ਸ਼ੁਭ ਆਗਮਨ

ਅਧਿਆਇ 1   [ਪਿਤਾ ਪੂਤ]

ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥
— ਸੂਹੀ (ਮਃ ੫) (੫੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੭੪੯ ਪੰ. ੩

ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਕਿ ਸੰਤ ਸਰੂਪ ਹਸਤੀਆਂ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਹੁੰਦੀਆਂ। ਉਹ ਸਦਾ ਹੀ ਪਰਮਾਤਮਾ ਦਾ ਹੁਕਮਨਾਮਾ ਲੈ ਕੇ ਕੁੱਲ ਮਾਲਕ ਦੇ ਰੂਪ ਵਿੱਚ ਜੀਵਾਂ ਉਤੇ ਦਯਾ ਕਰਕੇ ਇਸ ਭਵਸਾਗਰ ਤੋਂ ਪਾਰ ਕਰਨ ਲਈ ਆਉਂਦੀਆਂ ਹਨ। ਉਹ ਜੀਵ ਨੂੰ ਆਪਣੇ ਜੀਵਨ ਦਾ ਦਾਨ ਬਖਸ਼ਦੇ ਹਨ ਅਤੇ “ਨਾਮ” ਦੇ ਅਖੁੱਟ ਭੰਡਾਰ ਨਾਲ ਜੋੜ ਕੇ ਉਹ ਅੰਮ੍ਰਿਤ ਪਲਾਉਂਦੇ ਹਨ ਜਿਸ ਨੂੰ ਪੀ ਕੇ ਜੀਵ ਅਮਰ ਜੀਵਨ ਨੂੰ ਪਾ ਜਾਂਦਾ ਹੈ। ਆਪਣੀ ਦਰਿਸ਼ਟੀ ਦਾ ਉਭਾਰ ਦੇ ਕੇ ਜੀਵ ਨੂੰ ਮਨ ਇੰਦਰੀਆਂ ਦੀ ਗੁਲਾਮੀ ਤੋਂ ਮੁਕਤ ਕਰਾਕੇ ਅਤੇ ਸਰੀਰਕ ਅਵਸਥਾ ਤੋਂ ਉਤੇ ਲਿਆ ਕੇ ਉਸ ਕਰਨ ਕਾਰਨ “ਰਾਮ” ਜਾਂ ਨਾਮ ਦੀ ਸ਼ਕਤੀ ਨਾਲ ਜੋੜਦੇ ਹਨ। ਫੇਰ ਜੀਵ ਅਜਿਹੀ ਹਸਤੀ ਦੀ ਦਯਾ ਮਿਹਰ ਨਾਲ ਜੋਤੀ ਸਰੂਪ ਪ੍ਰਮਾਤਮਾ ਦੀ “ਜੋਤ” ਨੂੰ ਆਪਣੇ ਅੰਦਰ ਵੇਖਣ ਵਾਲਾ ਬਣ ਜਾਂਦਾ ਹੈ ਅਤੇ ਉਹ “ਸ਼ਬਦ”, ਨਾਮ, ਅਨਹਦ ਨਾਦ, ਕਲਮਾਂ ਜਾਂ “Word” ਨੂੰ ਸੁਣਨ ਦੇ ਸਮਰੱਥ ਹੋ ਜਾਂਦਾ ਹੈ। ਇਸ ਪ੍ਰਕਾਰ ਦਰਿਸ਼ਟੀ ਦਾ ਉਭਾਰ ਦੇ ਕੇ ਉਹ ਜੀਵਾਂ ਨੂੰ ਪ੍ਰਭੂ ਪਰਮ ਅਤੇ ਭਗਤੀ ਵਿਚ ਲੀਨ ਕਰ ਦਿੰਦੇ ਹਨ। ਵਾਸਤਵ ਵਿੱਚ ਜਿਸ ਕਾਰਨ ਉਹ ਦੇਹ ਧਾਰ ਕੇ ਇਸ ਸੰਸਾਰ ਵਿਚ ਆਉਂਦੇ ਹਨ, ਉਨ੍ਹਾਂ ਦਾ ਕੇਵਲ ਇਕੋ ਪਰਮ ਮਨੋਰਥ ਹੁੰਦਾ ਹੈ ਜੋ ਉਤੇ ਦਸਿਆ ਗਿਆ ਹੈl

ਵਰਤਮਾਨ ਜੁੱਗ ਵਿੱਚ ਇਸ ਪਰੰਪਰਾ ਦੇ ਵਿਸ਼ਵ ਕਲਿਆਣਕਾਰੀ ਪੂਰਨ ਪੁਰਸ਼, ਸੰਤ ਕਿਰਪਾਲ ਸਿੰਘ ਜੀ ਮਹਾਰਾਜ ਨੇ ਜ਼ਿਲਾ ਰਾਵਲ ਪਿੰਡੀ ਦੇ ਛੋਟੇ ਜਿਹੇ ਕਸਬੇ “ਸਯੱਦ-ਕਸਰਾਂ” ਵਿਖੇ 6 ਫਰਵਰੀ, 1894 ਈਸਵੀ ਨੂੰ ਇਕ ਪ੍ਰਸਿੱਧ ਤੇ ਹਰਮਨ ਪਿਆਰੇ ਖੱਤਰੀ ਘਰਾਣੇ ਵਿਚ ਅਵਤਾਰ ਧਾਰਿਆ। ਸਰਦੀ ਦੀ ਰੁੱਤ ਸੀ ਅਤੇ ਰਾਤ ਦੇ ਨੌਂ ਵਜੇ ਦਾ ਸ਼ਾਂਤਮਈ ਸਮਾਂ ਸੀ, ਜੋ ਹਨੇਰੇ ਵਿਚ ਪ੍ਰਕਾਸ਼ ਕਰਨ ਵਾਲੀ ਇਸ ਸੱਤ ਸਰੂਪ ਹਸਤੀ ਨੇ ਇਸ ਧਰਤੀ ਉਤੇ ਜਨਮ ਲਿਆ। ਮਾਤਾ ਪਿਤਾ ਨੇ ਨਾਉਂ ਵੀ ਚੁਣ ਕੇ ਰੱਖਿਆ “ਕਿਰਪਾਲ” ਜਿਸ ਨੇ ਆਪਣੀ ਕਿਰਪਾਲਤਾ ਰਾਹੀਂ ਦਯਾ ਮਿਹਰ ਦੇ ਭੰਡਾਰੇ ਦੋਹੀਂ ਹੱਥੀਂ ਲੁਟਾਏ ਅਤੇ ਲੁਟਾ ਰਹੇ ਹਨ। ਧੰਨ ਉਹ ਪੂਜਨੀਕ ਪਿਤਾ “ਸਰਦਾਰ ਹੁਕਮ ਸਿੰਘ” ਜੀ ਸਾਹਿਬ, ਜਿਨ੍ਹਾਂ ਦੇ ਪਰਿਵਾਰ ਵਿਚ “ਕੁਲ ਮਾਲਕ” ਦਾ ਹੁਕਮ ਪਾ ਕੇ ਇਸ ਸੱਤ ਸਰੂਪ ਹਸਤੀ ਨੇ ਜਨਮ ਲਿਆ ਅਤੇ ਧੰਨ ਉਹ ਸਤਿਕਾਰ ਯੋਗ ਮਾਤਾ “ਗੁਲਾਬ ਦੇਵੀ” ਜੀ ਜਿਸ ਨੇ ਅਜਿਹਾ ਫੁੱਲ ਬਖਸ਼ਿਆ ਜਿਸ ਦੀ ਸੁਗੰਧੀ ਨਾ ਕੇਵਲ ਭਾਰਤਵਰਸ਼ ਨੂੰ ਮਹਿਕਾਂ ਦੇ ਰਹੀ ਹੈ ਸਗੋਂ ਸਾਰੇ ਸੰਸਾਰ ਨੂੰ ਮਾਲਾ ਮਾਲ ਕਰ ਰਹੀ ਹੈ।

ਸੰਤ ਬਾਲਕ

“ਹੋਣਹਾਰ ਬਿਰਵਾਨ ਕੇ ਹੋਵਤ ਚਿਕਨੇ ਪਾਤ” !

ਜਿਨ੍ਹਾਂ ਹਸਤੀਆਂ ਨੇ ਜੀਵਨ ਵਿਚ ਮਹਾਨ ਕਰਤੱਵ ਕਰਨੇ ਹੁੰਦੇ ਹਨ, ਉਨ੍ਹਾਂ ਦੇ ਚੱਜ ਅਤੇ ਆਚਾਰ ਛੋਟੀ ਅਵਸਥਾ ਤੋਂ ਹੀ ਨਿਰਾਲੇ ਹੁੰਦੇ ਹਨ। ਮਹਾਰਾਜ ਕਿਰਪਾਲ ਸਿੰਘ ਜੀ ਦੇ ਬਚਪਨ ਦੀਆਂ ਘਟਨਾਵਾਂ ਵੱਲ ਝਾਤੀ ਮਾਰਨ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਸੰਤ ਬਣਾਏ ਨਹੀਂ ਜਾਂਦੇ ਸਗੋਂ ਧੁਰੋਂ ਹੀ ਬਣੇ ਬਣਾਏ ਆਉਂਦੇ ਹਨ। ਕਿਸੇ ਵੀ ਪੂਰਨ ਪੁਰਸ਼ ਦੇ ਜੀਵਨ ਵੱਲ ਝਾਤੀ ਪਾਉ, ਉਨ੍ਹਾਂ ਤੋਂ ਇਸੇ ਗੱਲ ਦੀ ਪੁਸ਼ਟੀ ਹੁੰਦੀ ਹੈ। ਇਨ੍ਹਾਂ ਦਾ ਬਚਪਨ ਅਜਿਹੇ ਹੈਰਾਨੀ ਪੂਰਵਕ ਤੇ ਨਿਰਾਲੇ ਚਮਤ-ਕਾਰਾਂ ਦੀ ਕਹਾਣੀ ਹੈ ਕਿ “ਪਸ਼ਾਵਰ” (Peshawar), ਜਿਥੇ ਇਨ੍ਹਾਂ ਦਾ ਬਚਪਨ ਬੀਤਿਆ ਅਤੇ ਉਸ ਦੇ ਨੇੜੇ -ਤੇੜੇ ਦੇ ਲੋਕੀਂ ਇਨ੍ਹਾਂ ਨੂੰ “ਸੰਤ ਕਿਰਪਾਲ” ਕਹਿ ਕੇ ਸੱਦਿਆ ਕਰਦੇ ਸਨ।

ਆਮ ਬੱਚਿਆਂ ਵਾਂਗ ਇਨ੍ਹਾਂ ਨੂੰ ਖੇਲ੍ਹ ਕੁੱਦ ਦਾ ਸ਼ੌਕ ਬੜਾ ਘੱਟ ਸੀ। ਸਾਰੇ ਬੱਚਿਆਂ ਤੋਂ ਵੱਖ ਘੰਟਿਆਂ ਬੱਧੀ ਏਕਾਂਤ ਵਿਚ ਬਹਿ ਕੇ ਆਪਣੇ ਧਿਆਨ ਵਿਚ ਹੀ ਲੀਨ ਰਹਿੰਦੇ ਸਨ। ਘਰੋਂ ਜੇਬ ਖਰਚ ਜੋ ਮਿਲਦਾ ਸੀ ਉਹ ਆਪਣੇ ਸਾਥੀ ਬੱਚਿਆਂ ਵਿਚ ਵੰਡ ਦਿੰਦੇ ਤੇ ਆਪ ਧਿਆਨ ਵਿਚ ਲੀਨ ਹੋ ਜਾਂਦੇ ਸਨ। ਨਿਜ ਅਨੰਦ ਦੀ ਮਸਤੀ ਅਤੇ ਮਗਨਤਾਈ ਰੱਬੀ ਸੁਗਾਤ ਦੇ ਰੂਪ ਵਿਚ ਆਪ ਜੀ (ਕਿਰਪਾਲ) ਨੂੰ ਜਨਮ ਤੋਂ ਹੀ ਪ੍ਰਾਪਤ ਸਨ। ਬਾਲ ਅਵਸਥਾ ਦੀਆਂ ਘਟਨਾਵਾਂ ਦੇ ਸੰਬੰਧ ਵਿਚ ਕਿਸੇ ਨੇ ਆਪ ਨੂੰ ਪੁੱਛਿਆ ਕਿ ਚਾਰ ਪੰਜ ਵਰੇ ਦੀ ਆਯੂ ਦੇ ਬੱਚੇ ਤਾਂ ਖੇਲ੍ਹਣ-ਕੁੱਦਣ ਤੋਂ ਬਿਨ੍ਹਾਂ ਦੂਜੀ ਗੱਲ ਹੀ ਨਹੀਂ ਜਾਣਦੇ ਅਤੇ ਇਕ ਪਲ ਲਈ ਵੀ ਚੁੱਪ ਨਹੀਂ ਬਹਿ ਸਕਦੇ ਪਰ ਤੁਹਾਡੀ ਇਹ ਅਵਸਥਾ ਕਿਉਂ ? ਤਾਂ ਆਪ ਨੇ ਪਿਆਰ ਭਰੀ ਜੁਬਾਨ ਵਿੱਚ ਉੱਤਰ ਦਿੱਤਾ ਕਿ “ਸੰਸਾਰੀ ਖੇਲ੍ਹ ਕੁੱਦ ਮੇਰੇ ਭਾਗਾਂ ਵਿਚ ਹੀ ਨਹੀਂ”। ਦੱਸਦੇ ਹਨ ਕਿ “ਉਨ੍ਹਾਂ ਦਿਨਾਂ ਵਿਚ ਵੀ ਮੈਂ ਅੱਖੀਆਂ ਮੀਟ ਕੇ ਧਿਆਨ ਵਿਚ ਮਗਨ ਬੈਠਾ ਰਹਿੰਦਾ ਸੀ”। ਫਿਰ ਪੁੱਛਣ ਵਾਲੇ ਨੇ ਸਵਾਲ ਕੀਤਾ, “ਤੁਹਾਨੂੰ ਅੰਦਰ ਕੁਝ ਨਜ਼ਰ ਆਉਂਦਾ ਹੋਵੇਗਾ, ਤਾਂ ਹੀ ਤੁਸੀਂ ਅੱਖੀਆਂ ਮੀਟ ਕੇ ਬਹਿੰਦੇ ਹੋਵੇਗੇ”? ਆਪ ਨੇ ਉੱਤਰ ਦਿਤਾ, “ਮੈਨੂੰ ਅੰਤਰ ਵਿਚ ਰੂਹਾਨੀ ਮੰਡਲਾਂ ਦੇ ਪ੍ਰਕਾਸ਼, ਨਿਰਾਲੇ ਅਤੇ ਨੂਰੀ ਦ੍ਰਿਸ਼ ਨਜ਼ਰੀਂ ਪੈਂਦੇ ਸਨ, ਕਦੇ ਕਿਸੇ ਮੰਡਲ ਦੇ ਤੇ ਕਦੇ ਕਿਸੇ ਮੰਡਲ ਦੇ”। ਸਵਾਮੀ ਸ਼ਿਵ ਦਿਆਲ ਸਿੰਘ ਜੀ ਵਾਂਗ, ਬਚਪਨ ਤੋਂ ਹੀ ਆਪ ਦੀ ਰਸਾਈ ਆਤਮਕ ਮੰਡਲਾਂ ਤਕ ਸੀ ਅਤੇ ਜਿਵੇਂ ਜਿਵੇਂ ਵੱਡੇ ਹੁੰਦੇ ਗਏ, ਉਸੇ ਪ੍ਰਕਾਰ ਇਹ ਰਸਾਈ ਵਧਦੀ ਚਲੀ ਗਈ ਅਤੇ ਆਤਮਕ ਸ਼ਕਤੀ ਦਾ ਵਿਕਾਸ ਹੁੰਦਾ ਗਿਆ।

ਅੰਤਰ ਆਤਮਾਂ ਦੀ ਸ਼ੁੱਧੀ ਦੇ ਕਾਰਣ ਅੰਤਰਜਾਮੀ ਹੋਣ ਦੇ ਗੁਣ ਆਪ ਜੀ ਨੂੰ ਅਰੰਭ ਤੋਂ ਹੀ ਪ੍ਰਾਪਤ ਸਨ। ਆਪ ਹਾਲੇ ਚੌਥੀ ਸ਼ਰੇਣੀ ਵਿਚ ਹੀ ਪੜ੍ਹਦੇ ਸਨ ਜਦੋਂ ਕਿ ਉਨ੍ਹਾਂ ਦਿਨਾਂ ਵਿੱਚ ਇੱਕ ਘਟਨਾ ਵਾਪਰੀ। ਪੜ੍ਹਦਿਆਂ ਹੋਇਆਂ ਅਚਾਨਕ ਹੀ ਆਪ ਆਪਣੀ ਸੀਟ ਉਤੇ ਖੜੇ ਹੋ ਗਏ ਅਤੇ ਆਪਣੇ ਅਧਿਆਪਕ ਸਾਹਿਬ ਨੂੰ ਬੇਨਤੀ ਕਰਨ ਲੱਗੇ ਕਿ, “ਮਾਸਟਰ ਜੀ ਮੈਨੂੰ ਛੁੱਟੀ ਦੇ ਦਿਓ, ਮੇਰੀ ਨਾਨੀ ਜੀ ਪਰਲੋਕ ਸਧਾਰਨ ਵਾਲੀ ਹੈ”। ਅਧਿਆਪਕ ਸਾਹਿਬ ਹੈਰਾਨੀ ਭਰੀ ਇਹ ਗੱਲ ਸੁਣ ਕੇ ਬੋਲੇ, “ਵਾਹ ਭਈ, ਇਥੇ ਬੈਠਿਆਂ ਘਰ ਵਿੱਚ ਸਰੀਰ ਛੱਡ ਰਹੀ ਨਾਨੀ ਵੀ ਨਜ਼ਰ ਆ ਰਹੀ ਹੈ, ਜਾਹ ਬੈਠ ਆਪਣਾ ਸਬਕ ਯਾਦ ਕਰ, ਆ ਗਿਆਂ ਕਿਤੇ ਦਾ ਔਲੀਆ”। ਅਧਿਆਪਕ ਨੇ ਇਹ ਗੱਲ ਕਹਿ ਤਾਂ ਦਿੱਤੀ ਪਰ ਅੰਦਰੋਂ ਅੰਦਰੀ ਸੋਚਣ ਲੱਗਾ ਕਿ ਇਹ ਬਾਲਕ ਆਖਰ ਅਜਿਹੀ ਗੱਲ ਕਿਉਂ ਕਹਿ ਰਿਹਾ ਹੈ ? ਇਹ ਵਿਦਿਆਰਥੀ ਅਜਿਹਾ ਵੀ ਨਹੀਂ ਜੋ ਪੜ੍ਹਾਈ ਤੋਂ ਜੀਅ ਕਤਰਾਉਂਦਾ ਹੋਵੇ ਜਾਂ ਫਿਰ ਖੇਲ੍ਹ ਕੁੱਦ ਦਾ ਸ਼ੌਕੀਨ ਹੋਵੇ। ਅਧਿਆਪਕ ਹਾਲੇ ਇਹ ਗੱਲ ਸੋਚ ਹੀ ਰਿਹਾ ਸੀ ਕਿ ਕੁਦਰਤ ਦੀ ਕਰਨੀ ਅਜਿਹੀ ਹੋਈ ਕਿ ਘਰੋਂ ਸੁਨੇਹਾ ਆ ਗਿਆ ਅਤੇ ਅਧਿਆਪਕ ਨੂੰ ਕੋਈ ਬੰਦਾ ਕਹਿਣ ਲੱਗਾ ਕਿ “ਕਿਰਪਾਲ ਨੂੰ ਘਰ ਭੇਜ ਦਿਓ, ਉਸ ਦੀ ਨਾਨੀ ਜੀ ਦਮ ਤੋੜ ਰਹੀ ਹੈ ਅਤੇ ਇਸ ਬੱਚੇ ਨੂੰ ਵੇਖਣਾ ਚਾਹੁੰਦੀ ਹੈ”। ਅਧਿਆਪਕ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਅਤੇ ਉਸ ਦਿਨ ਤੋਂ ਹੋਰਨਾਂ ਲੋਕਾਂ ਵਾਂਗ ਉਸ ਨੂੰ ਵੀ ਵਿਸ਼ਵਾਸ਼ ਹੋ ਗਿਆ ਕਿ ਇਹ ਬਾਲਕ ਕੋਈ ਸਾਧਾਰਣ ਵਿਅਕਤੀ ਨਹੀਂ ਹੈ।

ਇਸੇ ਪ੍ਰਕਾਰ ਦੀ ਇਕ ਹੋਰ ਘਟਨਾ ਦਾ ਵਰਨਣ ਆਉਂਦਾ ਹੈ। ਇਕ ਵਾਰ ਉਨ੍ਹਾਂ ਦੇ ਪਿੰਡ ਕਿਸੇ ਦੇ ਘਰ ਚੋਰੀ ਹੋ ਗਈ। ਆਪ ਨੇ ਲੋਕਾਂ ਕੋਲੋਂ ਸੁਣਿਆ ਕਿ ਫਲਾਣੇ ਬੰਦੇ ਦੇ ਘਰ ਵਿਚ ਚੋਰੀ ਹੋਈ ਹੈ ਅਤੇ ਉਸ ਦਾ ਬੜਾ ਮਾਲੀ ਨੁਕਸਾਨ ਹੋਇਆ ਹੈ। ਆਪ ਜੀ ਨੇ ਆਪਣੇ ਪਿਤਾ ਜੀ ਨੂੰ ਦਸਿਆ ਕਿ ਫਲਾਣੇ ਬੰਦੇ ਨੇ ਚੋਰੀ ਕੀਤੀ ਹੈ ਅਤੇ ਚੋਰੀ ਦਾ ਮਾਲ ਵੀ ਜਿਥੇ ਛੁਪਾ ਕੇ ਰਖਿਆ ਸੀ ਉਹ ਥਾਂ ਵੀ ਦੱਸ ਦਿਤੀ। ਇਸ ਗੱਲ ਤੇ ਪਿਤਾ ਜੀ ਨੇ ਆਪ ਜੀ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਅਜਿਹੀਆਂ ਗੱਲਾਂ ਦਾ ਭੇਦ ਨਹੀਂ ਦੱਸਿਆ ਕਰਦੇ ਅਤੇ ਉਸ ਦਿਨ ਤੋਂ ਲੋਕਾਂ ਨੂੰ ਦੱਸਣਾ ਬੰਦ ਕਰ ਦਿਤਾ। ਆਪ ਦੱਸਦੇ ਹਨ ਕਿ “ਮੈਨੂੰ ਬਾਲ ਅਵਸਥਾ ਤੋਂ ਹੀ ਇਸ ਗੱਲ ਦਾ ਅਨੁਭਵ ਸੀ ਕਿ ਮੈਂ ਸੰਸਾਰ ਵਿਚ ਰਹਿ ਕੇ ਕੀ ਕੰਮ ਕਰਨਾ ਹੈ”। ਆਪ ਛੋਟੀ ਆਯੂ ਵਿਚ ਹੀ ਕਿਹਾ ਕਰਦੇ ਸਨ ਕਿ ਮੈਂ “ਅਮਰੀਕਾ” ਜਾਵਾਂਗਾ। ਆਪ ਦੱਸਦੇ ਹਨ ਕਿ ਬਚਪਨ ਦੇ ਸਮੇਂ ਦੀ ਹਰ ਇਕ ਗੱਲ, ਹਰ ਇਕ ਘਟਨਾ ਅਤੇ ਹਰ ਇਕ ਪੁਸਤਕ ਜੋ ਆਪ ਜੀ ਨੇ ਉਸ ਸਮੇਂ ਪੜ੍ਹੀ ਸੀ ਆਪ ਨੂੰ ਚੰਗੀ ਤਰ੍ਹਾਂ ਯਾਦ ਹੈ। ਵਾਸਤਵ ਵਿੱਚ ਇਸ ਅਧਿਐਨ ਦਾ ਹੀ ਸਿੱਟਾ ਨਿਕਲਿਆ ਕਿ ਆਪ ਜੀ ਉਤੇ ਨੇੜੇ ਦੇ ਸੰਸਾਰੀ ਵਾਤਾਵਰਣ ਦਾ ਆਪ ਉਤੇ ਕੋਈ ਪ੍ਰਭਾਵ ਨਹੀਂ ਪਿਆ ਸਗੋਂ ਇਸ ਦੇ ਉਲਟ ਆਪਣੀ ਪਵਿੱਤਰ-ਆਤਮਾ ਰਾਹੀਂ ਆਪਣੇ ਨੇੜੇ- ਤੇੜੇ ਦੇ ਲੋਕਾਂ ਨੂੰ ਪ੍ਰਭਾਵਤ ਕਰਦੇ ਰਹੇ।

ਆਪ ਜੀ ਦੇ ਬਜ਼ੁਰਗ ਉੱਤਰ ਪੱਛਮੀ ਸੀਮਾਂ ਪਰਾਂਤ ਦੇ ਵਸਨੀਕ ਸਨ। ਉਹ ਲੋਕੀ ਮਾਸ ਮੱਛੀ ਆਮ ਘਰਾਂ ਵਿਚ ਵਰਤਦੇ ਹਨ। ਆਪ ਦੇ ਘਰ ਵੀ ਛੋਟੇ ਵੱਡੇ ਸਾਰੇ ਹੀ ਮੈਂਬਰ ਖਾਂਦੇ ਸਨ ਅਤੇ ਸਾਰੇ ਹੀ ਪਰਿਵਾਰ ਦੇ ਮੈਂਬਰ ਇਕੋ ਥਾਂ ਬੈਠ ਕੇ ਖਾਣਾ ਖਾਂਦੇ ਸਨ। ਪਰ ਆਪ ਲੋੜ ਅਨੁਸਾਰ ਰੋਟੀ ਅਤੇ ਸਬਜ਼ੀ ਲੈ ਕੇ ਵੱਖਰਿਆਂ ਬਹਿ ਕੇ ਰੱਬ ਦਾ ਨਾਓਂ ਲੈ ਕੇ ਖਾਂਦੇ ਅਤੇ ਉਸ ਦਾ ਧੰਨਵਾਦ ਕਰ ਛੱਡਦੇ। ਆਪ ਦੇ ਪਿਤਾ ਜੀ ਬੜੇ ਪਿਆਰ ਨਾਲ ਕਹਿੰਦੇ ਹੁੰਦੇ, “ਸਾਰੀਆਂ ਚੀਜ਼ਾਂ (ਜਿਨ੍ਹਾਂ ਵਿੱਚ ਗੋਸ਼ਤ ਵੀ ਸ਼ਾਮਲ ਹੁੰਦਾ) ਕਿਉਂ ਨਹੀਂ ਲੈਂਦੇ ਪਾਲ” ? (ਬਚਪਨ ਵਿਚ ਘਰ ਦੇ ਸਾਰੇ ਮੈਂਬਰ ਆਪ ਜੀ ਨੂੰ ਪਿਆਰ ਵਿਚ ਆ ਕੇ “ਪਾਲ” ਕਹਿ ਕੇ ਹੀ ਸੱਦਿਆ ਕਰਦੇ ਸਨ)। ਗੋਸ਼ਤ ਸਿਹਤ ਲਈ ਚੰਗੀ ਚੀਜ਼ ਹੈ। ਆਪ ਸਹਿਜ ਸੁਭਾਅ ਹੀ ਉੱਤਰ ਦੇ ਦਿੱਤਾ ਕਰਦੇ, “ਪਿਤਾ ਜੀ ਇਹ ਮੁਰਦਾ ਹੈ। ਮੈਂ ਜੀਉਂਦੇ ਜੀ ਆਪਣੇ ਸਰੀਰ ਨੂੰ ਕਬਰਿਸਤਾਨ ਨਹੀਂ ਬਣਾਉਣਾ ਚਾਹੁੰਦਾ”। ਅਖੀਰ ਇਸ ਉੱਤਰ ਤੋਂ ਸੰਤੁਸ਼ਟ ਹੋ ਕੇ ਉਹ ਮੁੜਕੇ ‘ਪਾਲ’ ਨੂੰ ਗੋਸ਼ਤ ਲਈ ਮਜ਼ਬੂਰ ਨਹੀਂ ਸਨ ਕਰਦੇ। ਮਹਾਰਾਜ ਕਿਰਪਾਲ ਸਿੰਘ ਜੀ ਨੂੰ ਮੁੱਢਲੀ ਅਵਸਥਾ ਤੋਂ ਹੀ ਪੂਰਾ ਵਿਸ਼ਵਾਸ਼ ਸੀ ਕਿ ਮਾਸਾਹਾਰੀ ਜੀਵਨ ਅਤੇ ਅਧਿਆਤਮਕ ਜੀਵਨ ਦਾ ਆਪਸ ਵਿੱਚ ਕੋਈ ਮੇਲ ਨਹੀਂ ਹੈ। ਕੇਵਲ ਸਾਤਵਿਕ ਭੋਜਨ ਹੀ ਆਤਮਕ ਜੀਵਨ ਵਿੱਚ ਉੱਨਤੀ ਕਰਨ ਲਈ ਸਭ ਤੋਂ ਉੱਚੀ ਸੁੱਚੀ ਖੁਰਾਕ ਹੈ।

ਪ੍ਰਵਾਰਕ ਪ੍ਰਭਾਵ

ਆਪਣੇ ਸਤਿਸੰਗ ਬਚਨਾਂ ਵਿੱਚ ਮਹਾਰਾਜ ਜੀ ਵਿਸ਼ੇਸ਼ ਕਰਕੇ ਫਰਮਾਉਂਦੇ ਹੁੰਦੇ ਸਨ ਕਿ ਜਿਹੜੇ ਲੋਕ ਆਪਣੀ ਸੰਤਾਨ ਨੂੰ ਨੇਕ, ਪਾਕ ਅਤੇ ਸਦਾਚਾਰੀ ਬਨਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਜ਼ਰੂਰੀ ਹੈ ਕਿ ਪਹਿਲਾਂ ਆਪ ਸਦਾਚਾਰੀ ਜੀਵਨ ਬਤੀਤ ਕਰਕੇ ਬੱਚਿਆਂ ਦੇ ਸਾਹਮਣੇ ਆਪਣੀ ਉਦਾਹਰਣ ਪੇਸ਼ ਕਰਨ। ਰੂਹਾਨੀਅਤ ਦੀ ਵਡਮੁੱਲੀ ਦਾਤ ਆਪ ਜੀ ਨੂੰ ਪ੍ਰਮਾਤਮਾ ਵਲੋਂ ਗੁੜ੍ਹਤੀ ਵਿਚ ਮਿਲੀ ਹੋਈ ਸੀ ਅਤੇ ਆਪ ਦੇ ਘਰ ਦਾ ਵਾਤਾਵਰਣ ਵੀ ਆਪ ਦੀ ਰੂਹਾਨੀ ਜ਼ਿੰਦਗੀ ਦੇ ਅਨੁਕੂਲ ਸੀ। ਆਪ ਦੇ ਸਤਿਕਾਰ ਯੋਗ ਪਿਤਾ “ਸਰਦਾਰ ਹੁਕਮ ਸਿੰਘ” ਜੀ ਵੀ ਭਜਨ ਬੰਦਗੀ ਵਿਚ ਨਿਪੁੰਨ ਅਤੇ ਰਿੱਧੀ ਸਿੱਧੀ ਵਾਲੇ ਬਜ਼ੁਰਗ ਸਨ ਅਤੇ ਸ਼ਿਵ ਜੀ ਦੀ ਪੂਜਾ ਕਰਿਆ ਕਰਦੇ ਸਨ। ਉਨ੍ਹਾਂ ਦਾ ਜੀਵਨ ਤਪੱਸਿਆ ਅਤੇ ਤਿਆਗ ਦਾ ਜੀਵਨ ਸੀ। ਅੱਧੀ ਰਾਤ ਦੇ ਸਮੇਂ ਆਪ ਤਲਾਬ ਦੇ ਠੰਢੇ ਪਾਣੀ ਵਿੱਚ ਖਲੋ ਕੇ ਭਜਨ ਬੰਦਗੀ ਵਿੱਚ ਸਾਰੀ ਸਾਰੀ ਰਾਤ ਬਤੀਤ ਕਰ ਦਿੰਦੇ ਸਨ ਅਤੇ ਗਰਮੀ ਹੋਵੇ ਭਾਵੇਂ ਸਰਦੀ ਉਹ ਭਜਨ ਵਿੱਚ ਕਦੇ ਨਾਗਾ ਨਹੀਂ ਸਨ ਕਰਦੇ। ਪਰਿਵਾਰ ਦੇ ਦੂਜੇ ਮੈਂਬਰ ਵੀ ਸ਼ਿਵ ਜੀ ਦੀ ਪੂਜਾ ਕਰਦੇ ਹੁੰਦੇ ਸਨ (ਹੁਣ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ “ਨਾਮ” ਲੈ ਲਿਆ ਹੈ)। ਮਹਾਰਾਜ ਜੀ ਦੇ ਮਾਤਾ ਜੀ ਬਾਰੇ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਹਰ ਰੋਜ਼ ਇਸ਼ਨਾਨ ਕਰਕੇ “ਗੀਤਾ” ਦਾ ਪਾਠ ਕਰਦੇ ਹੁੰਦੇ ਸਨ ਅਤੇ ਇਸ ਨੂੰ ਪੂਰਾ ਕਰਨ ਤੋਂ ਮਗਰੋਂ ਹੀ ਚੌਂਕੇ ਵਿੱਚ ਚਰਨ ਪਾਉਂਦੇ ਸਨ। ਆਪਣੇ ਪਿਤਾ ਜੀ ਨੂੰ ਵੇਖਕੇ ਆਪ ਜੀ ਨੇ ਵੀ “ਸ਼ਿਵ ਜੀ” ਦੀ ਪੂਜਾ ਅਰੰਭ ਕਰ ਦਿੱਤੀ। ਪੂਜਾ ਕਰਦਿਆਂ ਹੋਇਆਂ ਸ਼ਿਵ ਜੀ ਦੇ ਦਰਸ਼ਨ ਵੀ ਹੋਏ ਅਤੇ ਸਾਹਮਣੇ ਹੋ ਕੇ ਗੱਲਬਾਤ ਵੀ ਹੋਈ, ਪਰ ਜਿਸ ਚੀਜ਼ ਦੀ ਮਹਾਰਾਜ ਜੀ ਨੂੰ ਲੋੜ ਸੀ (ਪ੍ਰਭੂ ਦਰਸ਼ਨ) ਉਹ ਕੁਝ ਹੋਰ ਚੀਜ਼ ਸੀ।

ਸ਼ੁਰੂ ਵਿਚ ਆਪ ਪ੍ਰਾਣਾਯਾਮ ਅਭਿਆਸ ਕਰਦੇ ਹੁੰਦੇ ਸਨ। ਸੰਨ 1912-13 ਈਸਵੀ ਦੀ ਗੱਲ ਹੈ ਕਿ “ਪਿਸ਼ਾਵਰ” ਵਿਚ (ਜਿਥੇ ਆਪ ਦਾ ਬਚਪਨ ਦਾ ਸਮਾਂ ਬੀਤਿਆ) “ਪੰਜ ਤੀਰਥ” ਦੇ ਨੇੜੇ ਇਕ ਬੜਾ ਵੱਡਾ ਤਲਾਬ ਸੀ। ਆਪ ਉਸ ਤਲਾਬ ਵਿਚ ਸਾਰੀ ਸਾਰੀ ਰਾਤ ਖੜੇ ਹੋ ਕੇ ਭਜਨ ਕਰਿਆ ਕਰਦੇ ਸਨ। ਉਸ ਸਮੇਂ ਆਪ ਜੀ ਦੀ ਉਮਰ 17-18 ਵਰ੍ਹੇ ਦੀ ਸੀ। ਤਾਂ ਉਨ੍ਹਾਂ ਦਿਨਾਂ ਵਿਚ ਹੀ ਅਭਿਆਸ ਕਰਦਿਆਂ ਹੋਇਆਂ ਉਨ੍ਹਾਂ ਨੂੰ ਇਕ ਸਰੂਪ ਦਿੱਸਿਆ। ਉਸ ਦੇ ਵਾਲ ਘੁੰਗਰਾਲੇ ਸਨ ਅਤੇ ਅੱਖੀਆਂ ਵੱਡੀਆਂ ਵੱਡੀਆਂ ਸਨ। ਉਨ੍ਹਾਂ ਅੱਖੀਆਂ ਦਾ ਪ੍ਰਕਾਸ਼ ਇਤਨਾ ਤੇਜ਼ ਸੀ ਕਿ ਉਨ੍ਹਾਂ ਵੱਲ ਤੱਕਿਆ ਨਹੀਂ ਸੀ ਜਾ ਸਕਦਾ। ਉਸ ਦੇ ਪੇਟ ਅੰਦਰ ਸਾਰੀ ਸ੍ਰਿਸ਼ਟੀ ਕੰਮ ਕਰਦੀ ਦਿੱਸਦੀ ਸੀ (ਇਸ ਸਰੂਪ ਦਾ ਵਰਨਣ ਗੁਰਬਾਣੀ ਵਿਚ ਵੀ ਆਉਂਦਾ ਹੈ ਅਤੇ ਗੀਤਾ ਵਿਚ ਭਗਵਾਨ ਕ੍ਰਿਸ਼ਨ ਨੇ “ਅਰਜਨ” (Arjuna) ਨੂੰ ਜੋ ਵਿਰਾਟ ਰੂਪ (Universal Form) ਵਿਖਾਇਆ ਸੀ, ਉਸ ਦਾ ਆਕਾਰ ਵੀ ਇਤਨਾ ਵੱਡਾ ਹੀ ਸੀ)। ਤਾਂ ਉਹ ਸਰੂਪ ਆਪ ਜੀ ਵੱਲ ਮੂੰਹ ਭਵਾਅ ਕੇ ਆਖਣ ਲੱਗਾ, “ਮੈਂ ਸਾਧਾਰਣ ਸਿਮਰਨ ਨਾਲ ਛੇਤੀ ਪ੍ਰਸੰਨ ਹੁੰਦਾ ਹਾਂ”। ਇਸ ਲਈ ਉਸ ਦਿਨ ਤੋਂ ਮਗਰੋਂ ਆਪ ਨੇ ਇਸ ਪ੍ਰਕਾਰ ਦਾ ਅਭਿਆਸ ਛੱਡ ਦਿੱਤਾ।

ਵਿਦਿਆਰਥੀ ਜੀਵਨ

ਮੁੱਢ ਤੋਂ ਹੀ ਆਪ ਜੀ (ਕਿਰਪਾਲ) ਨੂੰ ਧਰਮ ਪੁਸਤਕਾਂ ਤੇ ਇਤਿਹਾਸ ਪੜ੍ਹਨ ਦਾ ਇਨ੍ਹਾਂ ਸ਼ੌਕ ਸੀ ਕਿ ਆਪਣੀਆਂ ਪੜ੍ਹਾਈ ਦੀਆਂ ਪੁਸਤਕਾਂ ਤੋਂ ਬਿਨਾਂ ਸਕੂਲ ਦੀ ਲਾਇਬਰੇਰੀ ਦੀਆਂ ਸਾਰੀਆਂ ਪੁਸਤਕਾਂ ਆਪ ਪੜ੍ਹ ਚੁੱਕੇ ਸਨ। ਇਕ ਵਾਰ ਕੋਈ ਪੁਸਤਕ ਹੱਥੀਂ ਫੜਦੇ ਤਾਂ ਉਸ ਨੂੰ ਖਤਮ ਕੀਤਿਆਂ ਬਿਨਾਂ ਹੱਥੋਂ ਨਹੀਂ ਸਨ ਛੱਡਦੇ। ਫਿਰ ਘਰ ਜਾ ਕੇ ਬੀਤੀ ਰਾਤ ਤਕ ਪੁਸਤਕਾਂ ਪੜ੍ਹਦੇ ਰਹਿੰਦੇ। ਉਨ੍ਹਾਂ ਦਿਨਾਂ ਵਿੱਚ ਬਿਜਲੀ ਦਾ ਪ੍ਰਬੰਧ ਨਹੀਂ ਸੀ ਹੁੰਦਾ ਸਗੋਂ ਦੀਵੇ ਦੀ ਲੋਅ ਉਤੇ ਹੀ ਪੜ੍ਹਨਾ ਪੈਂਦਾ ਸੀ। ਪਿਤਾ ਜੀ ਨੇ ਇਨ੍ਹਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਇਨ੍ਹਾਂ ਨੂੰ ਰਾਤੀ ਦਸ ਵਜੇ ਤੋਂ ਮਗਰੋਂ ਨਾ ਪੜ੍ਹਨ ਦਾ ਆਦੇਸ਼ ਦਿਤਾ, ਪਰ ਆਪ ਰਜ਼ਾਈ ਵਿੱਚ ਲੇਟੇ ਹੋਏ ਹੀ ਪੜ੍ਹਦੇ ਰਹਿੰਦੇ। ਇਤਨੇ ਮਹਾਨ ਅਧਿਐਨ ਦਾ ਸਿੱਟਾ ਇਹ ਨਿਕਲਿਆ ਕਿ ਦੂਜੇ ਵਿਦਿਆਰਥੀਆਂ ਦੇ ਮੁਕਾਬਲੇ ਵਿਚ ਆਪ ਜੀ ਦੀ ਸੂਝ ਬੂਝ ਉੱਚ ਕੋਟੀ ਤਕ ਵਧੀ ਹੋਈ ਸੀ। ਆਪ ਹਰ ਪ੍ਰੀਖਿਆ ਵਿਚ ਆਪਣੀ ਸ਼ਰੇਣੀ ਵਿਚ ਪਹਿਲੇ ਨੰਬਰ ਉਤੇ ਆਉਂਦੇ ਸਨ।

ਇਕ ਵਾਰ ਦੀ ਗੱਲ ਹੈ ਕਿ ਇਤਿਹਾਸ ਦੇ ਪਰਚੇ ਵਿਚ ਅਧਿਆਪਕ ਸਾਹਿਬ ਨੇ ਆਪ ਨੂੰ 55 ਵਿਚੋਂ 54 ਨੰਬਰ ਦਿੱਤੇ ਅਤੇ ਦੂਜੇ ਨੰਬਰ ਉਤੇ ਆਉਣ ਵਾਲੇ ਵਿਦਿਆਰਥੀ ਨੂੰ 37 ਨੰਬਰ ਪ੍ਰਾਪਤ ਹੋਏ। ਇਸ ਗੱਲ ਉਤੇ ਉਸ ਵਿਦਿਆਰਥੀ ਨੇ ਅਧਿਆਪਕ ਕੋਲ ਸ਼ਿਕਾਇਤ ਕੀਤੀ ਕਿ “ਮੈਂ ਸਾਰੇ ਪ੍ਰਸ਼ਨਾਂ ਦਾ ਉੱਤਰ ਠੀਕ ਦਿੱਤਾ ਹੈ, ਪਰ ਮੈਨੂੰ ਫੇਰ ਵੀ 37 ਨੰਬਰ ਮਿਲੇ ਸਨ ਜਦ ਕਿ ਕਿਰਪਾਲ ਸਿੰਘ ਨੂੰ 54 ਨੰਬਰ ਮਿਲੇ ਹਨ”। ਇਸ ਗੱਲ ਉਤੇ ਅਧਿਆਪਕ ਹਸ ਕੇ ਕਹਿਣ ਲੱਗਾ, ਤੂੰ ਕੇਵਲ ਉਹੋ ਕੁਝ ਲਿਖਿਆ ਹੈ ਜੋ ਮੈਂ ਤੁਹਾਨੂੰ ਪੜ੍ਹਾਇਆ ਹੈ, ਪਰ ਕਿਰਪਾਲ ਸਿੰਘ ਨੇ ਉਹ ਕੁਝ ਬਿਆਨ ਕੀਤਾ ਹੈ ਜੋ ਸੰਸਾਰ ਦੇ ਇਤਿਹਾਸਕਾਰਾਂ ਨੇ ਬਿਆਨ ਕੀਤਾ ਹੈ। ਇਤਿਹਾਸ ਅਜਿਹਾ ਵਿਸ਼ਾ ਹੈ ਕਿ ਇਸ ਵਿੱਚ ਪੂਰੇ ਦੇ ਪੂਰੇ ਨੰਬਰ ਨਹੀਂ ਦਿੱਤੇ ਜਾਂਦੇ, ਇਸੇ ਕਰਕੇ ਇਕ ਨੰਬਰ ਕੱਟਣਾ ਪਿਆ, ਨਹੀਂ ਤਾਂ ਪੂਰੇ 55 ਨੰਬਰ ਹੀ ਦੇਣੇ ਸੀ। ਇਸ ਵਿਸ਼ਾਲ ਅਧਿਐਨ ਕਾਰਣ ਹੀ ਸਾਰੇ ਅਧਿਆਪਕ ਉਨ੍ਹਾਂ ਦੀ ਬਹੁਤ ਕਦਰ ਕਰਦੇ ਸਨ।

ਇਕ ਦਿਨ ਕੀ ਹੋਇਆ ਕਿ ਮਹਾਰਾਜ ਜੀ ਦਾ ਸ਼ਰੇਣੀ ਵਿਚ ਦੂਜੇ ਨੰਬਰ ਉਤੇ ਆਉਣ ਵਾਲਾ ਵਿਦਿਆਰਥੀ ਆਪਣਾ ਦਿੱਤਾ ਹੋਇਆ ਘਰ ਦਾ ਕੰਮ ਨਾ ਕਰਕੇ ਲਿਆਇਆ। ਮੁੱਖ ਅਧਿਆਪਕ ਦਾ ਹੁਕਮ ਸੀ ਕਿ ਅਗਲੇ ਦਿਨ ਜਿਹੜਾ ਸਬਕ ਪੜ੍ਹਾਉਣਾ ਸੀ ਉਸ ਦੇ ਔਖੇ ਸ਼ਬਦ ਅਤੇ ਡਿਕਸ਼ਨਰੀ ਵਿਚੋਂ ਉਨ੍ਹਾਂ ਦੇ ਅਰਥ ਸਾਰੇ ਵਿਦਿਆਰਥੀ ਆਪਣੀਆਂ ਕਾਪੀਆਂ ਵਿੱਚ ਲਿਖ ਕੇ ਲਿਆਉਣ। ਪਰੰਤੂ ਉਹ ਵਿਦਿਆਰਥੀ ਇਹ ਕੰਮ ਕਰਕੇ ਨਾ ਲਿਆਇਆ ਜਿਸ ਉਤੇ ਮੁੱਖ-ਅਧਿਆਪਕ ਸਾਹਿਬ ਨੇ ਉਸ ਨੂੰ ਕਾਫ਼ੀ ਡਾਂਟਿਆ। ਇਸ ਡਾਂਟ ਉਤੇ ਉਸ ਨੇ ਮੁੱਖ-ਅਧਿਆਪਕ ਨੂੰ ਗਿਲਾ ਕੀਤਾ ਕਿ ਮੈਂ ਤਾਂ ਅੱਜ ਹੀ ਆਪਣਾ ਘਰ ਦਾ ਕੰਮ ਕਰਕੇ ਨਹੀਂ ਲਿਆਇਆ ਤਾਂ ਵੀ ਮੁਰੱਮੰਤ ਹੋਈ ਪਰੰਤੂ ਕਿਰਪਾਲ ਸਿੰਘ ਕਦੇ ਵੀ ਕਾਪੀ ਉਤੇ ਨੋਟ ਕਰਕੇ ਨਹੀਂ ਲਿਆਉਂਦਾ ? ਤਾਂ ਮੁੱਖ-ਅਧਿਆਪਕ ਨੇ ਉੱਤਰ ਦਿੱਤਾ, “ਕਿਰਪਾਲ ਸਿੰਘ ਨੂੰ ਘਰੋਂ ਲਿਖ ਕੇ ਲਿਆਉਣ ਦੀ ਕੋਈ ਲੋੜ ਨਹੀਂ, ਉਹ ਪਾਠ ਪੁਸਤਕਾਂ ਵਿੱਚ ਲਿਖਿਆ ਹੋਇਆ ਤਾਂ ਕੀ ਇਨ੍ਹਾਂ ਤੋਂ ਬਿਨਾਂ ਹੋਰ ਵੀ ਬਹੁਤ ਕੁਝ ਜਾਣਦਾ ਹੈ”।

ਆਪ ਆਪਣੇ ਸਤਿਸੰਗ ਬਚਨਾਂ ਵਿਚ ਕਈ ਵਾਰੀ ਆਪਣੇ ਵਿਦਿਆਰਥੀ ਜੀਵਨ ਦਾ ਇਸ਼ਾਰਾ ਦਿੰਦੇ ਹੁੰਦੇ ਸਨ। ਆਪ ਜੀ ਫਰਮਾਉਂਦੇ ਹਨ ਕਿ ਜੇ ਅਧਿਆਪਕ ਪੂਰੀ ਲਗਨ ਨਾਲ ਪੜ੍ਹਾਵੇ ਅਤੇ ਬੱਚਾ ਪੂਰੀ ਲਗਨ ਨਾਲ ਉਸ ਸਬਕ ਨੂੰ ਯਾਦ ਕਰੇ ਤਾਂ ਅਧਿਆਪਕ ਹੋਰ ਵਧੇਰੇ ਸ਼ੌਕ ਨਾਲ ਸਬਕ ਪੜਾਉਂਦਾ ਹੈ। ਇਕ ਸਤਿਸੰਗ ਵਿੱਚ ਆਪ ਆਪਣੇ ਵਿਦਿਆਰਥੀ ਜੀਵਨ ਬਾਰੇ ਸੰਕੇਤ ਦਿੰਦੇ ਹੋਏ ਫਰਮਾਉਂਦੇ ਹਨ ਕਿ ਉਨ੍ਹਾਂ ਦਿਨਾਂ ਵਿਚ ਪੜ੍ਹਾਈ ਦੀ ਫੀਸ ਨਹੀਂ ਸੀ ਲਗਦੀ ਹੁੰਦੀ। ਅਧਿਆਪਕ ਬੜੀ ਰੀਝ ਨਾਲ ਬੱਚਿਆਂ ਨੂੰ ਪੜਾਉਂਦੇ ਹੁੰਦੇ ਸੀ। ਅਤੇ ਜਿਸ ਵਿਦਿਆਰਥੀ ਵਿੱਚ ਪੜ੍ਹਾਈ ਲਈ ਬਹੁਤੀ ਰੁਚੀ ਵੇਖਦੇ ਸਨ, ਤਾਂ ਉਸ ਨੂੰ ਆਦੇਸ਼ ਦਿੱਤਾ ਜਾਂਦਾ ਸੀ ਕਿ ਸਕੂਲ ਤੋਂ ਮਗਰੋਂ ਅਧਿਆਪਕ ਦੇ ਘਰ ਜਾ ਕੇ ਪੜ੍ਹੇ। ਮੈਨੂੰ ਵੀ ਇਹੋ ਹੁਕਮ ਹੁੰਦਾ ਸੀ। ਤਾਂ ਮੈਂ ਅਧਿਆਪਕ ਦੇ ਘਰ ਜਾ ਕੇ ਪਹਿਲਾਂ ਉਸ ਦੇ ਘਰ ਦਾ ਕੋਈ ਕੰਮ ਕਾਜ ਕਰਦਾ, ਪਾਣੀ ਭਰ ਕੇ ਲਿਆਉਂਦਾ ਅਤੇ ਹੋਰ ਕਈ ਪ੍ਰਕਾਰ ਦੀ ਸੇਵਾ ਕਰਦਾ। ਇਸ ਉਪਰੰਤ ਅਧਿਆਪਕ ਆਪਣਾ ਸਬਕ ਵੀ ਬੜੇ ਪ੍ਰੇਮ ਨਾਲ ਪੜ੍ਹਾਉਂਦਾ।

ਸਕੂਲ ਛੱਡਣ ਤੋਂ ਕਈ ਸਾਲਾਂ ਮਗਰੋਂ ਆਪ (ਕਿਰਪਾਲ) ਲਾਹੌਰ ਵਿੱਚ ਇਕ ਦਿਨ ਬਿਮਾਰ ਹੋ ਗਏ। ਤਾਂ ਆਪ ਦੇ ਸਕੂਲ ਸਮੇਂ ਦੇ ਪੁਰਾਣੇ ਇਕ ਅਧਿਆਪਕ ਨੂੰ ਆਪ ਦੇ ਬਿਮਾਰ ਹੋਣ ਦਾ ਪਤਾ ਲੱਗਾ ਤਾਂ ਤੁਰੰਤ ਉਹ ਆਪ ਦੀ ਖ਼ਬਰ ਲਈ ਘਰ ਪਹੁੰਚੇ ਆਪ ਚਾਰਪਾਈ ਤੋਂ ਉਠ ਨਹੀਂ ਸਕਦੇ ਸਨ, ਪਰ ਫੇਰ ਵੀ ਉਨ੍ਹਾਂ ਦੇ ਚਰਨ ਚੁੰਮੇ। ਜਦੋਂ ਉਹ ਆਪ ਜੀ ਨੂੰ ਮਿਲੇ ਤਾਂ ਪਿਆਰ ਵਿੱਚ ਬੇਵਸ ਹੋ ਕੇ ਉਨ੍ਹਾਂ ਦੀਆਂ ਅੱਖੀਆਂ ਵਿਚੋਂ ਅੱਥਰੂਆਂ ਦੀ ਝੜੀ ਲੱਗ ਗਈ ਅਤੇ ਕਹਿਣ ਲੱਗੇ, “ਮੈਨੂੰ ਤੁਹਾਡੇ ਉਤੇ ਬੜਾ ਮਾਣ ਹੈ ਕਿ ਅੱਜ ਤੁਸੀਂ ਸੰਸਾਰ ਨੂੰ ਚਾਨਣ ਬਖਸ਼ ਰਹੇ ਹੋ”।

ਆਪ ਮਿਸ਼ਨ ਸਕੂਲ ਵਿਚ ਪੜ੍ਹਦੇ ਹੁੰਦੇ ਸਨ। ਹਰ ਗੱਲ ਦੀ ਖੋਜ ਕਰਕੇ ਅਤੇ ਸੱਚਾਈ ਦੀ ਤਹਿ ਤਕ ਪਹੁੰਚਣ ਦੀ ਸ਼ਕਤੀ ਆਪ ਨੂੰ ਜਨਮ ਤੋਂ ਹੀ ਪ੍ਰਾਪਤ ਸੀ। ਇਕ ਵਾਰ ਆਪ ਨੇ ਇਕ ਮਿਸ਼ਨਰੀ ਅਧਿਆਪਕ (ਇਸਾਈ ਪ੍ਰਚਾਰਕ) ਨੂੰ ਸਵਾਲ ਕੀਤਾ, “ਕੀ ਕਾਰਣ ਹੈ ਤੁਸੀਂ ਯਸੂ ਮਸੀਹ ਜੀ ਨੂੰ ਖਾਲੀ ਮਸੀਹ (Christ) ਹੀ ਕਹਿ ਕੇ ਪੁਕਾਰਦੇ ਹੋ, ਅਤੇ ਉਨ੍ਹਾਂ ਦੇ ਨਾਓਂ ਨਾਲ ਕੋਈ ਵਿਸ਼ੇਸ਼ਣ ਕਿਉਂ ਨਹੀਂ ਲਾਉਂਦੇ”? ਤਾਂ ਉਸ ਪ੍ਰਚਾਰਕ ਨੇ ਉੱਤਰ ਦਿੱਤਾ, ਪ੍ਰਮਾਤਮਾ, ਜੋ ਘਟ ਘਟ ਵਾਸੀ ਹੈ, ਸਭਨਾਂ ਦਾ ਪਾਲਣਹਾਰ ਹੈ ਅਤੇ ਜੀਵਨ ਆਧਾਰ ਹੈ, ਉਸ ਦੇ ਨਾਉਂ ਨਾਲ ਕੋਈ ਵਿਸ਼ੇਸ਼ਣ ਅਸੀਂ ਲਾ ਵੀ ਕਿਵੇਂ ਸਕਦੇ ਹਾਂ”? ਕੀ ਤੁਸੀਂ ਕਿਸੇ ਨੂੰ ਇਹ ਕਹਿੰਦਿਆਂ ਸੁਣਿਆਂ ਹੈ ਜਨਾਬ ਖੁਦਾ ਸਾਹਿਬ, ਹਜ਼ਰਤ ਅੱਲਾ ਮੀਆਂ ਜਾਂ ਸਿਰੀ ਵਾਹਿਗੁਰੂ ਜੀ ਮਹਾਰਾਜ ! ਯਸੂ ਮਸੀਹ ਨੂੰ ਅਸੀਂ ਪ੍ਰਮਾਤਮਾ ਦਾ ਸਪੁੱਤਰ ਮੰਨਦੇ ਹਾਂ। ਜਦੋਂ ਪ੍ਰਮਾਤਮਾ ਦੀ ਸ਼ਲਾਘਾ ਲਈ ਸਾਡੇ ਕੋਲ ਕੋਈ ਵਿਸ਼ੇਸ਼ਣ ਨਹੀਂ ਤਾਂ ਕੀ ਉਸ ਦੇ ਬੇਟੇ ਦੀ ਕੋਈ ਵਿਸ਼ੇਸ਼ਤਾਈ ਦੱਸ ਸਕਦੇ ਹਾਂ? ਇਹ ਉੱਤਰ ਸੁਣ ਕੇ ਆਪ ਬੜੇ ਪ੍ਰਸੰਨ ਹੋਏ। ਕਈ ਸਾਲਾਂ ਮਗਰੋਂ, ਜਦੋਂ ਆਪ ਅਮਰੀਕਾ ਗਏ ਤਾਂ ਇਕ ਥਾਂ ਤੇ ਸਤਿਸੰਗ ਵਿਚ ਆਪ ਜੀ ਦੀ ਵਿਸ਼ੇਸ਼ਤਾਈ ਦੱਸਦਿਆਂ ਹੋਇਆਂ ਪ੍ਰਬੰਧਕਾਂ ਨੇ ਬੜੇ ਮਹਾਨਤਾ ਭਰੇ ਸ਼ਬਦ ਵਰਤੇ ਤਾਂ ਆਪ ਜੀ ਨੇ ਵਿਚਾਲੇ ਟੋਕਦਿਆਂ ਹੋਇਆਂ ਕਿਹਾ ਕਿ “ਭਈ ਮੈਂ ਤਾਂ ਆਪ ਵਰਗਾ ਹੀ ਇਨਸਾਨ ਹਾਂ, ਪਰ ਮੈਨੂੰ ਜੋ ਕੁਝ ਵੀ ਮੇਰੇ ਪਰਮ ਸਤਿਗੁਰੂ ਕੋਲੋਂ ਮਿਲਿਆ ਹੈ ਮੈਂ ਆਪ ਦੇ ਸਾਹਮਣੇ ਪੇਸ਼ ਕਰ ਰਿਹਾ ਹਾਂ”।

ਇਕ ਵਾਰ ਇਕ ਪਾਦਰੀ ਆਪ ਜੀ ਦੇ ਸਕੂਲ ਦੇ ਦੌਰੇ ਉਤੇ ਆਏ ਅਤੇ ਆਪ ਜੀ ਦੀ ਸ਼ਰੇਣੀ ਵਿਚ ਵੀ ਗਏ। ਉਥੇ ਪਾਦਰੀ ਨੇ ਵੱਖ ਵੱਖ ਵਿਦਿਆਰਥੀਆਂ ਅੱਗੇ ਪ੍ਰਸ਼ਨ ਕੀਤਾ, ਬੱਚਿਓ! “ਤੁਸੀਂ ਸ਼ਿਖਸ਼ਾ ਪ੍ਰਾਪਤ ਕਿਸ ਮੰਤਵ ਲਈ ਕਰ ਰਹੇ ਹੋ, ਤੁਹਾਡਾ ਜੀਵਨ ਵਿਚ ਕੀ ਨਿਸ਼ਾਨਾ ਹੈ” ? ਸਾਰੇ ਬੱਚਿਆਂ ਨੇ ਇਸ ਪ੍ਰਸ਼ਨ ਦੇ ਵੱਖੋ — ਵੱਖਰੇ ਉੱਤਰ ਦਿੱਤੇ, ਕਿਸੇ ਨੇ ਕਿਹਾ “ਮੈਂ ਡਾਕਟਰ ਬਣਨਾ ਚਾਹੁੰਦਾ ਹਾਂ”, ਤੇ ਕਿਸੇ ਨੇ ਕਿਹਾ, “ਮੈਂ ਤਸੀਲਦਾਰ ਬਣਨਾ ਚਾਹੁੰਦਾ ਹਾਂ” ਤੇ ਕਿਸੇ ਨੇ ਕਿਹਾ “ਮੈਂ ਇੰਜਨੀਅਰ ਬਣਨਾ ਚਾਹੁੰਦਾ ਹਾਂ”, ਪਰ ਜਦੋਂ ਆਪ ਜੀ (ਕਿਰਪਾਲ) ਦੀ ਵਾਰੀ ਆਈ ਤਾਂ ਆਪ ਜੀ ਨੇ ਉੱਤਰ ਦਿਤਾ,

“ਮੈਂ ਗਿਆਨ ਪ੍ਰਾਪਤ ਕਰਨ ਲਈ ਪੜ੍ਹ ਰਿਹਾ ਹਾਂ”
(I read for knowledge’s sake)

ਪਾਦਰੀ ਸਾਹਿਬ ਇਸ ਉੱਤਰ ਤੋਂ ਬੜੇ ਪ੍ਰਭਾਵਤ ਹੋਏ ਅਤੇ ਆਖਣ ਲੱਗੇ, “ਇਹ ਵਿਦਿਆਰਥੀ ਵੱਡਾ ਹੋ ਕੇ ਆਪਣਾ ਨਾਓਂ ਪੈਦਾ ਕਰੇਗਾ”। ਇਸ ਤੋਂ ਮਗਰੋਂ ਪਾਦਰੀ ਸਾਹਿਬ ਨੇ ਵਿਦਿਆਰਥੀਆਂ ਨੂੰ ਲੱਗ ਭਗ ਘੰਟਾ ਭਰ ਉਪਦੇਸ਼ ਕੀਤਾ ਇਸੇ ਵਿਸ਼ੇ ਉਤੇ।

ਆਤਮ-ਗਿਆਨ ਦੇ ਭੰਡਾਰ ਲੁਟਾਉਣ ਵਾਲਾ

ਆਪ ਜੀ ਨੂੰ ਪੂਰਨ ਪੁਰਸ਼ਾਂ ਦੇ ਜੀਵਨ ਪੜ੍ਹਨ ਦਾ ਬਹੁਤ ਸ਼ੌਕ ਸੀ ਅਤੇ ਇਸ ਸੰਬੰਧ ਵਿੱਚ ਆਪ ਜੀ ਨੇ ਲਗਭਗ ਤਿੰਨ ਸੌ ਮਹਾਂਪੁਰਸ਼ਾਂ ਦੇ ਜੀਵਨ ਵਿਰਤਾਂਤ ਪੜ੍ਹੇ। ਜਦੋਂ ਆਪ ਸੱਤਵੀਂ ਸ਼ਰੇਣੀ ਵਿਚ ਪੜ੍ਹਦੇ ਸੀ। ਉਸ ਵੇਲੇ ਆਪ ਦੀ ਆਯੂ 12 ਵਰੇ ਦੀ ਸੀ। ਉਸ ਸਮੇਂ “ਸਿਰੀ ਰਾਮਾ ਨੁਜ” ਦੇ ਜੀਵਨ ਦੀ ਇੱਕ ਘਟਨਾ ਆਪ ਨੇ ਪੜ੍ਹੀ ਜਿਸ ਦਾ ਆਪ ਜੀ ਉਤੇ ਬੜਾ ਡੂੰਘਾ ਪ੍ਰਭਾਵ ਪਿਆ ਜਿਸ ਦਾ ਵਰਣਨ ਇਸ ਪ੍ਰਕਾਰ ਹੈ।

ਜਦੋਂ ਸ੍ਰੀ ਰਾਮਾ ਨੁਜ, ਗੁਰੂ ਕੋਲੋਂ “ਨਾਮ ਦਾਨ” (Naam Dan or Initiation) ਪ੍ਰਾਪਤ ਕਰਕੇ ਵਾਪਸ ਘਰ ਆਏ, ਤਾਂ ਉਸ ਨੇ ਪਿੰਡ ਦੇ ਸਾਰੇ ਲੋਕਾਂ ਨੂੰ ਇਕੱਠਿਆਂ ਕਰਕੇ ਜੋ “ਗੁਰੂ ਮੰਤਰ” (“Guru Mantra” or charged words) ਉਸ ਨੇ ਆਪਣੇ ਗੁਰੂ ਕੋਲੋਂ ਪਾਇਆ ਸੀ ਸਪਸ਼ਟ ਦੱਸਣ ਲੱਗ ਪਿਆ। ਤਾਂ ਇਕ ਵਿਅਕਤੀ ਨੇ ਗਿਲਾ ਕੀਤਾ ਤੇ ਪੁੱਛਿਆ ਤੁਸੀਂ ਇਹ ਕੀ ਕਰ ਰਹੇ ਹੋ ? ਗੁਰੂ ਮੰਤਰ ਸਦਾ ਹੀ ਗੁਪਤ ਰਖੀਦਾ ਹੈ ਅਤੇ ਕਿਸੇ ਹੋਰ ਨੂੰ ਦੱਸਣਾ ਮਹਾਂ ਪਾਪ ਹੈ ਅਤੇ ਕਿਉਂ ਜੋ ਆਪ ਗੁਰੂ ਦੀ ਅਵੱਗਿਆ ਕਰ ਰਹੇ ਹੋ ਇਸ ਲਈ ਨਰਕ ਵਿਚ ਜਾਉਗੇ। ਉੱਤਰ ਵਿੱਚ ਰਾਮਾਨੁਜ ਨੇ ਕਿਹਾ, “ਜੇ ਨਰਕ ਵੀ ਜਾਵਾਂਗਾ ਤਾਂ ਮੈਂ ਕੱਲਾ ਹੀ ਤਾਂ ਜਾਵਾਂਗਾ ਨਾ, ਇਹ ਜੋ ਸੁਣ ਰਹੇ ਹਨ ਇਹ ਤਾਂ ਬਚ ਜਾਣਗੇ”। ਇਨ੍ਹਾਂ ਸਾਰਿਆਂ ਦੀ ਭਲਾਈ ਲਈ ਮੈਨੂੰ ਨਰਕ ਵਿੱਚ ਜਾਣਾ ਵੀ ਪ੍ਰਵਾਨ ਹੈ। ਇਹ ਪੜ੍ਹ ਕੇ ਆਪ ਦੇ ਮਨ ਵਿੱਚ ਵਿਚਾਰ ਪੈਦਾ ਹੋਇਆ ਕਿ, ”ਵਾਹਿਗੁਰੂ ਦੀ ਦਯਾ ਨਾਲ ਜੇਕਰ ਮੈਨੂੰ ਵੀ ਇਹ ਰੂਹਾਨੀਅਤ ਦਾ ਗੁਪਤ ਭੰਡਾਰ ਕਿਸੇ ਪੂਰਨ ਪੁਰਸ਼ ਦੀ ਕਿਰਪਾ ਨਾਲ ਪ੍ਰਾਪਤ ਹੋ ਜਾਵੇ ਤਾਂ ਮੈਂ ਵੀ ਇੱਦਾਂ ਹੀ ਖੁਲ੍ਹੇ ਰੂਪ ਵਿੱਚ ਲੁਟਾ ਦੇਵਾਂ”।

ਆਪ ਇਸੇ ਸਤਿਸੰਗ ਵਿੱਚ ਅੱਗੇ ਚਲ ਕੇ ਫਰਮਾਉਂਦੇ ਹਨ, “ਮੇਰੇ ਸਤਿਗੁਰੂ ਦਯਾਲ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੂੰ ਨਾਮਦਾਨ ਦੇ ਇਸ ਮਹਾਨ ਪਰਉਪਕਾਰ ਲਈ ਮੈਂ ਅਜਿਹਾ ਫਜ਼ੂਲ ਖਰਚ ਕਰਨ ਵਾਲਾ ਮਿਲਿਆ ਕਿ ਦੋਹੀਂ ਹੱਥੀਂ ਵੰਡਣਾ ਅਰੰਭ ਕਰ ਦਿਤਾ”। ਉਹ ਫਰਮਾਇਆ ਕਰਦੇ ਸਨ ਕਿ, ਰੂਹਾਨੀਅਤ ਦੀ ਦੌਲਤ ਦਾ ਮੇਰੇ ਕੋਲ ਬੜਾ ਅਤੁੱਟ ਭੰਡਾਰ ਹੈ ਪਰ ਕੀ ਕਰਾਂ ਇਸ ਰੱਬੀ ਭੰਡਾਰ ਨੂੰ ਵੰਡਣ ਵਾਲਾ ਮੈਨੂੰ ਕੋਈ ਨਹੀਂ ਲੱਭ ਰਿਹਾ”। ਅੱਗੇ ਫਰਮਾਉਂਦੇ ਹਨ, “ਜੋ ਪਰਮਾਰਥ ਅਭਿਲਾਸ਼ੀਆਂ ਨੂੰ ਸੰਸਾਰ ਦੇ ਕੋਨੇ ਕੋਨੇ ਤੇ ਲਾਭ ਪੁੱਜ ਰਿਹਾ ਹੈ ਇਸ ਵਿੱਚ ਮੇਰਾ ਕੁਝ ਨਹੀਂ, ਇਹ ਸਭ ਕੁਝ ਬਾਬਾ ਜੀ ਦੀ ਕਿਰਪਾ ਦੁਆਰਾ ਹੀ ਹੋ ਰਿਹਾ ਹੈ”।

ਆਤਮਾ ਅਮਰ ਹੈ

ਸੰਨ 1908-9 ਈਸਵੀ ਦੀ ਗੱਲ ਹੈ ਕਿ ਆਪ ਦੀ ਆਯੂ 14 ਵਰ੍ਹੇ ਦੀ ਸੀ ਤੇ ਆਪ ਉਸ ਸਮੇਂ ਨੌਵੀਂ ਸ਼ਰੇਣੀ ਵਿਚ ਪੜ੍ਹ ਰਹੇ ਸਨ। ਉਨਾਂ ਦਿਨਾਂ ਵਿੱਚ ਹੀ ਆਪ ਦੀ “ਦੇਵਗੁਰੂ ਭਗਵਾਨ” ਦੇ ਸਪੁੱਤਰ ਨਾਲ ਜਾਣ ਪਛਾਣ ਹੋ ਗਈ। ਉਸ ਨੇ ਆਪ ਜੀ ਤੋਂ ਪ੍ਰਭਾਵਿਤ ਹੋ ਕੇ ਆਪ ਨੂੰ ਦੇਵ ਸਮਾਜ ਦੀ ਉੱਚ ਸੁਧਾਰ ਕਮੇਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਇਸ ਸੰਸਥਾ ਦੇ ਪ੍ਰਬੰਧਕ, ਸਮਾਜ ਸੁਧਾਰ ਅਤੇ ਲੋਕ ਭਲਾਈ ਦੇ ਕੰਮਾਂ ਵਿਚ ਆਪ ਜੀ ਦੀ ਯੋਗਤਾ ਤੋਂ ਲਾਭ ਉਠਾਉਂਦੇ ਰਹੇ। ਇਕ ਦਿਨ ਦੇਵ ਗੁਰੂ ਭਗਵਾਨ ਦੇ ਸਪੁੱਤਰ ਨੇ ਆਪ ਜੀ ਤੋਂ ਪੁੱਛਿਆ, “ਸਾਡੇ ਸਮਾਜ ਬਾਰੇ ਆਪ ਦੀ ਕੀ ਰਾਇ ਹੈ”? ਆਪ ਜੀ ਨੇ ਉੱਤਰ ਦਿੱਤਾ, “ਜਿਥੋਂ ਤਕ ਅਮਲੀ ਜੀਵਨ ਦਾ ਸਬੰਧ ਹੈ ਮੈਂ ਤੁਹਾਡੇ ਇਸ ਕੰਮ ਦੀ ਕਦਰ ਕਰਦਾ ਹਾਂ। ਪਰ ਇਹ ਗੱਲ ਦਸੋ ਕਿ ਆਤਮਾਂ ਦੇ ਗਿਆਨ ਬਾਰੇ ਤੁਹਾਡਾ ਕੀ ਵਿਚਾਰ ਹੈ”? ਉਹ (ਪੁੱਤਰ) ਬੋਲੇ, “ਸਰੀਰ ਛੱਡਣ ਤੋਂ ਮਗਰੋਂ ਥੋੜੇ ਸਮੇਂ ਲਈ ਤਾਂ ਇਹ ਕਾਇਮ ਰਹਿੰਦੀ ਹੈ ਪਰ ਮਗਰੋਂ ਉਹ ਵੀ ਖਤਮ ਹੋ ਜਾਂਦੀ ਹੈ”। ਆਪ ਜੀ (ਕਿਰਪਾਲ) ਨੇ ਬੜੇ ਸੁਚੱਜੇ ਢੰਗ ਨਾਲ ਸਮਝਾਇਆ, “ਆਤਮਾ ਬਾਰੇ ਤੁਹਾਡਾ ਇਹ ਵਿਚਾਰ ਠੀਕ ਨਹੀਂ ਹੈ। ਸਰੀਰ ਵਿਚੋਂ ਨਿਕਲਣ ਤੋਂ ਮਗਰੋਂ ਤਾਂ ਸਗੋਂ ਇਹ ਹੋਰ ਵੀ ਅਧਿਕ ਸੂਖਸ਼ਮ ਰੂਪ ਧਾਰਣ ਕਰ ਲੈਂਦੀ ਹੈ ਜਿਸ ਬਾਰੇ ਹਾਲੇ ਤੁਹਾਨੂੰ ਕੋਈ ਜਾਣਕਾਰੀ ਹੀ ਨਹੀਂ”। 14 ਜਾਂ 15 ਵਰ੍ਹੇ ਦੀ ਆਯੂ ਵਿਚ ਰੂਹਾਨੀਅਤ ਬਾਰੇ ਇਤਨਾ ਉੱਚਾ ਗਿਆਨ ਪ੍ਰਾਪਤ ਹੋਣਾ ਕਿੰਨੀ ਮਹਾਨ ਗੱਲ ਹੈ। ਇਨ੍ਹਾਂ ਦ੍ਰਿਸ਼ਟਾਤਾਂ ਤੋਂ ਇਹ ਸਾਫ ਜ਼ਾਹਿਰ ਹੈ ਕਿ ਸੰਤ ਸਰੂਪ ਹਸਤੀਆਂ ਧੁਰ-ਦਰਗਾਹੋਂ ਹੀ ਬਣੀਆਂ-ਬਣਾਈਆਂ ਆਉਂਦੀਆਂ ਹਨ। ਸੰਸਾਰ ਵਿਚ ਆ ਕੇ ਉਹ ਆਤਮਕ ਗਿਆਨ ਦੇ ਮਹਾਨ ਕੰਮ ਨੂੰ ਪਹਿਲ ਦਿੰਦੇ ਹਨ ਅਤੇ ਇਸ ਯੋਜਨਾ ਦੀ ਪੂਰਤੀ ਅਤੇ ਅਨੁਭਵ ਦੀ ਯੋਗਤਾ ਵੀ ਰੱਖਦੇ ਹਨ। ਇਸ ਵਡਿਆਈ ਨੂੰ ਸਿੱਧ ਕਰਨ ਲਈ ਆਪ ਦੇ ਵਿਦਿਅਕ ਜੀਵਨ ਵਿਚੋਂ ਅਣਗਿਣਤ ਉਦਾਹਰਣਾਂ ਮਿਲਦੀਆਂ ਹਨ।

ਸ਼ਾਹੀ ਬਾਗ ਅੱਖੀਆਂ ਦੇ ਪਿੱਛੇ

ਆਪ ਜੀ ਦੇ ਬਚਪਨ ਸਮੇਂ ਦੀ ਇਕ ਘਟਨਾ ਇਸ ਸਬੰਧ ਵਿਚ ਵਰਨਣ ਯੋਗ ਹੈ, ਜਿਸ ਦਾ ਵਰਨਣ ਆਪ ਕਈ ਵਾਰੀ ਸਤਿਸੰਗ ਵਿਚ ਵੀ ਕਰਦੇ ਹੁੰਦੇ ਹਨ। ਇਕ ਵਾਰੀ ਆਪ “ਪਿਸ਼ਾਵਰ” ਦੇ ਸ਼ਾਹੀ ਬਾਗ ਵਿਚ ਪੜ੍ਹ ਰਹੇ ਸਨ ਕਿ ਅਚਾਨਕ ਦਰਬਾਰੀ ਲਾਲ ਨਾਉਂ ਦਾ ਇਕ ਬੁੱਢਾ ਨਾਸਤਕ ਆਪ ਜੀ ਦੇ ਕੋਲ ਆਇਆ ਅਤੇ ਪੁੱਛਣ ਲੱਗਾ, “ਸ਼ਾਹੀ ਬਾਗ ਕਿੱਥੇ ਹੈ”? ਆਪ ਜੀ ਨੇ ਪਿਆਰ ਨਾਲ ਉੱਤਰ ਦਿੱਤਾ, “ਜਿਥੇ ਆਪ ਖੜੇ ਹੋ ਇਹੀ ਸ਼ਾਹੀ ਬਾਗ ਹੈ”। ਇਸ ਗੱਲ ਨੂੰ ਸੁਣ ਕੇ ਉਹ ਬੋਲਿਆ, “ਇਥੇ ਤਾਂ ਝਾੜੀਆਂ ਅਤੇ ਪੌਦਿਆਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ, ਇਹ ਸ਼ਾਹੀ ਬਾਗ ਕਾਹਦਾ ਹੋਇਆ”? ਆਪ ਝਟ ਉਸ ਦੇ ਇਸ਼ਾਰੇ ਨੂੰ ਸਮਝ ਗਏ ਅਤੇ ਪੁੱਛਣ ਲੱਗੇ, “ਤੁਸੀਂ ਕੀ ਸਾਧਨ ਕਰਦੇ ਹੋ”? ਤਾਂ ਝਟ ਉਸਨੇ (ਦਰਬਾਰੀ ਲਾਲ) ਆਪਣੇ ਮਸਤਕ ਉਤੇ ਦੋਵੇਂ ਭਰਵੱਟਿਆ ਦੇ ਵਿਚਕਾਰ ਹੱਥ ਰੱਖ ਕੇ ਆਖਿਆ, ਸ਼ਾਹੀ ਬਾਗ਼ ਦੀ ਅਸਲੀ ਥਾਂ ਇਹ ਹੈ, ਅੱਖੀਆਂ ਦੇ ਪਿੱਛੇ। ਇਥੇ ਸਹਿਜ ਅਨੰਦ ਪ੍ਰਾਪਤ ਹੁੰਦਾ ਹੈ”। ਉਸ ਦੀ ਗੱਲ ਦਾ ਭਾਵ ਅਰਥ ਇਹ ਸੀ ਕਿ ਇਕ ਨਾਸਤਕ ਵੀ ਜੇਕਰ ਦੋਵੇਂ ਅੱਖੀਆਂ ਦੇ ਪਿਛੇ ਆਪਣਾ ਧਿਆਨ ਟਿਕਾ ਲਵੇ ਤਾਂ ਉਹ ਵੀ ਇਸ ਸਹਿਜ ਅਨੰਦ ਨੂੰ ਪਾ ਸਕਦਾ ਹੈ।

ਬਾਬਾ ਕਾਹਨ ਨਾਲ ਭੇਟ

ਵਿਦਿਆਰਥੀ ਜੀਵਨ ਵਿਚ ਆਪ “ਬਾਬਾ ਕਾਹਨ” ਕੋਲ ਜਾਇਆ ਕਰਦੇ ਸਨ,ਜਿਹੜੇ ਪਿਸ਼ਾਵਰ ਦੇ ਪਹੁੰਚੇ ਹੋਏ ਮਸਤ ਫਕੀਰ ਸਨ। ਬਾਬਾ ਸਾਵਣ ਸਿੰਘ ਜੀ ਮਹਾਰਾਜ ਵੀ ਬਾਬਾ ਕਾਹਨ ਦੀ ਸੇਵਾ ਵਿਚ ਜਾਇਆ ਕਰਦੇ ਸਨ। ਇਹ ਵੀ ਇਕ ਅਨੌਖਾ ਸੰਜੋਗ ਸੀ। ਇਸ ਸਮੇਂ ਦੀਆਂ ਦੋ ਸੰਤ ਸਰੂਪ ਹਸਤੀਆਂ, ਜਿਨ੍ਹਾਂ ਨੇ ਰੂਹਾਨੀਅਤ ਦੀ ਦੌਲਤ ਨੂੰ ਦੋਹੀਂ ਹੱਥੀਂ ਲੁਟਾਇਆ ਅਤੇ ਬਾਬਾ ਕਾਹਨ ਕੋਲ ਵੀ ਜਾਂਦੇ ਰਹੇ, ਪਰੰਤੂ ਸਮੇਂ ਤੋਂ ਪਹਿਲਾਂ ਆਪਸ ਵਿਚ ਨਾ ਮਿਲ ਸਕੇ। ਬਾਬਾ ਕਾਹਨ ਕਿਸੇ ਨੂੰ ਆਪਣੇ ਕੋਲ਼ ਫਟਕਣ ਨਹੀਂ ਸਨ ਦਿੰਦੇ, ਅਤੇ ਕਈਆਂ ਨੂੰ ਸਿੱਧੀਆਂ ਗਾਲ੍ਹਾਂ ਹੀ ਕੱਢ ਦਿੰਦੇ ਸਨ, ਅਤੇ ਕਈ ਵਾਰੀ ਹੱਥ ਚੁੱਕਣ ਤੱਕ ਵੀ ਨੌਬਤ ਪਹੁੰਚ ਜਾਂਦੀ ਸੀ। ਪਰ ਜਦੋਂ ਮਹਾਰਾਜ ਕਿਰਪਾਲ ਸਿੰਘ ਜੀ ਆਉਂਦੇ ਤਾਂ ਇਨ੍ਹਾਂ ਨੂੰ ਬੜੇ ਪਿਆਰ ਨਾਲ ਪੁੱਛਦੇ, “ਕਿਵੇਂ ਆਉਣਾ ਹੋਇਆ ਸਰਦਾਰ ਜੀ”? ਆਪ ਬੜੀ ਨਿਮਰਤਾ ਨਾਲ ਉੱਤਰ ਦਿੰਦੇ,“ਬਾਬਾ ਤੇਰੇ ਦਰਸ਼ਨਾਂ ਲਈ ਆਇਆ ਹਾਂ”। ਆਪ ਥੋੜੀ ਦੇਰ ਉਥੇ ਬਹਿੰਦੇ ਅਤੇ ਮਗਰੋਂ ਬਾਬਾ ਕਾਹਨ ਕਹਿ ਦਿੰਦੇ, “ਅੱਛਾ ਹੁਣ ਜਾਹ”।

ਅੱਖ ਨੂੰ ਅੱਖ ਪਛਾਣਦੀ ਹੈ। ਉਸ ਵੇਲੇ ਵੀ ਆਪ ਨੂੰ ਪੂਰਾ ਪਤਾ ਸੀ ਕਿ ਬਾਬਾ ਕਾਹਨ ਕੋਲ ਆਤਮ ਗਿਆਨ ਦਾ ਭੰਡਾਰ ਸੀ। ਇਕ ਵਾਰ ਮਹਾਰਾਜ ਜੀ ਨੇ ਬਾਬਾ ਕਾਹਨ ਦੀਆਂ ਸੰਗਤਾਂ ਨੂੰ ਆਖਿਆ ਕਿ ਇਹ ਤਾਂ ਸਖ਼ਤ ਖਲੜੀ ਵਾਲਾ ਖਰੋਟ ਹੈ। ਮਾਲ ਤਾਂ ਇਸ ਦੇ ਕੋਲ਼ ਹੈ, ਪਰ ਸਖਤ ਖਰੋਟ ਵਿਚੋਂ ਗਿਰੀ ਕੱਢਣਾ ਥੋੜਾ ਕਠਿਨ ਕੰਮ ਹੈ। ਪਰ ਜਦੋਂ ਵਾਰ ਵਾਰ ਉਸ ਸੰਗਤ ਵਿਚੋਂ ਪ੍ਰਸ਼ਨ ਉਠਦੇ ਰਹੇ ਤਾਂ ਅਖੀਰ ਸੰਤ ਕਿਰਪਾਲ ਸਿੰਘ ਜੀ ਫਰਮਾਉਣ ਲੱਗੇ ਕਿ ਰਾਤ ਨੂੰ ਉਸ ਦੇ ਕੋਲ ਜਾ ਕੇ ਬਹਿਣਾ ਅਤੇ ਉਥੋਂ ਉਠਣਾ ਨਾ ਭਾਵੇਂ ਕੁਝ ਵੀ ਹੋਵੇ। ਇਕ ਬੰਦੇ ਨੇ ਇਸੇ ਤਰ੍ਹਾਂ ਕੀਤਾ। ਬਾਬਾ ਕਾਹਨ ਨੇ ਉਸ ਨੂੰ ਬੜਾ ਬੁਰਾ ਭਲਾ ਕਿਹਾ ਅਤੇ ਗਾਲ੍ਹਾਂ ਵੀ ਕੱਢੀਆਂ। ਪਰ ਉਹ ਉਠ ਕੇ ਚਲਾ ਆਇਆ। ਦੂਜੇ ਦਿਨ ਉਸ ਨੇ ਆਪ ਜੀ ਨੂੰ ਰਾਤ ਦਾ ਸਾਰਾ ਕਿੱਸਾ ਸੁਣਾਇਆ ਤਾਂ ਆਪ ਨੇ ਕਿਹਾ, “ਘਬਰਾਓ ਨਾ, ਅੱਜ ਫੇਰ ਜਾਣਾ, ਪਰ ਧਿਆਨ ਰੱਖਣਾ ਉਥੋਂ ਉਠਣਾ ਨਹੀਂ”। ਦੂਜੇ ਦਿਨ ਰਾਤ ਦੇ ਸਮੇਂ ਉਹ ਬੰਦਾ ਫੇਰ ਬਾਬਾ ਕਾਹਨ ਕੋਲ ਗਿਆ। ਬਾਬਾ ਕਾਹਨ ਨੇ ਜਦੋਂ ਵੇਖਿਆ ਕਿ ਗਾਲੀ-ਗਲੋਚ ਨਾਲ ਵੀ ਇਹ ਟਲਦਾ ਨਹੀਂ, ਤਾਂ ਇਕ ਬਲਦੀ ਹੋਈ ਲੱਕੜ ਉਸ ਦੇ ਸਿਰ ਵਿਚ ਮਾਰੀ ਜਿਸ ਕਾਰਣ ਉਸ ਦੇ ਸਿਰ ਵਿਚ ਥੋੜਾ ਜਿਹਾ ਜ਼ਖਮ ਹੋ ਗਿਆ। ਪਰ ਉਹ ਸ਼ੇਰ ਦਿਲ ਬੰਦਾ, ਉਥੇ ਬੈਠਾ ਰਿਹਾ। ਫੇਰ ਦਯਾ ਆਈ, ਅਚਾਨਕ ਉਸ ਵਿਅਕਤੀ ਨੂੰ ਗਲੇ ਲਾਉਂਦੇ ਹੋਏ ਪੁੱਛਿਆ, “ਆਖਰ ਤੂੰ ਕੀ ਚਾਹੁੰਦਾ ਹੈ”? ਉਹ ਨਿਮਰਤਾ ਪੂਰਵਕ ਆਖਣ ਲੱਗਾ, “ਕੁਝ ਦਿਓ ਬਾਬਾ ਜੀ ਜੋ ਤੁਹਾਡੇ ਕੋਲ ਭੰਡਾਰ ਹੈ”। ਇਹ ਵੇਖ ਕੇ, ਕਿ ਹੁਣ ਬਰਤਨ ਸਾਫ਼ ਹੈ, ਬਾਬਾ ਕਾਹਨ ਦਯਾ ਮਿਹਰ ਵਿਚ ਆ ਕੇ ਕਹਿਣ ਲੱਗੇ, “ਸੁਣ ਕਿੰਨੀ ਮਿੱਠੀ ਮਿੱਠੀ ਆਵਾਜ਼ ਆ ਰਹੀ ਹੈ”। ਉਸ ਨੂੰ ਅੰਦਰ “ਸ਼ਬਦ” (Word) ਨਾਲ ਜੋੜ ਕੇ ਅਸ਼ੀਰਵਾਦ ਦੇ ਦਿੱਤਾ। ਇਹ ਸਾਰਾ ਕਿੱਸਾ ਇਥੇ ਵਰਨਣ ਕਰਨ ਦੀ ਲੋੜ ਕਿਉਂ ਪਈ, ਕੇਵਲ ਇਹ ਗੱਲ ਪ੍ਰਗਟ ਕਰਨ ਲਈ ਕਿ ਮਹਾਰਾਜ ਕਿਰਪਾਲ ਸਿੰਘ ਜੀ ਉਹ ਅਨੁਭਵੀ ਅੱਖ ਲੈ ਕੇ ਆਏ ਹਨ ਜੋ ਰੂਹਾਨੀਅਤ ਨੂੰ ਵੇਖ ਸਕਦੀ ਹੈ ਅਤੇ ਦੂਜਿਆਂ ਨੂੰ ਵਿਖਾ ਸਕਦੀ ਹੈ।

ਮਹਾਨ ਜੀਵਨ ਦੇ ਲਈ ਤਿਆਰੀ

ਮਹਾਰਾਜ ਕਿਰਪਾਲ ਸਿੰਘ ਜੀ ਦੇ ਬਚਪਨ ਅਤੇ ਵਿਦਿਆਰਥੀ ਜੀਵਨ ਦੀਆਂ ਘਟਨਾਵਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਨੂੰ ਮੁੱਢ ਤੋਂ ਹੀ ਉਸ ਮਹਾਨ ਕੰਮ ਦਾ ਗਿਆਨ ਸੀ ਜਿਹੜਾ ਉਹ ਅੱਜ ਕੁਲ ਮਾਲਕ ਦੇ ਰੂਪ ਵਿਚ ਬਹਿ ਕੇ ਕਰ ਰਹੇ ਹਨ। ਉਨ੍ਹਾਂ ਦਾ ਹਰ ਕਦਮ ਇਸ ਮਹਾਨ ਜੀਵਨ ਦੀ ਤਿਆਰੀ ਲਈ ਉੱਠਦਾ ਰਿਹਾ। ਇਸ ਮਹਾਨ ਕੰਮ ਦੀ ਪੂਰਤੀ ਲਈ ਉਹ ਇਨ੍ਹਾਂ, ਯੋਗਤਾਵਾਂ ਨਾਲ ਸਜ ਧਜ ਕੇ ਆਏ ਸੀ। ਉਨ੍ਹਾਂ ਦੇ ਜੀਵਨ ਤੋਂ ਪਤਾ ਚਲਦਾ ਹੈ ਕਿ ਹਾਲੇ ਮਹਾਰਾਜ ਜੀ ਦੀ ਆਯੂ ਚਾਰ ਵਰ੍ਹੇ ਦੀ ਸੀ ਜਦ ਕਿ ਉਹ ਆਤਮਕ ਮੰਡਲਾਂ ਦੀਆਂ ਉੜਾਨਾਂ ਕਰਨ ਲੱਗ ਪਏ ਸਨ ਅਤੇ ਦਿਵ ਮੰਡਲਾਂ ਦੀ ਜਾਣਕਾਰੀ ਮੁੱਢ ਤੋਂ ਹੀ ਪ੍ਰਾਪਤ ਸੀ। ਇਥੇ ਹੀ ਬਸ ਨਹੀਂ ਸਗੋਂ ਬਹੁਤੀ ਲੰਮੀ ਨੀਂਦ ਲੈ ਕੇ ਉਨ੍ਹਾਂ ਨੂੰ ਬੇਚੈਨੀ ਉਤਪੰਨ ਹੁੰਦੀ ਸੀ ਕਿਉਂਕਿ ਆਪ ਫਰਮਾਉਂਦੇ ਹਨ, “ਜਦੋਂ ਮੈਂ ਹਾਲੇ ਸੱਤਵੀਂ ਸ਼੍ਰੇਣੀ ਵਿੱਚ ਹੀ ਪੜ੍ਹਦਾ ਸਾਂ ਕਿ ਮੈਨੂੰ ਨੀਂਦ ਬਹੁਤ ਘੱਟ ਆਉਣ ਲੱਗ ਪਈ ਸੀ”।

ਆਪ ਭਾਵੇਂ ਸਾਰੀ ਸਾਰੀ ਰਾਤ ਪੜ੍ਹਦੇ ਰਹਿੰਦੇ ਜਾਂ ਭਜਨ ਸਿਮਰਨ ਕਰਦੇ ਰਹਿੰਦੇ, ਪਰ ਨੀਂਦ ਆਪ ਜੀ ਦੇ ਉੱਕਾ ਹੀ ਨੇੜੇ ਨਹੀਂ ਸੀ ਆਉਂਦੀ। ਜਿਨ੍ਹਾਂ ਦੀ ਆਤਮਾ ਉੱਚੇ ਰੂਹਾਨੀ ਮੰਡਲਾਂ ਦੀ ਯਾਤਰਾ ਕਰਦੀ ਹੋਵੇ ਉਨ੍ਹਾਂ ਦਾ ਨੀਂਦ ਨਾਲ ਸੰਬੰਧ ਵੀ ਕੀ ਹੁੰਦਾ ਹੈ। ਜਦੋਂ ਰੂਹ ਸਰੀਰ ਵਿਚੋਂ ਨਿਕਲ ਕੇ ਆਤਮਕ ਮੰਡਲਾਂ ਵਿਚ ਜਾਂਦੀ ਹੈ, ਤਾਂ ਨੀਂਦ ਦਾ ਕੰਮ ਪੂਰਾ ਹੋ ਜਾਂਦਾ ਹੈ ਕਿਉਂ ਜੋ ਸਰੀਰ ਪੂਰੇ ਆਰਾਮ ਵਿਚ ਆ ਜਾਂਦਾ ਹੈ। ਆਪ ਆਪਣੇ ਸਤਿਸੰਗ ਬਚਨਾਂ ਵਿੱਚ ਫਰਮਾਉਂਦੇ ਹੁੰਦੇ ਹਨ ਕਿ, “ਰੂਹ ਜਦੋਂ ਸਰੀਰ ਨੂੰ ਛੱਡ ਕੇ ਉਪਰ ਰੂਹਾਨੀ ਮੰਡਲਾਂ ਦੀ ਸੈਰ ਕਰਕੇ ਮੁੜ ਵਾਪਸ ਇਸ ਵਿਚ ਪ੍ਰਵੇਸ਼ ਕਰਦੀ ਹੈ, ਤਾਂ ਸਰੀਰ ਨੂੰ ਤਾਜ਼ਗੀ ਅਤੇ ਨਵਾਂ ਜੀਵਨ ਮਿਲਦਾ ਹੈ”। (ਅੱਜ ਆਪ ਦੀ ਦਯਾ ਮਿਹਰ ਨਾਲ ਸੈਂਕੜੇ ਹੀ ਪਰਮਾਰਥ ਅਭਿਲਾਸ਼ੀਆਂ ਨੂੰ ਇਹ ਅਵਸਥਾ ਪ੍ਰਾਪਤ ਹੈ)।

ਇਸ ਆਤਮਕ-ਜਾਗਰਤੀ ਤੋਂ ਆਪ ਜੀ ਨੇ ਬੜਾ ਮਹਾਨ ਕੰਮ ਲਿਆ ਅਤੇ ਇਸੇ ਦੇ ਸਦਕੇ ਆਪ ਨੇ ਬਚਪਨ ਵਿੱਚ ਹੀ ਹਜ਼ਾਰਾਂ ਪੁਸਤਕਾਂ ਪੜ੍ਹ ਲਈਆਂ ਸਨ। ਇਹ ਮਹਾਨ ਅਤੇ ਪਵਿੱਤਰ ਦਾਤ ਆਪ ਜੀ ਨੂੰ ਜਨਮ ਤੋਂ ਹੀ ਪ੍ਰਾਪਤ ਸੀ। ਪਰ ਜੋ ਕੰਮ ਆਪ ਨੇ ਜੀਵਨ ਦੀ ਮਹਾਨਤਾ ਪ੍ਰਗਟ ਕਰਨ ਲਈ ਕਰਨਾ ਸੀ, ਇਸ ਦੀ ਪ੍ਰਾਪਤੀ ਲਈ ਜੋ ਕੰਮ ਆਪ ਨੇ ਆਤਮਕ ਸ਼ਕਤੀ ਤੋਂ ਲਿਆ ਅਤੇ ਆਪਣੇ ਆਪ ਨੂੰ ਤਿਆਰ ਕੀਤਾ, ਇਹ ਸੰਸਾਰ ਦੇ ਲਈ ਇੱਕ ਜੀਉਂਦੀ ਜਾਗਦੀ ਉਦਾਹਰਣ ਹੈ।

ਇਸੇ ਸੰਬੰਧ ਵਿਚ ਆਪ ਫਰਮਾਇਆ ਕਰਦੇ ਹਨ, ਕਿ ਹਰ ਇਕ ਜੀਵ ਆਪਣੇ ਆਪ ਨੂੰ ਆਤਮਕ ਕੁਠਿਆਲੀ ਵਿਚ ਢਾਲਣ ਦੀ ਕੋਸ਼ਿਸ਼ ਵਿਚ ਹੈ ਅਤੇ ਜਨਮਾਂ ਜਨਮਾਂ ਤੋਂ ਉੱਨਤੀ ਦੀ ਰਾਹ ਉਤੇ ਚਲਦਾ ਹੋਇਆ ਪੂਰਨ ਪਦ ਨੂੰ ਪਾ ਜਾਂਦਾ ਹੈ ਅਤੇ ਸੱਚ ਖੰਡ ਪਹੁੰਚ ਜਾਂਦਾ ਹੈ। ਇਸੇ ਲਈ ਕਿਹਾ ਹੈ,

“Every Saint has a past and every sinner has a future”

ਭਾਵ ਸੰਤ ਮਹਾਤਮਾਂ ਆਪਣੇ ਚੰਗੇ ਪਿਛੋਕੜ ਕਾਰਣ ਪੂਰਨ ਪਦ ਨੂੰ ਪਾ ਜਾਂਦੇ ਹਨ ਅਤੇ ਪਾਪੀ ਲੋਕ ਬੁਰੇ ਕੰਮਾਂ ਕਰਕੇ ਨਰਕਾਂ ਵਿੱਚ ਜਾਂਦੇ ਹਨ।

ਇਸ ਵਿਸ਼ੇ ਉਤੇ ਬਾਬਾ ਜੈਮਲ ਸਿੰਘ ਜੀ ਦੇ ਜੀਵਨ ਉਤੇ ਲੜੀਵਾਰ ਚਾਨਣ ਪਾਉਂਦੇ ਹੋਏ ਆਪ ਲਿਖਦੇ ਹਨ,

“ਕਿਸੇ ਮਹਾਂਪੁਰਸ਼ ਦੀ ਕਹਾਣੀ ਕੀ ਹੈ? ਇਹ ਕੇਵਲ ਆਤਮਾ ਦੀ ਯਾਤਰਾ ਦਾ ਇਤਿਹਾਸ ਹੈ। ਅਧਿਆਤਮਕ ਦ੍ਰਿਸ਼ਟੀ ਕੋਣ ਤੋਂ ਇਹ ਕਹਾਣੀ ਪੂਰੀ ਕਰਨ ਲਈ ਅਣਗਿਣਤ ਸਾਲਾਂ ਅਤੇ ਜਨਮਾਂ ਦਾ ਇਤਿਹਾਸ ਲਿਖਣਾ ਪਵੇਗਾ। ਪੂਰਨ ਪਦ ਦੀ ਪ੍ਰਾਪਤੀ ਦੀ ਕਸੌਟੀ ਉੱਤੇ ਪਹੁੰਚਣ ਲਈ ਅਭਿਲਾਸ਼ੀਆਂ ਨੂੰ ਇੱਦਾਂ ਜਾਪਦਾ ਹੈ ਜਿਵੇਂ ਚੁਟਕੀ ਬਜਾਈ ਅਤੇ ਸੱਚ ਖੰਡ ਪਹੁੰਚ ਗਏ ਅਤੇ ਸਾਰਾ ਕੰਮ ਪੂਰਾ ਹੋ ਗਿਆ ਪਰ ਇਸ ਤੋਂ ਪਹਿਲੇ ਜਨਮਾਂ ਜਨਮਾਂ ਦੀ ਕਠੋਰ ਤਪੱਸਿਆ ਦੀ ਖੰਡੇ ਧਾਰ ਯਾਤਰਾ ਤੈਅ ਕਰਨੀ ਹੁੰਦੀ ਹੈ”।

ਇਨ੍ਹਾਂ ਸ਼ਬਦਾਂ ਨਾਲ ਸਾਨੂੰ ਉਹ ਉਤਸ਼ਾਹ ਦਿਵਾਉਂਦੇ ਹਨ :-

“What one man has done, another can do,
of course, with proper help and guidance.”

ਅਰਥਾਤ :- ਜਦੋਂ ਇਕ ਜੀਵ ਮਨੁੱਖੀ ਚੋਲਾ ਧਾਰ ਕੇ ਕੋਈ ਕੰਮ ਕਰ ਸਕਦਾ ਹੈ ਤਾਂ ਜੇ ਕਿਸੇ ਹੋਰ ਬੰਦੇ ਨੂੰ ਵੀ ਉਸੇ ਢੰਗ ਦੀ ਸਿੱਖਿਆ ਦਿੱਤੀ ਜਾਵੇ ਤਾਂ ਇਹ ਵੀ ਨਿਰਸੰਦੇਹ ਉਸ ਪਦ ਨੂੰ ਪਾ ਸਕਦਾ ਹੈ। ਭਾਵੇਂ ਇਸ ਮਹਾਨ ਕੰਮ ਲਈ ਸਮਾਂ ਜ਼ਰੂਰ ਲੱਗਦਾ ਹੈ, ਪਰ ਇਨ੍ਹਾਂ ਹਦਾਇਤਾਂ ਉਤੇ ਚਲਦਿਆਂ ਹੋਇਆਂ ਇਸ ਮਾਰਗ ਵਿੱਚ ਉੱਨਤੀ ਲਈ ਚੌਹੀਂ ਪਾਸੀਂ ਰਾਹ ਖੁਲ੍ਹ ਜਾਵੇ, ਤਾਂ ਮਨੁੱਖ ਕੀ ਕੁਝ ਨਹੀਂ ਕਰ ਸਕਦਾ ? ਇਸੇ ਸੰਬੰਧ ਵਿਚ ਆਪ (Kirpal) ਫਰਮਾਉਂਦੇ ਹਨ,

“ਉਸ ‘ਮਹਾਨ ਸੂਰਤ’(ਪ੍ਰਮਾਤਮਾ) ਦੇ ਇਕ ਸੰਕੇਤ ਨਾਲ ਲੱਖਾਂ ਕਰੋੜਾਂ ਖੰਡ ਮੰਡਲ ਹੋਂਦ ਵਿਚ ਆਏ ! ਸਾਡੀ ਆਤਮਾ ਉਸੇ ਪ੍ਰਮਾਤਮਾਂ ਦੀ ਅੰਸ਼ ਹੈ, ਅਤੇ ਉਸੇ ਮਹਾਨ ਸਾਗਰ ਦੀ ਇਕ ਬੂੰਦ ਹੈ। ਤਾਂ ਕੀ ਆਤਮਾਂ ਉਸ ਦੀ ਅੰਸ਼ ਹੁੰਦੀ ਹੋਈ ਇਕ ਛੋਟੀ ਜਿਹੀ ਦੁਨੀਆਂ ਵੀ ਨਹੀਂ ਬਣਾ ਸਕਦੀ”?

ਮਾਨਵਤਾ ਦੇ ਇਸ ਉੱਚੇ ਆਦਰਸ਼ ਨੂੰ ਪਾਉਣ ਲਈ, ਸਾਡੀ ਸਹਾਇਤਾ ਵਾਸਤੇ ਮਹਾਰਾਜ ਜੀ ਨੇ ਕਈ ਪੁਸਤਕਾਂ ਰਚੀਆਂ ਹਨ, ਪਰ ਸਭ ਤੋਂ ਮਹਾਨ ਅਤੇ ਉੱਤਮ ਗ੍ਰੰਥ ਜੋ ਉਨ੍ਹਾਂ ਨੇ ਰਚਿਆ ਹੈ ਉਹ ਹੈ ਉਨ੍ਹਾਂ ਦਾ ਆਪਣਾ ਜੀਵਨ, ਜਿਸ ਵਿੱਚ ਕਦਮ ਕਦਮ ਉਤੇ ਸਾਨੂੰ ਆਦਰਸ਼ ਜੀਵਨ ਦੀ ਅਨਮੋਲ ਸ਼ਿਖਸ਼ਾ ਮਿਲਦੀ ਹੈ।

ਡਾਇਰੀ ਜਾਂ ਜੀਵਨ ਦੀ ਪੜਤਾਲ ਦਾ ਮਹੱਤਵ

ਅਧਿਆਤਮਕ ਜੀਵਨ ਬਤੀਤ ਕਰਨ ਲਈ ਆਪ (ਕਿਰਪਾਲ) ਨੇ ਨੇਕ ਪਾਕ ਅਤੇ ਸਦਾਚਾਰੀ ਜੀਵਨ ਬਣਾਉਣ ਉਤੇ ਬੜਾ ਜ਼ੋਰ ਦਿੱਤਾ ਹੈ ਅਤੇ ਇਸ ਮੰਤਵ ਲਈ “ਡਾਇਰੀ” ਦੁਆਰਾ ਜੀਵਨ ਦੀ ਪੜਤਾਲ ਨੂੰ ਜ਼ਰੂਰੀ ਦੱਸਿਆ ਹੈ। ਆਪ ਜੀ ਨੇ ਸੱਤ ਸਾਲ ਦੀ ਆਯੂ ਤੋਂ ਹੀ ਡਾਇਰੀ ਰੱਖਣੀ ਅਰੰਭ ਕਰ ਦਿੱਤੀ ਸੀ ਜਿਸ ਵਿਚ ਆਪਣੀਆਂ ਦਿਨ ਭਰ ਦੀਆਂ ਗਲਤੀਆਂ ਨੂੰ ਨੋਟ ਕਰਨ ਵਿਚ ਕੋਈ ਲਿਹਾਜ ਨਹੀਂ ਸਨ ਕਰਦੇ ਅਤੇ ਅੱਗੋਂ ਲਈ ਇਨ੍ਹਾਂ ਨੂੰ ਦੂਰ ਕਰਨ ਦਾ ਉਪਾਓ ਸੋਚਦੇ ਸਨ।

ਅੱਜ ਆਪ ਡਾਇਰੀ ਦੁਆਰਾ ਆਪਣੀਆਂ ਕਮੀਆਂ ਉਤੇ ਨਜ਼ਰ ਰੱਖਣ ਅਤੇ ਇੱਕ ਇੱਕ ਕਰਕੇ ਉਨ੍ਹਾਂ ਨੂੰ ਦੂਰ ਕਰਨ ਦੇ ਮਹੱਤਵ ਉਤੇ ਜ਼ੋਰ ਦਿੰਦੇ ਹਨ। ਇਹ ਮਹਾਰਾਜ ਜੀ ਦੇ ਮਹਾਨ ਜੀਵਨ ਦਾ ਨਚੋੜ ਹੈ। ਡਾਇਰੀ ਦੇ ਸੰਬੰਧ ਵਿਚ ਆਪ ਦਾ ਕਥਨ ਹੈ ਕਿ ਜੀਵ ਕੁਝ ਵੀ ਨਾ ਕਰੇ, ਕੇਵਲ ਸੱਚਾਈ ਅਤੇ ਇਮਾਨਦਾਰੀ ਨਾਲ ਡਾਇਰੀ ਰੱਖਣੀ ਅਰੰਭ ਕਰ ਦੇਵੇ, ਤਾਂ ਉਸ ਦੇ ਜੀਵਨ ਵਿਚ ਬੜਾ ਵੱਡਾ ਪਲਟਾ ਆ ਜਾਵੇਗਾ, ਉਸ ਦੇ ਦਿਲ ਦਾ ਸ਼ੀਸ਼ਾ ਸਾਫ ਹੋ ਜਾਵੇਗਾ, ਅਤੇ ਉਸ ਵਿਚੋਂ ਸੱਚਾਈ ਦੀ ਝਲਕ ਪੈਣ ਲਗ ਜਾਵੇਗੀ।

ਇਸੇ ਪ੍ਰਸੰਗ ਵਿਚ ਆਪ ਜੀ ਫਰਮਾਉਂਦੇ ਹਨ ਕਿ

“ਪ੍ਰਮਾਤਮਾ ਦਾ ਪਾਉਣਾ ਔਖਾ ਨਹੀਂ,
ਪਰੰਤੂ ਇਨਸਾਨ ਬਣਨਾ ਜ਼ਰੂਰ ਔਖਾ ਹੈ”।

ਅਤੇ ਇਨਸਾਨ ਬਣਨ ਲਈ ਡਾਇਰੀ ਦੇ ਰੂਪ ਵਿਚ ਆਪ ਜੀ ਨੇ ਆਪਣੇ ਜੀਵਨ ਦਾ ਨਿਚੋੜ ਦਰਸਾਇਆ ਹੈ।

ਡਾਇਰੀ ਦੇ ਬਾਰੇ ਵਿਚ ਪੂਰੇ ਵਿਗਿਆਨਕ ਢੰਗ ਨਾਲ ਆਪ ਨੇ Seven Paths to Perfection ਨਾਉਂ ਦੇ ਪੈਂਫਲਟ ਵਿਚ ਜੋ ਵਿਆਖਿਆ ਦਿੱਤੀ ਹੈ (ਜਿਸ ਦਾ ਅਨੁਵਾਦ ਹਿੰਦੀ ਵਿਚ ਵੀ ਛਪ ਚੁਕਿਆ ਹੈ) ਉਸ ਨੂੰ ਇਥੇ ਉਲੀਕਣ ਦੀ ਲੋੜ ਨਹੀਂ। ਇਥੇ ਅਸੀਂ ਮਹਾਰਾਜ ਜੀ ਦੇ ਕੇਵਲ ਇਕ ਮਹਾਨ ਕਥਨ ਨੂੰ ਦੁਹਰਾਵਾਂਗੇ,

“ਕਿ ਸਾਨੂੰ ਪਤਾ ਹੀ ਨਹੀਂ ਅਸੀਂ ਕਿੱਥੇ ਜਾ ਰਹੇ ਹਾਂ। ਜੇਕਰ ਸਾਨੂੰ ਪਤਾ ਹੋਵੇ ਕਿ ਅਸੀਂ ਗੰਦਗੀ ਵਿੱਚ ਬੈਠੇ ਹਾਂ ਤਾਂ ਅਵੱਸ਼ ਹੀ ਉਸ ਗੰਦਗੀ ਵਿਚੋਂ ਨਿਕਲਣ ਦਾ ਕੋਈ ਪੱਕਾ ਉਪਾਓ ਸੋਚਾਂਗੇ ਸਾਨੂੰ ਇਹ ਪਤਾ ਹੀ ਨਹੀਂ ਸਾਡੇ ਅੰਦਰ ਕੀ ਕੀ ਘਾਟੇ ਹਨ। ਜੇਕਰ ਅਸੀਂ ਦਿਨ ਭਰ ਦੀਆਂ ਆਪਣੀਆਂ ਕਰਤੂਤਾਂ ਦਾ ਹਿਸਾਬ ਕਰੀਏ ਅਤੇ ਠੰਡੇ ਦਿਲ ਨਾਲ ਵਿਚਾਰੀਏ ਫੇਰ ਸਾਨੂੰ ਪਤਾ ਲੱਗੇ ਕਿ ਅਸੀਂ ਕਿੰਨੇ ਕੁ ਪਾਣੀ ਵਿਚ ਹਾਂ। ਪਰ, ਅਸੀਂ ਤਾਂ ਦੂਜਿਆਂ ਦੀਆਂ ਕਮਜ਼ੋਰੀਆਂ ਦੀ ਨਿੰਦਾ ਕਰਨ ਉਤੇ ਹੀ ਲੱਗੇ ਰਹਿੰਦੇ ਹਾਂ। ਜੇਕਰ ਅਸੀਂ ਠੰਡੇ ਦਿਲ ਨਾਲ ਆਪਣੀਆਂ ਕਮਜ਼ੋਰੀਆਂ ਵੱਲ ਨਿਗਾਹ ਮਾਰੀਏ ਤਾਂ ਦੂਜਿਆਂ ਦੇ ਦੋਸ਼ ਵੇਖਣ ਦਾ ਸਮਾਂ ਤਾਂ ਕੀ ਮਿਲਨਾਂ ਸੋਚਣ ਦੀ ਹਿੰਮਤ ਵੀ ਨਾਂ ਪਵੇ”।

ਵਿਸ਼ਵ ਪਰੇਮ

ਮਹਾਰਾਜ ਕਿਰਪਾਲ ਸਿੰਘ ਜੀ ਫਰਮਾਉਂਦੇ ਹਨ ਕਿ ਜੋ ਪ੍ਰਮਾਤਮਾ ਨਾਲ ਪਿਆਰ ਕਰੇਗਾ ਉਸ ਨੂੰ ਸੁਭਾਵਕ ਤੌਰ ਤੇ ਹੀ ਉਸ ਦੇ ਬੰਦਿਆਂ (ਸੰਸਾਰ) ਨਾਲ ਵੀ ਅਵੱਸ਼ ਪਿਆਰ ਹੋਵੇਗਾ। ਆਪਣੇ ਸਤਿਸੰਗ ਬਚਨਾਂ ਵਿਚ ਆਪ ਸਦਾ ਹੀ ਇਹੋ ਆਦੇਸ਼ ਦਿੰਦੇ ਹਨ ਕਿ, “ਸਾਰਿਆਂ ਨਾਲ ਪਰੇਮ ਕਰੋ, ਕਿਸੇ ਤੋਂ ਘਿਰਣਾ ਨਾ ਕਰੋਂ, ਅਤੇ ਕਿਸੇ ਦਾ ਬੁਰਾ ਨਾ ਸੋਚੋ। ਅਸੀਂ ਸਾਰੇ ਹੀ ਉਸ ਪ੍ਰਮਾਤਮਾ ਦੇ ਬੱਚੇ ਹਾਂ। ਜੇ ਸਾਨੂੰ ਪ੍ਰਮਾਤਮਾਂ ਨਾਲ ਪਿਆਰ ਹੈ ਤਾਂ ਉਸ ਦੇ ਬੱਚਿਆਂ (ਆਤਮ — Souls) ਨਾਲ ਵੀ ਅਵੱਸ਼ ਪਿਆਰ ਹੋਵੇਗਾ”।

“ਏਕ ਪਿਤਾ ਏਕਸ ਕੇ ਹਮ ਬਾਰਕ ਤੂ ਮੇਰਾ ਗੁਰ ਹਾਈ”
— ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ ੧੯

ਆਪ ਦੇ ਬਚਪਨ ਦੀ ਇਕ ਘਟਨਾ ਇਥੇ ਵਰਨਣ ਯੋਗ ਹੈ। ਆਪ ਜੀ ਦੀ ਆਦਤ ਸੀ ਕਿ ਹਰ ਇਕ ਨਾਲ ਪ੍ਰੇਮ ਪੂਰਵਕ ਮਿਲਦੇ ਹੁੰਦੇ ਸਨ। ਇਕ ਵਾਰੀ ਆਪ ਦੇ ਪਿਤਾ ਜੀ ਨੇ ਆਖਿਆ, “ਪਾਲ, ਸਾਡੇ ਦੋਸਤ ਤੁਹਾਡੇ ਆਪਣੇ ਦੋਸਤ ਹੋਣਗੇ ਅਤੇ ਜੋ ਸਾਡੇ ਵੈਰੀ ਹੋਣਗੇ ਉਹ ਤੁਹਾਡੇ ਵੀ ਵੈਰੀ ਹੋਣਗੇ”। ਆਪ ਕਦੇ ਵੀ ਪਿਤਾ ਜੀ ਦੀ ਆਗਿਆ ਦੀ ਉਲੰਘਣਾ ਨਹੀਂ ਸਨ ਕਰਦੇ। ਪਰੰਤੂ ਇਹ ਗੱਲ ਸੁਣ ਕੇ ਮਹਾਰਾਜ ਜੀ ਆਖਣ ਲੱਗੇ, “ਪਿਤਾ ਜੀ ਤੁਹਾਡੇ ਮਿੱਤਰ ਮੇਰੇ ਵੀ ਮਿੱਤਰ ਹਨ, ਇਹ ਗੱਲ ਤਾਂ ਆਪਦੀ ਠੀਕ ਹੈ, ਪਰ ਇਹ ਜਰੂਰੀ ਨਹੀਂ ਕਿ ਆਪ ਦੇ ਵੈਰੀ ਮੇਰੇ ਵੀ ਵੈਰੀ ਹੋਣ। ਹੋ ਸਕਦਾ ਹੈ ਉਨ੍ਹਾਂ ਦੀ ਦੁਸ਼ਮਣੀ ਕਿਸੇ ਗਲਤ ਫਹਿਮੀ ਦੇ ਕਾਰਣ ਹੋਵੇ। ਮੈਂ ਘਿਰਣਾਂ ਅਤੇ ਦੁਸ਼ਮਣੀਆਂ ਕਰਨ ਲਈ ਨਹੀਂ ਆਇਆ। ਮੈਂ ਤਾਂ ਸਾਰੀ ਮਨੁੱਖ ਜਾਤੀ ਲਈ ਪਿਆਰ ਦੀ ਸਦ-ਭਾਵਨਾ ਲੈ ਕੇ ਆਇਆ ਹਾਂ”।

ਸੰਨ 1955 ਈਸਵੀ ਵਿੱਚ ਆਪਣੀ ਪਹਿਲੀ ਵਿਸ਼ਵ ਯਾਤਰਾ ਦੇ ਸਮੇਂ ਅਮਰੀਕਾ (USA) ਦੇ ਬੜੇ ਵੱਡੇ ਨਗਰ “ਸ਼ਿਕਾਗੋ” ਵਿੱਚ ਆਪ ਸੰਗਤ ਦੇ ਇੱਕ ਬੜੇ ਵੱਡੇ ਇਕੱਠ ਵਿਚ ਸਤਿਸੰਗ ਕਰ ਰਹੇ ਸਨ ਤਾਂ ਆਪ ਜੀ ਨੇ ਇਸੇ ਆਦਰਸ਼ ਨੂੰ ਦੁਹਰਾਉਂਦੇ ਹੋਏ ਆਖਿਆ,

“ਪ੍ਰਮਾਤਮਾਂ ਨੂੰ ਨਾ ਵੇਖਣ ਵਾਲੇ ਲੋਕ ਜੋ ਉਸ ਨਾਲ ਪਿਆਰ ਕਰਨ ਦਾ ਦਾਅਵਾ ਕਰਦੇ ਹਨ,
ਅਤੇ ਇਸ ਦੇ ਉਲਟ ਜੀਵਾਂ ਨਾਲ ਘਿਰਣਾਂ ਕਰਦੇ ਹਨ, ਜਿਨ੍ਹਾਂ ਨੂੰ ਉਹ ਨਿੱਤ ਵੇਖ ਰਹੇ ਹਨ,
ਤਾਂ ਫਿਰ ਕਿਸ ਮੂੰਹ ਨਾਲ ਪ੍ਰਮਾਤਮਾ ਨਾਲ ਪਿਆਰ ਕਰਨ ਦਾ ਦਾਅਵਾ ਕਰ ਸਕਦੇ ਹਨ” ?
— Holy Bible (1 John 4:20)

ਫਿਰ ਆਪ ਨੇ ਇਸ ਦੀ ਪੁਸ਼ਟੀ ਲਈ ਯਸੂ ਮਸੀਹ ਦੀ ਉਦਾਹਰਣ ਦੇ ਕੇ ਆਖਿਆ,

“ਆਪਣੇ ਰੱਬ ਨਾਲ ਪਿਆਰ ਕਰ, ਆਪਣੇ ਮਨ ਨਾਲ,
ਆਪਣੀ ਸ਼ਕਤੀ ਨਾਲ ਅਤੇ ਆਪਣੀ ਆਤਮਾ ਨਾਲ।
ਅਤੇ ਕਿਉਂ ਜੋ ਹਰ ਇੱਕ ਹਿਰਦਾ ਪ੍ਰਮਾਤਮਾ ਦਾ ਨਿਵਾਸ ਅਸਥਾਨ ਹੈ,
ਇਸ ਲਈ ਆਪਣੇ ਪੜੋਸੀ ਨਾਲ ਉਹੋ ਜਿਹਾ ਹੀ ਪਿਆਰ ਕਰ ਜਿਹੋ
ਜਿਹਾ ਤੂੰ ਆਪਣੇ ਲਈ ਚਾਹੁੰਦਾ ਹੈ”।
— Holy Bible (Luke 10:27)

“ਪ੍ਰਮਾਤਮਾ ਇਕ ਹੈ ਅਤੇ ਉਹ ਸਾਰੇ ਸੰਸਾਰ ਦਾ ਸਾਂਝਾ ਹੈ ਅਤੇ ਉਸ ਦੀ ਸ੍ਰਿਸ਼ਟੀ (ਰਚਨਾ) ਵੀ ਇਕ ਹੀ ਹੈ। ਅੱਜ ਵਿਸ਼ੇਸ਼ ਰੂਪ ਵਿਚ ਇਸ ਗੱਲ ਦੀ ਲੋੜ ਹੈ ਕਿ ਇਸ ਮਹਾਨ ਸਚਾਈ ਨੂੰ ਸੰਸਾਰ ਵਿਚ ਮੁੜ ਕੇ ਤਾਜ਼ਾ ਕੀਤਾ ਜਾਵੇ ਅਤੇ ਲੋਕਾਂ ਨੂੰ ਇਸ ਗੱਲ ਦੀ ਪ੍ਰੇਰਨਾ ਕੀਤੀ ਜਾਵੇ।”

ਆਦਰਸ਼ ਜੀਵਨ ਨੇਕ — ਕਮਾਈ

ਸੰਸਾਰੀ ਰਸਮ ਰਵਾਜਾਂ ਅਨੁਸਾਰ ਆਪ ਜੀ (ਕਿਰਪਾਲ) ਦਾ ਵਿਆਹ ਛੋਟੀ ਆਯੂ ਵਿਚ ਹੀ ਹੋਇਆ ਸੀ, ਪਰੰਤੂ ਬਹੁਤ ਦੇਰ ਤਕ ਆਪ ਨੇ ਆਪਣੀ ਪਤਨੀ ਨੂੰ ਆਪਣੇ ਕੋਲ ਨਹੀਂ ਸੀ ਸੱਦਿਆ। ਪਿਸ਼ਾਵਰ ਵਿਚ ਨੌਕਰੀ ਅਰੰਭ ਕੀਤੀ ਅਤੇ ਮਗਰੋਂ ਲਾਹੌਰ ਬਦਲੀ ਹੋ ਗਈ। ਲਾਹੌਰ ਵਿਚ ਆਪ ਨੇ ਗ੍ਰਹਿਸਤ ਜੀਵਨ ਅਰੰਭ ਕੀਤਾ। ਜੀਵਨ ਦੇ ਜਿਸ ਆਦਰਸ਼ ਦਾ ਆਪ ਜੀ ਨੇ ਫੈਸਲਾ ਕੀਤਾ ਸੀ, ਸੱਚਾਈ ਅਤੇ ਇਮਾਨਦਾਰੀ ਨੂੰ ਉਸ ਦੀ ਨੀਂਹ ਬਣਾਇਆ, ਪਰੰਤੂ ਮਹਿਕਮਾ ਉਹ ਮਿਲਿਆ ਜਿਸ ਵਿਚ ਚੌਹੀਂ ਪਾਸੀਂ ਰਿਸ਼ਵਤ ਹੀ ਰਿਸ਼ਵਤ ਸੀ। ਆਪ ਮਿਲਟਰੀ ਇੰਜਨੀਅਰਿੰਗ ਸਰਵਿਸ (M. E. S.) ਵਿੱਚ ਕਲਰਕ ਭਰਤੀ ਹੋਏ।

ਇਕ ਵਾਰ ਇਕ ਠੇਕੇਦਾਰ ਆਪ ਦੇ ਕੋਲ ਆਪਣੇ ਬਿੱਲ ਛੇਤੀ ਪਾਸ ਕਰਾਉਣ ਲਈ ਦਫਤਰ ਵਿਚ ਆਇਆ ਅਤੇ ਜੋ ਨਿਸ਼ਚਿਤ ਹੋਈ ਰਿਸ਼ਵਤ ਉਥੇ ਚਲਦੀ ਸੀ ਆਪ ਜੀ ਨੂੰ ਪੇਸ਼ ਕੀਤੀ। ਪਰੰਤੂ ਆਪ ਨੇ ਉਸ ਠੇਕੇਦਾਰ ਨੂੰ ਕਿਹਾ, “ਰਿਸ਼ਵਤ ਦੇਣ ਦੀ ਲੋੜ ਨਹੀਂ, ਇਹ ਤਾਂ ਮੇਰਾ ਫਰਜ਼ ਹੈ। ਇਸ ਕੰਮ ਦੀ ਮੈਨੂੰ ਸਰਕਾਰ ਵੱਲੋਂ ਤਨਖਾਹ ਮਿਲਦੀ ਹੈ। ਆਪ ਬੇਫਿਕਰ ਰਹੋ ਤੁਹਾਡਾ ਬਿਲ ਛੇਤੀ ਹੀ ਪਾਸ ਹੋ ਜਾਵੇਗਾ”। ਇਸ ਗੱਲ ਉਤੇ ਠੇਕੇਦਾਰ ਨੇ ਸਮਝਿਆ ਕਿ ਰਿਸ਼ਵਤ ਦੀ ਰਕਮ ਸ਼ਾਇਦ ਘੱਟ ਹੈ, ਇਸ ਲਈ ਉਸ ਨੇ ਕੁਝ ਹੋਰ ਰੁਪਈਏ ਵਿਚ ਪਾ ਕੇ ਰਕਮ ਮੇਜ਼ ਉਤੇ ਰੱਖ ਦਿਤੀ (ਉਨ੍ਹਾਂ ਦਿਨਾਂ ਵਿਚ ਚਾਂਦੀ ਦੇ ਰੁਪਈਏ ਹੁੰਦੇ ਸਨ)। ਉਸ ਦੇ ਬਹੁਤ ਜ਼ੋਰ ਪਾਉਣ ਉਤੇ ਵੀ ਮਹਾਰਾਜ ਜੀ ਨੇ ਰਿਸ਼ਵਤ ਲੈਣਾ ਸਵੀਕਾਰ ਨਾ ਕੀਤਾ, ਪਰ ਉਹ ਸਾਰੇ ਦੇ ਸਾਰੇ ਰੁਪਈਏ ਉਸੇ ਤਰ੍ਹਾਂ ਮੇਜ਼ ਉਤੇ ਛੱਡ ਕੇ ਚਲਾ ਗਿਆ। ਜਦੋਂ ਉਹ ਤੁਰਿਆ ਤਾਂ ਆਪ ਨੇ ਉਹ ਰਕਮ ਉਸ ਦੇ ਅੱਗੇ ਚੁੱਕ ਮਾਰੀ। ਰੁਪਈਏ ਫਰਸ਼ ਉਤੇ ਡਿੱਗਣ ਨਾਲ ਬੜੇ ਜ਼ੋਰ ਦੀ ਆਵਾਜ਼ ਆਈ, ਤਾਂ ਸਾਰੇ ਦਫਤਰ ਵਿਚ ਸ਼ੋਰ ਮਚ ਗਿਆ। ਦਫਤਰ ਵਿਚ ਪੁਰਾਣੇ ਕਰਮਚਾਰੀਆਂ ਨੇ ਸਮਝਾਇਆ ਕਿ ਹੱਥ ਆਈ ਰਕਮ ਨੂੰ ਇਸ ਪ੍ਰਕਾਰ ਨਹੀਂ ਗਿਰਾਈਦਾ। ਪਰੰਤੂ ਆਪ ਨੇ ਜੀਵਨ ਦਾ ਜੋ ਨਿਸ਼ਾਨਾ ਬਣਾਇਆ ਸੀ, ਉਸ ਵਿਚ ਪਰਾਏ ਧੰਨ ਅਤੇ ਲੋਭ ਦੀ ਕੋਈ ਗੁੰਜਾਇਸ਼ ਨਹੀਂ ਸੀ। ਘਰ ਵਾਲਿਆਂ ਨੇ ਵੀ ਕਈ ਵਾਰੀ ਜ਼ੋਰ ਦਿੱਤਾ ਪਰੰਤੂ ਆਪ ਨੇ ਸਾਫ ਇਹੀ ਜਵਾਬ ਦਿੱਤਾ, “ਕਿ ਮੇਰੇ ਕੋਲੋਂ ਹਰਾਮ ਦੀ ਕਮਾਈ ਦੀ ਕਦੇ ਆਸ਼ ਨਾ ਰੱਖਣਾ। ਮੈਂ ਆਪਣੀ ਸਾਰੀ ਤਨਖਾਹ ਤੁਹਾਡੇ ਹਵਾਲੇ ਕਰ ਦਿਆਂਗਾ, ਮੈਨੂੰ ਭਾਵੇਂ ਕੁਝ ਵੀ ਨਾ ਦਿਆ ਕਰਨਾ, ਰਿਸ਼ਵਤ ਨਹੀਂ ਲਵਾਂਗਾ”।

ਜਿਨ੍ਹਾਂ ਨੇ ਜੀਵਨ ਵਿਚ ਕਈ ਮਹਾਨ ਪਰਉਪਕਾਰ ਕਰਨਾ ਹੁੰਦਾ ਹੈ ਅਤੇ ਸਦਾਚਾਰੀ ਜੀਵਨ ਦੀ ਨੀਂਹ ਉਤੇ ਅਧਿਆਤਮਕਤਾ ਦਾ ਮਹਿਲ ਉਸਾਰਨਾ ਹੁੰਦਾ ਹੈ, ਉਨ੍ਹਾਂ ਨੇ ਜੀਵਨ ਦੇ ਹਰ ਬੁਰੇ ਕੰਮ ਤੋਂ ਸੰਕੋਚ ਕਰਨਾ ਹੁੰਦਾ ਹੈ। ਉਹ ਕਿਸੇ ਦੇ ਅੱਗੇ ਹੱਥ ਪਸਾਰਨ ਵੀ ਕਿਉਂ ਅਤੇ ਇਨ੍ਹਾਂ ਝਮੇਲਿਆਂ ਵਿੱਚ ਪੈਣ ਵੀ ਕਿਉਂ? ਇਸੇ ਕਰਕੇ ਮਹਾਂ ਪੁਰਸ਼ਾਂ ਨੇ ਸਦਾ ਹੀ ਸਾਦਗੀ ਨੂੰ ਮੁੱਖ ਰੱਖਿਆ ਹੈ, ਇਹੀ ਕਾਰਣ ਹੈ ਕਿ ਆਪ ਨੇ ਵੀ ਸਾਦਗੀ ਨੂੰ ਵੱਡਾ ਹਥਿਆਰ ਬਣਾਇਆ ਹੈ। ਆਪ ਹਰ ਪ੍ਰਕਾਰ ਦੀ ਸੰਸਾਰੀ ਔਖ ਸੌਖ ਵਿਚ ਖੁਸ਼ੀ ਖੁਸ਼ੀ ਨਿਰਵਾਹ ਕਰਦੇ ਰਹੇ ਹਨ। ਆਪ ਦੀਆਂ ਜੀਵਨ ਲੋੜਾਂ ਬੜੀਆਂ ਸੀਮਤ ਹਨ ਅਤੇ ਜੋ ਮਿਲੇ ਉਸ ਨਾਲ ਗੁਜਾਰਾ ਕਰ ਲੈਣ ਨੂੰ ਹੀ ਆਪ ਨੇ ਅਸੂਲ ਬਣਾਇਆ ਹੋਇਆ ਹੈ। ਆਪ ਦੇ ਸਾਦਾ ਜੀਵਨ ਦੀ ਬੜੀ ਵੱਡੀ ਮਸਾਲ ਹੈ ਕਿ ਜਦੋਂ ਆਪ ਕਲਰਕ ਹੀ ਸਨ, ਉਦੋਂ ਤਨਖਾਹ ਬੜੀ ਥੋੜੀ ਸੀ, ਪਰ ਉਸ ਥੋੜ੍ਹੀ ਤਨਖਾਹ ਵਿਚੋਂ ਗਰੀਬਾਂ ਦੀ ਸਹਾਇਤਾ ਵੀ ਕਰਦੇ, ਆਪਣਾ ਨਿਰਵਾਹ ਵੀ ਕਰਦੇ ਅਤੇ ਫੇਰ ਸੌਖੇ ਦੇ ਸੌਖੇ ਰਹਿੰਦੇ ਸਨ।

ਇਕ ਵਾਰ ਦੀ ਗੱਲ ਹੈ ਕਿ ਤਨਖਾਹ ਮਿਲਣ ਵਿਚ ਹਾਲੇ ਸੱਤ ਦਿਨ ਬਾਕੀ ਪਏ ਸਨ, ਅਤੇ ਜੇਬ, ਵਿਚ ਕੇਵਲ ਇਕ ਆਨਾ (Anna — 1/12th of a Rupee) ਰਹਿ ਗਿਆ ਸੀ। ਸੋਚਣ ਲੱਗੇ ਕਿ ਕਿਸੇ ਮਿੱਤਰ ਕੋਲੋਂ ਇਕ ਰੁਪਈਆਂ ਉਧਾਰ ਲੈ ਲਈਏ, ਪਰ ਤੁਰੰਤ ਇਹ ਵਿਚਾਰ ਮਨ ਵਿਚ ਆਇਆ ਕਿ ਇੱਦਾਂ ਕਾਰਨ ਨਾਲ ਬੁਰੀ ਆਦਤ ਪੈ ਜਾਵੇਗੀ। ਅਖੀਰ ਫੈਸਲਾ ਇਹ ਕੀਤਾ ਕਿ ਕਿਸੇ ਕੋਲੋਂ ਕਰਜ਼ ਨਹੀਂ ਲੈਣਾ ਅਤੇ ਪੂਰਾ ਹਫਤਾ ਇਕ ਆਨੇ ਨਾਲ ਹੀ ਕੱਟ ਦਿੱਤਾ, ਉਹ ਇਸ ਤਰ੍ਹਾਂ ਕਿ ਇਕ ਆਨੇ ਦੇ ਭੁੰਨੇ ਹੋਏ ਚਣੇ (Chickpeas) ਲੈ ਲਏ ਅਤੇ ਭੁੱਖ ਲੱਗਣ ਉਤੇ ਉਹ ਚਬਾ ਲੈਂਦੇ ਅਤੇ ਉਤੋਂ ਪਾਣੀ ਦਾ ਗਲਾਸ ਪੀ ਲੈਂਦੇ। ਭਾਵੇਂ ਇਹ ਗੱਲ ਤਾਂ ਬੜੀ ਸਧਾਰਨ ਸੀ, ਪਰ ਅਜੇਹੀਆਂ ਸਾਧਾਰਨ ਗੱਲਾਂ ਲਈ ਵੀ ਮਹਾਂ ਪੁਰਸ਼ਾਂ ਦੇ ਜੀਵਨ ਵਿਚ ਭੇਦ ਲੁਕੇ ਹੋਏ ਹੁੰਦੇ ਹਨ। ਆਪ ਫਰਮਾਉਂਦੇ ਹੁੰਦੇ ਹਨ, “ਭੁੱਖੇ ਪੇਟ ਸੌ ਰਹਿਣਾ ਇਸ ਨਾਲੋਂ ਕਿਤੇ ਚੰਗਾ ਹੈ ਜੇਕਰ ਸਾਨੂੰ ਦਿਨ ਚੜਦਿਆਂ ਹੀ ਕਰਜ਼ ਯਾਦ ਆਵੇ। ਅਸੀਂ ਛੋਟੀ ਛੋਟੀ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਇਸ ਲਈ ਵੱਡੀਆਂ ਵੱਡੀਆਂ ਚੀਜ਼ਾਂ ਹੱਥੋਂ ਨਿਕਲ ਜਾਂਦੀਆਂ ਹਨ”।

ਆਦਰਸ਼ ਸਰਕਾਰੀ ਅਫਸਰ

ਮਹਾਰਾਜ ਜੀ ਨੇ ਸਰਕਾਰੀ ਨੌਕਰੀ ਸਮੇਂ ਕਾਰ ਗੁਜ਼ਾਰੀ ਦਾ ਆਪਣੇ ਜੀਵਨ ਵਿੱਚ ਇਕ ਉੱਚਾ ਆਦਰਸ਼ ਪੇਸ਼ ਕੀਤਾ, ਜਿਸ ਦੇ ਸਦਕੇ ਆਪ ਕਲਰਕ ਦੀ ਪਦਵੀ ਤੋਂ ਉੱਨਤੀ ਕਰਕੇ “ਡਿਪਟੀ ਅਸਿਸਟੈਂਟ ਕੰਟਰੋਲਰ” ਆਫ਼ ਮਿਲਟਰੀ ਅਕਾਊਂਟਸ ਦੇ ਉਚੇ ਪਦ ਨੂੰ ਪ੍ਰਾਪਤ ਕਰ ਗਏ ! ਆਪ ਇਸੇ ਕਰਕੇ ਅਫਸਰਾਂ ਅਤੇ ਛੋਟੇ ਦਰਜੇ ਦੇ ਬੰਦਿਆਂ ਵਿਚ ਬੜੇ ਹਰਮਨ ਪਿਆਰੇ ਸਨ। ਅਫ਼ਸਰ ਲੋਕ ਆਪ ਨੂੰ ਕੇਵਲ ਅਫਸਰ ਹੀ ਨਹੀਂ ਸਮਝਦੇ ਸਨ, ਸਗੋਂ ਇਕ ਮਹਾਂ ਪੁਰਸ਼ ਦੀ ਪਦਵੀ ਦਿੰਦੇ ਸਨ ਅਤੇ ਆਪ ਦੇ ਥੱਲੇ ਕੰਮ ਕਰਨ ਵਾਲੇ ਲੋਕੀਂ ਆਪ ਜੀ ਨੂੰ ਦਰਦੀ ਅਤੇ ਦਯਾਵਾਨ ਅਫਸਰ ਸਮਝਦੇ ਸਨ। ਆਪ ਦੇ ਸਦਾਚਾਰ ਅਤੇ ਨੇਕ ਵਰਤਾਓਂ ਦੀ ਇਕ ਝਲਕ ਵੀ ਜਿਸ ਨੇ ਪਾ ਲਈ, ਉਹ ਸਦਾ ਲਈ ਆਪ ਦਾ ਹੋ ਜਾਂਦਾ ਸੀ।

ਇਸ ਸੰਬੰਧ ਵਿਚ ਆਪ ਦੇ ਜੀਵਨ ਦੀ ਇਕ ਘਟਨਾ ਵਰਨਣ ਯੋਗ ਹੈ। 36 ਵਰ੍ਹੇ ਦੀ ਲੰਮੀ ਨੌਕਰੀ ਦੇ ਸਮੇਂ ਤੋਂ ਮਗਰੋਂ ਜਦੋਂ ਆਪ ਰਿਟਾਇਰ ਹੋਏ ਤਾਂ ਸਾਰੇ ਸਟਾਫ ਕਰਮਚਾਰੀਆਂ ਨੇ ਆਪ ਨੂੰ ਵਿਦਾਇਗੀ ਪਾਰਟੀ ਦੇਣੀ ਚਾਹੀ, ਪਰੰਤੂ ਆਪ ਨੇ ਪਿਆਰ ਪੂਰਵਕ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮੈਂ ਆਪ ਹੀ ਕੱਲੇ ਕੱਲੇ ਦੀ ਮੇਜ਼ ਉਤੇ ਜਾ ਕੇ ਮਿਲਾਂਗਾ ਤੇ ਤੁਹਾਡਾ ਪਿਆਰ ਲਿਆਂਗਾ । ਗੱਲ ਕੀ ਹਰ ਇਕ ਵਿਅਕਤੀ ਨੂੰ ਆਪ ਜੀ ਦੇ ਵਿਛੋੜੇ ਦਾ ਦੁੱਖ ਹੋਇਆ। ਸ਼ਾਮ ਦੇ ਵੇਲੇ ਮੁਸਲਮਾਨ ਕਰਮਚਾਰੀਆਂ ਅਤੇ ਦੂਜੇ ਲੋਕਾਂ ਨੇ ਬੇਨਤੀ ਕੀਤੀ ਕਿ ਆਪ ਬਾਗ ਵਿਚ ਆ ਕੇ ਬੈਠ ਜਾਣਾ, ਅਸੀਂ ਸਾਰੇ ਉਥੇ ਹੀ ਆ ਕੇ ਆਪ ਜੀ ਦੇ ਦਰਸ਼ਨ ਕਰ ਲਿਆਂਗੇ। ਇਹ ਸੁਝਾਓ ਆਪ ਜੀ ਨੇ ਮੰਨ ਲਿਆ ਅਤੇ ਦੂਜੇ ਦਿਨ ਸਾਰੇ ਅਫਸਰ ਅਤੇ ਕਰਮਚਾਰੀ ਬਾਗ ਵਿਚ ਇਕੱਠੇ ਹੋ ਗਏ। ਸਾਰੇ ਕਰਮਚਾਰੀਆਂ ਦੀਆਂ ਅੱਖੀਆਂ ਛਲਕਣ ਲੱਗ ਪਈਆਂ, ਇਥੋਂ ਤੱਕ ਕਿ ਇਕ ਚਪੜਾਸੀ ਜਿਸ ਨੂੰ ਹਾਲੇ ਦੋ ਦਿਨ ਹੀ ਭਰਤੀ ਹੋਇਆ ਹੋਏ ਸਨ, ਫੁੱਟ ਫੁੱਟ ਕੇ ਰੋਣ ਲਗ ਪਿਆ। ਉਸ ਪਿਆਰ ਦੇ ਛਲਕਦੇ ਪਿਆਲੇ ਵੱਲ ਤਕ ਕੇ ਮਹਾਰਾਜ ਜੀ ਨੇ ਫਰਮਾਇਆ, “ਭਈ, ਇਨ੍ਹਾਂ ਲੋਕਾਂ ਨੇ ਤਾਂ ਮੇਰੇ ਨਾਲ ਸਾਲਾਂ ਬੱਧੀ ਕੰਮ ਕੀਤਾ ਹੈ, ਇਸ ਲਈ ਇਨ੍ਹਾਂ ਦੇ ਦੁੱਖ ਨੂੰ ਤਾਂ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ, ਪਰੰਤੂ ਤੁਹਾਨੂੰ ਤਾਂ ਹਾਲੇ ਦੋ ਦਿਨ ਹੀ ਭਰਤੀ ਹੋਇਆਂ ਹੋਏ ਹਨ, ਇੰਨੇ ਸਮੇਂ ਵਿਚ ਤੁਸੀਂ ਮੇਰਾ ਕੀ ਵੇਖ ਲਿਆ ਹੈ”। ਚਪੜਾਸੀ ਨੇ ਉੱਤਰ ਦਿਤਾ, “ਆਪ ਪਹਿਲੇ ਅਫ਼ਸਰ ਹੋ ਜਿਨ੍ਹਾਂ ਨੇ ਮੇਰੇ ਜਿਹੇ ਤੁੱਛ ਜੀਵਾਂ ਨੂੰ ਵੀ ਇਨਸਾਨ ਸਮਝਿਆ ਹੈ, ਨਹੀਂ ਤਾਂ ਬਾਕੀ ਲੋਕ ਸਾਨੂੰ ਕੇਵਲ ਚਪੜਾਸੀ ਹੀ ਸਮਝਦੇ ਹਨ”।

ਆਪ ਤੋਂ ਛੋਟਿਆਂ ਨਾਲ ਪਿਆਰ ਤੇ ਹਮਦਰਦੀ ਆਪ ਜੀ ਦਾ ਸਭ ਤੋਂ ਪਹਿਲਾ ਕਰਤੱਵ ਸੀ। ਭਾਵੇਂ ਕਿੰਨਾ ਹੀ ਅਯੋਗ ਅਤੇ ਘਟੀਆ ਬੰਦਾ ਕਿਉਂ ਨਾ ਹੋਵੇ, ਆਪ ਪਿਆਰ ਨਾਲ ਸਮਝਾ ਬੁਝਾਅ ਕੇ ਹਰ ਇਕ ਨੂੰ ਸਿੱਧੇ ਰਾਹੇ ਪਾ ਲੈਂਦੇ ਸਨ, ਕਿਉਂ ਜੋ ਆਪ ਦਾ ਦ੍ਰਿਸ਼ਟੀਕੋਣ ਕੇਵਲ ਇਹ ਸੀ, ਕਿ ਕਰਮਚਾਰੀ ਦੀ ਬੇਸਮਝੀ ਕਾਰਣ ਉਸ ਦੇ ਬੱਚਿਆਂ ਅਤੇ ਪਤਨੀ ਨੂੰ ਡੰਡ ਕਿਉਂ ਦਿਤਾ ਜਾਵੇ ਅਤੇ ਉਸ ਨੂੰ ਸਿੱਧੇ ਰਾਹੇ ਕਿਉਂ ਨਾ ਪਾਇਆ ਜਾਵੇ। ਆਪ ਜੀ ਨੂੰ ਪੂਰਨ ਵਿਸ਼ਵਾਸ਼ ਸੀ ਅਤੇ ਆਪਣੇ ਨਿੱਜੀ ਅਨੁਭਵ ਨਾਲ ਆਪ ਨੇ ਸਿੱਧ ਕਰ ਕੇ ਵਿਖਾ ਦਿਤਾ ਕਿ ਪ੍ਰੇਮ ਅਜਿਹਾ ਹਥਿਆਰ ਹੈ ਜਿਸ ਨਾਲ ਹਰ ਕਠੋਰ ਵਿਅਕਤੀ ਨੂੰ ਸਿੱਧੇ ਰਾਹ ਉਤੇ ਪਾਇਆ ਜਾ ਸਕਦਾ ਹੈ।

ਆਪ ਪ੍ਰਬੰਧ ਅਤੇ ਤਾਲਮੇਲ ਵਿਭਾਗਾਂ ਦੇ ਇਨਚਾਰਜ ਸਨ (Administration and Co‑ordination)। ਦੂਜੇ ਅਫ਼ਸਰ ਜਿਨ੍ਹਾਂ ਕਲਰਕਾਂ ਨੂੰ ਅਯੋਗ ਸਮਝ ਕੇ ਨੌਕਰੀ ਤੋਂ ਕੱਢ ਦੇਣ ਲਈ ਆਪ ਜੀ ਦੇ ਕੋਲ ਭੇਜ ਦਿੰਦੇ, ਤਾਂ ਆਪ ਉਨ੍ਹਾਂ ਨੂੰ ਆਪਣੇ ਥੱਲੇ ਨੌਕਰੀ ਤੇ ਰੱਖ ਲੈਂਦੇ ਸਨ। ਆਪ ਕੁਝ ਦਿਨ ਲਈ ਉਨ੍ਹਾਂ ਦੇ ਰੰਗ ਢੰਗ ਵੇਖਦੇ ਅਤੇ ਫੇਰ ਉਨ੍ਹਾਂ ਨੂੰ ਪਿਆਰ ਨਾਲ ਸਮਝਾਉਂਦੇ ਕਿ ਜੇ ਤੁਹਾਨੂੰ ਨੌਕਰੀ ਤੋਂ ਕੱਢ ਦਿਤਾ ਗਿਆ ਤਾਂ ਤੁਹਾਡੇ ਬੱਚਿਆਂ ਲਈ ਕਿੰਨੀ ਔਕੜ ਆ ਜਾਵੇਗੀ, ਇਸ ਲਈ ਤੁਹਾਨੂੰ ਪਿਆਰ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਪ੍ਰਕਾਰ ਉਹ ਮੁੜ ਆਪਣੇ ਕੰਮ ਉਤੇ ਲੱਗ ਜਾਂਦੇ ਅਤੇ ਸਮਾਂ ਪਾ ਕੇ ਆਗਿਆਕਾਰ ਅਤੇ ਯੋਗਤਾ ਪੂਰਵਕ ਕੰਮ ਵਿਚ ਜੁਟ ਜਾਂਦੇ। ਉਚ-ਅਧਿਕਾਰੀ, ਜਿਸ ਵਿਅਕਤੀ ਨੂੰ ਮਹਾਰਾਜ ਜੀ ਦੇ ਥੱਲੇ ਕੰਮ ਕਰਦਿਆਂ ਵੇਖ ਲੈਂਦੇ ਸਨ ਤਾਂ ਉਸਨੂੰ ਬਿਨਾਂ ਪੁੱਛੇ ਹੀ ਯੋਗਤਾਈ ਦਾ ਸਰਟੀਫਿਕੇਟ ਦੇ ਦਿੰਦੇ ਸਨ।

ਛੋਟਿਆਂ ਨਾਲ ਪਿਆਰ ਅਤੇ ਹਮਦਰਦੀ ਦੀਆਂ ਇਨ੍ਹਾਂ ਦੀ ਨੌਕਰੀ ਦੇ ਸਮੇਂ ਦੀਆਂ ਬਹੁਤ ਮਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਇਕ ਵਾਰ ਦੀ ਗੱਲ ਹੈ, ਆਪ ਛੁੱਟੀ ਤੇ ਗਏ ਹੋਏ ਸਨ ਕਿ ਆਪ ਤੋਂ ਪਿਛੋਂ ਭੈੜਾ ਵਰਤਾਓ ਕਰਨ ਦੇ ਦੋਸ਼ ਵਿਚ ਮਹਿਕਮੇ ਦੇ ਅਫ਼ਸਰਾਂ ਨੇ ਤਿੰਨ ਕਲਰਕਾਂ ਨੂੰ ਨੌਕਰੀ ਤੋਂ ਜਵਾਬ ਦੇ ਦਿਤਾ। ਆਪ ਜਦੋਂ ਛੁੱਟੀ ਤੋਂ ਵਾਪਸ ਆਏ ਤਾਂ ਇਹ ਖ਼ਬਰ ਸੁਣ ਕੇ ਆਪ ਜੀ ਨੂੰ ਬੜਾ ਦੁੱਖ ਹੋਇਆ। ਤਾਂ ਮਹਾਰਾਜ ਜੀ ਨੇ ਉਨ੍ਹਾਂ ਕਲਰਕਾਂ ਨੂੰ ਬੁਲਾਇਆ ਅਤੇ ਉਨ੍ਹਾਂ ਕੋਲੋਂ ਦੁਬਾਰਾ ਨੌਕਰੀ ਉਤੇ ਲੱਗਣ ਦੀਆਂ ਅਰਜ਼ੀਆਂ ਲੈ ਕੇ ਉਨ੍ਹਾਂ ਤਿੰਨਾਂ ਨੂੰ ਹੀ ਦੁਬਾਰਾ ਰੱਖ ਲੈਣ ਦੀ ਸਿਫਾਰਿਸ਼ ਕਰਕੇ ‘ਕੰਟਰੋਲਰ ਸਾਹਿਬ’ ਕੋਲ ਭੇਜ ਦਿੱਤੀਆਂ। ਆਪ ਜੀ ਨੇ ਲਿਖਿਆ, “ਗਲਤੀ ਹਰ ਇਨਸਾਨ ਕੋਲੋਂ ਹੋ ਜਾਂਦੀ ਹੈ। ਨੌਕਰੀ ਤੋਂ ਜਵਾਬ ਦੇ ਕੇ ਇਨ੍ਹਾਂ ਦੇ ਗਰੀਬ ਪਰਿਵਾਰਾਂ ਨੂੰ ਔਕੜਾਂ ਵਿਚ ਪਾਉਣਾ ਠੀਕ ਨਹੀਂ ਹੈ। ਇਨ੍ਹਾਂ ਨੇ ਗਲਤੀ ਜ਼ਰੂਰ ਕੀਤੀ ਹੈ, ਪਰ ਇਨ੍ਹਾਂ ਨੂੰ ਕੱਢਣ ਦੀ ਥਾਂ ਤੇ ਚੇਤਾਵਨੀ (Warning) ਦੇ ਦੇਣਾ ਵੀ ਕਾਫੀ ਹੈ”। ਅਫਸਰ ਨੇ ਇਹ ਸ਼ਿਫਾਰਸ਼ ਸਵੀਕਾਰ ਕਰਦਿਆਂ ਹੋਇਆਂ ਤਿੰਨਾਂ ਕਲਰਕਾਂ ਨੂੰ ਮੁੜ ਦੁਬਾਰਾ ਭਰਤੀ ਕਰ ਲਿਆ।

ਇਸੇ ਪ੍ਰਕਾਰ ਪਹਿਲੇ ਸੰਸਾਰ ਯੁੱਧ ਵਿਚਕਾਰ ਸੰਕਟ ਕਾਲ (Emergency) ਸਮੇਂ ਜਿੰਨੇ ਵੀ ਕਲਰਕ, ਕੱਚੇ ਭਰਤੀ ਕੀਤੇ ਸਨ ਅਤੇ ਉਹ ਨਿਯੁਕਤੀ ਲਈ ਪੂਰੀ ਯੋਗਤਾ ਨਹੀਂ ਰੱਖਦੇ ਸਨ, ਉਨ੍ਹਾਂ ਲਈ ਇਕ ਸਰਕਾਰੀ ਹੁਕਮ ਕੱਢਿਆ ਗਿਆ ਕਿ ਜੇ ਉਹ ਨੌਕਰੀ ਉਤੇ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪ੍ਰੀਖਿਆ ਪਾਸ ਕਰਨੀ ਪਵੇਗੀ। ਪ੍ਰੀਖਿਆ ਵਿਚ ਪਾਸ ਹੋਣ ਤੋਂ ਮਗਰੋਂ ਹੀ ਉਹ ਨੌਕਰੀ ਉਤੇ ਲੱਗੇ ਰਹਿ ਸਕਦੇ ਹਨ। ਉਨ੍ਹਾਂ ਵਿਚ ਬਹੁਤ ਸਾਰੇ ਅਜਿਹੇ ਕਲਰਕ ਸਨ ਜੋ ਛੇ ਸੱਤ ਸਾਲਾਂ ਤੋਂ ਨੌਕਰੀ ਉਤੇ ਲੱਗੇ ਹੋਏ ਸਨ ਅਤੇ ਆਪਣੇ ਕੰਮ ਵਿਚ ਪੂਰਨ ਯੋਗਤਾਈ ਰੱਖਦੇ ਸਨ। ਇਤਨੇ ਲੰਬੇ ਸਮੇਂ ਤੋਂ ਮਗਰੋਂ ਉਨ੍ਹਾਂ ਨੂੰ ਪ੍ਰੀਖਿਆ ਪਾਸ ਕਰਨ ਲਈ ਹੁਕਮ ਦੇਣਾ ਅਤੇ ਪ੍ਰੀਖਿਆ ਵਿਚ ਫੇਲ੍ਹ ਹੋ ਜਾਣ ਤੇ ਨੌਕਰੀ ਤੋਂ ਕੱਢ ਦੇਣਾ ਵੀ ਇਕ ਬੜਾ ਵੱਡਾ ਅਨਿਆਂ ਸੀ। ਨੌਕਰੀ ਛੁੱਟਣ ਤੋਂ ਮਗਰੋਂ ਉਹ ਵਿਚਾਰੇ ਹੋਰ ਕਿਸੇ ਸਰਕਾਰੀ ਨੌਕਰੀ ਉਤੇ ਨਹੀਂ ਸਨ ਲੱਗ ਸਕਦੇ, ਕਿਉਂ ਜੋ ਉਨ੍ਹਾਂ ਦੀ ਆਯੂ 25 ਵਰ੍ਹੇ ਤੋਂ ਉਤੇ ਹੋ ਚੁੱਕੀ ਸੀ। ਉਨ੍ਹਾਂ ਦੇ ਚੰਗੇ ਭਾਗਾਂ ਕਾਰਣ ਪ੍ਰੀਖਿਆ ਵਿਚ ਮਹਾਰਾਜ ਜੀ ਹੀ ਉਨ੍ਹਾਂ ਦੇ ਨਿਗਰਾਨੀ ਕਰਨ ਵਾਲੇ ਅਫ਼ਸਰ ਨਿਯੁਕਤ ਕੀਤੇ ਗਏ। ਆਪ ਨੇ ਕੰਟਰੋਲਰ ਆਫ ਮਿਲਟਰੀ ਅਕਾਊਂਟਸ ਨੂੰ ਸਿਫਾਰਸ਼ ਕੀਤੀ ਕਿ ਇਸ ਹਾਲਤ ਵਿਚ ਜਦੋਂ ਕਿ ਸਾਲਾਂ ਬੱਧੀ ਕੰਮ ਕਰਨ ਕਰਕੇ ਇਨ੍ਹਾਂ ਕਲਰਕਾਂ ਦੀ ਯੋਗਤਾ ਅਤੇ ਨਿਪੁੰਨਤਾ ਸਿੱਧ ਹੋ ਚੁੱਕੀ ਹੈ, ਕਿਸੇ ਨੂੰ ਫੇਲ੍ਹ ਨਾ ਕੀਤਾ ਜਾਵੇ ਅਤੇ ਸਾਰਿਆਂ ਨੂੰ ਪਾਸ ਕਰ ਦਿੱਤਾ। ਇਸ ਪ੍ਰਕਾਰ ਸਾਰੇ ਅਫ਼ਸਰਾਂ ਦੀ ਮਨਜ਼ੂਰੀ ਕਰਵਾ ਕੇ ਆਪ ਜੀ ਨੇ ਸਾਰਿਆਂ ਨੂੰ ਪਾਸ ਕਰਵਾ ਦਿਤਾ।

ਉਨ੍ਹਾਂ ਦਿਨਾਂ ਵਿਚ ਹੀ ਵਜ਼ੀਰਸਤਾਨ ਦੀ ਫੀਲਡ ਸਰਵਿਸ ਦੇ ਸੰਬੰਧ ਵਿਚ “ਕੰਟਰੋਲਰ” ਦਾ ਜਿਹੜਾ ਦਫ਼ਤਰ ਸਥਾਪਿਤ ਕੀਤਾ ਗਿਆ ਸੀ, ਤੋੜ ਦਿਤਾ ਗਿਆ ਅਤੇ ਉਸ ਵਿਭਾਗ ਦੇ ਬਹੁਤ ਸਾਰੇ ਅਫ਼ਸਰ ਅਤੇ ਕਲਰਕ ਨੌਕਰੀ ਵਿੱਚੋਂ ਕੱਢ ਦਿੱਤੇ ਗਏ ਅਤੇ ਉਥੋਂ ਦਾ ਕੰਟਰੋਲਰ ਬਦਲ ਕੇ ਲਾਹੌਰ ਦਾ ਕੰਟਰੋਲਰ ਲਾ ਦਿੱਤਾ ਗਿਆ। ਉਸ ਵਿਭਾਗ ਦੇ ਅਫ਼ਸਰ ਅਤੇ ਕਲਰਕ ਜਿਹੜੇ ਨੌਕਰੀ ਤੋਂ ਕੱਢੇ ਗਏ ਸਨ, ਉਨ੍ਹਾਂ ਨੇ ਲਾਹੌਰ ਦੇ ਦਫਤਰ ਵਿੱਚ ਅਰਜ਼ੀਆਂ ਦੇ ਦਿੱਤੀਆਂ। ਕੰਟਰੋਲਰ ਉਨ੍ਹਾਂ ਤੋਂ ਪੁੱਛਦਾ, “ਤੁਸੀਂ ਸਰਦਾਰ ਕਿਰਪਾਲ ਸਿੰਘ ਦੇ ਥੱਲੇ ਕੰਮ ਕੀਤਾ ਹੈ? ਜੋ ਕੀਤਾ ਹੈ ਤਾਂ ਕਿਸ ਪਦ ਉਤੇ ਕੀਤਾ ਹੈ”? ਜਿਹੜਾ ਕਹਿੰਦਾ ਮੈਂ ਸੁਪਰਿੰਟੈਂਡੈਂਟ ਦੇ ਪਦ ਤੇ ਕੀਤਾ ਹੈ ਉਸ ਨੂੰ ਸੁਪਰਿੰਟੈਂਡੈਂਟ ਲਗਾ ਦਿੰਦਾ ਜਿਹੜਾ ਕਹਿੰਦਾ ਮੈਂ ਕਲਰਕ ਵਲੋਂ ਕੰਮ ਕੀਤਾ ਹੈ, ਉਸ ਨੂੰ ਕਲਰਕ ਲਗਾ ਦਿੰਦਾ। ਤਾਂ ਇਸ ਗੱਲ ਉਤੇ ਲੋਕਾਂ ਨੇ ਕੰਟਰੋਲਰ ਨੂੰ ਪੁੱਛਿਆ, ਤੁਸੀਂ ਇਹ ਕੀ ਕਰ ਰਹੇ ਹੋ, ਤਾਂ ਉਸ ਨੇ ਉੱਤਰ ਦਿੱਤਾ,

“I know Him. Any man who has worked under him, must know his job.”
— ਭਾਵ, “ਮੈਂ ਉਸ ਨੂੰ ਜਾਣਦਾ ਹਾਂ। ਜਿਸ ਨੇ ਵੀ ਉਸ ਦੇ ਥੱਲੇ ਕੰਮ ਕੀਤਾ ਹੈ ਉਹ ਸੁਭਾਵਕ ਹੀ ਆਪਣੇ ਕੰਮ ਦੀ ਜਾਣਕਾਰੀ ਰੱਖਦਾ ਹੈ”।

ਅਫਸਰਾਂ ਨੂੰ ਆਪ ਉਤੇ ਇਤਨਾ ਵਿਸ਼ਵਾਸ਼ ਸੀ ਕਿ ਕੰਟਰੋਲਰ ਤਾਂ ਕੀ, ਸਭ ਤੋਂ ਵੱਡੇ ਅਫਸਰ ਅਕਾਊਂਟੈਂਟ ਜਨਰਲ, ਅਤੇ ਫਾਇਨੈਂਸ ਮੈਂਬਰ ਵੀ ਮਹਾਰਾਜ ਜੀ ਉਤੇ ਪੂਰਨ ਵਿਸ਼ਵਾਸ਼ ਰੱਖਦੇ ਸਨ। ਇਥੋਂ ਤਕ ਕਿ ਅਕਾਊਂਟੈਂਟ ਜਨਰਲ ਦਾ ਕੰਟਰੋਲਰ ਨੂੰ ਇਹ ਆਦੇਸ਼ ਦਿੱਤਾ ਹੁੰਦਾ ਸੀ ਕਿ ਸਰਦਾਰ ਕਿਰਪਾਲ ਸਿੰਘ ਦੀ ਸਲਾਹ ਤੋਂ ਫੈਸਲਾ ਕਰੋ।

ਦਫ਼ਤਰ ਦੇ ਲੋਕਾਂ ਨੂੰ ਆਪ ਉਤੇ ਇਤਨਾਂ ਭਰੋਸਾ ਸੀ ਕਿ ਸੰਨ 1914 ਈਸਵੀ ਦੀ ਪਹਿਲੀ ਸੰਸਾਰ ਦੀ ਲੜਾਈ ਸਮੇਂ, ਲਾਮ ਉਤੇ ਜਾਣ ਵਾਲੇ ਸੈਨਿਕ ਆਪਣੀ ਥਾਂ ਤੇ ਅਲਾਟਮੈਂਟ ਮਹਾਰਾਜ ਜੀ ਦੇ ਨਾਓਂ ਉਤੇ ਲਿਖ ਦਿੰਦੇ। ਉਨ੍ਹਾਂ ਨੂੰ ਆਪਣੇ ਮਾਪਿਆਂ ਉਤੇ ਵੀ ਇਤਨਾ ਭਰੋਸਾ ਨਹੀਂ ਸੀ ਜਿਤਨਾ ਆਪ ਉਤੇ, ਕੇਵਲ ਇਸ ਲਈ ਕਿ ਇਹ ਪਿਛੋਂ ਸਾਡੇ ਬੱਚਿਆਂ ਨਾਲ ਇਨਸਾਫ਼ ਤੇ ਪੂਰੀ ਦੇਖ ਭਾਲ ਕਰਨਗੇ।

ਪਰਉਪਕਾਰ ਦੀ ਲਗਨ

ਸੰਤ ਮਹਾਤਮਾ ਸਦਾ ਹੀ ਪਰਉਪਕਾਰ ਲਈ ਆਉਂਦੇ ਹਨ ਅਤੇ ਉਨ੍ਹਾਂ ਦਾ ਮੁਖ-ਮੰਤਵ ਕੇਵਲ ਇਹੋ ਹੁੰਦਾ ਹੈ। ਮਹਾਰਾਜ ਜੀ ਦਾ ਸਾਰਾ ਜੀਵਨ ਨਿਸ਼ਕਾਮ ਸੇਵਾ ਅਤੇ ਪਰਉਪਕਾਰ ਦੀ ਜਿਊਂਦੀ ਜਾਗਦੀ ਉਦਾਹਰਣ ਹੈ। ਮੁੱਢ ਤੋਂ ਹੀ ਆਪ ਨੂੰ ਨਿਸ਼ਕਾਮ ਸੇਵਾ ਦੀ ਲਗਨ ਸੀ। ਹਸਪਤਾਲਾਂ ਵਿਚ ਜਾ ਕੇ ਰੋਗੀਆਂ ਦੀ ਸੇਵਾ ਕਰਨਾ, ਉਨ੍ਹਾਂ ਦੇ ਸਰੀਰ ਦਬਾਉਣਾ, ਉਨ੍ਹਾਂ ਨੂੰ ਖਾਣ ਦੀਆਂ ਵਸਤੂਆਂ ਲਿਆ ਕੇ ਦੇਣੀਆਂ ਅਤੇ ਉਨ੍ਹਾਂ ਦੇ ਬਰਤਨ ਵੀ ਸਾਫ਼ ਕਰਨੇ ਆਪ ਦਾ ਮਹਾਨ ਨਿਯਮ ਸੀ। ਦੀਨ ਦੁਖੀਆਂ ਦੀ ਸੇਵਾ ਲਈ ਆਪ ਨੇ ‘ਹੋਮਿਉਪੈਥੀ’ ਦਵਾਈਆਂ ਦਾ ਗਿਆਨ ਪ੍ਰਾਪਤ ਕੀਤਾ ਅਤੇ ਰੋਗੀਆਂ ਨੂੰ ਸਲਾਹ ਅਤੇ ਦਵਾ ਬੂਟੀ ਦਿੰਦੇ ਰਹੇ। ਰੇਲਵੇ ਸਟੇਸ਼ਨਾਂ ਉਤੇ ਜਾ ਕੇ ਗਰੀਬ ਅਤੇ ਕਮਜ਼ੋਰ ਲੋਕਾਂ ਦਾ ਸਮਾਨ ਚੁੱਕ ਕੇ ਗੱਡੀ ਵਿੱਚ ਰੱਖਿਆ ਕਰਦੇ ਸਨ। ਆਪ ਫ਼ਰਮਾਉਂਦੇ ਹਨ ਕਿ ਮਨ ਦੀ ਸਫਾਈ ਲਈ ਨਿਸ਼ਕਾਮ ਸੇਵਾ ਬੜੀ ਜ਼ਰੂਰੀ ਹੈ। ਇਸ ਤਰ੍ਹਾਂ ਕਰਨ ਨਾਲ ਮਨ ਨਿਰਮਲ ਹੁੰਦਾ ਹੈ, ਹੰਕਾਰ ਟੁੱਟਦਾ ਹੈ ਅਤੇ ਪ੍ਰੇਮ ਭਾਵ ਪੈਦਾ ਹੁੰਦਾ ਹੈ। ਸਰੀਰਕ ਸੇਵਾ ਇਸ ਸੰਬੰਧ ਵਿਚ ਬੜੀ ਮਹਾਨਤਾ ਰੱਖਦੀ ਹੈ।

ਆਪ ਆਪਣੇ ਸਤਿਸੰਗ ਵਿਚ ਫ਼ਰਮਾਉਂਦੇ ਹਨ ਕਿ “ਜਿਸ ਨੂੰ ਪ੍ਰਮਾਤਮਾ ਨਾਲ ਪਿਆਰ ਹੈ, ਸੁਭਾਵਕ ਤੌਰ ਤੇ ਹੀ ਉਸ ਨੂੰ ਪ੍ਰਮਾਤਮਾ ਦੀ ਸ੍ਰਿਸ਼ਟੀ ਨਾਲ ਵੀ ਪਿਆਰ ਹੋਵੇਗਾ। ਪਿਆਰ ਦਾ ਨਿਯਮ ਹੈ, ਕਿ ਇਹ ਦੇਣਾ ਜਾਣਦਾ ਹੈ, ਲੈਣਾ ਨਹੀਂ ਜਾਣਦਾ”, ਪਿਆਰ ਦੀ ਕੇਵਲ ਇਹੋ ਨਿਸ਼ਾਨੀ ਹੈ।

ਕਬੀਰ ਸਾਹਿਬ ਫ਼ਰਮਾਉਂਦੇ ਹਨ :-

“ਜਬ ਤਕ ਦੇਹ ਹੈ ਕੁਛ ਦੇ,
ਜਬ ਦੇਹ ਨ ਰਹੇਗੀ ਤਾਂ ਕੌਣ ਕਹੇਗਾ ਦੇ”
— ਕਬੀਰ

ਨਿਸ਼ਕਾਮ ਸੇਵਾ ਦੇ ਸੰਬੰਧ ਵਿਚ ਮਹਾਰਾਜ ਜੀ ਦੇ ਜੀਵਨ ਦੀਆਂ ਦੋ ਘਟਨਾਵਾਂ ਵਰਨਣ ਯੋਗ ਹਨ। ਸੰਨ 1919 ਈਸਵੀ ਵਿਚ ਪਹਿਲੇ ਸੰਸਾਰ ਯੁੱਧ ਸਮਾਪਤ ਹੋਣ ਤੋਂ ਮਗਰੋਂ ਪੰਜਾਬ ਉਤੇ ਇਨਫਲੂਐਂਜੇ ਦੀ ਘਾਤਕ ਬਿਮਾਰੀ ਨੇ ਜ਼ੋਰ ਪਾ ਲਿਆ ਅਤੇ ਲੋਕਾਂ ਧੜਾ ਧੜ ਮਰਨ ਲੱਗ ਪਏ। ਛੂਤ ਦੀ ਬਿਮਾਰੀ ਹੋਣ ਕਾਰਣ ਸੱਕੇ ਸੰਬੰਧੀ ਰਿਸ਼ਤੇਦਾਰ ਵੀ ਦੂਰ ਦੂਰ ਭੱਜਣ ਲਗ ਪਏ ਅਤੇ ਕੋਈ ਵੀ ਉਨ੍ਹਾਂ ਦਾ ਹਾਲ ਪੁੱਛਣ ਵਾਲਾ ਨਾ ਰਿਹਾ ਅਤੇ ਦੋਸਤ ਮਿੱਤਰ, ਸਾਕ ਸੰਬੰਧੀ ਸਾਰਿਆਂ ਨੂੰ ਹੀ ਆਪਣੀ ਆਪਣੀ ਜਾਨ ਦੀ ਪੈ ਗਈ। ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦੀ ਚਿੰਤਾ ਛੱਡਦੇ ਹੋਏ, ਰੋਗੀਆਂ ਦੀ ਸੇਵਾ ਦਾ ਕੰਮ ਆਪਣੇ ਹੱਥ ਲੈ ਲਿਆ ਅਤੇ ਉਨ੍ਹਾਂ ਲਈ ਦਵਾ ਬੂਟੀ, ਭੋਜਨ ਅਤੇ ਸਫ਼ਾਈ ਦਾ ਸਾਰਾ ਪ੍ਰਬੰਧ ਆਪਣੀ ਹੱਥੀਂ ਕਰਨਾ ਆਰੰਭ ਕੀਤਾ।

ਉਸੇ ਵਰ੍ਹੇ ਮੰਦੇ ਭਾਗਾਂ ਨਾਲ ਪੰਜਾਬ ਵਿਚ ਪਲੇਗ ਫੈਲ ਗਈ। ਇਹ ਭੈੜੀ ਬਿਮਾਰੀ ਇਤਨੀ ਤੇਜ਼ੀ ਨਾਲ ਫੈਲੀ ਕਿ ਪਹਿਲੀ ਬਿਮਾਰੀ ਨਾਲੋਂ ਵੀ ਵਧੇਰੇ ਗਿਣਤੀ ਵਿਚ ਲੋਕੀਂ ਮਰਣ ਲੱਗ ਪਏ ਅਤੇ ਵੱਡੇ ਵੱਡੇ ਰਮਣੀਕ ਨਗਰ ਸਮਸ਼ਾਨ-ਭੂਮੀਆਂ ਬਣ ਗਏ। ਪਲੇਗ ਅਜਿਹਾ ਭਿਆਨਕ ਰੋਗ ਹੈ ਕਿ ਨਾਉਂ ਸੁਣਦਿਆਂ ਹੀ ਜੀਵ ਦੇ ਹੋਸ਼ ਗੁੰਮ ਹੋ ਜਾਂਦੇ ਹਨ। ਜੇ ਸਮੇਂ ਸਿਰ ਇਸ ਦਾ ਇਲਾਜ ਨਾ ਹੋਵੇ ਤਾਂ ਰੋਗੀ ਚਾਰ ਪੰਜ ਘੰਟਿਆਂ ਵਿਚ ਹੀ ਦਮ ਤੋੜ ਜਾਂਦਾ ਹੈ। ਲੋਕੀਂ ਆਪਣੇ ਸੰਬੰਧੀਆਂ ਨੂੰ ਮਰਦਿਆਂ ਛੱਡ ਭੱਜ ਨਿਕਲੇ ਅਤੇ ਇਸ ਪ੍ਰਕਾਰ ਘਰਾਂ ਦੇ ਘਰ ਖਾਲੀ ਹੋ ਗਏ। ਲਾਸ਼ਾਂ ਨੂੰ ਚੁੱਕਣ ਲਈ ਵੀ ਕੋਈ ਆਦਮੀ ਨਹੀਂ ਸੀ ਮਿਲਦਾ। ਸਿੱਟਾ ਇਹ ਨਿਕਲਿਆ ਕਿ ਲਾਸ਼ਾਂ ਸੜਨ ਲੱਗ ਪਈਆਂ। ਇਹ ਦਸ਼ਾ ਵੇਖ ਕੇ ਆਪ ਜੀ ਨੇ ਸਮਾਜ ਸੇਵਕਾਂ ਦੀ ਇਕ ਟੋਲੀ ਬਣਾਈ। ਪਹਿਲਾਂ ਆਪ ਕੱਲਿਆਂ ਹੀ ਕੰਮ ਕਰਨਾ ਅਰੰਭ ਕੀਤਾ, ਫੇਰ ਦੇਖਾ ਦੇਖੀ ਵਿਚ ਹੋਰ ਬਹੁਤ ਸਾਰੇ ਲੋਕੀਂ ਨਾਲ ਲੱਗ ਗਏ। ਅੰਤ ਵਿਚ ਸਾਰੀਆਂ ਲਾਸ਼ਾਂ ਨੂੰ ਠਕਾਣੇ ਲਾਇਆ, ਸਫਾਈ ਦਾ ਪ੍ਰਬੰਧ ਕੀਤਾ, ਅਤੇ ਪਲੇਗ ਦੇ ਰੋਗੀਆਂ ਦੀ ਆਪ ਨੇ ਤੇ ਸਾਥੀਆਂ ਨੇ ਦਿਨ ਰਾਤ ਪੂਰਨ ਰੂਪ ਵਿਚ ਸੇਵਾ ਕੀਤੀ ਜਿਨ੍ਹਾਂ ਦੇ ਕੋਲ ਜਾਣ ਤੋਂ ਹੀ ਲੋਕੀਂ ਡਰਦੇ ਸਨ।

ਮੈਂ ਸਭਨਾ ਦਾ ਹਾਂ

ਮਹਾਂਪੁਰਸ਼ ਜਦੋਂ ਵੀ ਸੰਸਾਰ ਵਿਚ ਆਉਂਦੇ ਹਨ, ਸਮੁੱਚੀ ਮਨੁੱਖ ਜਾਤੀ ਲਈ ਆਉਂਦੇ ਹਨ। ਉਹ ਕਿਸੇ ਨਾਲ ਘਿਰਣਾ ਨਹੀਂ ਕਰਦੇ ਅਤੇ ਉਨ੍ਹਾਂ ਦੀ ਦ੍ਰਿਸ਼ਟੀ ਵਿਚ ਸਾਰੇ ਜੀਵ ਇਕ ਸਮਾਨ ਹੁੰਦੇ ਹਨ। ਮਹਾਰਾਜ ਜੀ ਦੇ ਬਚਪਨ ਦੇ ਜੀਵਨ ਤੋਂ ਹੀ ਪ੍ਰਗਟ ਹੁੰਦਾ ਹੈ ਕਿ ਆਪ ਵਿਸ਼ਵ-ਪ੍ਰੇਮ ਅਤੇ ਸ਼ਾਂਤੀ ਦੇ ਮਹਾਨ ਸੰਸਕਾਰ ਧੁਰੋਂ ਹੀ ਲੈ ਕੇ ਆਏ ਹਨ। 18 ਜਾਂ 19 ਵਰ੍ਹੇ ਦੀ ਆਯੂ ਦੀ ਇਕ ਘਟਨਾ ਹੈ ਜਦੋਂ ਆਪ ਕੇਵਲ ਇਕ ਕਲਰਕ ਹੀ ਸਨ। ਤਨਖ਼ਾਹ ਬੜੀ ਥੋੜੀ ਸੀ ਪਰ ਜਿਵੇਂ ਵੀ ਹੋ ਸਕਦਾ ਉਸੇ ਵਿਚ ਗੁਜ਼ਾਰਾ ਕਰ ਲੈਂਦੇ ਸਨ ਤਾਂ ਉਨ੍ਹਾਂ ਦਿਨਾਂ ਵਿਚ ਹੀ ਆਪ ਦੇ ਚਾਚਾ ਜੀ ਲਾਹੌਰ ਆਏ। ਉਹ ਕੁਝ ਬਿਮਾਰ ਸਨ। ਆਪ ਜੀ ਨੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾ ਦਿਤਾ ਅਤੇ ਹਰ ਰੋਜ਼ ਉਨ੍ਹਾਂ ਲਈ ਦਵਾਈਆਂ, ਦੁੱਧ ਅਤੇ ਫਲ ਹਸਪਤਾਲ ਵਿਚ ਦੇ ਕੇ ਆਉਂਦੇ। ਇਕ ਦਿਨ ਦੀ ਗੱਲ ਹੈ ਕਿ ਆਪ ਆਪਣੇ ਚਾਚਾ ਜੀ ਨੂੰ ਦੁੱਧ ਪਲਾ ਰਹੇ ਸਨ ਕਿ ਨੇੜੇ ਦੇ ਪਲੰਘ ਉਤੇ ਇਕ ਗਰੀਬ ਅਤੇ ਬੁੱਢਾ ਰੋਗੀ ਜੋ ਹੱਡੀਆਂ ਦਾ ਢੇਰ ਹੀ ਰਹਿ ਗਿਆ ਸੀ ਪਿਆ ਨਜ਼ਰ ਆਇਆ। ਉਸ ਵਿਚਾਰੇ ਕੋਲ ਸਰੀਰ ਢੱਕਣ ਲਈ ਕੋਈ ਕੱਪੜਾ ਵੀ ਨਹੀਂ ਸੀ। ਆਪ ਉਸ ਦੇ ਕੋਲ ਗਏ ਅਤੇ ਪਿਆਰ ਭਰੇ ਸ਼ਬਦਾਂ ਵਿਚ ਪੁੱਛਿਆ, “ਆਪ ਨੂੰ ਕਿਸ ਚੀਜ਼ ਦੀ ਲੋੜ ਹੈ”? ਇਹ ਸੁਣ ਕੇ ਬੁੱਢੇ ਬਜ਼ੁਰਗ ਦੀਆਂ ਅੱਖੀਆਂ ਵਿਚ ਪਾਣੀ ਭਰ ਆਇਆ ਅਤੇ ਆਖਣ ਲੱਗਾ, “ਹੇ ਪ੍ਰਮਾਤਮਾਂ ਮੇਰਾ ਹਾਲ ਪੁੱਛਣ ਵਾਲਾ ਵੀ ਸੰਸਾਰ ਵਿਚ ਤੂੰ ਭੇਜ਼ ਹੀ ਦਿੱਤਾ”। ਉਸ ਉਪਰੰਤ ਆਪ ਜਿਥੇ ਆਪਣੇ ਚਾਚਾ ਜੀ ਲਈ ਖਾਣ ਪੀਣ ਦਾ ਸਮਾਨ ਲੈ ਜਾਂਦੇ ਸਨ ਉਥੇ ਉਸ ਬਜ਼ੁਰਗ ਲਈ ਵੀ ਲੈ ਜਾਣ ਲਗ ਪਏ। ਸਿੱਟਾ ਇਹ ਨਿਕਲਿਆ ਕਿ ਆਪ ਭੁੰਨੇ ਹੋਏ ਚਣੇ ਚਬਾ ਕੇ ਗੁਜ਼ਾਰਾ ਕਰਨਾ ਪਿਆ। “ਇਹ ਵੇਖ ਕੇ ਚਾਚਾ ਜੀ ਆਖਣ ਲਗੇ ਕਿਰਪਾਲ ਮੈਂ ਤਾਂ ਤੇਰਾ ਚਾਚਾ ਲਗਦਾ ਹਾਂ ਪਰ ਇਹ ਬੁੱਢਾ ਤੇਰਾ ਕੀ ਲਗਦਾ ਹੈ ਜਿਸ ਲਈ ਐਵੇਂ ਹੀ ਖਰਚ ਕਰੀ ਜਾਂਦੇ ਹੋ। ਮੇਰਾ ਤਾਂ ਤੁਹਾਡੇ ਉਤੇ ਹੱਕ ਬਣਦਾ ਹੈ, ਪਰ ਇਹ ਬੁੱਢਾ, ਹੱਡੀਆਂ ਦਾ ਢੇਰ ਤੇਰਾ ਕੀ ਲਗਦਾ ਹੈ? ਨਾ ਤਾਂ ਇਹ ਤੇਰੇ ਕਿਸੇ ਕੰਮ ਆ ਸਕਦਾ ਹੈ ਅਤੇ ਨਾ ਹੀ ਤੇਰੀ ਸੇਵਾ ਦਾ ਬਦਲਾ ਦੇ ਸਕਦਾ ਹੈ ਪਰ ਫੇਰ ਵੀ ਤੂੰ ਉਨ੍ਹਾਂ ਹੀ ਖਰਚ ਇਸ ਉਤੇ ਕਰ ਰਿਹਾ ਹੈਂ ਜਿਤਨਾਂ ਮੇਰੇ ਉਤੇ”। ਮਹਾਰਾਜ ਜੀ ਨੇ ਆਖਿਆ, “ਚਾਚਾ ਜੀ, ਮੇਰੇ ਲਈ ਆਪ ਦੋਵੇਂ ਹੀ ਇਕ ਸਮਾਨ ਹੋ। ਇਸ ਬੁੱਢੇ ਦਾ ਮੇਰੇ ਉਤੇ ਉਨ੍ਹਾਂ ਹੀ ਹੱਕ ਹੈ ਜਿਤਨਾ ਆਪ ਜੀ ਦਾ। ਮੇਰੇ ਉਤੇ ਸਾਰੇ ਸੰਸਾਰ ਦਾ ਅਧਿਕਾਰ ਹੈ। ਇਹ ਸਾਰਾ ਸੰਸਾਰ ਉਸ ਪ੍ਰਮਾਤਮਾ ਦਾ ਕੁਟੰਭ ਹੈ ਅਤੇ ਅਸੀਂ ਸਾਰੇ ਹੀ ਉਸ ਦੇ ਅਣਜਾਣ ਬੱਚੇ ਹਾਂ, ਇਸ ਲਈ ਮੈਂ ਸਭ ਦਾ ਹਾਂ ਅਤੇ ਮੇਰੇ ਲਈ ਸਾਰੇ ਹੀ ਸਤਿਕਾਰ ਯੋਗ ਹਨ। ਮੇਰੇ ਲਈ ਕੋਈ ਪਰਾਇਆ ਨਹੀਂ, ਸਾਰੇ ਆਪਣੇ ਹੀ ਹਨ ਅਤੇ ਅਸੀਂ ਦੋ ਨਹੀਂ ਸਗੋਂ ਇਕ ਰੂਪ ਹਾਂ”।

ਪਰਮਾਰਥ ਦੀ ਭੂਮੀ

ਜਿਵੇਂ ਆਪ ਦੀ ਮੁੱਢਲੀ ਅਵਸਥਾ ਤੋਂ ਸਿੱਧ ਹੋ ਚੁਕਿਆ ਹੈ, ਛੋਟੀ ਆਯੂ ਤੋਂ ਹੀ ਆਪ ਵਿਚ ਰੂਹਾਨੀਅਤ ਦੇ ਕਰਤੱਬ ਝਲਕਣ ਲਗ ਪਏ ਸਨ। ਆਪ ਦੇ ਵਿਸ਼ਾਲ ਹਿਰਦੇ ਦੀ ਆਤਮਕ ਭੂਮੀ ਤਿਆਰ ਹੋ ਚੁਕੀ ਸੀ। ਅੰਤਰ ਆਤਮਾ ਦੀ ਸ਼ੁੱਧੀ ਦੀ ਇਹ ਅਵਸਥਾ ਸੀ ਕਿ ਭੂਤਕਾਲ, ਵਰਤਮਾਨ ਅਤੇ ਭਵਿੱਖਤ ਕਾਲ, ਸਾਰਿਆਂ ਉਤੇ ਆਪ ਦੀ ਦਯਾ ਮਿਹਰ ਭਰੀ ਦ੍ਰਿਸ਼ਟੀ ਪੈ ਰਹੀ ਸੀ। ਸੰਨ 1913-14 ਈਸਵੀ ਦੀ ਗੱਲ ਹੈ, ਕਿ ਭਜਨ ਵਿਚ ਲੀਨ ਬੈਠਿਆਂ ਆਪ ਦੀ ਦ੍ਰਿਸ਼ਟੀ ਇਹ ਸਭ ਕੁਝ ਵੇਖ ਰਹੀ ਸੀ ਕਿ ਪਿੱਛੇ ਕੀ ਹੋਇਆ ਅਤੇ ਹੁਣ ਕੀ ਹੋ ਰਿਹਾ ਹੈ ਅਤੇ ਅੱਗੋਂ ਲਈ ਕੀ ਵਾਪਰੇਗਾ। ਜੋ ਕੋਈ ਵੀ ਆਪਦੇ ਸਾਹਮਣੇ ਆਉਂਦਾ ਉਸ ਦੇ ਦਿਲ ਦੀ ਗੱਲ ਝਟ ਜਾਣ ਲੈਂਦੇ। ਪਰੰਤੂ ਇਦਾਂ ਆਪ ਦੇ ਕੰਮ ਵਿਚ ਵਿਘਨ ਪੈਣ ਲਗ ਪਿਆ। ਆਪ ਫ਼ਰਮਾਉਂਦੇ ਹਨ ਕਿ ਉਸ ਵੇਲੇ ਮੈਂ ਪ੍ਰਮਾਤਮਾ ਕੋਲੋਂ ਕੇਵਲ ਦੋ ਚੀਜ਼ਾਂ ਮੰਗੀਆਂ ਸਨ। ਮੈਂ ਰੱਬ ਅੱਗੇ ਬੇਨਤੀ ਕੀਤੀ, “ਹੇ ਪ੍ਰਭੂ, ਅੰਤਰਜਾਮੀ ਹੋਣ ਦਾ ਵਰਦਾਨ ਜੋ ਤੂੰ ਮੈਨੂੰ ਬਖਸ਼ਿਆ ਹੈ ਇਸ ਲਈ ਆਪਦਾ ਧੰਨਵਾਦ ਕਰਦਾ ਹਾਂ। ਪਰੰਤੂ ਇਹ ਵਰਦਾਨ ਹਾਲੇ ਆਪਣੇ ਕੱਲ ਹੀ ਰੱਖ। ਇਸ ਤੋਂ ਪਹਿਲਾਂ ਮੈਨੂੰ ਇਹ ਵਰਦਾਨ ਬਖਸ਼ ਕਿ ਸੰਸਾਰ ਵਿਚ ਰਹਿੰਦਿਆਂ ਹੋਇਆ ਮੇਰਾ ਜੀਵਨ ਇਕ ਸਾਧਾਰਣ ਵਿਅਕਤੀ ਵਾਂਗ ਬਤੀਤ ਹੋਵੇ ਅਤੇ ਦੂਜੇ ਇਹ ਕਿ ਜੇਕਰ ਮੇਰੇ ਹੱਥੋਂ ਕਿਸੇ ਦਾ ਭਲਾ ਹੋਵੇ ਤਾਂ ਮੈਨੂੰ ਉਸ ਗੱਲ ਦਾ ਮਾਣ ਨਾ ਹੋ ਜਾਵੇ”। ਇਹ ਉਹ ਹਿਰਦਾ ਹੈ ਜਿਸ ਵਿਚ ਪ੍ਰਮਾਤਮਾ ਨੇ ਆਪਣੀ ਜੋਤੀ ਦਾ ਅਤੁੱਟ ਭੰਡਾਰ ਰੱਖਿਆ ਤਾਂ ਕਿ ਦੋਹੀਂ ਹੱਥੀਂ ਲੁਟਾਇਆ ਜਾ ਸਕੇ। ਇਹ ਗੱਲ ਪਰਮ ਸੰਤ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਚਰਨਾਂ ਵਿਚ ਜਾਣ ਤੋਂ ਦਸ ਵਰ੍ਹੇ ਪਹਿਲਾਂ ਦੀ ਹੈ। ਉਸ ਜ਼ਮਾਨੇ ਵਿਚ ਵੀ ਜਦੋਂ ਆਪ ਹਾਲੇ ਸੱਚਾਈ ਦੀ ਖੋਜ ਵਿਚ ਹੀ ਸਨ, ਆਪ ਦੀ ਦਯਾ ਮਿਹਰ ਭਰੀ ਦ੍ਰਿਸ਼ਟੀ ਨਾਲ ਕਿੰਨੇ ਹੀ ਜੀਵਾਂ ਨੂੰ ਪ੍ਰਮਾਰਥੀ ਲਾਭ ਪਹੁੰਚ ਰਿਹਾ ਸੀ।

ਸਮਾਧੀ

ਸੰਨ 1915 ਈਸਵੀ ਦੀ ਗੱਲ ਹੈ, ਉਦੋਂ ਆਪ ਨੌਕਰੀ ਕਰਦੇ ਸਨ ਕਿ ਆਪਦੇ ਚਾਚਾ ਜੀ ਦੇ ਲੜਕੇ ਸਰਦਾਰ ਦੀਦਾਰ ਸਿੰਘ ਜੀ ਆਪ ਕੋਲ ਠਹਿਰੇ ਹੋਏ ਸਨ। ਉਨ੍ਹਾਂ ਨੂੰ ਇਕ ਅਜਿਹਾ ਰੋਗ ਸੀ ਕਿ ਚਲਦਿਆਂ ਫਿਰਦਿਆਂ ਸਰੀਰ ਸੁੰਨ ਹੋ ਜਾਂਦਾ ਸੀ, ਹੱਥ ਪੈਰ ਕੰਮ ਕਰਨਾ ਛੱਡ ਦਿੰਦੇ ਸਨ ਅਤੇ ਸਰੀਰ ਦਾ ਅੰਗ ਅੰਗ ਸਖ਼ਤ ਹੋ ਜਾਂਦਾ ਸੀ ! ਉਨ੍ਹਾਂ ਨੇ ਸਮਝਿਆ ਕਿਤੇ ਅਧਰੰਗ ਦੀ ਬਿਮਾਰੀ ਨਾ ਹੋਵੇ। ਆਪ ਦੇ ਚਾਚਾ ਜੀ ਨੇ ਕਈ ਵੱਡੇ ਵੱਡੇ ਡਾਕਟਰਾਂ ਤੋਂ ਇਲਾਜ ਕਰਵਾਇਆ, ਪਰ ਕੋਈ ਆਰਾਮ ਨਾ ਆਇਆ। ਜਦੋਂ ਸਰਦਾਰ ਦੀਦਾਰ ਸਿੰਘ ਜੀ ਮਹਾਰਾਜ ਜੀ ਕੋਲ ਠਹਿਰੇ ਹੋਏ ਸਨ ਉਸ ਸਮੇਂ ਵੀ ਉਨ੍ਹਾਂ ਨੂੰ ਬੜਾ ਸਖ਼ਤ ਦੌਰਾ ਪਿਆ ਅਤੇ ਉਹ ਬੜੇ ਔਖੇ ਰਹੇ। ਤਾਂ ਇਹ ਵੇਖ ਕੇ ਮਹਾਰਾਜ ਜੀ ਨੇ ਉਸਨੂੰ ਤਸੱਲੀ ਦਵਾਈ ਕਿ ਘਬਰਾਉਣ ਦੀ ਲੋੜ ਨਹੀਂ, ਇਹ ਕੋਈ ਰੋਗ ਨਹੀਂ ਹੈ, ਪੂਰਬਲੇ ਸੰਸਕਾਰਾਂ ਕਾਰਣ ਰੂਹ ਸਿਮਟ ਜਾਂਦੀ ਹੈ ਅਤੇ ਇੰਦਰੀਆਂ ਕੰਮ ਕਰਨਾ ਛੋੜ ਦਿੰਦੀਆਂ ਹਨ। ਅੱਗੇ ਰਾਹ ਨਾ ਮਿਲਣ ਕਾਰਣ ਪਰੇਸ਼ਾਨੀ ਪੈਦਾ ਹੋ ਜਾਂਦੀ ਹੈ। ਹੁਣ ਜੇ ਤੁਸੀਂ ਚਾਹੋ ਅੱਗੇ ਰਾਹ ਖੋਲ੍ਹ ਦਿਤਾ ਜਾਵੇ,ਜੇ ਨਾ ਚਾਹੋ ਤਾਂ ਬੰਦ ਕਰ ਦਿੱਤਾ ਜਾਵੇ।

ਹੁਣ ਕੌਣ ਨਹੀਂ ਚਾਹੁੰਦਾ ਕਿ ਉਸਦਾ ਪਰਦਾ ਖੁਲ੍ਹ ਜਾਵੇ। ਇਹ ਸੁਣ ਕੇ ਸਰਦਾਰ ਦੀਦਾਰ ਸਿੰਘ ਜੀ ਨੇ ਹਾਂ ਕਰ ਦਿੱਤੀ ਅਤੇ ਮਹਾਰਾਜ ਜੀ ਨੇ ਉਨ੍ਹਾਂ ਨੂੰ ਮਾਲਕ ਦੇ ਸੱਚੇ ਰਾਹ ਉਤੇ ਪਾ ਦਿਤਾ, ਜਿਸ ਨਾਲ ਉਹ ਹਰ ਸਮੇਂ ਮਸਤੀ, ਮਗਨਤਾਈ ਅਤੇ ਜਾਗ੍ਰਿਤ ਅਵਸਥਾ ਦੀ ਸਮਾਧੀ ਵਿਚ ਆਨੰਦ ਮਾਣਨ ਲਗ ਪਏ। ਉਨ੍ਹਾਂ ਦੀ ਚਿੰਤਾ ਅਤੇ ਪਰੇਸ਼ਾਨੀ ਦੂਰ ਹੋ ਗਈ ਅਤੇ ਸਹਿਜ ਅਨੰਦ ਪ੍ਰਾਪਤ ਹੋਣ ਨਾਲ ਚਿਹਰਾ ਨੂਰ ਨਾਲ ਟਹਿਕਣ ਲਗ ਪਿਆ। ਉਹ ਹਰ ਵੇਲੇ ਹੱਸਦੇ ਰਹਿੰਦੇ ਅਤੇ ਸਰੀਰ ਦਾ ਉਨ੍ਹਾਂ ਨੂੰ ਧਿਆਨ ਹੀ ਨਾ ਰਹਿੰਦਾ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਇਕ ਵਾਰੀ ਚਲਦੇ ਚਲਦੇ ਦੀਵਾਰ ਨਾਲ ਜਾ ਟਕਰਾਏ, ਸਿਰ ਫਟ ਗਿਆ ਅਤੇ ਖੂਨ ਦੀ ਧਾਰ ਵਗਣ ਲਗ ਪਈ, ਪਰ ਦੀਦਾਰ ਸਿੰਘ ਨੂੰ ਕੁਝ ਪਤਾ ਨਾ ਚਲਿਆ ਅਤੇ ਕੋਈ ਪੀੜ ਨਾ ਹੋਈ। ਇਹ ਵੇਖ ਕੇ ਆਤਮ ਅਨੁਭਵ ਦਾ ਵਰਦਾਨ ਜੋ ਉਸ ਨੂੰ ਦਿਤਾ ਸੀ ਵਾਪਸ ਲੈ ਲਿਆ ਤਾਂ ਜੋ ਉਹ ਬਾਕੀ ਦਾ ਜੀਵਨ ਇਕ ਸਧਾਰਨ ਵਿਅਕਤੀ ਵਾਂਗ ਬਤੀਤ ਕਰ ਸਕਣ। ਇਸ ਘਟਨਾਂ ਤੋਂ ਪੰਜ ਵਰ੍ਹੇ ਮਗਰੋਂ ਜਦੋਂ ਉਸ ਦਾ ਅੰਤ ਸਮਾਂ ਆਇਆ, ਉਸ ਦੇ ਬੇਨਤੀ ਕਰਨ ਉਤੇ ਉਸ ਨੂੰ ਅੰਤਰਮੁਖ ਕਰਾ ਕੇ ਜੋਤੀ ਅਤੇ ਸ਼ਬਦ ਦਾ ਅਨੁਭਵ ਦੇ ਕੇ ਫਿਰ ਤੋਂ ਸਿਲਸਿਲਾ ਚਾਲੂ ਕਰ ਦਿਤਾ ਅਤੇ ਅੰਤ ਸਮੇਂ ਤਕ ਇਸ ਅਨੰਦ ਨੂੰ ਪ੍ਰਾਪਤ ਕਰਦਾ ਹੋਇਆ ਹੀ ਇਸ ਸੰਸਾਰ ਤੋਂ ਛੁੱਟੀ ਕਰ ਗਿਆ।

ਡਾਕੂ ਦਾ ਉਧਾਰ ਕਰਨਾ

ਮਹਾਰਾਜ ਬਾਬਾ ਸਾਵਣ ਸਿੰਘ ਜੀ ਦੇ ਚਰਨਾਂ ਵਿਚ ਜਾਣ ਤੋਂ ਕੇਵਲ ਤਿੰਨ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਆਪ ਦੀ ਬਦਲੀ ਲਾਹੌਰ ਤੋਂ ਡੇਰਾ ਇਸਮਾਇਲ ਖਾਂ ਦੀ ਹੋ ਗਈ ਅਤੇ “36 ਸਿੱਖ ਰਜਮੈਂਟ” ਵਿਚ ਅਕਾਊਂਟਸ ਅਫਸਰ ਲਗ ਗਏ। ਇਕ ਬੜੀ ਡਰਾਉਣੀ ਸ਼ਕਲ ਦੇ ਡਾਕੂ ਨੇ, ਜਿਹੜਾ ਭਾਰਤੀ ਕਮਾਂਡਿੰਗ ਅਫਸਰ ਦਾ ਬਾਡੀ ਗਾਰਡ ਸੀ, ਚੌਹੀਂ ਪਾਸੀਂ ਲੋਕਾਂ ਨੂੰ ਡਰਾ ਕੇ ਕੰਬਣੀ ਚੜਾਈ ਹੋਈ ਸੀ। ਫੌਜੀਆਂ ਲਈ ਪੱਕਿਆਂ ਗੋਸ਼ਤ ਉਹ ਸਾਰਿਆਂ ਦੇ ਸਾਹਮਣੇ ਚੁੱਕ ਕੇ ਲੈ ਜਾਂਦਾ ਪਰ ਉਸ ਨੂੰ ਰੋਕਣ ਦਾ ਹੌਸਲਾ ਕਿਸੇ ਵਿਚ ਨਹੀਂ ਸੀ ਅਤੇ ਸਾਰੇ ਹੀ ਉਸ ਕੋਲੋਂ ਡਰਦੇ ਸਨ। ਪਰੰਤੂ ਇਕ ਹੈਰਾਨੀ ਦੀ ਗੱਲ ਇਹ ਸੀ ਕਿ ਜਦੋਂ ਹਰ ਰੋਜ਼ ਸਵੇਰੇ ਮਹਾਰਾਜ ਜੀ ਆਪਣੀ ਡਿਊਟੀ ਉਤੇ ਆਪਣੇ ਕਮਰੇ ਵਿਚੋਂ ਨਿਕਲਦੇ, ਤਾਂ ਪਿਛੋਂ ਇਹ ਡਾਕੂ ਉਸ ਕਮਰੇ ਨੂੰ ਝਾੜੂ ਲਾਉਂਦਾ ਅਤੇ ਹਰ ਚੀਜ਼ ਤੇ ਕੱਪੜੇ ਸਾਫ਼ ਕਰਕੇ ਰਖਦਾ। ਜਦੋਂ ਆਪ ਵਾਪਸ ਆਉਂਦੇ ਤਾਂ ਕਮਰਾ ਸ਼ੀਸ਼ੇ ਵਾਂਗ ਚਮਕਦਾ ਹੁੰਦਾ। ਇਕ ਦਿਨ ਮਹਾਰਾਜ ਜੀ ਦਫਤਰ ਸਮੇਂ ਤੋਂ ਪਹਿਲਾਂ ਆ ਗਏ ਤਾਂ ਕੀ ਵੇਖਿਆ ਕਿ ਡਾਕੂ ਕਮਰੇ ਦੀ ਸਫ਼ਾਈ ਕਰਨ ਵਿਚ ਰੁੱਝਿਆ ਹੋਇਆ ਹੈ। ਆਪ ਨੇ ਕਿਹਾ “ਭਈ ਤੁਸੀਂ ਮੇਰੇ ਲਈ ਕਿਉਂ ਇਹ ਰੋਜ਼ ਦਾ ਝਗੜਾ ਮੁੱਲ ਲੈਂਦੇ ਹੋ”? ਡਾਕੂ ਹੱਥ ਜੋੜ ਕੇ ਉਠ ਖੜਾ ਹੋਇਆ ਅਤੇ ਕਹਿਣ ਲੱਗਾ, “ਸਰਦਾਰ ਸਾਹਿਬ ! ਜਦੋਂ ਮੈਂ ਆਪ ਦੇ ਦਰਸ਼ਨ ਕਰਦਾ ਹਾਂ ਤਾਂ ਮੇਰੇ ਸਾਰੇ ਪਾਪ ਆਪਣੀਆਂ ਅੱਖੀਆਂ ਅੱਗੇ ਘੁੰਮਣ ਲਗ ਪੈਂਦੇ ਹਨ ਅਤੇ ਮੈਨੂੰ ਕੰਬਣੀ ਚੜ੍ਹ ਜਾਂਦੀ ਹੈ। ਮੈਂ ਬੜਾ ਪਾਪੀ ਹਾਂ। ਮੈਂ ਅਣਗਿਣਤ ਨਿਹੱਥੇ ਆਦਮੀਆਂ ਦਾ ਕਤਲ ਕੀਤਾ ਹੈ ਅਤੇ ਕਿਤਨੇ ਹੀ ਲੋਕਾਂ ਨੂੰ ਗਲ ਘੁੱਟ ਕੇ ਮਾਰਿਆ ਹੋਇਆ ਹੈ।ਕੀ ਮੇਰੇ ਲਈ ਵੀ ਖਿਮਾਂ ਦੀ ਆਸ ਹੋ ਸਕਦੀ ਹੈ”? ਆਪ ਜੀ ਨੇ ਉਸ ਨੂੰ ਧੀਰਜ ਦਿੱਤਾ ਅਤੇ ਕਿਹਾ, “ਖਿਮਾਂ ਦਾ ਦਰਵਾਜ਼ਾ ਸਾਰਿਆਂ ਲਈ ਖੁੱਲ੍ਹਾ ਹੈ, ਪਾਪੀ ਤੋਂ ਪਾਪੀ ਅਤੇ ਗਏ ਗੁਜ਼ਰੇ ਜੀਵ ਵੀ ਉਸ ਦੇ ਦਰ ਤੇ ਬਖਸ਼ੇ ਜਾਂਦੇ ਹਨ, ਪਰ ਜੇ ਉਹ ਆਪਣੇ ਕੀਤੇ ਗੁਨਾਹਾਂ ਉਤੇ ਅਫਸੋਸ ਕਰਨ ਅਤੇ ਅੱਗੋਂ ਲਈ ਪਾਪ ਕਰਨ ਤੋਂ ਤੋਬਾ ਕਰ ਲੈਣ”। ਉਸ ਵੇਲੇ ਡਾਕੂ ਨੇ ਆਪਣੇ ਕੰਨ ਫੜ੍ਹ ਲਏ ਅਤੇ ਅੱਗੋਂ ਲਈ ਗੁਨਾਹਾਂ ਤੋਂ ਤੋਬਾ ਕਰ ਲਈ। ਇਸ ਮਗਰੋਂ ਮਹਾਰਾਜ ਜੀ ਨੇ ਉਸ ਨੂੰ ਪ੍ਰਮਾਤਮਾ ਦਾ ਸਿਮਰਨ ਦਾ ਆਦੇਸ਼ ਦਿੱਤਾ। ਮਗਰੋਂ ਉਹ ਡਾਕੂ ਪ੍ਰਮਾਤਮਾ ਦਾ ਭਗਤ ਬਣ ਗਿਆ। ਇਸ ਤੋਂ ਮਗਰੋਂ ਵੀ ਆਪ ਨੇ ਕਈ ਡਾਕੂਆਂ ਨੂੰ ‘ਨਾਮ’ ਦਾਨ ਬਖਸ਼ਿਆ ਅਤੇ ਉਨ੍ਹਾਂ ਨੂੰ ਸਿੱਧੇ ਰਾਹ ਉਤੇ ਪਾਇਆ।

ਮਾਤਾ ਦਾ ਪ੍ਰੇਮ ਅਤੇ ਘਰੇਲੂ ਵਾਤਾਵਰਣ

ਵਿਦਿਆਰਥੀ ਜੀਵਨ ਦੀ ਇਹ ਕਹਾਣੀ ਅਧੂਰੀ ਰਹਿ ਜਾਵੇਗੀ ਜੇਕਰ ਮਾਤਾ ਜੀ ਦੇ ਪ੍ਰੇਮ ਦਾ ਇਸ ਵਿਚ ਵਰਨਣ ਨਾ ਕੀਤਾ ਜਾਵੇ। ਉਹ ਮਾਤਾ ਧੰਨ ਹੈ ਜਿਸ ਨੂੰ ਅਜਿਹੇ ਮਹਾਂਪੁਰਸ਼ ਦੀ ਮਾਤਾ ਅਖਵਾਉਣ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ। ਕਿਸ ਦ੍ਰਿਸ਼ਟੀ ਨਾਲ ਆਪ ਜੀ ਨੂੰ ਉਹ ਤੱਕਦੇ ਹੋਣਗੇ। ਆਪਦੇ ਬਿਆਨਾਂ ਵਿਚ ਹਰ ਥਾਂ ਤੇ ਮਾਤਾ ਦਾ ਪ੍ਰੇਮ ਟਪਕ ਰਿਹਾ ਹੈ। ਇਕ ਵਾਰ ਦੀ ਗੱਲ ਹੈ ਜਦੋਂ ਆਪ ਨੌਕਰੀ ਉਤੇ ਲੱਗਣ ਤੋਂ ਮਗਰੋਂ ਪਹਿਲੀ ਵਾਰ ਘਰ ਆਏ ਤਾਂ ਆਪ ਜੀ ਨੇ ਹਾਲੇ ਘਰ ਵਿਚ ਪੈਰ ਵੀ ਨਹੀਂ ਸੀ ਰੱਖਿਆ ਕਿ ਮਾਤਾ ਜੀ ਇਨ੍ਹਾਂ ਦੇ ਆਉਣ ਦੀ ਖ਼ਬਰ ਸੁਣਕੇ ਬੜੀ ਬੇਚੈਨੀ ਨਾਲ ਉੱਠੇ ਅਤੇ ਛੇਜੇ ਉਤੋਂ ਦੀ ਵੇਖਣ ਆਏ। ਪ੍ਰੇਮ ਦਾ ਠਾਠਾਂ ਮਾਰਦਾ ਸਾਗਰ ਆਪਣੇ ਹਿਰਦੇ ਵਿੱਚ ਲੈ ਕੇ ਜਦੋਂ ਅੱਗੇ ਵਧੇ ਤਾਂ ਇਤਨੀ ਵੀ ਸੁੱਧ ਨਾ ਰਹੀ ਕਿ ਛੇਜਾ ਕਿੱਥੇ ਖਤਮ ਹੁੰਦਾ ਹੈ, ਸਿੱਟਾ ਇਹ ਨਿਕਲਿਆ ਕਿ ਥੱਲੇ ਆ ਡਿਗੇ।

ਵਿਦਿਆਰਥੀ ਜੀਵਨ ਸਮਾਪਤ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਆਪ ਜੀ ਨੇ ਮਾਤਾ ਜੀ ਨੂੰ ਸੂਚਨਾ ਦੇ ਦਿੱਤੀ ਸੀ ਕਿ ਤੁਸੀਂ ਛੇ ਮਹੀਨਿਆਂ ਦੇ ਅੰਦਰ ਅੰਦਰ ਸਰੀਰ ਤਿਆਗ ਦੇਣਾ ਹੈ ਅਤੇ ਆਦੇਸ਼ ਦਿੱਤਾ ਸੀ ਕਿ ਬਾਹਰ ਦੇ ਸਾਰੇ ਕੰਮਾਂ ਕਾਜਾਂ ਵਲੋਂ ਵਿਹਲੇ ਹੋ ਕੇ ਪ੍ਰਮਾਤਮਾ ਦੀ ਯਾਦ ਕਰਨ। ਆਪ ਦੀ ਭਵਿੱਖਬਾਣੀ ਅਨੁਸਾਰ ਪੂਰੇ ਛੇ ਮਹੀਨੇ ਮਗਰੋਂ ਮਾਤਾ ਜੀ ਸੰਸਾਰ ਤੋਂ ਛੁੱਟੀ ਕਰ ਗਏ। ਅੰਤ ਸਮਾਂ ਆਉਣ ਤੋਂ ਪੂਰੇ 17 ਦਿਨ ਪਹਿਲਾਂ ਮਹਾਰਾਜ ਜੀ ਨੇ ਮਾਤਾ ਜੀ ਨੂੰ ਚਿੱਠੀ ਲਿਖੀ ਸੀ ਕਿ, ਇਥੋਂ ਜਾਣ ਲਈ ਤਿਆਰ ਰਹੋ ਕਿਉਂ ਜੋ ਆਪ ਦਾ ਅੰਤ ਸਮਾਂ ਆ ਚੁੱਕਿਆ ਹੈ। ਇਸ ਦੇ ਨਾਲ ਹੀ ਆਪਣੇ ਵੱਡੇ ਭਰਾ “ਸਰਦਾਰ ਜੋਧ ਸਿੰਘ” ਜੀ ਨੂੰ, ਉਨ੍ਹੀ ਦਿਨੀਂ ਨੌਸ਼ਹਿਰੇ ਵਿਚ ਸਨ, ਚਿੱਠੀ ਲਿਖੀ ਕਿ, “ਮਾਤਾ ਜੀ ਦੀ ਸੇਵਾ ਲਈ ਤੁਰੰਤ ਘਰ ਪਹੁੰਚ ਜਾਣ ਕਿਉਂ ਜੋ ਮੈਂ ਉਥੇ ਸਮੇਂ ਸਿਰ ਨਹੀਂ ਪਹੁੰਚ ਸਕਾਂਗਾ”। ਸਰਦਾਰ ਜੋਧ ਸਿੰਘ ਜੀ ਹੁਕਮ ਅਨੁਸਾਰ ਘਰ ਪਹੁੰਚ ਗਏ ਅਤੇ ਥੋੜੇ ਦਿਨਾਂ ਮਗਰੋਂ ਹੀ ਮਾਤਾ ਜੀ ਇਸ ਸੰਸਾਰ ਤੋਂ ਕੂਚ ਕਰ ਗਏ। ਇਹ ਗੱਲ ਉਸ ਸਮੇਂ ਦੀ ਹੈ ਜਦੋਂ ਆਪ ਹਾਲੇ ਗੁਰੂ ਦੀ ਸ਼ਰਨ ਵਿਚ ਵੀ ਨਹੀਂ ਸੀ ਗਏ ਪਰੰਤੂ ਆਤਮਕ ਮੰਡਲਾਂ ਦੇ ਰਾਹ ਆਪ ਲਈ ਖੁਲ੍ਹ ਚੁਕੇ ਸਨ। ਇਸ ਦੇ ਫਲਸਰੂਪ ਆਪ ਨੇ ਰੂਹਾਨੀ ਮੰਡਲਾਂ ਵਿਚ ਮਾਤਾ ਜੀ ਨਾਲ ਭੇਂਟ ਵੀ ਕੀਤੀ।

ਇਸ ਪ੍ਰਕਾਰ ਦੀਆਂ ਕਈ ਘਟਨਾਵਾਂ ਆਪ ਦੇ ਜੀਵਨ ਵਿਚ ਮਿਲਦੀਆਂ ਹਨ। ਸੰਨ 1914 ਈਸਵੀ ਦੀ ਗੱਲ ਹੈ ਕਿ ਆਪ ਦੇ ਵੱਡੇ ਭਰਾ ਸਰਦਾਰ ਜੋਧ ਸਿੰਘ ਜੀ ਲੜਾਈ ਵਿਚ ‘ਬਸਰੇ’ ਗਏ ਹੋਏ ਸਨ। ਇਕ ਦਿਨ ਧਿਆਨ ਵਿਚ ਬੈਠਿਆਂ ਆਪ ਨੇ ਵੇਖਿਆ ਉਨ੍ਹਾਂ ਦੇ ਮੁਖੜੇ ਉਤੇ ਉਦਾਸੀ ਛਾਈ ਹੋਈ ਹੈ ਅਤੇ ਉਹ ਬਹੁਤ ਕਮਜ਼ੋਰ ਨਜ਼ਰ ਆਉਂਦੇ ਹਨ। ਇਹ ਵੇਖ ਕੇ ਮਹਾਰਾਜ ਜੀ ਨੇ ਉਨ੍ਹਾਂ ਨੂੰ ਉਸੇ ਵੇਲੇ ਤਾਰ ਘੱਲੀ ਜਿਸ ਵਿਚ ਉਨ੍ਹਾਂ ਦੀ ਸਿਹਤ ਬਾਰੇ ਪੁੱਛ ਗਿੱਛ ਕੀਤੀ। ਉਥੋਂ ਉੱਤਰ ਆਇਆ ਕਿ ਉਹ ਵਾਸਤਵ ਵਿਚ ਸਖ਼ਤ ਬਿਮਾਰ ਹਨ। ਇਸੇ ਪ੍ਰਕਾਰ ਆਪ ਜੀ ਨੇ ਆਪਣੇ ਵੱਡੇ ਭਰਾ ਨੂੰ ਪੱਤਰ ਲਿਖਿਆ ਜਿਸ ਵਿਚ ਦੱਸਿਆ ਕਿ ਉਨ੍ਹਾਂ ਦੀ ਪਤਨੀ ਦਾ ਅੰਤ ਸਮਾਂ ਨੇੜੇ ਹੈ। ਸਰਦਾਰ ਜੋਧ ਸਿੰਘ ਜੀ ਚਿੱਠੀ ਪੜ੍ਹ ਕੇ ਬੜੇ ਹੈਰਾਨ ਹੋਏ, ਕਿਉਂ ਜੋ ਉਸ ਸਮੇਂ ਉਨ੍ਹਾਂ ਦੀ ਪਤਨੀ ਭਲੀ ਚੰਗੀ ਬੈਠੀ ਸੀ ਅਤੇ ਕਿਸੇ ਪ੍ਰਕਾਰ ਦੀ ਕੋਈ ਮਰਜ਼ ਵੀ ਨਹੀਂ ਸੀ। ਸਰਦਾਰ ਜੋਧ ਸਿੰਘ ਜੀ, ਮਹਾਰਾਜ ਦੀ ਚਿੱਠੀ ਉਤੇ ਹਾਲੇ ਵਿਚਾਰ ਹੀ ਕਰ ਰਹੇ ਸਨ ਕਿ ਉਨ੍ਹਾਂ ਦੀ ਪਤਨੀ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਅਤੇ ਹਾਲਤ ਵਿਗੜਦੀ ਵਿਗੜਦੀ ਚਿੰਤਾ ਜਨਕ ਹੋ ਗਈ ਅਤੇ ਉਸੇ ਦਿਨ ਹੀ ਉਨ੍ਹਾਂ ਦੀ ਪਤਨੀ ਨੇ ਪ੍ਰਾਣ ਤਿਆਗ ਦਿੱਤੇ।

ਪਰਿਵਾਰ ਵਿਚ ਜਦ ਕਿਸੇ ਦਾ ਅੰਤ ਸਮਾਂ ਆਉਂਦਾ, ਤਾਂ ਆਪ ਜੀ ਨੂੰ ਪਹਿਲਾਂ ਹੀ ਪਤਾ ਚਲ ਜਾਂਦਾ ਅਤੇ ਉਸ ਮਹਾਨ ਦਿਵਸ ਲਈ ਮਹਾਰਾਜ ਜੀ ਪਹਿਲਾਂ ਹੀ ਸੂਚਿਤ ਕਰ ਦਿੰਦੇ। ਪਰਿਵਾਰ ਦੇ ਛੋਟੇ ਜਾਂ ਵੱਡੇ ਕਿਸੇ ਵੀ ਮੈਂਬਰ ਦੀ ਮੌਤ ਦਾ ਆਪ ਨੇ ਅਫਸੋਸ ਨਹੀਂ ਕੀਤਾ ਸਗੋਂ ਇਸ ਨੂੰ ਰੱਬ ਦਾ ਭਾਣਾ ਮੰਨ ਕੇ ਸਵੀਕਾਰ ਕਰਦੇ ਸਨ। ਵੱਡੇ ਭਰਾਵਾਂ ਸਰਦਾਰ ਜੋਧ ਸਿੰਘ ਜੀ ਅਤੇ ਸਰਦਾਰ ਪ੍ਰੇਮ ਸਿੰਘ ਜੀ ਦੇ ਵਿਛੋੜੇ ਤੋਂ ਬਿਨਾਂ ਆਪਣੇ ਦੋ ਬੱਚਿਆਂ ਦੀ ਮੌਤ ਵੀ ਆਪ ਨੂੰ ਵੇਖਣੀ ਪਈ। ਭਾਵੇਂ ਬੱਚਿਆਂ ਦਾ ਇਲਾਜ ਪੂਰੀ ਲਗਨ ਨਾਲ ਕਰਾਇਆ, ਪਰੰਤੂ ਸਿੱਟੇ ਦਾ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਅਤੇ ਉਨ੍ਹਾਂ ਦੀ ਮੌਤ ਦਾ ਗਮ ਦਿਲ ਉਤੇ ਰੱਤੀ ਭਰ ਵੀ ਨਹੀਂ ਲਿਆਏ।

Scroll to Top