ਕਿਤਾਬ ਦਾ ਅਧਿਆਇ “ਹਮੇਸ਼ਾ ਗੁਰੂ ਦੇ ਨਾਲ, ਭਾਗ ੧” ਡਾ: ਹਰਭਜਨ ਸਿੰਘ ਦੁਆਰਾ
[Punjab Programme in October 1973]
ਹਜ਼ੂਰ ਬਾਬਾ ਸਾਵਨ ਸਿੰਘ ਜੀ ਦੇ ਜਨਮ ਦਿਨ ਪਿਛੋਂ, ਪੰਜਾਬ ਦੇ ਸਾਰੇ ਗਰੁੱਪ ਲੀਡਰ, ਹਜ਼ੂਰ ਕੋਲ ਗਏ ਅਤੇ ਉਹਨਾਂ ਨੂੰ ਪੰਜਾਬ ਦੇ ਦੌਰੇ ਉਤੇ ਆਉਣ ਲਈ ਜ਼ੋਰ ਦਿਤਾ। ਮੈਂ ਕਿਹਾ, “ਹਜ਼ੂਰ! ਮੈਂ ਨਹੀਂ ਚਾਹੁੰਦਾ ਕਿ ਤੁਸੀਂ ਪੰਜਾਬ ਨੂੰ ਪ੍ਰੋਗਰਾਮ ਦਿਉ, ਕਿਉਂਕਿ ਗਰਮੀ ਦਾ ਮੌਸਮ ਹੈ ਅਤੇ ਤੁਹਾਡੀ ਸਿਹਤ ਬਹੁਤਾ ਸਫ਼ਰ ਕਰਨ ਦੀ ਆਗਿਆ ਨਹੀਂ ਦਿੰਦੀ। ਬਾਹਰਲੇ ਦੇਸ਼ਾਂ ਤੋਂ ਲੋਕ ਤੁਹਾਡੀ ਉੱਚੀ-ਸੁੱਚੀ ਸਿੱਖਿਆ ਅਤੇ ਤੁਹਾਡੀ ਮਹਾਨ ਸਖਸ਼ੀਅਤ ਕਰਕੇ ਤੁਹਾਡੇ ਕੋਲ ਆਉਂਦੇ ਹਨ, ਪ੍ਰੰਤੂ ਕੀ ਕਾਰਨ ਹੈ ਕਿ ਸਾਡੇ ਲੋਕ ਪੰਜਾਬ ਤੋਂ ਦਿੱਲੀ ਨਹੀਂ ਆ ਸਕਦੇ”? ਕੁਝ ਭਰਾਵਾਂ ਨੇ ਕਿਹਾ ਕਿ ਹਜ਼ੂਰ ਸ਼ਬਦ-ਮੁਜੱਸਮ ਤਾਕਤ ਹੈ, ਇਸ ਕਰਕੇ ਹਜ਼ੂਰ ਉਤੇ ਕਿਸੇ ਵੀ ਗੱਲ ਦਾ ਅਸਰ ਨਹੀਂ ਹੋ ਸਕਦਾ।
ਅੰਤ ਵਿੱਚ ਹਜ਼ੂਰ ਨੇ ਕਿਹਾ, “ਮੈਂ ਕੁਝ ਹੋਰ ਸਮੇਂ ਲਈ ਤੁਹਾਡੇ ਕੋਲ ਹਾਂ,
ਤੁਸੀਂ ਮੈਨੂੰ ਠੀਕ ਢੰਗ ਨਾਲ ਵਰਤੋਂ”।
ਚੰਡੀਗੜ੍ ਦੀ ਸੰਗਤ ਨੇ ਜ਼ਿੱਦ ਕੀਤੀ, ਕਿ ਚੰਡੀਗੜ੍ਹ ਸੈਂਟਰ ਵਿਚਕਾਰ ਹੈ, ਇਸ ਲਈ ਹਜ਼ੂਰ ਚੰਡੀਗੜ੍ਹ ਆਉਣ ਅਤੇ ਆਲੇ-ਦੁਆਲੇ ਦੇ ਸਾਰੇ ਭੈਣ-ਭਰਾ ਉਥੇ ਹੀ ਪਹੁੰਚਣ। ਲੁਧਿਆਣੇ ਦੀ ਸੰਗਤ ਵੀ ਜ਼ੋਰ ਨਾਲ ਕਹਿ ਰਹੀ ਸੀ ਕਿ ਲੁਧਿਆਣਾ ਸੈਂਟਰ ਵਿੱਚ ਹੈ ਅਤੇ ਚੰਡੀਗੜ੍ਹ ਸੈਂਟਰ ਵਿੱਚ ਨਹੀਂ ਹੈ। ਹਜ਼ੂਰ ਨੇ ਉੱਤਰ ਦਿੱਤਾ, “ਅੱਛਾ! ਸਾਰੇ ਸੈਂਟਰ ਦਸਤਖ਼ਤ ਕਰਵਾ ਕੇ ਲਿਆਉਣ, ਮੈਂ ਉਸ ਸੈਂਟਰ ਵਿੱਚ ਠਹਿਰਾਂਗਾ, ਜਿਸ ਸੈਂਟਰ ਦੀ ਸੰਗਤ ਦੇ ਦਸਤਖ਼ਤ ਬਹੁਤੀ ਗਿਣਤੀ ਵਿੱਚ ਹੋਣਗੇ”। ਲੁਧਿਆਣਾ ਸੈਂਟਰ ਦੇ ਦਸਤਖ਼ਤ ਗਿਣਤੀ ਵਿੱਚ ਜ਼ਿਆਦਾ ਸਨ। ਲੁਧਿਆਣੇ ਤੋਂ ਰਾਮ ਸਿੰਘ ਹੁਰੀਂ ਮੇਰੇ ਕੋਲੋਂ ਦਸਤਖ਼ਤ ਕਰਾਉਣ ਲਈ ਅੰਮ੍ਰਿਤਸਰ ਆਏ। ਮੈਂ ਵੀ ਦਸਤਖ਼ਤ ਕਰ ਦਿੱਤੇ, ਪ੍ਰੰਤੂ ਥੱਲੇ ਲਿਖ ਦਿਤਾ, “ਹਜ਼ੂਰ! ਅਸੀਂ ਹਮੇਸ਼ਾ ਹੀ ਤੁਹਾਡੀ ਇੱਛਾ ਅੱਗੇ ਸਿਰ ਝੁਕਾਵਾਂਗੇ”।
ਪਹਿਲਾ ਬਾਰਡਰ ਦਾ ਸ਼ਹਿਰ ਹੋਣ ਕਰਕੇ ਅੰਮ੍ਰਿਤਸਰ ਦੀ ਵਾਰੀ ਹਰ ਵਾਰ ਸਭ ਤੋਂ ਪਿਛੋਂ ਆਉਂਦੀ ਸੀ, ਪ੍ਰੰਤੂ ਹੁਣ ਜਦੋਂ ਰਾਮ ਸਿੰਘ ਹੁਰੀਂ ਅਰਜ਼ੀ ਲੈ ਕੇ ਹਜ਼ੂਰ ਕੋਲ ਹਾਜ਼ਰ ਹੋਇਆ, ਤਾਂ ਹਜ਼ੂਰ ਨੇ ਕਿਹਾ, “ਹੁਣ ਮੈਂ ਜ਼ਰੂਰ ਸੋਚਾਂਗਾ ਕਿ ਪੰਜਾਬ ਦਾ ਪ੍ਰੋਗਰਾਮ ਕਿਸ ਤਰ੍ਹਾਂ ਬਣਾਉਣਾ ਹੈ”। ਫਿਰ ਹਜ਼ੂਰ ਨੇ ਕਿਹਾ, “ਇਸ ਵਾਰੀ ਮੈਂ ਸਿੱਧਾ ਅੰਮ੍ਰਿਤਸਰ ਜਾਵਾਂਗਾ ਅਤੇ ਫਿਰ ਉਥੋਂ ਦੂਜੇ ਸੈਂਟਰਾਂ ਦਾ ਪ੍ਰੋਗਰਾਮ ਹੋਵੇਗਾ”।
ਹਜ਼ੂਰ 12 ਅਕਤੂਬਰ 1973 ਨੂੰ ਅੰਮ੍ਰਿਤਸਰ ਆਏ ਅਤੇ 15 ਅਕਤੂਬਰ ਸਵੇਰ ਤੱਕ ਅੰਮ੍ਰਿਤਸਰ ਸੈਂਟਰ ਵਿੱਚ ਹੀ ਠਹਿਰੇ। 12 ਅਕਤਬੂਰ 1973 ਨੂੰ ਅੰਮ੍ਰਿਤਸਰ ਪਹੁੰਚਣ ਪਿਛੋਂ, ਹਜ਼ੂਰ ਨੇ ਮੈਨੂੰ ਕਿਹਾ, “ਸੇਵਾਦਾਰਾਂ ਦੀ ਲਿਸਟ ਤਿਆਰ ਹੋ ਗਈ ਹੈ”? ਮੈਂ ਕਿਹਾ, “ਹਜ਼ੂਰ! ਨਹੀਂ, ਇਹ ਤਿਆਰ ਨਹੀਂ”। ਹਜ਼ੂਰ ਨੇ ਕਿਹਾ, “ਕਿਉਂ ਨਹੀਂ”? ਮੈਂ ਉਤਰ ਦਿਤਾ, “ਹਜ਼ੂਰ ਸੇਵਾਦਾਰ ਹਮੇਸ਼ਾ ਬਦਲਦੇ ਰਹਿੰਦੇ ਹਨ, ਅਤੇ ਇਹ ਸਮੇਂ ਸਿਰ ਡਿਊਟੀ ਤੇ ਨਹੀਂ ਪਹੁੰਚਦੇ”। ਹਜ਼ੂਰ ਨੇ ਫਿਰ ਕਿਹਾ, “ਕੀ ਪ੍ਰਬੰਧਕ ਕਮੇਟੀ ਦੀ ਲਿਸਟ ਤਿਆਰ ਹੈ”? ਮੈਂ ਉਤਰ ਦਿਤਾ, “ਹਾਂ, ਹਜ਼ੂਰ ਇਹ ਤਿਆਰ ਹੈ, ਪ੍ਰੰਤੂ ਕੋਈ ਵੀ ਮੈਂਬਰ ਜ਼ਿੰਮੇਵਾਰ ਨਹੀਂ ਹੈ ਅਤੇ ਜ਼ਿੰਮੇਵਾਰੀ ਤੋਂ ਬਿਨਾਂ ਡਿਊਟੀ ਇਕ ਮਜ਼ਾਕ ਹੈ”। ਹਜ਼ੂਰ ਨੇ ਮੈਨੂੰ ਕਿਹਾ, “ਅੱਛਾ! ਕੀ ਇਹ ਕੰਮ ਤੁਸੀਂ ਹੁਣ ਕਰੋਗੇ ਜਾਂ ਮੇਰੇ ਤੋਂ ਪਿਛੋਂ? ਚੇਤੇ ਰੱਖੋ! ਅੰਮ੍ਰਿਤਸਰ ਸੈਂਟਰ ਆਉਣ ਵਾਲੇ ਸਮੇਂ ਵਿੱਚ ਮੁੱਖ ਸੈਂਟਰ ਹੋਵੇਗਾ”। ਇਸ ਪਿਛੋਂ ਹਜ਼ੂਰ ਆਪਣੇ ਕਮਰੇ ਵਿੱਚ ਅਰਾਮ ਕਰਨ ਚਲੇ ਗਏ। 13 ਅਕਤੂਬਰ ਨੂੰ ਹਜ਼ੂਰ ਨੇ ਅੰਮ੍ਰਿਤਸਰ ਦੇ ਬਾਹਰਲੇ ਸ਼ਹਿਰ ਅਤੇ ਕੁਝ ਹੋਰ ਥਾਵਾਂ ਦਾ ਸਰਵੇਖਣ ਕੀਤਾ। ਉਹਨਾਂ ਨੇ 25 ਏਕੜ ਜ਼ਮੀਨ ਵੀ ਵੇਖੀ ਅਤੇ ਹੋਰ ਵੀ ਨਵੀਆਂ ਥਾਵਾਂ ਜਿਹੜੀਆਂ ਅੰਮ੍ਰਿਤਸਰ ਦੇ ਲਾਗੇ ਲਗਦੀਆਂ ਸਨ, ਉਹ ਵੇਖੀਆਂ।
( ਨੋਟ: ਇਹ ਥਾਂ ਹਜ਼ੂਰ ਦੇ ਮਿਸ਼ਨ ਲਈ ਲੈਣੀ ਸੀ, ਇਕ ਸ਼ਿਸ਼ ਵਿੱਚ ਗੱਲਬਾਤ ਕਰਾਉਣ ਲਈ ਤਿਆਰ ਹੋ ਗਿਆ। ਫਿਰ ਉਸਨੇ ਕਿਹਾ ਕਿ ਇਹ ਝਗੜੇ ਵਾਲੀ ਥਾਂ ਹੈ। ਅਸਲ ਵਿੱਚ ਉਹ ਵਿਚੋਂ ਕਮਿਸ਼ਨ ਲੈ ਕੇ ਮੁਨਾਫ਼ਾ ਕੱਢਣਾ ਚਾਹੁੰਦਾ ਸੀ। ਹਜ਼ੂਰ ਨੇ ਕਿਹਾ, “ਇਹੋ ਜਿਹੀ ਜ਼ਮੀਨ ਅਸੀਂ ਨਹੀ ਲੈਣੀ ਚਾਹੁੰਦੇ। ਹੁਣ ਉਹ ਥਾਂ ਇਕ ਕਬਰਸਤਾਨ ਦੀ ਨਿਆਂਈ ਹੈ”। )
ਹਜ਼ੂਰ ਦੀ ਬਿਮਾਰੀ ਦੇ ਦਿਨਾਂ ਵਿੱਚ ਉਨ੍ਹਾਂ ਕਿਹਾ ਸੀ, ਅਸੀਂ ਇੱਕ ਅੱਖਾਂ ਦਾ ਹਸਪਤਾਲ ਖੋਲ੍ਹਾਂਗੇ, ਜਿਥੇ ਅਸੀਂ ਬਾਹਰੀ ਅੱਖ ਅਤੇ ਅੰਤਰੀ ਅੱਖ ਦਾ ਓਪਰੇਸ਼ਨ ਕਰਿਆ ਕਰਾਂਗੇ।
14 ਅਕਤੂਬਰ, 1973 ਨੂੰ ਮੈਂ ਹਜ਼ੂਰ ਕੋਲ ਗਿਆ ਅਤੇ ਮੈਂ ਉਨ੍ਹਾਂ ਨੂੰ ਮੇਰੇ ਪਿੰਡ ‘ਨਾਗ ਕਲਾਂ’ ਵਿੱਚ ਹਸਪਤਾਲ ਦਾ ਨੀਂਹ ਪੱਥਰ ਰੱਖਣ ਬਾਰੇ ਪੁੱਛਿਆ। ਹਜ਼ੂਰ ਨੇ ਕਿਹਾ,
“ਡਾਕਟਰ! ਮੈਂ ਤੇਰੇ ਘਰ ਪੰਜਾਂ ਸ਼ਰਤਾਂ ਤੇ ਆਵਾਂਗਾ”।
ਮੈਂ ਉਨਾਂ ਨੂੰ ਪੰਜਾ ਸ਼ਰਤਾਂ ਬਾਰੇ ਪੁੱਛਿਆ। ਹਜ਼ੂਰ ਨੇ ਕਿਹਾ,
“ਪਹਿਲੀ ਗੱਲ ਇਹ ਹੈ ਕਿ ਜਿਹੜੇ ਹਸਪਤਾਲ ਦਾ ਮੈਂ ਨੀਂਹ ਪੱਥਰ ਰੱਖਣਾ ਹੈ, ਉਹ ਮੇਰੇ ਨਾਲ ਸਬੰਧਿਤ ਹੋਵੇਗਾ।
ਦੂਜੀ ਗੱਲ ਇਹ ਹੈ ਕਿ ਤੇਰਾ ਘਰ ਮੇਰਾ ਘਰ ਹੋਵੇਗਾ।
ਤੀਜੀ ਗੱਲ ਇਹ ਹੈ ਕਿ ਤੇਰੀ ਸਾਰੀ ਖੇਤੀ ਯੋਗ ਜ਼ਮੀਨ ਮੇਰੀ ਹੋਵੇਗੀ।
ਚੌਥੀ ਗੱਲ ਇਹ ਹੈ ਕਿ ਜੋ ਪੈਸਾ ਤੇਰੇ ਕੋਲ ਹੈ ਜਾਂ ਤੇਰੇ ਕੋਲ ਹੋਰ ਹੋਵੇਗਾ, ਉਹ ਵੀ ਮੇਰਾ ਹੀ ਹੋਵੇਗਾ।
ਪੰਜਵੀਂ: ਹੁਣ ਤੇਰੇ ਕੋਲ ਜਿਹੜੇ ਬੱਚੇ ਹਨ, ਉਹ ਵੀ ਮੇਰੇ ਹੋਣਗੇ”।
ਮੈਂ ਕਿਹਾ, ਹਜ਼ੂਰ! ਫਿਰ ਮੈਂ ਇਕੱਲਾ ਹੀ ਰਹਿ ਗਿਆ? ਹਜ਼ੂਰ ਨੇ ਹੱਸਦਿਆਂ ਹੋਇਆਂ ਉਤਰ ਦਿਤਾ, “ਤੂੰ ਵੀ ਮੇਰਾ ਹੀ ਹੋਵੇਗਾ”। ਮੈਂ ਕਿਹਾ, “ਹਜ਼ੂਰ! ਤੁਸਾਂ ਮੈਨੂੰ ਪਹਿਲਾਂ ਹੀ ਕਿਹਾ ਸੀ ਕਿ ਸਾਰੇ ਪਾਸਿਆਂ ਤੋਂ ਅਜ਼ਾਦ ਹੋ ਜਾਵੋ, ਮੈ ਹੁਣ ਅਜ਼ਾਦ ਹਾਂ, ਤੁਸੀਂ ਮੇਰੇ ਕੋਲੋਂ ਮਿਸ਼ਨ ਵਿੱਚ ਕੰਮ ਲਵੋ, ਮੈਂ ਖੁਸ਼ ਹਾਂ”।
ਹਜ਼ੂਰ ਬਾਹਰਲੇ ਦੇਸ਼ਾਂ ਤੋਂ ਆਏ, ਕੁਝ ਭੈਣ-ਭਰਾਵਾਂ ਨਾਲ ‘ਨਾਗ ਕਲਾਂ’ ਆਏ। ਨੀਂਹ ਪੱਥਰ ਰੱਖਣ ਤੋਂ ਪਹਿਲਾ ਹਜ਼ੂਰ ਨੇ ਆਪਣੇ ਆਪ ਵੱਲ ਵੇਖਿਆ। ਫਿਰ ਜ਼ਮੀਨ ਵੱਲ ਅਤੇ ਫਿਰ ਉਪਰ ਅਸਮਾਨ ਵੱਲ ਵੇਖਿਆ। ਕੁਝ ਵਿਦੇਸ਼ੀ ਭੈਣਾਂ-ਭਰਾਵਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਹਜ਼ੂਰ ਨੇ ਕਿਹਾ,
“ਮੈਂ ਆਉਣ ਵਾਲੇ ਸਮੇਂ ਵਿੱਚ ਬਣਨ ਵਾਲੇ ‘ਮਾਨਵ ਕੇਂਦਰ’ (Manav Kendra) ਦਾ ਨੀਂਹ-ਪੱਥਰ ਰੱਖ ਰਿਹਾ ਹਾਂ”।
ਫਿਰ ਮੈਂ ਹਜ਼ੂਰ ਨੂੰ ਪੁੱਛਿਆ, “ਤੁਸਾਂ ਇਸ ਤਰ੍ਹਾਂ ਕਿਉਂ ਕੀਤਾ”? ਉਹਨਾਂ ਨੇ ਉੱਤਰ ਦਿਤਾ,
“ਪਹਿਲਾਂ ਮੈਂ ਆਪਣੇ ਆਪ ਵੱਲ ਵੇਖਿਆ ਕਿ ਕੀ ਮੈਂ ਇਸ ਨੀਂਹ-ਪੱਥਰ (foundation stone) ਰੱਖਣ ਦੇ ਯੋਗ ਹਾਂ?
ਦੂਜਾ, ਕੀ ਇਹ ਜ਼ਮੀਨ ਨੀਂਹ-ਪੱਥਰ ਰੱਖਣ ਦੇ ਯੋਗ ਹੈ?
ਤੀਜਾ ਮੈਂ ਉਪਰੋਂ ਆਗਿਆ ਮੰਗੀ”।
ਇਸ ਪਿਛੋਂ ਹਜ਼ੂਰ ਘਰ ਦਾ ਉਦਘਾਟਨ ਕਰਨ ਲਈ ਗਏ। ਮੈਂ ਅਤੇ ਮੇਰੀ ਪਤਨੀ ਨੇ ਸੌ ਮੀਟਰ ਲੰਬਾ ਕੱਪੜਾ ਲਿਆ ਅਤੇ ਉਸਨੂੰ ਰਸਤੇ ਵਿੱਚ ਆਪਣੇ ਘਰ ਤੱਕ ਵਿਛਾਉਣਾ ਸ਼ੁਰੂ ਕਰ ਦਿਤਾ। ਭਾਵੇਂ ਰਾਹ ਵਿੱਚ ਪਾਣੀ ਦਾ ਛਿੜਕਾ ਕੀਤਾ ਹੋਇਆ ਸੀ, ਫਿਰ ਵੀ ਸੜਕ ਮਿੱਟੀ ਨਾਲ ਭਰੀ ਹੋਈ ਸੀ। ਹਜ਼ੂਰ ਇਕ ਦਮ ਰੁਕ ਗਏ ਅਤੇ ਪੁੱਛਿਆ, “ਤੁਸਾਂ ਕੱਪੜਾ ਕਿਉਂ ਵਿਛਾਇਆ ਹੈ, ਕੀ ਮੈਂ ਸੜਕ ਤੇ ਨਹੀਂ ਚਲ ਸਕਦਾ”? ਮੈਂ ਉੱਤਰ ਦਿਤਾ, “ਕਈ ਪੁਰਾਣ ਸ਼ਰਧਾਲੂਆਂਨੇ ਦੱਸਿਆ ਹੈ ਕਿ ਬਾਬਾ ਸਾਵਨ ਸਿੰਘ ਜੀ ਦੇ ਆਉਣ ਸਮੇਂ ਅਸੀਂ ਇਸ ਤਰ੍ਹਾਂ ਕਰਿਆ ਕਰਦੇ ਸਾਂ। ਇਸ ਲਈ ਅਸੀਂ ਵੀ ਸੋਚਿਆ ਕਿ ਅਸੀਂ ਵੀ ਆਪਣੇ ਸਭ ਤੋਂ ਪਿਆਰੇ ਹਜ਼ੂਰ ਲਈ ਕਿਉਂ ਨਹੀਂ ਕਰ ਸਕਦੇ”? ਹਜ਼ੂਰ ਨੇ ਖੁਸ਼ੀ ਨਾਲ ਇਕ ਪੈਰ ਕੱਪੜੇ ਉਪਰ ਰੱਖਿਆ ਅਤੇ ਕਿਹਾ, “ਕੀ ਹੁਣ ਤੂੰ ਖੁਸ਼ ਹੈ”?
ਹਜ਼ੂਰ ਨੇ ਘਰ ਵਿੱਚ ਸਤਿਸੰਗ ਕੀਤਾ। ਬਹੁਤ ਸਾਰੇ ਲੋਕ ਉਥੇ ਵੀ ਆਏ, ਇਥੋਂ ਤਕ ਕਿ ਸਾਨੂੰ ਗੁਆਂਢੀਆਂ ਦੀ ਇਕ ਕੰਧ ਵਿਚ ਢਾਹੁਣੀ ਪਈ। ਸਤਿਸੰਗ ਕਰਦੇ ਹੋਏ ਹਜ਼ੂਰ ਨੇ ਦੋ ਵਾਰੀ ਪੁੱਛਿਆ, “ਕੀ ਤੁਸੀਂ ਮੇਰੇ ਲਈ ਕਮਰਾ ਬਣਾਇਆ ਹੈ”? ਮੇਰੀ ਪਤਨੀ ਨੇ ਉੱਤਰ ਦਿਤਾ, “ਹਜ਼ੂਰ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਕਮਰਾ ਬਣਾਇਆ ਸੀ ਅਤੇ ਪਿਛੋਂ ਘਰ ਦੀ ਉਸਾਰੀ ਸ਼ੁਰੂ ਕੀਤੀ ਸੀ”।
( ਨੋਟ: ਕੁਝ ਸਮਾਂ ਪਹਿਲਾਂ ਹਜ਼ੂਰ ਬੰਬਈ ਦੇ ਦੌਰੇ ਤੋਂ ਵਾਪਸ ਆ ਰਹੇ ਸਨ, ਕਿ ਉਹਨਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ। ਹਜ਼ੂਰ ਟੈਕਸੀ ਵਿੱਚ ਦਿੱਲੀ ਆਸ਼ਰਮ ਗਏ। ਉਸੇ ਹੀ ਦਿਨ ਸ਼ਾਮ ਨੂੰ ਹਜ਼ੂਰ ਇਸੇ ਥਾਂ ਉਤੇ ਪ੍ਰਗਟ ਹੋਏ, ਜਿਥੇ ਅਸੀਂ ਪਿਛੇ ਹਜ਼ੂਰ ਦਾ ਕਮਰਾ ਬਣਾਇਆ ਹੈ। ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਸਾਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਹਜ਼ੂਰ ਸਰੀਰਕ ਤੌਰ ਤੇ ਆਏ ਹਨ, ਜਾਂ ਸ਼ਬਦ-ਮੁਜੱਸਮ ਤਾਕਤ ਪ੍ਰਗਟ ਹੋਈ ਹੈ? ਸਾਡਾ ਸਾਰਾ ਘਰ ਗੁਲਾਬ ਅਤੇ ਚੰਬੇਲੀ ਦੀ ਖੁਸ਼ਬੂ ਨਾਲ ਭਰ ਗਿਆ। ਕੀ ਵੇਖਿਆ ਕਿ ਹਜ਼ੂਰ ਦੇ ‘ਕਾਲਰ’ (collar) ਅਤੇ ‘ਕਫ਼’ (cuff) ਬਹੁਤ ਮੈਲੇ ਹਨ ਅਤੇ ਪੱਗ ਵੀ ਢਿੱਲੀ ਹੋਈ ਸੀ। ਛੇਤੀ ਹੀ ਪਿਛੋਂ ਹਜ਼ੂਰ ਅਲੋਪ ਹੋ ਗਏ। ਉਸੇ ਵੇਲੇ ਅਸੀਂ ਕਾਰ ਵਿੱਚ ਬੈਠੇ ਅਤੇ ਸਵੇਰੇ ਸਵੱਖਤੇ ਦਿੱਲੀ ਪਹੁੰਚ ਗਏ। ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਅਸੀਂ ਹਜ਼ੂਰ ਨੂੰ ਉਸੇ ਹੀ ਪਹਿਰਾਵੇ ਵਿੱਚ ਵੇਖਿਆ। ਸੰਖੇਪ ਜਿਹੀ ਗੱਲਬਾਤ ਕਰਨ ਪਿਛੋਂ ਹਜ਼ੂਰ ਨੇ ਬਾਹਰੋਂ ਆਏ ਸਾਰੇ ਮੈਂਬਰਾਂ ਨੂੰ ਕਿਹਾ, “ਮੈਂ ਬਹੁਤ ਥੱਕਿਆ ਹੋਇਆ ਹਾਂ, ਇਸ ਲਈ ਮੈਂ ਇਸ ਵੇਲੇ ਕਪੜੇ ਨਹੀਂ ਬਦਲਾਂਗਾ, ਤੁਸੀਂ ਸਾਰੇ ਆਪਣੇ-ਆਪਣੇ ਘਰਾਂ ਨੂੰ ਜਾ ਸਕਦੇ ਹੋ”। )
ਸਤਿਸੰਗ ਕਰਨ ਤੋਂ ਪਿਛੋਂ ਹਜ਼ੂਰ ਆਪਣੇ ਕਮਰੇ ਵਿੱਚ ਗਏ। ਉਹਨਾਂ ਨੇ ਹੁਕਮ ਦਿਤਾ, “ਤੇਰੇ ਅਤੇ ਤੇਰੀ ਪਤਨੀ ਤੋਂ ਬਿਨਾਂ ਹੋਰ ਕੋਈ ਅੰਦਰ ਨਾ ਆਵੇ”। ਜਦੋਂ ਕਿ ਮੇਰਾ ਸਾਲਾ ‘ਇੰਦਰਪਾਲ ਸਿੰਘ’ (Inderpal Singh) ਪਹਿਲਾਂ ਹੀ ਉਥੇ ਅੰਦਰ ਸੀ।
ਕਮਰੇ ਵਿੱਚ ਤ੍ਰੇੜਾਂ ਆ ਗਈਆਂ
ਹਜ਼ੂਰ ਦੇ ਕਮਰੇ ਵਿੱਚ ਅਸਾਂ ਨਵਾਂ ਹੀ ਪਲੰਘ ਹਜ਼ੂਰ ਲਈ ਹੀ ਬਣਵਾਇਆ ਸੀ। ਜਦੋਂ ਹਜ਼ੂਰ ਪਲੰਘ ਉਪਰ ਬੈਠੇ, ਤਾਂ ਪਲੰਘ ਦੇ ਟੁੱਟਣ ਦੀ ਅਵਾਜ਼ ਆਉਣੀ ਸ਼ੁਰੂ ਹੋ ਗਈ। ਟੁੱਟਣ ਦੀ ਅਵਾਜ਼ ਸੁਣ ਕੇ ਮੈਂ ਡਰ ਗਿਆ ਅਤੇ ਸੋਚਿਆ ਕਿ ਤਰਖਾਣ ਕੋਲੋਂ ਬਣਾਉਣ ਵਿੱਚ ਕਾਹਲੀ ਨਾਲ ਗਲਤੀ ਹੋ ਗਈ ਹੋਣੀ ਹੈ ਅਤੇ ਉਸ ਨੇ ਠੀਕ ਨਹੀਂ ਬਣਾਇਆ। ਹਜ਼ੂਰ ਨੇ ਮੇਰੇ ਵੱਲ ਵੇਖਦਿਆਂ ਹੋਇਆ ਕਿਹਾ, “ਫਿਕਰ ਨਾ ਕਰੋ, ਜਦੋਂ ਹਜ਼ੂਰ ਬਾਬਾ ਸਾਵਨ ਸਿੰਘ ਜੀ ਮੇਰੇ ਘਰ ਆਏ ਸਨ, ਤਾਂ ਇਹੋ ਜਿਹੀ ਹੀ ਸ਼ਬਦ ਦੀ ਹਿਲੋਰ ਹੋਈ ਸੀ, ਜਿਸ ਨਾਲ ਮੇਰੇ ਕਮਰੇ ਦੀਆਂ ਕੰਧਾਂ ਵਿੱਚ ਤ੍ਰੇੜਾਂ ਆ ਗਈਆਂ ਸਨ”।
ਫਿਰ ਹਜ਼ੂਰ ਨੇ ਮੈਨੂੰ ਕਿਹਾ, “ਤੂੰ ਕਦੇ ਵੀ ਮੇਰੇ ਕੋਲੋਂ ਕੋਈ ਮੰਗ ਨਹੀਂ ਮੰਗੀ, ਅੱਜ ਤੇਰੀ ਜੋ ਵੀ ਇੱਛਾ ਹੈ, ਉਹ ਮੰਗ।” ਮੈਂ ਕਿਹਾ, “ਹਜ਼ੂਰ! ਅੱਜ ਮੈਂ ਕੁਝ ਜ਼ਰੂਰ ਮੰਗਾਂਗਾ”। ਹਜ਼ੂਰ ਨੇ ਕਿਹਾ, “ਹਾਂ, ਦੱਸੋ, ਤੁਹਾਡੀ ਮੰਗ ਕੀ ਹੈ”? ਮੈਂ ਉਤਰ ਦਿਤਾ,
“ਹਜ਼ੂਰ! ਤੁਹਾਡਾ ਮਿਸ਼ਨ ਸਾਰੀ ਦੁਨੀਆਂ ਵਿੱਚ ਵੱਧ ਤੋਂ ਵੱਧ ਵੱਧੇ ਫੁੱਲੇ।”
— ਡਾ: ਹਰਭਜਨ ਸਿੰਘ
ਹਜ਼ੂਰ ਸੰਤਰਾ ਖਾ ਰਹੇ ਸਨ। ਹਜ਼ੂਰ ਸੰਤਰੇ ਦੀ ਫਾੜੀ ਆਪਣੇ ਬੁਲ੍ਹਾਂ ਤੇ ਰੱਖ ਕੇ ਖਾ ਹੀ ਰਹੇ ਸਨ, ਕਿ ਉਹਨਾਂ ਨੇ ਉਸ ਵੇਲੇ ਆਪਣੇ ਮੂੰਹ ਵਿਚੋਂ ਕੱਢ ਕੇ, ਉਸ ਨੂੰ ਮੇਰੇ ਮੂੰਹ ਵਿੱਚ ਪਾ ਦਿਤਾ। ਫਿਰ ਹਜ਼ੂਰ ਨੇ ਕਿਹਾ, “ਹੁਣ ਤੱਕ, ਹਜ਼ਾਰਾਂ ਹੀ ਲੋਕ ਮੇਰੇ ਕੋਲ ਦੁਨਿਆਵੀ ਮੁਸ਼ਕਲਾ ਲੈ ਕੇ ਆਏ ਹਨ। ਕਈ ਚੰਗੇ ਵਿਅਕਤੀ ਨਾਮ-ਦਾਨ ਦੀ ਦਾਤ ਮੰਗਣ ਲਈ ਆਏ, ਪ੍ਰੰਤੂ ਇਸ ਮੰਗ ਨੂੰ ਤੇਰੇ ਤੋਂ ਸਿਵਾਏ ਹੋਰ ਕਿਸੇ ਨੇ ਨਹੀਂ ਮੰਗਿਆ। ਸੋ ਇਸ ਦੀ ਬਖਸ਼ਿਸ਼ ਮੈਂ ਤੁਹਾਨੂੰ ਦਿੰਦਾ ਹਾਂ, ਪ੍ਰੰਤੂ ਯਾਦ ਰੱਖੋ, ਤੁਹਾਨੂੰ ਵੀ ਗਰਮ ਬਿਸਤਰੇ ਛੱਡਣੇ ਪੈਣਗੇ”।
ਹਜ਼ੂਰ ਨੇ ਹੋਰ ਅੱਗੇ ਦੱਸਿਆ,
“ਮਿਸ਼ਨ ਇਕ ਦਰੱਖ਼ਤ ਦੀ ਤਰ੍ਹਾਂ ਹੈ,
ਜਿਥੇ ਨਾਮ-ਦਾਨ ਦੀ ਕਮਾਈ ਅਤੇ ਹੋਰ ਚੰਗੇ ਗੁਣ ਆਦਿ,
ਇਸ ਦੀਆਂ ਸ਼ਾਖਾ ਅਤੇ ਫੁੱਲ ਫਲ ਦੀ ਨਿਆਈ ਹਨ।
ਜੇਕਰ ਦਰਖ਼ਤ ਨੂੰ ਕੱਟ ਦਿਤਾ ਜਾਏ ਤਾਂ ਟਾਹਣੀਆਂ,
ਫੁੱਲ ਅਤੇ ਫਲ ਸਭ ਖ਼ਤਮ ਹੋ ਜਾਣਗੇ।
ਹਜ਼ੂਰ ਦਾ ਮਿਸ਼ਨ ਉਹਨਾਂ ਨੂੰ ਬਹੁਤ ਪਿਆਰਾ ਹੈ।
ਬਹੁਤ ਵਾਰੀ, ਗੁਰੂ ਅਤੇ ਉਹਨਾਂ ਦੇ ਸੱਚੇ ਸ਼ਰਧਾਲੂ
ਉਸ ਸੱਚਾਈ (ਮਿਸ਼ਨ) ਨੂੰ ਦੁਨੀਆਂ ਵਿੱਚ ਬਚਾਉਣ ਲਈ
ਆਪਣੀਆਂ ਜਾਨਾਂ ਕੁਰਬਾਨ ਕਰ ਜਾਂਦੇ ਹਨ”।
ਅਗਲੇ ਦਿਨ 15 ਅਕਤੂਬਰ, 1973 ਨੂੰ ‘ਮਹਿਲ ਜੰਡਿਆਲਾ’ ਪਿੰਡ ਗਏ (ਇਥੇ ਇਕ ਇਤਿਹਾਸਕ ਗੁਰਦੁਆਰਾ ਹੈ) ਇੱਥੇ ਹਜ਼ੂਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਸਤਿਸੰਗ ਕੀਤਾ ਅਤੇ ਇਸ ਪਿਛੋਂ ਉਹ ਪਠਾਨਕੋਟ ਸੈਂਟਰ ਚਲੇ ਗਏ। ਅਗਲੇ ਦਿਨ ਹਜ਼ੂਰ ਦੇ ਜਾਣ ਤੋਂ ਪਿਛੋਂ ਅਸੀਂ ਭਜਨ-ਸਿਮਰਨ ਤੇ ਬੈਠਣ ਲਈ ਹਜ਼ੂਰ ਦੇ ਕਮਰੇ ਵਿੱਚ ਗਏ। ਅਸੀਂ ਵੇਖਿਆ, ਛੱਤ ਤੋਂ ਥੱਲੇ, ਕੰਧ ਦੇ ਹਰ ਪਾਸੇ ਵੱਡੀਆਂ-ਵੱਡੀਆਂ ਤ੍ਰੇੜਾਂ ਆਈਆਂ ਹੋਈਆਂ ਸਨ। ਬਹੁਤ ਸਾਰੇ ਭੈਣ-ਭਰਾ, ਜੋ ਆਮ ਤੌਰ ਤੇ ਸਾਡੇ ਘਰ ਆਉਂਦੇ ਸਨ, ਉਹ ਕਹਿੰਦੇ, ਤੁਹਾਡਾ ਸਾਰਾ ਘਰ ਬਹੁਤ ਸੋਹਣਾ ਬਣਿਆ ਹੋਇਆ ਹੈ, ਪਰੰਤੂ ਇਸ ਕਮਰੇ ਵਿੱਚ ਏਨੀਆਂ ਤ੍ਰੇੜਾਂ ਕਿਉਂ ਹਨ?
ਹਜ਼ੂਰ ਨੇ ਪਰਸ਼ਾਦ ਦਿੱਤਾ
14 ਅਕਤੂਬਰ ਨੂੰ ਹਜ਼ੂਰ ਅੰਮ੍ਰਿਤਸਰ ਸੈਂਟਰ ਵਿੱਚ ਹੀ ਸਨ। ‘ਮੋਹਨ’ ਜੋ ਹਜ਼ੂਰ ਦੀ ਕਾਰ ਦਾ ਡਰਾਈਵਰ ਸੀ, ਜਿਸ ਨੂੰ ਹਜ਼ੂਰ ਬਹੁਤ ਪਿਆਰ ਕਰਦੇ ਸਨ। ਹਜ਼ੂਰ ਦੀ ਰਸੋਈ ਵਿੱਚ ਖਾਣਾ ਤਿਆਰ ਕਰਦਾ ਹੁੰਦਾ ਸੀ। ਹਜ਼ੂਰ ਰਸੋਈ ਵਿੱਚ ਖਾਣਾ ਖਾ ਰਹੇ ਸਨ, ਜਦੋਂ ਮੈਂ ਅਣ ਜਾਣਿਆ ਹੀ, ਮੋਹਨ ਨੂੰ ਲੱਭਦਿਆਂ ਹੋਇਆਂ ਰਸੋਈ ਦਾ ਦਰਵਾਜ਼ਾ ਖੋਲ੍ਹ ਦਿਤਾ ਤਾਂ ਮੈਨੂੰ ਵੇਖ ਕੇ ਹਜ਼ੂਰ ਨੇ ਕਿਹਾ, ਕਿ ਅੰਦਰ ਆ ਜਾਉ ਅਤੇ ਮੈਂ ਅੰਦਰ ਚਲਾ ਗਿਆ। ਹਜ਼ੂਰ ਖੜ੍ਹੇ ਹੋ ਗਏ ਅਤੇ ਕਿਹਾ, “ਮੇਰਾ ਅੱਧਾ ਖਾਣਾ ਇੱਥੇ ਹੀ ਬਚਿਆ ਪਿਆ ਹੈ, ਤੂੰ ਇਸ ਨੂੰ ਖਾ ਲਵੀਂ”। ਮੈਂ ਹਜ਼ੂਰ ਅਗੇ ਬੇਨਤੀ ਕੀਤੀ “ਹਜ਼ੂਰ! ਮੈਂ ਦਰਵਾਜ਼ਾ ਜਾਣ ਬੁੱਝ ਕੇ ਨਹੀਂ ਖੋਲ੍ਹਿਆ ਅਤੇ ਨਾ ਹੀ ਮੈਨੂੰ ਪਤਾ ਸੀ ਕਿ ਤੁਸੀਂ ਇੱਥੇ ਹੋ, ਮੈਂ ਸਹੁੰ ਖਾ ਕੇ ਕਹਿੰਦਾ ਹਾਂ ਕਿ ਮੈਂ ਇਸ ਤਰ੍ਹਾਂ ਫਿਰ ਨਹੀਂ ਕਰਾਂਗਾ”। ਪ੍ਰੰਤੂ ਹਜ਼ੂਰ ਨੇ ਮੈਨੂੰ ਖਾਣਾ ਖਾਣ ਉਤੇ ਜ਼ੋਰ ਦਿਤਾ ਅਤੇ ਕਿਹਾ, “ਮੈਂ ਤੈਨੂੰ ਇਹ ਖਾਣਾ ਦਿਲੀ ਪਿਆਰ ਨਾਲ ਦੇ ਰਿਹਾ ਹਾਂ”। ਮੋਹਨ ਨੇ ਮੈਨੂੰ ਦੱਸਿਆ, “ਹੁਣ ਤੱਕ ਹਜ਼ੂਰ ਨੇ ਕਦੇ ਵੀ ਆਪਣੀ ਪਲੇਟ ਵਿਚੋਂ ਖਾਂਦਿਆ ਹੋਇਆ ਖਾਣਾ ਕਿਸੇ ਨੂੰ ਨਹੀਂ ਦਿਤਾ। ਤੂੰ ਬਹੁਤ ਖੁਸ਼-ਕਿਸਮਤ ਹੈਂ, ਇਸ ਨੂੰ ਲੈ ਲਵੋ”।
ਸ਼ਾਮ ਨੂੰ ਫਿਰ ਖਾਣਾ ਖਾਂਦਿਆਂ ਹੋਇਆ, ਹਜ਼ੂਰ ਨੇ ਕਿਹਾ, ਤੇਰੇ ਕੋਲ ਕੋਈ ਪੇੜਾ ਆਟੇ ਦਾ ਬਚਿਆ ਹੈ? ਸੋ ਕੁਝ ਆਟਾ ਜਿਹੜਾ ਬਚਿਆ ਸੀ, ਉਹ ਉਸ ਨੇ ਹਜ਼ੂਰ ਨੂੰ ਦੇ ਦਿਤਾ। ਹਜ਼ੂਰ ਨੇ ਆਟੇ ਨੂੰ ਆਪਣੇ ਹੱਥ ਵਿੱਚ ਫੜ ਲਿਆ ਅਤੇ ਉਸ ਆਟੇ ਨੂੰ ਉਹਨਾਂ ਨੇ ਆਪਣੇ ਹੱਥਾਂ ਵਿੱਚ ਕੁਝ ਚਿਰ ਲਈ ਘੁਟਿਆ ਅਤੇ ਵਾਪਸ ਮੋਹਨ ਨੂੰ ਦੇ ਦਿਤਾ ਅਤੇ ਕਿਹਾ, “ਇਸ ਸਾਰੇ ਆਟੇ ਦੀ ਇੱਕ ਹੀ ਰੋਟੀ ਬਣਾਉਣੀ ਹੈ ਅਤੇ ਉਹ ਰੋਟੀ ਡਾਕਟਰ ਅਤੇ ਉਸ ਦੀ ਪਤਨੀ ਨੂੰ ਦੇਣੀ ਹੈ। ਵੇਖਣਾ, ਇਹ ਕੇਵਲ ਉਹਨਾਂ ਲਈ ਹੀ ਹੈ, ਹੋਰ ਕਿਸੇ ਲਈ ਨਹੀਂ”।
14 ਅਕਤੂਬਰ 1973 ਨੂੰ ਸੇਵਾਦਾਰਾਂ ਦੀ ਮੀਟਿੰਗ
ਹਜ਼ੂਰ ਨੇ ਸੇਵਾਦਾਰਾਂ ਦੀ ਮੀਟਿੰਗ ਕੀਤੀ, ਜਿਹੜੀ ਤਕਰੀਬਨ ਅੱਧੀ ਰਾਤ ਤੱਕ ਚਲਦੀ ਰਹੀ। ਮੀਟਿੰਗ ਵਿੱਚ ਹਜ਼ੂਰ ਨੇ ਕਿਹਾ, “ਡਾਕਟਰ! ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਆ ਰਿਹਾ ਹੈ। ਇਥੇ ਅੰਦਰੂਨੀ ਲੜਾਈਆਂ ਹੋਣਗੀਆਂ ਅਤੇ ਇਸ ਸਮੇਂ ਸਭ ਤੋਂ ਜ਼ਿਆਦਾ ਮੁਸ਼ਕਲਾਂ ਭਾਰਤ ਵਿੱਚ ਹੋਣਗੀਆਂ। ਬਾਹਰਲੇ ਹਮਲਿਆਂ ਨਾਲੋਂ ਅੰਦਰੂਨੀ ਲੜਾਈ ਜ਼ਿਆਦਾ ਖਤਰਨਾਕ ਹੁੰਦੀ ਹੈ। ਜੇਕਰ ਲੜਾਈ ਹੋਵੇਗੀ, ਤਾਂ ਤੁਸੀਂ ਮੈਨੂੰ ਕਿੰਨੀਆਂ ਬਟਾਲੀਅਨਾਂ ਦਿਉਗੇ”? — ਮੈਂ ਪੁੱਛਿਆ, “ਹਜ਼ੂਰ! ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ (Beloved) ਤੋਂ ਕੰਮ ਲਿਆ ਸੀ, ਤਾਂ ਤੁਹਾਨੂੰ ਬਟਾਲੀਅਨਜ਼ ਦੀ ਕੀ ਲੋੜ ਹੈ”? ਹਜ਼ੂਰ ਨੇ ਕਿਹਾ, “ਹੁਣ ਤੁਸੀਂ ਆਓ, ਮੈਨੂੰ ਇਕੱਲੇ ਹੀ ਬਹੁਤ ਹੋ। ਉਹ (ਗੁਰੂ ਗੋਬਿੰਦ ਸਿੰਘ) ਇਕ ਕੋਲੋਂ ਹੀ ਕੰਮ ਲੈ ਸਕਦੇ ਹਨ”।
ਅੱਧੀ ਰਾਤ ਨੂੰ ਜਦੋਂ ਹਜ਼ੂਰ ਪਰਸ਼ਾਦ ਵੰਡ ਰਹੇ ਸਨ, ਤਾਂ ਹਜ਼ੂਰ ਨੇ ਮੈਨੂੰ ਪੁੱਛਿਆ, “ਭਾਰਤ ਦੀ ਅਜ਼ਾਦੀ ਦੀ ਲੜਾਈ, ਸੁਭਾਸ਼ ਚੰਦਰ ਬੋਸ ਨੇ ਕਿਥੋਂ ਲੜਨੀ ਸ਼ੁਰੂ ਕੀਤੀ ਸੀ”? ਮੈਂ ਕਿਹਾ, “ਹਜ਼ੂਰ! ਮੈਨੂੰ ਨਹੀਂ ਪਤਾ, ਇਸ ਬਾਰੇ ਤੁਸੀਂ ਹੀ ਠੀਕ ਜਾਣਦੇ ਹੋ”?
( ਨੋਟ: ਸੁਭਾਸ਼ ਚੰਦਰ ਬੋਸ ਨੇ ਅੰਗਰੇਜ਼ਾਂ ਵਿਰੁਧ ਅਜ਼ਾਦੀ ਦੀ ਲੜਾਈ ‘ਜਰਮਨੀ’ (Germany) ਤੋਂ ਸ਼ੁਰੂ ਕੀਤੀ ਸੀ )
ਹਜ਼ੂਰ ਨੇ ਪਰਸ਼ਾਦ ਵੰਡਦਿਆਂ ਹੋਇਆ ਮੇਰਾ, ਹੱਥ ਘੁੱਟਿਆ, ਇਹ ਕਮਰੇ ਵਿੱਚ ਉਨ੍ਹਾਂ ਦੇ ਨਾਲ ਜਾਣ ਦਾ ਇਕ ਇਸ਼ਾਰਾ ਸੀ। ਮੈਂ ਇਸ ਇਸ਼ਾਰੇ ਨੂੰ ਸਮਝ ਲਿਆ। ਹਜ਼ੂਰ ਨੇ ਦੱਸਿਆ ਕਿ ਅਸੀਂ ਆਪਣਾ ਕੰਮ ਪੱਛਮੀ ਜਰਮਨੀ (West Germany) ਤੋਂ ਸ਼ੁਰੂ ਕਰਾਂਗੇ। ਮੈਂ ਉੱਤਰ ਦਿਤਾ, “ਹਜ਼ੂਰ! ਪ੍ਰੰਤੂ ਉਥੇ ਤਾਂ ਪਹਿਲਾਂ ਹੀ ਕੁਝ ਸੈਂਟਰ ਹਨ”। ਫਿਰ ਹਜ਼ੂਰ ਨੇ ਹੋਰ ਕੁਝ ਨਾ ਕਿਹਾ, ਪ੍ਰੰਤੂ ਹਜ਼ੂਰ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ।
ਭਵਿੱਖ ਵਿੱਚ ‘ਮਾਨਵ ਕੇਂਦਰ’ ਦੀ ਨਵੇਂ ਸ਼ਹਿਰ ਵਿੱਚ ਨਿਯੁਕਤੀ
24 ਅਕਤੂਬਰ, 1973 ਨੂੰ ਜਦੋਂ ਕਿ ਹਜ਼ੂਰ ਨਵੇਂ ਸ਼ਹਿਰ ਸਨ, ਉਹ ਬਿਮਾਰ ਹੋ ਗਏ। ਮੈਂ ਹਜ਼ੂਰ ਕੋਲ ਗਿਆ ਅਤੇ ਕੁਝ ਘੰਟਿਆਂ ਲਈ ਛੁੱਟੀ ਮੰਗੀ। ਮੈਂ ਹਜ਼ੂਰ ਦੇ ਖੇਤੀ-ਬਾੜੀ ਵਾਲੇ ਫਾਰਮ ਉਤੇ ਜਾਣਾ ਸੀ, ਕਿਉਂਕਿ ਉਥੇ ਅੰਮ੍ਰਿਤਸਰ ਸੈਂਟਰ ਦੀ ਸੰਗਤ ਝੋਨੇ ਦੀ ਪੱਕੀ ਹੋਈ ਫਸਲ ਨੂੰ ਕੱਟ ਰਹੀ ਸੀ। ਹਜ਼ੂਰ ਨੇ ਆਪ ਇਹ ਫਾਰਮ ਅੰਮ੍ਰਿਤਸਰ ਸੈਂਟਰ ਨੂੰ ਲੰਗਰ ਲਈ ਦਿਤਾ ਹੈ।
( ਨੋਟ: ਸਾਰੇ ਭਾਰਤ ਵਿੱਚ ਅੰਮ੍ਰਿਤਸਰ [Amritsar] ਪਹਿਲਾ ਸੈਂਟਰ ਹੈ, ਜਿਥੇ ਹਜ਼ੂਰ ਨੇ ਪੁਰਾਣੀ ਲੰਗਰ ਦੀ ਰਸਮ ਨੂੰ ਚਾਲੂ ਕੀਤਾ। )
ਹਜ਼ੂਰ ਨੇ ਮੈਨੂੰ ਕਿਹਾ, “ਅਜੇ ਕਾਫ਼ੀ ਟਾਈਮ ਹੈ, ਮੈਂ ਵੀ ਉਥੇ ਜਾਵਾਂਗਾ”। ਇਹ ਪਹਿਲੀ ਵਾਰ ਸੀ, ਜਦੋਂ ਹਜ਼ੂਰ ਨੇ ਆਪ ਕਿਹਾ, ਕਿ ਮੈਂ ਵੀ ਫਾਰਮ ਉਤੇ ਜਾਣਾ ਚਾਹੁੰਦਾ ਹਾਂ।
ਹਜ਼ੂਰ ਫਾਰਮ ਉਤੇ ਪਹੁੰਚ ਗਏ (ਜਿਥੇ ਹੁਣ ਕਿਰਪਾਲ ਸਾਗਰ [Kirpal Sagar] ਬਣਿਆ ਹੈ) ਅਤੇ ਮੈਨੂੰ ਕਿਹਾ, “ਟਿਊਬਵੈਲ ਤੋਂ ਥੋੜ੍ਹਾ ਪਾਣੀ ਲਿਆਉ, ਜਿਹੜਾ ਪਹਿਲਾਂ ਹੀ ਚਲ ਰਿਹਾ ਸੀ ਅਤੇ ਮੈਂ ਨਾਲ ਕੁਝ ਝੋਨੇ ਦੇ ਦਾਣੇ ਵੀ ਲੈ ਆਂਦੇ”। ਉਹਨਾਂ ਨੇ ਇਕ ਦਾਣਾ ਝੋਨੇ ਦਾ ਅਤੇ ਇਕ ਗਲਾਸ ਪਾਣੀ ਦਾ ਲਿਆ ਅਤੇ ਕਿਹਾ, “ਜੇਕਰ ਜਿਹੜੀ ਜ਼ਮੀਨ ਤੁਸੀਂ ਅੰਮ੍ਰਿਤਸਰ ਵੇਖ ਰਹੇ ਹੋ, ਉਹ ਨਾ ਲਈ, ਤਾਂ ਫਿਰ ਇੱਥੇ ਇਹ ਜ਼ਮੀਨ ਬਹੁਤ ਚੰਗੀ ਹੈ। ਇੱਥੇ ਇਸ ਪਾਸੇ ਵੱਲ 100 ਏਕੜ ਜ਼ਮੀਨ ਦੀ ਲੋੜ ਹੈ। (ਉਹਨਾਂ ਦਾ ਇਸ਼ਾਰਾ, ਉਸ ਥਾਂ ਵੱਲ ਸੀ, ਜਿਥੇ ਹੁਣ ‘ਕਿਰਪਾਲ ਸਾਗਰ’ [Kirpal Sagar] ਬਣ ਰਿਹਾ ਹੈ) ਤੁਹਾਨੂੰ ਇੱਥੇ ਦਾਲਾਂ ਵੀ ਬੀਜਣੀਆਂ ਚਾਹੀਦੀਆਂ ਹਨ, ਇੱਥੇ ਇਹੋ ਜਿਹਾ ਵੇਲਾ ਵੀ ਆਵੇਗਾ, ਜਦ ਲੱਗ-ਭਗ ਅੱਠ ਕੁਇੰਟਲ ਦਾਲ ਹਰ ਰੋਜ਼ ਲਗਿਆ ਕਰੇਗੀ। (ਸੌ ਕਿਲੇ ਦਾ ਇਕ ਕੁਇੰਟਲ ਹੁੰਦਾ ਹੈ) ਆਉਣ ਵਾਲੇ ਸਮੇਂ ਵਿੱਚ ਇਹ ਸਾਰੀ ਦੁਨੀਆਂ ਵਿਚੋਂ ਇਕ ਮਹਾਨ ਤੀਰਥ ਅਸਥਾਨ ਹੋਵੇਗਾ”। ਫਿਰ ਹਜ਼ੂਰ ਨੇ ਕਿਹਾ, “ਜਿਹੜਾ ਮਾਨਵ ਕੇਂਦਰ ਮੈਂ ਬਣਾਉਣਾ ਚਾਹੁੰਦਾ ਸਾਂ, ਜੋ ਅਜੇ ਤੱਕ ਨਹੀਂ ਬਣਿਆ, ਉਹ ਇੱਥੇ ਬਣੇਗਾ”।
ਕੁਝ ਸਮੇਂ ਪਿਛੋਂ, ਜਦੋਂ ਕਿ ਹਜ਼ੂਰ ਦਿੱਲੀ ਸਨ, ਮੈਂ ਉਹਨਾਂ ਨੂੰ ਇਸ ਥਾਂ ਦੀ ਖਾਸ ਵਿਸ਼ੇਸ਼ਤਾ ਬਾਰੇ ਪੁੱਛਿਆ। ਉਹਨਾਂ ਨੇ ਕਿਹਾ, “Time will tell” ਭਾਵ ਸਮਾਂ ਹੀ ਦੱਸੇਗਾ।
ਲੁਧਿਆਣੇ ਵਿੱਚ ਹਜ਼ੂਰ ਦੇ ਨਾਲ ਦੀਵਾਲੀ
ਅਸੀਂ ਦੀਵਾਲੀ ਹਜ਼ੂਰ ਦੇ ਨਾਲ ਮਨਾਉਣੀ ਚਾਹੁੰਦੇ ਸਾਂ। ਮੈਂ, ਮੇਰੀ ਪਤਨੀ, ਕੁਲਵੰਤ ਸਿੰਘ ਅਤੇ ਰਣਬੀਰ ਸਿੰਘ ਚੰਡੀਗੜ੍ਹ ਤੋਂ ਅਸੀਂ ਸਾਰੇ ਲੁਧਿਆਣੇ ਲੇਟ ਪਹੁੰਚੇ। ਹਜ਼ੂਰ ਉਸ ਵੇਲੇ ਬਿਸਤਰੇ ਵਿੱਚ ਬੈਠੇ ਸਨ ਅਤੇ ਗਰਮ ਤੌਲੀਏ ਨਾਲ ਆਪਣੇ ਮੂੰਹ ਦੇ ਸੱਜੇ ਪਾਸੇ ਸੇਕ ਕਰ ਰਹੇ ਸਨ। ਮੇਰੇ ਪੁੱਛਣ ਤੇ ਹਜ਼ੂਰ ਨੇ ਮੈਨੂੰ ਦੱਸਿਆ, ਕਿ ਮੇਰੇ ਦੰਦ ਨੂੰ ਸਵੇਰ ਤੋਂ ਬਹੁਤ ਦਰਦ ਹੋ ਰਹੀ ਹੈ। ਉਹਨਾਂ ਨੇ ਬਹੁਤ ਦਵਾਈਆਂ ਖਾਧੀਆਂ, ਜਿਨ੍ਹਾਂ ਨਾਲ ਥੋੜੇ ਸਮੇਂ ਲਈ ਅਰਾਮ ਆ ਜਾਂਦਾ, ਇਸੇ ਕਰਕੇ ਹੀ ਹਜ਼ੂਰ ਖਾਣਾ ਨਾ ਖਾ ਸਕੇ। ਮੈਂ ਹਜ਼ੂਰ ਨੂੰ ਕਿਹਾ, ਮੇਰੇ ਕੋਲ ਇਕ ਬਹੁਤ ਹੀ ਵਧੀਆ ਨੁਸਖ਼ਾ ਹੈ, ਜਿਸ ਨਾਲ ਤੁਹਾਨੂੰ ਕੁਝ ਮਿੰਟਾਂ ਵਿੱਚ ਹੀ ਅਰਾਮ ਆ ਜਾਵੇਗਾ। ਹਜ਼ੂਰ ਨੇ ਉਤਰ ਦਿਤਾ, “ਇਹ ਨਹੀਂ ਹੋ ਸਕਦਾ, ਕਿਉਂਕਿ ਮੈਂ ਸਾਰਾ ਦਿਨ ਬਹੁਤ ਹੀ ਦਵਾਈਆਂ ਖਾ ਚੁੱਕਾ ਹਾਂ”। ਮੈਂ ਫਿਰ ਕਿਹਾ, “ਜਿਵੇਂ ਦੋ ਅਤੇ ਦੋ ਚਾਰ ਹੁੰਦੇ ਹਨ, ਇਵੇਂ ਇਹ ਵੀ ਨੁਸਖ਼ਾ ਯਕੀਨਨ ਠੀਕ ਹੈ”। ਹਜ਼ੂਰ ਨੇ ਕਿਹਾ, “ਹੁਣ ਰਾਤ ਦੇ ਗਿਆਰਾਂ ਵੱਜ ਚੁੱਕੇ ਹਨ, ਤੂੰ ਇਸ ਨੁਸਖ਼ੇ ਦੀਆਂ ਚੀਜ਼ਾਂ ਕਿਥੋਂ ਲਵੇਗਾ? ਜਦੋਂ ਕਿ ਦੁਕਾਨਾਂ ਵੀ ਬੰਦ ਹੋ ਚੁੱਕੀਆਂ ਹਨ”। ਮੈਂ ਉਪਰ ਵੇਖਿਆ ਕਿ ਉਹ ਹੀ ਦਰੱਖ਼ਤ ਹਜ਼ੂਰ ਦੇ ਕਮਰੇ ਪਿਛੇ ਸੀ। ਮੈਂ ਦਵਾਈ ਤਿਆਰ ਕੀਤੀ ਅਤੇ ਹਜ਼ੂਰ ਨੇ ਦੋ-ਤਿੰਨ ਵਾਰ ਗਰਾਰੇ ਕੀਤੇ ਅਤੇ ਦਰਦ ਉਸੇ ਵੇਲੇ ਘੱਟ ਹੋ ਗਈ। ਹਜ਼ੂਰ ਨੇ ਮੈਨੂੰ ਪੁੱਛਿਆ, “ਤੂੰ ਏਨਾ ਚੰਗਾ ਨੁਸਖ਼ਾ ਕਿਥੋਂ ਲਿਆ ਹੈ”? ਮੈਂ ਕਿਹਾ “ਇਹ ਮੈਂ ਆਪਣੇ ਹਜ਼ੂਰ ਕੋਲੋਂ ਲਿਆ ਹੈ”।
( ਨੋਟ: ਇਕ ਵਾਰ ਮੇਰੇ ਵੀ ਦੰਦ ਨੂੰ ਬਹੁਤ ਦਰਦ ਹੋ ਰਹੀ ਸੀ, ਤਾਂ ਹਜ਼ੂਰ ਨੇ ਮੈਨੂੰ ਇਹ ਨੁਸਖ਼ਾ ਦਿਤਾ ਅਤੇ ਮੈਨੂੰ ਦਰਦ ਦਾ ਅਰਾਮ ਆ ਗਿਆ। )