ਲੇਖਕ ਦੁਆਰਾ ਜਾਣ-ਪਛਾਣ [ਪਿਤਾ ਪੂਤ]
[About This Book]
“ਪਿਤਾ ਪੂਤ”, ਸਾਡੇ ਸਮੇਂ ਦੀਆਂ ਦੋ ਮਹਾਨ ਅਤੇ ਸਤਿ ਸਰੂਪ ਹਸਤੀਆਂ — ਬਾਬਾ ਸਾਵਣ ਸਿੰਘ ਜੀ ਮਹਾਰਾਜ ਅਤੇ ਉਹਨਾਂ ਦੇ ‘ਨਾਦੀ ਸਪੁੱਤਰ’, ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਦੀ ਅਮਰ ਜੀਵਨ ਦੇਣ ਵਾਲੀ ਜੀਵਨ ਕਹਾਣੀ ਹੈ — ਉਹਨਾਂ ਮਹਾਨ ਹਸਤੀਆਂ ਦੇ ਜੀਵਨ ਬਾਰੇ, ਉਹਨਾਂ ਦੇ ਚਰਨ ਕਮਲਾਂ ਵਿਚ ਬਹਿ ਕੇ ਜੋ ਕੁਝ ਅਨੁਭਵ ਹੋਇਆ, ਇਸ ਪੁਸਤਕ ਵਿਚ ਵਰਨਣ ਕੀਤਾ ਜਾ ਰਿਹਾ ਹੈ।
ਸੰਤਾਂ ਦੇ ਜੀਵਨ ਦੀ ਸਭ ਤੋਂ ਵੱਡੀ ਸਿੱਖਿਆ, ਜਿਸ ਦੀ ਜੀਉਂਦੀ ਜਾਗਦੀ ਮਿਸਾਲ ਉਹ ਆਪਣੇ ਜੀਵਨ ਵਿਚ ਵਰਨਣ ਕਰਦੇ ਹਨ, ਇਹ ਹੈ, ਕਿ ਮਨੁੱਖ ਇਸ ਸੰਸਾਰ ਵਿਚ ਰਹਿ ਕੇ, ਆਪਣੇ ਸਾਰੇ ਸੰਸਾਰੀ ਲੈਣ ਦੇਣ ਦੇ ਕਰਤੱਵ ਪੂਰੇ ਕਰਦਾ ਹੋਇਆ, ਆਪਣੇ ਆਪ ਨੂੰ ਜਾਣ ਸਕਦਾ ਹੈ ਕਿ, ਮੈਂ ਕੀ ਹਾਂ ਅਤੇ ਪ੍ਰਮਾਤਮਾਂ ਨੂੰ ਪਾ ਸਕਦਾ ਹੈ, ਜਿਹੜਾ ਮਨੁੱਖੀ ਜੀਵਨ ਦਾ ਪਰਮ-ਮਨੋਰਥ ਹੈ। ਵਾਸਤਵ ਵਿਚ, ਸੰਸਾਰ ਦੇ ਹੋਂਦ ਵਿਚ ਆਉਣ ਤੋਂ ਲੈਕੇ ਅਜ ਤਕ ਜਿੰਨੇ ਵੀ ਮਹਾਂਪੁਰਸ਼, ਗੁਰੂ, ਪੀਰ ਵਲੀ (Prophets) ਜਾਂ ਅਵਤਾਰ (Avatars) ਪ੍ਰਗਟ ਹੋਏ, ਉਹਨਾਂ ਵਿਚ ਵਧੇਰੇ ਕਰਕੇ ਗ੍ਰਹਿਸਤੀ ਗੁਰੂ ਹੀ ਆਏ ਅਤੇ ਤਿਆਗੀ ਗੁਰੂ ਵਿਰਲੇ ਵਿਰਲੇ ਹੀ ਹਨ।
ਸੰਤਾਂ ਮਹਾਤਮਾਵਾਂ ਨੇ ਆਪਣੇ ਜੀਵਨ ਦੇ ਨਿਜੀ ਅਨੁਭਵਾਂ ਰਾਹੀਂ ਸਿੱਧ ਕੀਤਾ ਹੈ ਕਿ ਜਿਵੇਂ ਪਾਣੀ ਦੀ ਬੂੰਦ ਦਾ ਸਮੁੰਦਰ ਵਿਚ ਸਮਾ ਕੇ ਸਮੁੰਦਰ ਬਣ ਜਾਣਾ ਅਸੰਭਵ ਨਹੀਂ, ਇਸੇ ਪ੍ਰਕਾਰ ਮਨੁੱਖੀ ਆਤਮਾ ਦਾ ਪ੍ਰਮਾਤਮਾ ਵਿਚ ਸਮਾ ਕੇ ਉਸ ਦਾ ਰੂਪ ਬਣ ਜਾਣਾ ਵੀ ਅਸੰਭਵ ਅਤੇ ਅਣ-ਹੋਣੀ ਗਲ ਨਹੀਂ। ਇਹ ਹਰ ਮਨੁੱਖ ਦੀ ਆਪਣੀ ਆਪਣੀ ਕਰਨੀ ਦਾ ਸਵਾਲ ਹੈ। ਮਨੁੱਖ ਜੂਨੀ ਨੂੰ ਸਾਰੀਆਂ ਜੂਨੀਆਂ ਦੀ ਸਰਦਾਰ ਜੂਨੀ ਇਸ ਲਈ ਕਿਹਾ ਜਾਂਦਾ ਹੈ ਕਿਉਂ ਜੋ ਇਸ ਜੂਨੀ ਵਿਚ ਹੀ ਜੀਵ ਆਪਣੇ ਜੀਵਨ ਭੇਦ ਨੂੰ ਹੱਲ ਕਰ ਸਕਦਾ ਹੈ। ਭਾਵ ਆਪਣੇ ਆਪ ਨੂੰ ਜਾਣ ਸਕਦਾ ਹੈ ਅਤੇ ਪ੍ਰਮਾਤਮਾ ਨੂੰ ਪਛਾਣ ਸਕਦਾ ਹੈ। ਸੰਤਾਂ ਨੇ ਕੇਵਲ ਇਸ ਗੱਲ ਦਾ ਵਰਨਣ ਹੀ ਨਹੀਂ ਕੀਤਾ ਸਗੋਂ ਜੋ ਜੋ ਜੀਵ ਉਹਨਾਂ ਦੀ ਸ਼ਰਨ ਵਿਚ ਆਏ, ਉਹਨਾਂ ਨੂੰ ਨਿਜੀ ਅਨੁਭਵ ਵੀ ਦਿੱਤਾ।
ਇਸ ਘੋਰ ਕਲਯੁਗ (Iron Age) ਵਿਚ ਬਾਬਾ ਸਾਵਣ ਸਿੰਘ ਜੀ ਮਹਾਰਾਜ ਅਤੇ ਉਹਨਾਂ ਦੇ ਗੁਰਮੁਖ ਸਪੁੱਤਰ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਨੇ ਇਸ ਮਹਾਨ ਸਿਖਸ਼ਾ ਨੂੰ ਮੁੜ ਕੇ ਸੁਰਜੀਤ ਕੀਤਾ ਹੈ। ਇਥੇ ਹੀ ਬਸ ਨਹੀਂ ਸਗੋਂ ਸਮੇਂ ਅਨੁਸਾਰ ਆਮ ਲੋਕਾਂ ਜੀ ਪ੍ਰਚਲਤ ਭਾਸ਼ਾ ਵਿਚ ਜੀਵਾਂ ਦੀ ਰੁਚੀ ਅਤੇ ਇੱਛਾ ਅਨੁਸਾਰ ਇਸ ਦੀ ਵਿਆਖਿਆ ਕੀਤੀ ਅਤੇ ਇੰਨੇ ਖੁੱਲੇ ਦਿਲ ਨਾਲ ਰੂਹਾਨੀਅਤ ਦੀ ਇਸ ਅਨਮੋਲ ਦੌਲਤ ਨੂੰ ਲੁਟਾਇਆ, ਭਾਵ ਲੋਕਾਂ ਨੂੰ ਸਾਹਮਣੇ ਬਿਠਾ ਕੇ ਆਪਣੀ ਮਿਹਰ ਭਰੀ ਦ੍ਰਿਸ਼ਟੀ ਦੇ ਉਭਾਰ ਨਾਲ ਮਨ ਇੰਦਰੀਆਂ ਤੋਂ ਉਤੇ ਲਿਆ ਕੇ ਆਤਮ ਦਰਸ਼ਨ ਅਤੇ ਪ੍ਰਭੂ ਦਰਸ਼ਨ ਦੀ ਪੂੰਜੀ ਪਹਿਲੀ ਬੈਠਕ ਵਿਚ ਹੀ ਪ੍ਰਦਾਨ ਕੀਤੀ ਜਿਸ ਦੀ ਉਦਾਹਰਣ ਇਤਿਹਾਸ ਵਿਚ ਬਹੁਤ ਘੱਟ ਮਿਲਦੀ ਹੈ।
“ਪਿਤਾ-ਪੂਤ” ਪ੍ਰਮਾਤਮਾ ਦੀ ਰੂਹਾਨੀ ਸ਼ਕਤੀ ਦੀ ਢੁੱਕਵੀਂ ਕਹਾਣੀ ਹੈ ਜੋ ਹਰ ਇਕ ਯੁੱਗ ਅਤੇ ਹਰ ਇਕ ਸਮੇਂ ਵਿਚ ‘ਅਕਾਲ ਪੁਰਖ’ ਆਪ ਮਨੁੱਖੀ ਚੋਲੇ ਵਿਚ ਪ੍ਰਗਟ ਹੋ ਕੇ ਜੀਵਾਂ ਨੂੰ ‘ਨਾਮ’ ਦੀ ਡੋਰੀ ਰਾਹੀਂ ਆਪਣੇ ਨਾਲ ਜੋੜਨ ਦਾ ਕੰਮ ਕਰਦੀ ਚਲੀ ਆ ਰਹੀ ਹੈ ਅਤੇ ਕਰਦੀ ਚਲੀ ਜਾਵੇਗੀ। ਸੰਸਾਰ ਕਦੇ ਵੀ ਸਮਰੱਥ ਪੁਰਸ਼ਾਂ ਤੋਂ ਖਾਲੀ ਨਹੀਂ ਰਹੇਗਾ।
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥
— ਗੁਰੂ ਗ੍ਰੰਥ ਸਾਹਿਬ : ਅੰਗ ੪੫੧ ਪੰ ੧੨
ਸੰਸਾਰ ਵਿਚ ਜੁੱਗਾਂ ਜੁੱਗਾਂਦਰਾਂ ਤੋਂ ਹੀ ਲੈ ਕੇ ਭੁੱਖ ਲਈ ਰੋਟੀ ਅਤੇ ਪਿਆਸੇ ਲਈ ਪਾਣੀ ਮਿਲਦਾ ਆਇਆ ਹੈ। ਇਹ ਕੁਦਰਤ ਦਾ ਅਟੱਲ ਨਿਯਮ ਹੈ ਜੋ ਕਦੇ ਬਦਲ ਨਹੀਂ ਸਕਦਾ।
ਇਹ ਪੁਸਤਕ, ਜਿਸ ਦੀ ਬੜੇ ਲੰਮੇ ਸਮੇਂ ਤੋਂ ਲੋੜ ਅਨੁਭਵ ਕੀਤੀ ਜਾ ਰਹੀ ਸੀ, ਕਿਵੇਂ ਤੇ ਕਿਨ੍ਹਾਂ ਹਾਲਾਤਾਂ ਵਿਚ ਲਿਖੀ ਗਈ, ਇਸ ਦੀ ਚਰਚਾ ਇੱਥੇ ਅਨੁਚਿਤ ਨਾ ਹੋਵੇਗੀ। ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਮਗਰੋਂ ਉਨਾਂ ਦੇ ਉਤਰ ਅਧਿਕਾਰੀ ਮਹਾਰਾਜ ਕਿਰਪਾਲ ਸਿੰਘ ਜੀ ਨੇ ਆਪਣੇ ਸਤਿਗੁਰੂ ਦੇ ਹੁਕਮ ਅਨੁਸਾਰ ਜਦੋਂ ‘ਨਾਮ ਦਾਨ’ ਦਾ ਮਹਾਨ ਕੰਮ ਸੰਭਾਲਿਆ, ਤਾਂ ਸਭ ਤੋਂ ਪਹਿਲੇ ਸੰਖੇਪ ਜੀਵਨ ਚਰਿੱਤਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਨਾਓਂ ਥੱਲੇ ਬਾਬਾ ਜੀ ਦੇ ਜੀਵਨ ਅਤੇ ਉਹਨਾਂ ਦੀ ਤਾਲੀਮ ਉਤੇ ਇਕ ਪੁਸਤਕ, ਉਰਦੂ, ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿਚ ਛਪਵਾਈ (Brief Life History of Hazur Baba Sawan Singh Ji Maharaj)। ਇਸ ਤੋਂ ਬਿਨਾਂ ਸਦਾ ਹੀ ਮਹਾਰਾਜ ਕਿਰਪਾਲ ਸਿੰਘ ਜੀ ਆਪਣੇ ਮਨੋਹਰ ਸਤਿਸੰਗ ਬਚਨਾਂ ਵਿਚ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਜੀਵਨ ਵਿਚੋਂ ਜਾਂ ਆਪਣੇ ਜੀਵਨ ਵਿਚੋਂ ਦ੍ਰਿਸ਼ਟਾਂਤ ਦਿੰਦੇ ਹੁੰਦੇ ਸਨ। ਮੁੱਕਦੀ ਗਲ ਇਹ ਕਿ ਬਾਬਾ ਸਾਵਣ ਸਿੰਘ ਜੀ ਮਹਾਰਾਜ ਅਤੇ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਜੀ ਦੇ ਜੀਵਨ ਅਤੇ ਵਿਅਕਤੀ-ਗਤ ਬਾਰੇ ਸਮੇਂ ਸਮੇਂ ਅਨੁਸਾਰ, ਭਾਰਤ-ਵਰਸ਼ ਵਿਚ ਜਾਂ ਵਿਦੇਸ਼ਾਂ ਵਿਚ ਅਜ ਤਕ ਜੋ ਕੁਝ ਵੀ ਲਿਖਿਆ ਗਿਆ ਹੈ, ਉਹ ਜਾਂ ਤਾਂ ਉਸ ਛੋਟੀ ਜਿਹੀ ਪੁਸਤਕ ਵਿਚੋਂ ਲਿਆ ਗਿਆ ਹੈ ਜਾਂ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਦੇ ਸਤਿਸੰਗ ਬਚਨਾਂ ਵਿਚੋਂ।
ਇਸ ਪ੍ਰਕਾਰ “ਪਿਤਾ-ਪੂਤ” ਦੇ ਜੀਵਨ ਦੀਆਂ ਮੁੱਖ ਘਟਨਾਵਾਂ ਤਾਂ ਲਿਖਣ ਵਿਚ ਆ ਗਈਆਂ ਪਰ ਇਸ ਪਵਿੱਤਰ ਕਹਾਣੀ ਨੂੰ ਯੋਗ ਤਰਤੀਬ ਨਾ ਦਿੱਤੀ ਜਾ ਸਕੀ। ਵੱਧ ਤੋਂ ਵੱਧ ਅਸੀਂ ਇਸ ਨੂੰ ਮਨੋਹਰ, ਆਤਮਕ ਦ੍ਰਿਸ਼ਟਾਂਤਾਂ ਦਾ ਗੁਲਦਸਤਾ ਆਖ ਸਕਦੇ ਸਾਂ। ਉਸ ਵਿਚ ਵਰਨਣ ਕੀਤੀਆਂ ਘਟਨਾਵਾਂ ਦਾ ਪੂਰਾ ਵੇਰਵਾ ਨਹੀਂ ਸੀ। ਜੇ ਕਿਸੇ ਵਿਸ਼ੇ ਉਤੇ ਦਿਮਾਗ ਵਿਚ ਕੋਈ ਪ੍ਰਸ਼ਨ ਉਠਦਾ ਤਾਂ ਉਸ ਬਿਆਨ ਵਿਚੋਂ ਕੋਈ ਢੁਕਵਾਂ ਉਤਰ ਨਹੀਂ ਸੀ ਮਿਲਦਾ, ਜਿਵੇਂ ਸੁਰਤ-ਸ਼ਬਦ ਯੋਗ ਦਾ ਮਾਰਗ ਮਿਲਣ ਤੋਂ ਪਹਿਲਾਂ ਮਹਾਰਾਜ ਕਿਰਪਾਲ ਸਿੰਘ ਜੀ ਕੀ-ਕੀ ਸਾਧਨ ਅਭਿਆਸ ਕਰਦੇ ਹੁੰਦੇ ਸਨ ? ਬਾਬਾ ਸਾਵਣ ਸਿੰਘ ਜੀ ਨੇ ਉਹਨਾਂ ਨੂੰ ਕਦੋਂ ਅਤੇ ਕਿਥੇ ‘ਨਾਮ’ ਦਿਤਾ, ਪੂਰਣਤਾਈ’ ਦੀ ਕਸੌਟੀ ਉਤੇ ਪਹੁੰਚਣ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਔਕੜਾਂ ਵਿਚੋਂ ਦੀ ਲੰਘਣਾ ਪਿਆ ਆਦਿ। ਇਸ ਪ੍ਰਕਾਰ ਦੇ ਅਨੇਕਾਂ ਹੀ ਪ੍ਰਸ਼ਨ ਸਨ ਜਿਨ੍ਹਾਂ ਦੇ ਉਤਰ ਅੱਜ ਤਕ ਲਿਖੇ ਗਏ ਜੀਵਨ ਵਰਤਾਂਤਾਂ ਵਿਚੋਂ ਨਹੀਂ ਮਿਲਦੇ।
ਇਹ ਮਹਾਨ ਸਮੱਸਿਆ ਤਾਂ ਹੀ ਹਲ ਹੋ ਸਕਦੀ ਸੀ ਜੇ ਕਰ ਮਹਾਰਾਜ ਕਿਰਪਾਲ ਸਿੰਘ ਜੀ ਕੋਲੋਂ ਉਹਨਾਂ ਦੇ ਚਰਨ ਕਮਲਾਂ ਵਿਚ ਬਹਿਕੇ ਹਫ਼ਤਿਆਂ ਬੱਧੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਉਨ੍ਹਾਂ ਦੇ ਮਹਾਨ ਰੁਝੇਵਿਆਂ ਨੂੰ ਵੇਖਦਿਆਂ ਹੋਇਆਂ ਇਹ ਆਸ ਨਹੀਂ ਸੀ ਕੀਤੀ ਜਾ ਸਕਦੀ ਕਿ ਕੋਈ ਅਜਿਹਾ ਅਵਸਰ ਮਿਲੇਗਾ। ਪਰੰਤੂ ਉਹਨਾਂ ਨੇ ਆਪਣੀ ਅਪਾਰ ਦਯਾ ਮਿਹਰ ਦੇ ਸਦਕੇ ਆਪ ਹੀ ਅਜਿਹਾ ਮੌਕਾ ਬਖਸ਼ ਦਿਤਾ ਅਤੇ ਰਾਜਪੁਰ (ਦੇਹਰਾਦੂਨ) ਵਿਚ ਲੇਖਕ ਨੂੰ ਮਹਾਰਾਜ ਜੀ ਨਾਲ ਚਾਰ ਹਫ਼ਤੇ ਲਗਾਤਾਰ ਪ੍ਰਸ਼ਨ ਕਰਨ ਦਾ ਸੁਭਾਗ ਅਵਸਰ ਮਿਲ ਗਿਆ ਜਿਸ ਦਾ ਵਡਮੁੱਲਾ ਫਲ ਇਸ ਪੁਸਤਕ ਦੇ ਰੂਪ ਵਿਚ ਪਾਠਕਾਂ ਦੀ ਸੇਵਾ ਵਿਚ ਹਾਜ਼ਰ ਹੈ। ਜੇ ਸਚ ਪੁੱਛੋ ਤਾਂ ਇਹ ਵਰਣਨ ਵੀ ਅਧੂਰਾ ਹੈ। ਸੱਚੀ ਗਲ ਤਾਂ ਇਹ ਹੈ ਕਿ ਸੰਤਾਂ ਦੇ ਜੀਵਨ ਬਾਰੇ ਜੋ ਕੁਝ ਵੀ ਲਿਖਿਆ ਜਾਵੇ ਉਸ ਦਾ ਵਰਣਨ ਕਦੇ ਮੁੱਕ ਨਹੀਂ ਸਕਦਾ,ਕਲਮ ਥੱਕ ਸਕਦੀ ਹੈ ਪਰ ਫੇਰ ਵੀ ਇਹ ਪੁਸਤਕ ਇਕ ਬੜਾ ਵੱਡਾ ਭੰਡਾਰ ਹੈ ਜੋ ਆਉਣ ਵਾਲੇ ਜੀਵਾਂ ਲਈ ਇਕ ਚਾਨਣ ਮੁਨਾਰੇ ਦਾ ਕੰਮ ਦੇਵੇਗੀ।
ਇਸ ਪੁਸਤਕ ਨੂੰ ਲਿਖਦੇ ਸਮੇਂ ਇਸ ਗੱਲ ਦਾ ਵਿਸ਼ੇਸ ਰੂਪ ਵਿੱਚ ਧਿਆਨ ਰੱਖਿਆ ਗਿਆ ਹੈ ਕਿ ਜਿਥੋਂ ਤੱਕ ਹੋ ਸਕੇ “ਪਿਤਾ-ਪੂਤ” ਦੀ ਕਹਾਣੀ ਉਹਨਾਂ ਦੀ ਆਪਣੀ ਜ਼ਬਾਨ ਤੋਂ ਹੀ ਵਰਣਨ ਕੀਤੀ ਜਾਵੇ। ਇਸ ਲਈ ਮਹਾਰਾਜ ਕਿਰਪਾਲ ਸਿੰਘ ਜੀ ਦੇ ਸਤਿਸੰਗ ਬਚਨ ਹੀ ਇਨ੍ਹਾਂ ਮਹੱਤਵਪੂਰਨ ਘਟਨਾਵਾਂ ਦਾ ਸੋਮਾ ਹਨ ਅਤੇ ਜਾਂ ਉਹਨਾਂ ਦੇ ਮੁੱਖਵਾਕ ਹਨ, ਜਿਨ੍ਹਾਂ ਵਿਚ ਕੋਈ ਵੀ ਘਾਟਾ ਵਾਧਾ ਨਹੀਂ ਕੀਤਾ ਗਿਆ। ਬਾਬਾ ਜੀ ਦੀ ਸਿਖਸ਼ਾ ਦੇ ਸਬੰਧ ਵਿਚ 80 ਪੰਨਿਆਂ ਦੀ ਜੋ ਮਹਾਨ ਵਿਆਖਿਆ ਦਿੱਤੀ ਗਈ ਹੈ, ਉਸ ਵਿਚ ਕਈ ਤਾਂ ਸੰਤ ਕ੍ਰਿਪਾਲ ਸਿੰਘ ਜੀ ਮਹਾਰਾਜ ਦੇ ਪੂਰੇ ਦੇ ਪੂਰੇ ਸਤਿਸੰਗ ਹੀ ਹਨ ਜਾਂ ਉਹਨਾਂ ਦੇ ਆਪਣੇ ਸ਼ਬਦਾਂ ਵਿਚ ਹੀ ਪ੍ਰਮਾਰਥ ਦੇ ਵੱਖ ਵੱਖ ਵਿਸ਼ਿਆ ਉਤੇ ਚਾਨਣਾ ਪਾਇਆ ਹੋਇਆ ਹੈ। ਲੇਖਕ ਇਸ ਮਹਾਨ ਜੀਵਨ ਵਿਰਤਾਂਤ ਦਾ ਸਿਲਸਿਲਾ ਬਣਿਆ ਰੱਖਣ ਲਈ ਕਈ ਥਾਈਂ ਮਖਮਲ ਵਿਚ ਟਾਟ ਦਾ ਪੈਬੰਦ ਲਾਇਆ ਹੈ, ਪਰੰਤੂ ਇਸ ਨਾਲ ਮਖਮਲ ਦੀ ਸ਼ਾਨ ਵਿੱਚ ਤਾਂ ਕੋਈ ਫ਼ਰਕ ਨਹੀਂ ਆ ਸਕਦਾ। ਇਸ ਪੁਸਤਕ ਦੇ ਇਕ ਇਕ ਸ਼ਬਦ ਤੋਂ ਜੀਵਨ ਵਿਚ ਉਭਾਰ ਮਿਲਦਾ ਹੈ ਅਤੇ ਸਰੀਰਕ ਪੱਧਰ ਤੋਂ ਉਤੇ ਉਠਣ ਦੀ ਪ੍ਰੇਰਨਾ ਮਿਲਦੀ ਹੈ। ਜੀਵਨ ਨੂੰ ਸਹਿਜ ਅਨੰਦ ਦੇਣ ਵਾਲਾ ‘ਨਾਮ’ ਦਾ ਸੋਮਾ ਇਸ ਵਿਚ ਠਾਠਾਂ ਮਾਰ ਰਿਹਾ ਹੈ। ਮਹਾਰਾਜ ਜੀ ਦਾ ਉਪਦੇਸ਼ ਧਰਮ-ਗ੍ਰੰਥਾਂ ਵਿਚ ਦਿੱਤੇ ਗਏ ਸਾਰੇ ਮਹਾਂ ਪੁਰਸ਼ਾਂ ਦੇ ਮਹਾਨ ਜੀਵਨਾਂ ਦਾ ਨਚੋੜ ਜਾਂ ਇਹ ਕਹਿ ਲਵੋ ਕਿ ਗਾਗਰ ਵਿਚ ਸਾਗਰ ਲੁਕਾਇਆ ਹੋਇਆ ਹੈ। ਸਹਿਜ ਅਨੰਦ ਦੇਣ ਵਾਲੀ ਜੀਵਨ ਧਾਰਾ ਦੇ ਇਸ ਵਰਤਾਂਤ ਦੇ ਹਰ ਇਕ ਸ਼ਬਦ ਉਤੇ ਅਮਰ ਜੀਵਨ ਦੀ ਮੋਹਰ ਲਗੀ ਹੋਈ ਹੈ ਕਿਉਂ ਜੋ ਇਹ ਪਵਿੱਤਰ ਸ਼ਬਦ ਉਸ ਮਹਾਨ ਹਿਰਦੇ ਵਿਚੋਂ ਨਿਕਲੇ ਹਨ, ਜੋ ਜੀਵਨ ਅੰਮ੍ਰਿਤ ਦਾ ਸੋਮਾ ਹੈ।
ਇਸ ਪੁਸਤਕ ਵਿਚ ਕੁਝ ਪੁਰਾਣੀਆਂ, ਇਤਿਹਾਸਕ ਅਤੇ ਦੁਰਲੱਭ ਤਸਵੀਰਾਂ ਅਤੇ ਮਹਾਰਾਜ ਕਿਰਪਾਲ ਸਿੰਘ ਜੀ ਦੀਆਂ, ਉਰਦੂ, ਹਿੰਦੀ ਅਤੇ ਪੰਜਾਬੀ ਦੀਆਂ ਪਵਿਤਰ ਕਵਿਤਾਵਾਂ ਵੀ ਦਿਤੀਆਂ ਗਈਆਂ ਹਨ। ਅਖੀਰਲੀਆਂ ਦੋ ਕਵਿਤਾਵਾਂ ਦੇਹਰਾਦੂਨ ਵਿਚ ਲਿਖੀਆਂ ਗਈਆਂ ਸਨ ਅਤੇ ਇਨ੍ਹਾਂ ਤੋਂ ਮਗਰੋਂ ਮਹਾਰਾਜ ਜੀ ਨੇ ਕੋਈ ਕਵਿਤਾ ਨਹੀਂ ਲਿਖੀ।
ਅੰਤ ਵਿਚ ਮੈਂ ਉਸ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦਾ ਹਾਂ ਜਿਸ ਦੀ ਅਪਾਰ ਕ੍ਰਿਪਾ ਦੁਆਰਾ ਇਸ ਤੁਛ ਸੇਵਕ ਨੂੰ ਦੋਹਾਂ ਸਤ ਸਰੂਪ ਹਸਤੀਆਂ ਨਾਲ ਅੱਖੀਆਂ ਚਾਰ ਕਰਨ ਦਾ ਅਤੇ ਉਨ੍ਹਾਂ ਦੇ ਚਰਨਾਂ ਵਿਚ ਬੈਠਣ ਦਾ ਪਰਮ ਸੁਭਾਗ ਪ੍ਰਾਪਤ ਹੋਇਆ, ਅਤੇ ਸਤਿਗੁਰੂ ਦਿਆਲ ਦੀ ਅਨੰਤ ਦਯਾ ਦਾ ਕਿ ਜਿਸ ਨੇ ਇਨ੍ਹਾਂ ਅਯੋਗ, ਅਸਮਰਥ ਹੱਥਾਂ ਨੂੰ ਅਨੰਤ ਜੀਵਨ ਦੀ ਕਹਾਣੀ ਲਿਖਣ ਦੀ ਸਮਰੱਥਾ ਪ੍ਰਦਾਨ ਕੀਤੀ।
ਸਾਵਣ ਆਸ਼ਰਮ ਦਿੱਲੀ
ਅਪ੍ਰੈਲ, ੧੯੭੩ ਹਰੀਸ਼ ਚੰਦਰ ਚੱਢਾ