਢਾਪੇ ਵਿਚ ਇਕ ਵਾਰੀ ਬਿਮਾਰ ਹੋ ਗਏ ਅਤੇ ਆਪ ਜੀ ਨੇ ਉਨ੍ਹਾਂ ਦੀ ਇਸ ਲਗਨ ਨਾਲ ਸੇਵਾ ਕੀਤੀ, ਜਿਸ ਦੀ ਉਦਾਹਰਣ ਬੜੀ ਘੱਟ ਮਿਲਦੀ ਹੈ। ਰੋਗ ਵੀ ਉਨ੍ਹਾਂ ਨੂੰ ਅਜਿਹਾ ਲੱਗਿਆ ਕਿ ਹਰ ਸਮੇਂ ਦਸਤ ਲੱਗੇ ਰਹਿੰਦੇ ਜਿਸ ਕਾਰਣ ਹਰ ਵੇਲੇ ਕੱਪੜੇ ਗੰਦੇ ਹੁੰਦੇ ਰਹਿੰਦੇ। ਪਰੰਤੂ ਆਪ ਬੜੀ ਲਗਨ ਨਾਲ ਸਾਰਾ ਦਿਨ ਲੱਕ ਨੂੰ ਤੋਲੀਆ ਲਪੇਟ ਕੇ ਪਿਤਾ ਜੀ ਦੇ ਕੱਪੜੇ ਧੋਂਦੇ ਰਹਿੰਦੇ। ਇਸ ਬਿਮਾਰੀ ਕਾਰਣ ਉਨ੍ਹਾਂ ਦੀ ਦਿਮਾਗੀ ਸ਼ਕਤੀ ਕਮਜ਼ੋਰ ਹੋ ਗਈ ਅਤੇ ਯਾਦ-ਦਾਸ਼ਤ ਵੀ ਜਾਂਦੀ ਰਹੀ ਹਰ ਗੱਲ ਉਨ੍ਹਾਂ ਨੂੰ ਸਮਝਾਉਣੀ ਪੈਂਦੀ ਸੀ ਅਤੇ ਹਰ ਚੀਜ਼ ਦਾ ਨਾਉਂ ਦੱਸਣਾ ਪੈਂਦਾ ਸੀ, ਭਾਵ ਇਹ ਚਮਚਾ ਹੈ, ਇਹ ਗਲਾਸ ਹੈ ਤੇ ਇਹ ਲੋਟਾ ਹੈ ਆਦਿ। ਆਪ ਜੀ ਨੇ ਆਪਣੇ ਪਿਤਾ ਜੀ ਨੂੰ ਸਿਮਰਨ (Simran) ਦਾ ਢੰਗ ਦੱਸਿਆ, ਜਿਸ ਨਾਲ ਉਨ੍ਹਾਂ ਦੀ ਹਾਲਤ ਸੁਧਰਨ ਲੱਗ ਪਈ ਅਤੇ ਹੌਲੇ-ਹੌਲੇ ਯਾਦ-ਦਾਸ਼ਤ ਵੀ ਠੀਕ ਹਾਲਤ ਵਿਚ ਆ ਗਈ।

ਅੰਤ ਵਿਚ ਜਦੋਂ ਕੁਝ ਸਮੇਂ ਮਗਰੋਂ ਪਿਤਾ ਜੀ ਬਿਲਕੁਲ ਠੀਕ ਹੋ ਗਏ, ਤਾਂ ਆਪਣੇ ਪੁੱਤਰ ਦੀ ਅਣਥਕ ਅਤੇ ਸ਼ਰਧਾ ਪੂਰਵਕ ਸੇਵਾ ਤੋਂ ਪ੍ਰਸੰਨ ਹੋ ਕੇ ਆਖਣ ਲੱਗੇ, “ਕਿਰਪਾਲ ! ਮੈਂ ਤੁਹਾਡੇ ਤੋਂ ਬਹੁਤ ਪ੍ਰਸੰਨ ਹਾਂ, ਮੰਗ, ਕੀ ਮੰਗਣਾ ਹੈ! ਮਾਪਿਆਂ ਦੇ ਆਸ਼ੀਰਵਾਦ ਵਿਚ ਸਦਾ ਹੀ ਬਰਕਤ ਹੁੰਦੀ ਹੈ, ਇਸ ਲਈ ਜੋ ਮੰਗੇਗਾ ਉਹ ਚੀਜ਼ ਮਿਲ ਜਾਵੇਗੀ”। ਆਪ ਨੇ ਸਿਰ ਨਿਵਾ ਕੇ ਬੇਨਤੀ ਕੀਤੀ, “ਪਿਤਾ ਜੀ ਆਪ ਜਾਣਦੇ ਹੀ ਹੋ ਕੇ ਸੰਸਾਰ ਦੀ ਕੋਈ ਚੀਜ਼, ਧੰਨ, ਦੌਲਤ, ਸੰਤਾਨ, ਮਾਨ ਵਡਿਆਈ ਅਤੇ ਸ਼ੋਭਾ ਦੀ ਮੈਨੂੰ ਉੱਕਾ ਹੀ ਲੋੜ ਨਹੀਂ ਹੈ। ਮੈਂ ਤਾਂ ਪ੍ਰਮਾਤਮਾ ਨੂੰ ਪਾਉਣਾ ਚਾਹੁੰਦਾ ਹਾਂ ਅਤੇ ਇਸ ਤੋਂ ਬਿਨਾਂ ਮੈਨੂੰ ਹੋਰ ਕਿਸੇ ਚੀਜ਼ ਦੀ ਨਾ ਲੋੜ ਹੈ ਤੇ ਨਾ ਹੀ ਇੱਛਾ ਹੈ”। ਆਪਦੇ ਪਿਤਾ ਜੀ ਖੁੰਡੀ ਹੱਥ ਵਿਚ ਲੈ ਕੇ ਟਹਿਲ ਰਹੇ ਸਨ ਕਿ ਤੁਰਦੇ ਤੁਰਦੇ ਅਚਾਨਕ ਖਲੋ ਗਏ ਅਤੇ ਮੱਥੇ ਵਿਚ ਵੱਟ ਪਾ ਲਏ ਅਤੇ ਥੋੜੀ ਦੇਰ ਮਗਰੋਂ ਸੋਚ ਕੇ ਬੋਲ਼ੇ, “ਕਿਰਪਾਲ, ਰੱਬ ਨੂੰ ਮੈਂ ਵੇਖਿਆ ਨਹੀਂ ਪਰ ਜੇ ਪ੍ਰਮਾਤਮਾ ਹੈ ਤਾਂ ਕਿਸੇ ਨੂੰ ਮਿਲੇ ਭਾਵੇਂ ਨਾ ਮਿਲੇ ਪਰ ਤੈਨੂੰ ਜ਼ਰੂਰ ਮਿਲੇਗਾ”। ਅੱਜ ਤਕ ਮਹਾਰਾਜ ਜੀ ਗੁਰੂ ਦੇ ਮਿਲਣ ਨੂੰ ਪਿਤਾ ਜੀ ਦੇ ਵਰਦਾਨ ਦਾ ਹੀ ਸਿੱਟਾ ਸਮਝਦੇ ਹਨ। ਠੀਕ ਆਸ਼ੀਰਵਾਦ ਮਿਲਣ ਤੋਂ ਮਗਰੋਂ ਮਹਾਰਾਜ ਜੀ ਨੂੰ ਅੰਤਰ ਵਿਚ ਗੁਰੂ ਸਰੂਪ ਦੇ ਦਰਸ਼ਨ ਹੋਣ ਲੱਗ ਪਏ।

ਅੰਤਰ ਵਿਚ ਗੁਰੂ ਸਰੂਪ ਦੇ ਦਰਸ਼ਨ

ਪਿਤਾ ਜੀ ਤੋਂ ਆਸ਼ੀਰਵਾਦ ਪਾਉਣ ਤੋਂ ਮਗਰੋਂ ਆਪ ਨੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ, “ਹੇ ਪ੍ਰਭੂ ! ਮੈਂ ਜਾਣਦਾ ਹਾਂ ਕਿ ਤੈਨੂੰ ਪਾਉਣ ਲਈ ਪੂਰੇ ਗੁਰੂ (Satguru) ਤੋਂ ‘ਨਾਮ ਦਾਨ’ (Initiation) ਪ੍ਰਾਪਤ ਕਰਨ ਦੀ ਲੋੜ ਹੈ, ਪਰ ਮੈਂ ਡਰਦਾ ਹਾਂ ਕਿਤੇ ਕਿਸੇ ਅਧੂਰੇ ਗੁਰੂ ਨਾਲ ਮੇਰਾ ਸੰਬੰਧ ਨਾ ਹੋ ਜਾਵੇ ਜਿਹੜਾ ਕਿ ਤੁਹਾਡੇ ਤੱਕ ਨਾ ਪਹੁੰਚਿਆ ਹੋਵੇ ਅਤੇ ਮੇਰੀ ਸਾਰੀ ਖੋਜ ਕਿਤੇ ਵਿਅਰਥ ਚਲੀ ਜਾਵੇ”। ਸ਼ਾਇਦ ਪਿਤਾ ਜੀ ਦੀ ਆਸ਼ੀਰਵਾਦ ਦਾ ਹੀ ਸਿੱਟਾ ਹੈ ਸੀ ਕਿ ਆਪ ਦੀ ਬੇਨਤੀ ਕਬੂਲ ਹੋ ਗਈ ਅਤੇ ਅੰਤਰ ਵਿਚ ਗੁਰੂ ਸਰੂਪ ਦੇ ਦਰਸ਼ਨ ਹੋਣ ਲੱਗ ਪਏ। ਇਸ ਸੰਬੰਧ ਵਿਚ ਆਪ ਫ਼ਰਮਾਉਂਦੇ ਹਨ, “ਉਹ ਕੁੱਲ ਮਾਲਕ ਜੋ ਪਹਾੜ ਦੀ ਟੀਸੀ ਉਤੇ ਖਲੋਤਾ ਵੇਖ ਰਿਹਾ ਹੈ ਕਿ ਕਿਥੇ ਅੱਗ ਲੱਗੀ ਹੈ ਅਤੇ ਕਿਥੇ ਧੂੰਆਂ ਉੱਠ ਰਿਹਾ ਹੈ, ਮੇਰੇ ਅੰਦਰ ਦੀ ਹਾਲਤ ਵੇਖੀ ਕਿ ਇਹ ਵਿਅਕਤੀ ਮੈਨੂੰ ਮਿਲਣਾ ਚਾਹੁੰਦਾ ਹੈ ਅਤੇ ਇਸ ਦੇ ਦਿਲ ਵਿਚ ਮਿਲਣ ਦੀ ਸੱਚੀ ਤਾਂਘ ਹੈ, ਮੇਰੇ ਹਾਲ ਉਤੇ ਰਹਿਮ ਕਰਕੇ ਮੇਰੇ ਅੰਦਰ ਆਉਣ ਲਗ ਗਿਆ ਅਤੇ ਬਾਹਰੀ ਤੌਰ ਤੇ ਵੀ ਉਹ ਅਪਾਰ ਦਯਾ ਮਿਹਰ ਕੀਤੀ ਜਿਸ ਦੀ ਕੀਮਤ ਸਾਰਾ ਸੰਸਾਰ — ਵਾਰ ਕੇ ਵੀ ਨਹੀਂ ਦਿਤੀ ਜਾ ਸਕਦੀ”।

ਇਹ ਗੱਲ ਸੰਨ 1917 ਈਸਵੀ ਦੀ ਹੈ। ਇਸ ਤੋਂ ਪੂਰੇ ਸੱਤ ਸਾਲਾਂ ਮਗਰੋਂ, ਭਾਵ ਸੰਨ 1924 ਈਸਵੀ ਵਿਚ ਕੁੱਲ ਮਾਲਕ, ਪਰਮ ਸੰਤ ਬਾਬਾ ਸਾਵਨ ਸਿੰਘ ਜੀ ਮਹਾਰਾਜ ਦੇ ਚਰਨਾਂ ਵਿਚ ਜਾਣ ਦਾ ਸੁਭਾਗ ਭਰਿਆ ਅਵਸਰ ਪ੍ਰਾਪਤ ਹੋਇਆ। ਜਦੋਂ ਸੰਨ 1917 ਵਿਚ ਪਹਿਲੀ ਵਾਰ ਬਾਬਾ ਸਾਵਨ ਸਿੰਘ ਜੀ ਦਾ ਸਰੂਪ ਆਪਦੇ ਅੰਦਰ ਆਇਆ ਤਾਂ ਆਪ ਨੇ ਸੋਚਿਆ ਕਿ ਸ਼ਾਇਦ ਇਹ ਫੋਟੋ ਗੁਰੂ ਨਾਨਕ ਸਾਹਿਬ ਦੀ ਹੈ। ਆਪ ਜੀ ਨੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਕਈ ਪੁਸਤਕਾਂ ਲਿਖੀਆਂ ਹਨ, ਜਿਨ੍ਹਾਂ ਵਿਚ ਲਿਖਿਆ ਹੈ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ ਅਤੇ ਸ਼ਬਦਾਂ ਰਾਹੀਂ ਜਿਤਨਾ ਵੀ ਉਸ ਦਾ ਵਰਨਣ ਹੋ ਸਕਦਾ ਸੀ ਕੀਤਾ। ਇਹ ਆਤਮਕ ਸਰੂਪ (ਬਾਬਾ ਸਾਵਣ ਸਿੰਘ ਜੀ) ਪੂਰੇ ਸੱਤ ਸਾਲਾਂ ਤਕ ਆਪ ਜੀ ਦਾ ਅੰਗ ਸੰਗ ਹੋ ਕੇ ਹਰ ਇਕ ਕਦਮ ਉਤੇ ਨਿੱਤ ਸਹਾਈ ਹੁੰਦਾ ਰਿਹਾ। ਇਹੀ ਸਰੂਪ ਆਪ ਜੀ ਨੂੰ ਅੰਤਰ ਵਿਚ ਆਤਮਕ-ਮੰਡਲਾਂ ਦੀ ਸੈਰ ਕਰਾਉਂਦਾ ਰਿਹਾ ਅਤੇ ਇਸੇ ਗੱਲ ਦੇ ਫਲ ਸਰੂਪ ਆਪ ਨੂੰ ਅੰਤਰੀ ਅਨੁਭਵ ਪ੍ਰਾਪਤ ਹੋਇਆ।

ਬਿਆਸ ਵਿਚ ਬਾਬਾ ਸਾਵਣ ਸਿੰਘ ਜੀ ਨਾਲ ਭੇਂਟ

ਇਸ ਘਟਨਾਂ ਤੋਂ ਪੂਰੇ ਸੱਤ ਵਰ੍ਹੇ ਮਗਰੋਂ ਸੰਨ 1924 ਈਸਵੀ ਵਿਚ ਬਾਬਾ ਸਾਵਣ ਸਿੰਘ ਜੀ ਮਹਾਰਾਜ ਨਾਲ ਆਪ ਦੀ ਭੇਂਟ ਹੋਈ। ਇਸ ਮਹਾਨ ਇਤਿਹਾਸਕ ਮੇਲ ਦੀ ਕਹਾਣੀ ਮਹਾਰਾਜ ਜੀ ਇਸ ਪ੍ਰਕਾਰ ਸੁਣਾਇਆ ਕਰਦੇ ਹਨ, “ਮੈਨੂੰ ਅਰੰਭ ਤੋਂ ਹੀ ਨਦੀਆਂ ਦੀ ਸੈਰ ਦਾ ਬੜਾ ਸ਼ੌਕ ਸੀ। ਨਦੀ ਦੇ ਕਿਨਾਰੇ ਸੈਰ ਕਰਨਾ, ਅਤੇ ਚੁਪ ਚਾਪ ਵਹਿੰਦੀ ਨਦੀ ਦੇ ਕਿਨਾਰੇ ਉਤੇ ਏਕਾਂਤ ਵਿਚ ਬਹਿ ਕੇ ਪ੍ਰਮਾਤਮਾ ਦੇ ਧਿਆਨ ਵਿਚ ਮਗਨ ਹੋ ਜਾਣਾ, ਮੈਨੂੰ ਸਦਾ ਪਸੰਦ ਸੀ। ਮੈਨੂੰ ਪਤਾ ਲੱਗਿਆ ਕਿ ਲਾਹੌਰ ਦੇ ਕੋਲ ਬਿਆਸ ਦਰਿਆ ਵਗਦਾ ਹੈ ਤਾਂ ਉਸ ਨੂੰ ਵੇਖਣ ਲਈ ਚਲ ਪਿਆ। ਬਿਆਸ ਸਟੇਸ਼ਨ ਉੱਤੇ ਉਤਰ ਕੇ ਮੈਂ ‘ਸਟੇਸ਼ਨ ਮਾਸਟਰ’, ਬਾਬਾ ਬੂਆ ਦਾਸ ਨੂੰ ਪੁੱਛਿਆ ਕਿ ‘ਬਿਆਸ ਨਦੀ ਕਿਥੇ ਹੈ’ ? ਉਹ ਆਖਣ ਲੱਗਾ, ‘ਕੀ ਤੁਸੀਂ ਸੰਤਾਂ ਦੇ ਦਰਸ਼ਨ ਕਰਨ ਲਈ ਆਏ ਹੋ’ ? ਮੈਂ ਖੁਸ਼ੀ ਵਿਚ ਬੇਬਸ ਹੋ ਕੇ ਪੁੱਛਿਆ, ‘ਕੀ ਇਥੇ ਕੋਈ ਸੰਤ ਵੀ ਰਹਿੰਦੇ ਹੈ’ ? ਤਾਂ ਉੱਤਰ ਮਿਲਿਆ, ‘ਜੀ ਹਾਂ ! ਇਸ ਨਦੀ ਦੇ ਕਿਨਾਰੇ ਅਨੁਭਵੀ ਪੁਰਸ਼ਾਂ ਦਾ ਅਸਥਾਨ ਹੈ’। ਮੈਂ ਆਖਿਆ, ‘ਫੇਰ ਤਾਂ ਬੜੀ ਚੰਗੀ ਗੱਲ ਹੈ ਇਕ ਪੰਥ ਦੋ ਕਾਜ ਹੋ ਜਾਣਗੇ, ਨਦੀ ਦੀ ਸੈਰ ਵੀ ਹੋ ਜਾਵੇਗੀ ਅਤੇ ਸੰਤਾਂ ਦੇ ਦਰਸ਼ਨ ਵੀ ਹੋ ਜਾਣਗੇ’ ”।

ਜਦੋਂ ਆਪ ਬਿਆਸ ਡੇਰੇ ਵਿਚ ਪਹੁੰਚੇ ਤਾਂ ਬਾਬਾ ਸਾਵਨ ਸਿੰਘ ਜੀ ਅੰਦਰ ਕਮਰੇ ਵਿਚ ਬੈਠੇ ਭੋਜਨ ਕਰ ਰਹੇ ਸਨ। ਜਦੋਂ ਉਹ ਬਾਹਰ ਆਏ ਤਾਂ ਆਪ ਵੇਖਕੇ ਬੜੇ ਹੈਰਾਨ ਹੋਏ ਕਿ ਇਹ ਤਾਂ ਉਹੀ ਮਹਾਂਪੁਰਸ਼ ਹਨ ਜੋ ਪਿਛਲੇ ਸੱਤ ਸਾਲਾਂ ਤੋਂ ਮੈਨੂੰ ਅੰਤਰ ਵਿਚ ਦਰਸ਼ਨ ਦਿੰਦੇ ਅਤੇ ਰੂਹਾਨੀ ਮੰਡਲਾਂ ਦੀ ਯਾਤਰਾ ਕਰਾਉਂਦੇ ਚਲੇ ਆ ਰਹੇ ਹਨ। ਆਪ ਨੇ ਪਿਆਰ ਭਰੇ ਹਿਰਦੇ ਨਾਲ ਪੁੱਛਿਆ, “ਹਜ਼ੂਰ ਆਪਣੇ ਚਰਨਾਂ ਵਿਚ ਲਿਆਉਣ ਲਈ ਇਤਨੀ ਦੇਰ ਕਿਉਂ ਲਾਈ” ? ਤਾਂ ਹਜ਼ੂਰ ਬਾਬਾ ਸਾਵਨ ਸਿੰਘ ਜੀ ਮਹਾਰਾਜ ਨੇ ਫ਼ਰਮਾਇਆ, “ਮੁਲਾਕਾਤ ਦਾ ਇਹ ਸਮਾਂ ਸੀ”।

ਆਪ ਜੀ ਨੇ ਆਪਣੇ ਵੱਡੇ ਭਰਾ ਸਰਦਾਰ ਜੋਧ ਸਿੰਘ ਜੀ ਨਾਲ ਇਹ ਫੈਸਲਾ ਕੀਤਾ ਹੋਇਆ ਸੀ ਕਿ ਜੇ ਤੁਹਾਨੂੰ ਕੋਈ ਪੂਰਨ ਪੁਰਸ਼ ਮਿਲੇ ਤਾਂ ਮੈਨੂੰ ਦੱਸਣਾ ਅਤੇ ਜੇ ਮੈਨੂੰ ਮਿਲ ਗਿਆ ਤਾਂ ਮੈਂ ਦੱਸਾਂਗਾ। ਸੋ ਬਾਬਾ ਜੀ ਦੇ ਚਰਨਾਂ ਵਿਚ ਜਾ ਕੇ ਆਪ ਨੇ ਸਰਦਾਰ ਜੋਧ ਸਿੰਘ ਜੀ ਨੂੰ ਇਹ ਤਾਰ ਭੇਜੀ :—

ਭਾਵ, “ਮੈਂ ਇਕ ਅਜਿਹੇ ਮਹਾਂਪੁਰਸ਼ ਨੂੰ ਵੇਖਿਆ ਹੈ ਜੋ ਬਿਲਕੁਲ ਗੁਰੂ ਨਾਨਕ ਸਾਹਿਬ ਸਮਾਨ ਨਿਮ੍ਰਤਾ ਨਾਲ ਕੰਮ ਕਰਦੇ ਹਨ। ਪਰ ਉਤਨੀ ਦੇਰ ਹਾਲੇ ਹੋਰ ਉਡੀਕ ਕਰੋ ਜਦ ਤਕ ਮੈਂ ਤੁਹਾਨੂੰ ਦੁਬਾਰਾ ਖ਼ਬਰ ਨਾ ਦੇਵਾਂ” !

ਇਸ ਤੋਂ ਥੋੜੇ ਦਿਨਾਂ ਮਗਰੋਂ ਹੀ ਆਪ ਜੀ ਨੇ ਵੱਡੇ ਭਰਾ ਨੂੰ ਪੱਤਰ ਲਿਖ ਦਿਤਾ ਕਿ, ‘‘ਗੁਰੂ ਮਿਲ ਗਿਆ ਹੈ, ਹੁਣ ਤੁਸੀਂ ਵੀ ਆ ਜਾਓ”।

ਗੁਰੂ ਅਤੇ ਗੁਰਮੁਖ ਦੀ ਕਹਾਣੀ

ਹੁਣ ਇਹ “ਪਿਤਾ-ਪੂਤ ਦੀ ਕਹਾਣੀ”, ਜੋ ਗੁਰੂ ਅਤੇ ਗੁਰਮੁਖ ਜਾਂ, ਸਿੱਖ ਅਤੇ ਗੁਰੂ ਦੀ ਮਹਾਨ ਅਤੇ ਪਵਿੱਤਰ ਕਹਾਣੀ ਹੈ ਇਥੋਂ ਹੀ ਅਰੰਭ ਹੁੰਦੀ ਹੈ ਇਹ ਮਹਾਨ ਵਰਤਾਂਤ, ਭਿੰਨ ਭਿੰਨ ਹਾਲਤਾਂ ਵਿਚੋਂ ਲੰਘ ਕੇ ਉਸ ਧਾਮ ਤੇ (ਸੱਚਖੰਡ) ਪਹੁੰਚਾਉਂਦਾ ਹੈ, ਜਿਥੇ “ਪਿਤਾ ਅਤੇ ਪੁੱਤਰ” ਜਾਂ ਸਿੱਖ ਅਤੇ ਗੁਰੂ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ।

ਇਹ ਬਿਧਿ ਕਰਤ ਤਪੱਸਿਆ ਭਯੋ। ਦ੍ਵੈ ਤੇ ਏਕ ਰੂਪ ਹ੍ਵੈ ਗਯੋ ॥
— ਬਚਿਤ੍ਰ ਨਾਟਕ ਅ. ੬ – ੩/੨ – ਸ੍ਰੀ ਦਸਮ ਗ੍ਰੰਥ ਸਾਹਿਬ (ਅੰਗ ੧੧੮)

ਇਸੇ ਪ੍ਰਕਾਰ ਸੇਂਟ ਪਾਲ (Saint Paul) ਵੀ ਸਿਖ ਦੇ ਰੂਪ ਵਿਚ ਪੂਰਨ ਪਦ ਨੂੰ ਪਾ ਕੇ ਪੁਕਾਰ ਉਠਿਆ ਸੀ :—

ਭਾਵ :— “ਇਹ ਮੈਂ ਹਾਂ, ਨਹੀਂ ਹੁਣ ਮੈਂ ਨਹੀਂ ਰਿਹਾ, ਇਹ ਮਸੀਹਾ ਜੋ ਮੇਰੇ ਅੰਦਰ ਬੈਠਾ ਹੈ”।

ਪ੍ਰੇਮ ਗਲੀ ਅਤਿ ਸਾਂਕੁਰੀ ਤਾਂ ਮਹਿ ਦੋ ਨ ਸਮਾਹਿੰ ॥
( प्रेम गली अति सांकरी,जामे दो न समाही )

ਭਾਵ :— ਪ੍ਰੇਮ ਦਾ ਮਾਰਗ ਖੰਡੇ ਦੀ ਧਾਰ ਵਾਂਗ ਤਿੱਖਾ ਹੈ ਅਤੇ ਇਸ ਉਤੇ ਇਕ ਰੂਪ ਹੋ ਕੇ ਹੀ ਚਲਿਆ ਜਾ ਸਕਦਾ ਹੈ।

ਇਥੋਂ ਦੋ ਰੂਪ ਛੱਡ ਕੇ ਇਕ ਰੂਪ ਹੋ ਕੇ ਚਲਣਾ ਪੈਂਦਾ। ਇਥੋਂ ਸਿਖ ਆਪਣੇ ਆਪ ਨੂੰ ਗੁਰੂ ਵਿਚ ਸਮਾ ਕੇ ਤੁਰਦਾ ਹੈ ਜਿਸ ਨੂੰ ਸੂਫੀ ਲੋਕ “ਫਿਨਾ-ਫਿਲਸ਼ੇਖ” (ਖੁਦਾ ਨਾਲ ਮਿਲ ਜਾਣਾ) ਆਖਦੇ ਹਨ। ਜੋ ਗੁਰੂ ਵਿਚ ਸਮਾ ਗਿਆ ਉਹ ਰੱਬ ਵਿਚ ਹੀ ਸਮਾ ਜਾਂਦਾ ਹੈ। ਮਹਾਰਾਜ ਕਿਰਪਾਲ ਸਿੰਘ ਜੀ ਦੇ ਸ਼ਬਦਾਂ ਵਿਚ, “ਗੁਰੂ Godman ਹੈ ਭਾਵ :— God ਦਾ ਅਰਥ ਪ੍ਰਮਾਤਮਾ ਅਤੇ man ਦਾ ਅਰਥ ਇਨਸਾਨ। ਜੋ ਗੁਰਮੁਖ ਬਣ ਗਿਆ ਅਤੇ ਉਸ ਦੇ ਅੰਦਰ ਸਮਾ ਗਿਆ, ਉਹ ਗੁਰੂ ਰੂਪ, ਭਾਵ Guruman ਬਣ ਗਿਆ ਤਾਂ ਫੇਰ God, ਭਾਵ ਪ੍ਰਮਾਤਮਾ ਉਸ ਵਿਚ ਆ ਗਿਆ ਕਿ ਨਾ” ?

ਅੱਜ ਤਕ ਸੰਸਾਰ ਵਿਚ ਜਿਤਨੇ ਵੀ ਮਹਾਂਪੁਰਸ਼ ਆਏ, ਸਾਰਿਆਂ ਨੇ ਹੀ ਆਪਣੇ ਸਤਿਸੰਗ ਵਚਨਾਂ ਵਿਚ, ਆਪਣੀ ਸਿਖਸ਼ਾ ਜਾਂ ਉਪਦੇਸ਼ ਵਿੱਚ ਅਤੇ ਸਭ ਤੋਂ ਵਧ ਆਪਣੇ ਅਮਲੀ ਜੀਵਨਾਂ ਵਿਚ ਜੋ ਭਿੰਨ ਭਿੰਨ ਪ੍ਰਕਾਰ ਦੇ ਅਨੁਭਵ ਕੀਤੇ, ਉਨ੍ਹਾਂ ਸਾਰਿਆਂ ਨੇ ਹੀ ਕੇਵਲ ਇਹਨਾਂ ਅਸਥਾਨਾਂ ਅਤੇ ਕਸੌਟੀਆਂ ਦਾ ਵਰਨਣ ਕੀਤਾ ਹੈ। ਗ੍ਰੰਥ ਪੋਥੀਆਂ ਵਿਚ ਵੀ ਇਹੋ ਕਹਾਣੀ ਜਿਨੇ ਸੁਚੱਜੇ ਢੰਗ ਨਾਲ ਬਿਆਨ ਕੀਤੀ ਜਾ ਸਕੀ, ਕੀਤੀ ਗਈ। ਇਨ੍ਹਾਂ ਗ੍ਰੰਥਾਂ ਵਿਚ ਉਸ ਕੁਲ ਮਾਲਕ ਦਾ ਕੇਵਲ ਵਰਨਣ ਹੈ, ਪਰ ਉਸ ਦੇ ਨੂਰੀ ਸਰੂਪ ਦੀ ਝਲਕ ਨਹੀਂ ਪੈਂਦੀ। ਜ਼ਿੰਦਗੀ ਤੋਂ ਹੀ ਜ਼ਿੰਦਗੀ ਮਿਲ ਸਕਦੀ ਹੈ, ਕੋਈ ਜਾਗਦੀ ਜੋਤ ਹੀ ਇਸ ਮਹਾਨ ਅਨੁਭਵ ਦਾ ਨਮੂਨਾ ਪੇਸ਼ ਕਰ ਸਕਦੀ ਹੈ। ਗ੍ਰੰਥਾਂ ਵਿਚ ਕੇਵਲ ਇਸ ਸ਼ਕਤੀ ਦਾ ਵਰਨਣ ਹੈ। ਪਰੰਤੂ ਸ਼ਕਤੀ ਦਾ ਅਨੁਮਾਨ ਤਾਂ ਕਿਸੇ ਪਹਿਲਵਾਨ ਨੂੰ ਮਿਲਕੇ ਹੀ ਲਾਇਆ ਜਾ ਸਕਦਾ ਹੈ। ਪਿਆਰ ਦੀ ਝਲਕ ਤਾਂ ਪ੍ਰੇਮੀ ਦੀਆਂ ਅੱਖੀਆਂ ਵਿਚੋਂ ਹੀ ਮਿਲ ਸਕਦੀ ਹੈ। (Demand and Supply) ਭਾਵ ਲੋੜ ਅਤੇ ਭੁਗਤਾਨ ਦਾ ਕੁਦਰਤੀ ਨਿਯਮ ਮੁੱਢ ਕਦੀਮਾਂ ਤੋਂ ਹੀ ਚਲਿਆ ਆ ਰਿਹਾ ਹੈ ਅਤੇ ਚਲਦਾ ਰਹੇਗਾ। ਇਹ ਮਹਾਨ ਸ਼ਕਤੀ ਸਦਾ ਹੀ ਕੋਈ ਮਨੁੱਖੀ ਚੋਲਾ ਧਾਰ ਕੇ ਆਉਂਦੀ ਰਹੀ ਹੈ, ਕਦੇ ਗੁਰੂ ਨਾਨਕ ਤੇ ਕਦੇ ਕਬੀਰ ਸਾਹਿਬ, ਅਤੇ ਪਰਮਾਰਥ ਅਭਿਲਾਸ਼ੀਆਂ ਅਤੇ ਸੱਚਾਈ ਦੇ ਖੋਜੀਆਂ ਨੂੰ ਆਪਣੇ ਨਾਲ ਜੋੜਦੀ ਆਈ ਹੈ। ਉਹ ਗੁਰੂ ਸ਼ਕਤੀ, ਜੋ ਹਨੇਰੇ ਵਿਚ ਪ੍ਰਕਾਸ਼ ਕਰਦੀ ਹੈ, ਕਦੇ ਮਰਦੀ ਨਹੀਂ, ਉਹ ਤਾਂ ਕੇਵਲ ਸਰੀਰ ਬਦਲਦੀ ਹੈ, ਪਰ ਸ਼ਕਤੀ ਉਹੋ ਹੀ ਹੈ। ਬਾਬਾ ਸਾਵਣ ਸਿੰਘ ਜੀ ਮਹਾਰਾਜ ਫ਼ਰਮਾਇਆ ਕਰਦੇ ਸਨ, “ਇਕ ਬਲਬ ਫ਼ਿਊਜ਼ ਹੋ ਗਿਆ, ਦੂਜਾ ਜਗ ਗਿਆ, ਦੂਜਾ ਫ਼ਿਊਜ਼ ਹੋ ਗਿਆ, ਤੀਜਾ ਜਗ ਗਿਆ, ਆਖਰ ਪ੍ਰਕਾਸ਼ ਤਾਂ ਉਹੀ ਹੈ ਨਾ ? ਅਸੀਂ ਤਾਂ ਪ੍ਰਕਾਸ਼ ਦੇ ਹੀ ਪੁਜਾਰੀ ਹਾਂ”।

ਜੀਵਨ ਚਰਿੱਤਰ ਉਲੀਕਣਾਂ ਕੀ ਹੈ?

ਮਹਾਂਪੁਰਸ਼ਾਂ ਦਾ ਜੀਵਨ ਕੀ ਹੈ ? ਇਹ ‘ਨਾਮ’ ਦੀ ਸੱਚਾਈ ਦੀ ਧਾਰਾ ਦਾ ਉਹ ਇਤਿਹਾਸ ਹੈ, ਜਿਹੜੀ ਮਨੁੱਖੀ ਚੋਲੇ ਵਿਚ ਬਹਿ ਕੇ ਜੀਵਾਂ ਨੂੰ ਨਾਮਦਾਨ ਬਖਸ਼ ਕੇ ਆਪਣੇ ਨਾਲ ਜੋੜਨ ਦਾ ਕੰਮ ਕਰਦੀ ਚਲੀ ਆ ਰਹੀ ਹੈ। ਇਹ ਜੀਵਨ ਚਰਿੱਤਰ ਜਦੋਂ ਵੀ ਉਲੀਕਿਆਂ ਗਿਆ, ਜੀਵਨ ਦੀ ਮਹਾਨ ਕਲਮ ਰਾਹੀਂ ਹੀ ਉਲੀਕਿਆ ਗਿਆ। ਮਹਾਂ ਪੁਰਸ਼ਾਂ ਨੇ ਸਦਾ ਹੀ ਆਪਣੇ ਜੀਵਨ ਵਿੱਚ ਸੱਚਾਈ ਦੀ ਝਲਕ ਅਤੇ ਨਮੂਨਾ ਪੇਸ਼ ਕੀਤਾ ਹੈ।

ਮਹਾਰਾਜ ਕਿਰਪਾਲ ਸਿੰਘ ਜੀ ਇਸ ਸੰਬੰਧ ਵਿੱਚ ਆਮ ਕਰਕੇ ਪੰਡਤ ਗੁਰੂਦੱਤ ਦਾ ਵਰਣਨ ਕਰਿਆ ਕਰਦੇ ਹਨ, ਜਿਨ੍ਹਾਂ ਨੂੰ ਸਵਾਮੀ ਦਯਾ ਨੰਦ ਜੀ ਦਾ ਜੀਵਨ ਚਰਿੱਤਰ ਲਿਖਣ ਦਾ ਕੰਮ ਸੰਭਾਲਿਆ ਗਿਆ ਸੀ। ਇਕ ਸਾਲ ਲੰਘ ਗਿਆ, ਸਾਲ ਲੰਘ ਗਏ, ਭਾਵ ਜਦੋਂ ਵੀ ਆਪ ਨੂੰ ਪੁੱਛਦੇ, ਤਾਂ ਉੱਤਰ ਇਹੋ ਹੁੰਦਾ, “ਮੈਂ ਬੜੀ ਤੇਜ਼ੀ ਨਾਲ ਲਿਖ ਰਿਹਾ ਹਾਂ”। ਪਰੰਤੂ ਲੋਕਾਂ ਨੇ ਕਿਹਾ, “ਹੁਣ ਤਕ ਜੋ ਲਿਖਿਆ ਹੈ, ਉਹੀ ਕੁਝ ਦੱਸ ਦਿਉ, ਅਜਿਹਾ ਕਿਹੜਾ ਜੀਵਨ ਚਰਿੱਤਰ ਹੈ ਜੋ ਮੁੱਕਣ ਵਿਚ ਹੀ ਨਹੀਂ ਆਉਂਦਾ”। ਪੰਡਤ ਗੁਰੂ ਦੱਤ ਜੀ ਨੇ ਉੱਤਰ ਦਿਤਾ, “ਸਵਾਮੀ ਦਯਾ ਨੰਦ ਜੀ ਦਾ ਜੀਵਨ ਚਰਿੱਤਰ ਮੈਂ ਇਸ ਪ੍ਰਕਾਰ ਲਿਖ ਰਿਹਾਂ ਹਾਂ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਜੋ ਵੀ ਆਦਰਸ਼ ਪੇਸ਼ ਕੀਤੇ ਉਨ੍ਹਾਂ ਸਾਰਿਆਂ ਨੂੰ ਮੈਂ ਆਪਣੇ ਜੀਵਨ ਵਿਚ ਢਾਲ ਰਿਹਾ ਹਾਂ, ਤਾਂ ਜੋ ਲੋਕਾਂ ਦੇ ਸਾਹਮਣੇ ਇਕ ਨਮੂਨਾ ਬਣਕੇ ਪੇਸ਼ ਹੋ ਸਕਾਂ ਜਿਸ ਨਾਲ ਲੋਕਾਂ ਨੂੰ ਅਨੁਮਾਨ ਲੱਗ ਸਕੇ ਕਿ ‘ਸਵਾਮੀ ਦਯਾ ਨੰਦ’ ਜੀ ਕੀ ਕੁਝ ਸਨ”। ਬਾਬਾ ਸਾਵਣ ਸਿੰਘ ਜੀ ਮਹਾਰਾਜ ਦੀ ਜਨਮ ਸ਼ਤਾਬਦੀ ਦੇ ਸ਼ੁਭ ਅਵਸਰ ਉਤੇ ਆਪ ਜੀ ਸੰਸਾਰ ਭਰ ਦੀਆ ਸੰਗਤਾਂ ਦੇ ਨਾਉਂ ਆਪਣੇ ਸੰਦੇਸ਼ ਵਿਚ ਇਹ ਫ਼ਰਮਾਇਆ ਸੀ :—

“ਸਿਰੀ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਦਾ ਸੱਚੇ ਸ਼ਬਦਾਂ ਵਿਚ ਜੀਵਨ-ਚਰਿੱਤਰ ਉਲੀਕਣਾਂ ਕੇਵਲ ਇਤਨਾ ਹੀ ਹੈ ਕਿ ਜੋ ਜੀਵਨ ਆਦਰਸ਼ ਉਨ੍ਹਾਂ ਨੇ ਸਾਡੇ ਸਾਹਮਣੇ ਰਖਿਆ, ਉਸ ਆਦਰਸ਼ ਨੂੰ ਆਪਣੇ ਜੀਵਨ ਵਿਚ ਧਾਰਣ ਕਰੀਏ। ਮੇਰੇ ਲਈ ਅਰਦਾਸ ਕਰੋ ਕਿ ਮੈਂ ਆਪਣੇ ਜੀਵਨ ਸਮੇਂ ਅੰਦਰ ਉਸ ਸੱਤ ਸਰੂਪ ਹਸਤੀ ਦਾ ਜੀਵਨ ਚਰਿੱਤਰ ਲਿਖਣ ਵਿਚ ਸਫਲਤਾ ਪ੍ਰਾਪਤ ਕਰਾਂ। ਆਪ ਸਾਰੇ ਭੈਣ ਭਰਾਵਾਂ ਨੂੰ ਮੇਰਾ ਇਹੋ ਆਦੇਸ਼ ਹੈ ਕਿ ਇਸ ਮਹਾਨ ਆਦਰਸ਼ ਨੂੰ ਆਪਣੇ ਛੋਟੇ ਜਿਹੇ ਛਿਨ ਭਰ ਦੇ ਜੀਵਨ ਵਿਚ, ਧਾਰਣ ਕਰੋ। ਕੁੱਲ ਮਾਲਕ, ਸਤਿਗੁਰੂ, ਅੰਤਰਜਾਮੀ ਹੈ ਅਤੇ ਘਟ ਘਟ ਦੀ ਜਾਣਨ ਵਾਲਾ ਹੈ ਅਤੇ ਉਹ ਸਭ ਆਪਣੀ ਅੱਖੀਂ ਵੇਖ ਰਿਹਾ ਹੈ ਜਿਹੜੇ ਜੀਵ ਚੰਗੇ ਭਾਗਾਂ ਕਾਰਣ ਉਸ ਦੇ ਹੁਕਮ ਦੀ ਆਗਿਆ ਦਾ ਪਾਲਨ ਕਰਦੇ ਹਨ, ਉਨ੍ਹਾਂ ਉਤੇ ਦਯਾ ਮਿਹਰ ਦੀ ਮੂਹਲੇ ਧਾਰ ਵਰਖਾ ਹੋ ਰਹੀ ਹੈ”।

ਇਸ ਨੂੰ ਆਖਦੇ ਹਨ ਜੀਵਨ ਚਰਿੱਤਰ ਲਿਖਣਾ।

ਇਹ ਆਦਰਸ਼ ਕਿਥੋਂ ਤੱਕ ਪੂਰਾ ਹੋਇਆ ਹੈ, ਉਸ ਦਾ ਅਨੁਮਾਨ ਆਪ ਸਾਡੇ ਸਤਿਗੁਰੂ ਦਯਾਲ (Hazur Baba Sawan Singh Ji) ਦੀ ਉਸ ਅਪਾਰ ਦਯਾ ਮਿਹਰ ਦੀ ਵਰਖਾ ਤੋਂ ਲਾ ਸਕਦੇ ਹੋ, ਜਿਹੜੀ ਅੱਜ ਪਹਿਲਾਂ ਨਾਲੋਂ ਵੀ ਜ਼ੋਰ ਅਤੇ ਉਤਸ਼ਾਹ ਨਾਲ ਚਲ ਰਹੀ ਹੈ ਜਿਸ ਦੇ ਫਲਸਰੂਪ ਭਾਰਤ ਵਰਸ਼ ਵਿਚ ਹੀ ਨਹੀਂ ਸਗੋਂ ਪੂਰਬ ਤੋਂ ਲੈ ਕੇ ਪੱਛਮ ਤੱਕ ਸੰਸਾਰ ਦੇ ਕੋਣੇ ਕੋਣੇ ਵਿਚ ਸਾਰੇ ਲੋਕੀਂ ਮਾਲਾ ਮਾਲ ਹੋ ਰਹੇ ਹਨ। ਨਿਮ੍ਰਤਾ, ਸੰਤਾਂ ਦੇ ਜੀਵਨ ਦਾ ਸ਼ਿੰਗਾਰ ਹੁੰਦਾ ਹੈ, ਜੋ ਇਸ ਸੰਦੇਸ਼ ਦੇ ਇਕ ਇਕ ਸ਼ਬਦ ਵਿਚੋਂ ਅੰਮ੍ਰਿਤ ਬਣ ਕੇ ਟਪਕ ਰਿਹਾ ਹੈ। ਜੀਵਨ ਚਰਿੱਤਰ ਲਿਖਣ ਦਾ ਇਹ ਆਦਰਸ਼, ਜਿਸ ਨੂੰ ਆਪ ਜੀ ਨੇ ਆਪਣੇ ਜੀਵਨ ਵਿਚ ਪੂਰਾ ਕਰ ਵਿਖਾਇਆ ਹੈ, ਮਹਾਰਾਜ ਜੀ ਨੇ ਹਰ ਇਕ ‘ਨਾਮ ਲੇਵਾ’ ਲਈ ਪੇਸ਼ ਕੀਤਾ ਹੈ ਕਿਉਂ ਜੋ ਕੋਈ ਬਾਦਸ਼ਾਹ ਇਹ ਨਹੀਂ ਚਾਹੁੰਦਾ ਕਿ

“ਉਸ ਦਾ ਪੁੱਤਰ ਵਜ਼ੀਰ ਬਣੇ ਸਗੋਂ ਚਾਹੁੰਦਾ ਹੈ ਕਿ ਬਾਦਸ਼ਾਹ ਹੀ ਬਣੇ।
ਕੋਈ ਪਿਤਾ ਇਹ ਨਹੀਂ ਚਾਹੁੰਦਾ ਕਿ ਉਸ ਦਾ ਬੱਚਾ ਉਸ ਤੋਂ ਘੱਟ ਯੋਗਤਾਈ ਰੱਖਦਾ ਹੋਵੇ।
ਇਸੇ ਪ੍ਰਕਾਰ ਸੰਤ ਵੀ ਜੀਵਾਂ ਨੂੰ ਆਪਣਾ ਰੂਪ ਬਣਾ ਲੈਂਦੇ ਹਨ”।
— ਕਿਰਪਾਲ ਸਿੰਘ

ਹਰਿ ਕਾ ਸੇਵਕੁ ਸੋ ਹਰਿ ਜੇਹਾ ॥ ਭੇਦੁ ਨ ਜਾਣਹੁ ਮਾਣਸ ਦੇਹਾ ॥
— ਗੁਰੂ ਗ੍ਰੰਥ ਸਾਹਿਬ (ਅੰਗ ੧੦੭੬)

ਕਹੁ ਨਾਨਕ ਜਉ ਪਿਤਾ ਪਤੀਨੇ ॥ ਪਿਤਾ ਪੂਤ ਏਕੈ ਰੰਗਿ ਲੀਨੇ ॥
— ਗੁਰੂ ਗ੍ਰੰਥ ਸਾਹਿਬ (ਅੰਗ ੧੧੪੧)

ਜਿਵੇਂ ਪਹਿਲਾਂ ਵਰਨਣ ਕੀਤਾ ਗਿਆ ਹੈ ਕਿ ਇਹ “ਪਿਤਾ ਪੂਤ” ਦੀ ਕਹਾਣੀ ਹੈ, ਇਸ ਲਈ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਮਹਾਨ ਜੀਵਨ ਦਾ ਵਰਤਾਂਤ ਵੀ ਇਕ ਵੱਖਰੇ ਅਧਿਆਇ ਵਿਚ ਵਰਨਣ ਕਰਨਾ ਹੀ ਸ਼ੋਭਾ ਦਿੰਦਾ ਹੈ, ਜਿਸ ਦੀ ਹੌਂਦ ਤੋਂ ਬਿਨਾਂ ਇਹ ਕਹਾਣੀ ਅੱਗੇ ਚੱਲ ਕੇ ਆਪਣੀ ਕਸੌਟੀ ਉਤੇ ਨਹੀਂ ਪਹੁੰਚ ਸਕਦੀ, ਜਿਥੇ ਜਾ ਕੇ, ਦ੍ਵੈ ਤੇ ਏਕ ਰੂਪ ਹ੍ਵੈ ਗਯੋ ॥ ਅਤੇ “ਪਿਤਾ ਪੂਤ ਏਕੈ ਰੰਗਿ ਲੀਨੇ” ਦਾ ਰੂਪ ਧਾਰਣ ਕਰਦੀ ਹੈ।

Scroll to Top