ਇਕ ਮਹੀਨਾ ਅਤੇ ਪੰਦਰਾਂ ਦਿਨਾਂ ਪਿਛੋਂ ਮੈਂ ਤੰਦਰੁਸਤ ਹੋ ਜਾਵਾਂਗਾ

[In one and a half months I will be healthy]
ਕਿਤਾਬ ਦਾ ਅਧਿਆਇ “ਹਮੇਸ਼ਾ ਗੁਰੂ ਦੇ ਨਾਲ, ਭਾਗ ੧” ਡਾ: ਹਰਭਜਨ ਸਿੰਘ ਦੁਆਰਾ

6 ਜੁਲਾਈ, 1974 ਨੂੰ ਰਾਜਪੁਰਾ ਰੋਡ ਤੇ ਹਜ਼ੂਰ ਦੇ ਨਾਲ

ਬਾਬਾ ਜੈਮਲ ਸਿੰਘ ਜੀ ਦੇ ਅੰਤਰ ਦੇ ਹੁਕਮ ਅਨੁਸਾਰ ਮੈਂ 6 ਜੁਲਾਈ, 1974 ਨੂੰ ਸਵੇਰੇ ਡੇਹਰਾਦੂਨ ਵਿੱਚ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਗਿਆ। ਮੈਂ ਹਜੂਰ ਨੂੰ ਬੇਨਤੀ ਕੀਤੀ, “ਤੁਹਾਨੂੰ ਅੰਗਰੇਜ਼ੀ ਦਵਾਈ ਨਹੀਂ ਲੈਣੀ ਚਾਹੀਦੀ, ਕਿਉਂਕਿ ਤੁਹਾਨੂੰ (bronchial allergy — ਸਾਹ ਨਾਲੀ ਦੀ ਅਲਰਜੀ) ਨਹੀਂ ਹੈ। ਜੇਕਰ ਤੁਸੀਂ ਇਹ ਦਵਾਈ ਖਾਵੋਗੇ ਤਾਂ ਫੇਫੜੇ ਬਹੁਤ ਆਕਸੀਜਨ ਦਿਮਾਗ ਨੂੰ ਨਹੀਂ ਭੇਜ ਸਕਣਗੇ ਅਤੇ ਤੁਹਾਡੇ ਸਰੀਰ ਵਿੱਚ ਗਰਮੀ ਵੱਧ ਜਾਵੇਗੀ”। ਹਜ਼ੂਰ ਨੇ ਉੱਤਰ ਦਿਤਾ, “ਕਿਉਂਕਿ ਤੂੰ ਮੇਰੀ ਦਵਾਈ ਬੰਦ ਕਰ ਦਿਤੀ ਹੈ, ਇਸ ਲਈ ਮੈਂ ਤੇਰੇ ਘਰ ਆ ਜਾਵਾਂਗਾ”। ਹਜ਼ੂਰ ਨੇ ਇਹ ਸ਼ਬਦ ਤਿੰਨ ਵਾਰ ਦੁਹਰਾਏ। ਮੈਂ ਉਹਨਾਂ ਦਾ ਭਾਵ ਸਮਝਣ ਤੋਂ ਅਸਮਰਥ ਸਾਂ, ਇਸ ਲਈ ਮੈਂ ਚੁੱਪ ਰਿਹਾ। ਮੈਂ ਫਿਰ ਕਿਹਾ, “ਹਜ਼ੂਰ! ਤੁਹਾਨੂੰ ਹੋਮੋਪੈਥਿਕ ਅਤੇ ਆਯੁਰਵੈਦਿਕ ਦਵਾਈ ਹੀ ਲੈਣੀ ਚਾਹੀਦੀ ਹੈ”। ਹਜ਼ੂਰ ਨੇ ਉਥੇ ਹੀ ਤਾਈ ਜੀ ਨੂੰ ਬੁਲਾਇਆ ਅਤੇ ਕਿਹਾ,

“ਤੁਹਾਨੂੰ ਹਮੇਸ਼ਾ ਮੇਰੀ ਸਿਹਤ ਦੀ ਚਿੰਤਾ ਰਹਿੰਦੀ ਹੈ,
ਪ੍ਰੰਤੂ ਮੈਂ ਇਹ ਯਕੀਨ ਦਵਾਉਂਦਾ ਹਾਂ,
ਕਿ ਮੈਂ ਇਕ ਮਹੀਨਾ ਪੰਦਰਾਂ ਦਿਨਾਂ ਵਿੱਚ ਤੰਦਰੁਸਤ ਹੋ ਜਾਵਾਂਗਾ”।

( ਨੋਟ: ਛੇ ਜੁਲਾਈ ਤੋਂ 21 ਅਗਸਤ ਤੱਕ ਇਕ ਮਹੀਨਾ ਪੰਦਰਾਂ ਦਿਨ ਹੁੰਦੇ ਹਨ। )

ਇਸ ਪਿਛੋਂ ਮੈਂ ਵਾਪਸ ਅੰਮ੍ਰਿਤਸਰ ਆਉਣ ਕਰਕੇ ਛੁੱਟੀ ਲੈਣ ਲਈ ਹਜ਼ੂਰ ਦੇ ਪਵਿਤਰ ਚਰਨਾਂ ਉੱਤੇ ਮੱਥਾ ਟੇਕਿਆ। ਉਹਨਾਂ ਨੇ ਆਪਣੇ ਚਰਨ ਪਿਛੇ ਕਰ ਲਏ ਅਤੇ ਛੇਤੀ ਨਾਲ ਆਪਣਾ ਹੱਥ ਮੇਰੇ ਦਿਲ ਦੇ ਲਾਗੇ ਰੱਖ ਦਿਤਾ। ਮੈਂ ਆਪਣਾ ਹੱਥ ਉਹਨਾਂ ਦੇ ਦਿਲ ਦੇ ਲਾਗੇ ਘੁੱਟਿਆ ਅਤੇ ਉੱਚੀ-ਉੱਚੀ ਰੋਣ ਲੱਗ ਪਿਆ। ਉਸੇ ਵੇਲੇ ਇਕ ਅਵਾਜ਼ ਮੇਰੇ ਕੰਨਾਂ ਵਿੱਚ ਆਈ, ਜਿਸ ਨੇ ਮੈਨੂੰ ਕਿਹਾ, “ਹਜ਼ੂਰ ਦੇ ਚਰਨਾਂ ਉਤੇ ਮੱਥਾ ਟੇਕਣਾ ਸਮਾਪਤ ਹੋ ਚੁੱਕਾ ਹੈ ਅਤੇ ਹੁਣ ਤੁਹਾਨੂੰ ਉਹਨਾਂ ਦੇ ਹੱਥ (ਮਦਦ) ਦੀ ਜ਼ਰੂਰਤ ਹੈ”। ਮੈਂ ਹੋਰ ਉੱਚੀ-ਉੱਚੀ ਰੋਣ ਲੱਗ ਪਿਆ। ਇਹ ਸਭ ਕੁਝ ਮੇਰੀ ਸੋਚ ਅਤੇ ਮੇਰੇ ਕਾਬੂ ਤੋਂ ਬਾਹਰ ਦੀ ਗੱਲ ਸੀ। ਮਹਾਰਾਜ ਜੀ ਹੁਰਾਂ ਕਿਹਾ, “ਸਿਰ ਉਪਰ ਕਰੋ ਅਤੇ ਮੇਰੀਆਂ ਅੱਖਾਂ ਵਿੱਚ ਵੇਖੋ”। ਮੈਂ ਇਸੇ ਤਰ੍ਹਾਂ ਹੀ ਕੀਤਾ। ਮੈਂ ਉਸੇ ਵੇਲੇ ਤਾਜ਼ਾ ਅਤੇ ਬਿਲਕੁਲ ਹਰੇ, ਦੋ ਚੰਬਲੀ ਦੇ ਪੱਤੇ, ਦੋ ਫੁੱਲਾਂ ਨਾਲ ਜੁੜੇ ਹੋਏ, ਹਜ਼ੂਰ ਦੇ ਹੱਥ ਵਿੱਚ ਵੇਖੇ ਹਜ਼ੂਰ ਨੇ ਇਹ ਮੈਨੂੰ ਦੇ ਦਿਤੇ ਅਤੇ ਕਿਹਾ, “ਇਹ ਤੁਹਾਡੇ ਦੋਵਾਂ ਲਈ ਹਨ। ਇਹ ਹਮੇਸ਼ਾ ਰਹਿਣ ਵਾਲਾ (Everlasting) ਪਰਸ਼ਾਦ ਹੈ, ਜਿਹੜਾ ਗੁਰੂ ਆਪਣੇ ਸਾਰੇ ਜੀਵਨ ਵਿੱਚ ਇਕ ਵਾਰੀ ਹੀ ਦਿੰਦਾ ਹੈ”।

27 ਜੁਲਾਈ ਨੂੰ ਹਜ਼ੂਰ ਬਾਬਾ ਸਾਵਨ ਸਿੰਘ ਜੀ ਦੇ ਜਨਮ-ਦਿਨ ਸਬੰਧੀ

ਮਹਾਰਾਜ ਸੰਤ ਕਿਰਪਾਲ ਸਿੰਘ ਜੀ ਨੇ 26 ਜੁਲਾਈ ਤੋਂ 28 ਜੁਲਾਈ 1974 ਤੱਕ ਰਾਸ਼ਟਰੀ ਸੰਤ ਸਮਾਗਮ (National Convocation of Saints) ਰੱਖਿਆ। ਇਸ ਸਮਾਗਮ ਵਿੱਚ ਸਵਾਮੀ ਸਰਵਗਿਆ ਮੁਨੀ, ਸਵਾਮੀ ਗੋਵਿੰਦਾ ਪ੍ਰਕਾਸ਼, ਸਵਾਮੀ ਵੇਦ ਵਿਆਸ ਨੰਦ ਜੀ, ਲਾਮਾ ਕੁਸ਼ਕ ਬਕੂਲਾ ਅਤੇ ਕੁਝ ਮੰਤਰੀਆਂ ਨੇ ਵੀ ਭਾਗ ਲਿਆ। ਏਨੇ ਵੱਡੇ ਸਮਾਗਮ ਲਈ ਆਸ਼ਰਮ ਵਿੱਚ ਥਾਂ ਕੁਝ ਘੱਟ ਸੀ, ਇਸ ਲਈ ਸਤਿਸੰਗ ਦਾ ਪ੍ਰਬੰਧ ਬਾਹਰ ਹੋਰ ਥਾਂ ਉਤੇ ਕੀਤਾ ਗਿਆ। ਇਹਨਾਂ ਦਿਨਾਂ ਵਿਚ ਬਹੁਤ ਜ਼ਿਆਦਾ ਗਰਮੀ ਸੀ ਅਤੇ ਹਜ਼ੂਰ ਸਰੀਰਕ ਤੌਰ ਤੇ ਵੀ ਕੁਝ ਠੀਕ ਨਹੀਂ ਸਨ। ਸਤਿਸੰਗ ਸਮਾਪਤ ਹੋਣ ਤੋਂ ਪਹਿਲਾਂ ਹੀ ਕੁਝ ਲੋਕ ਪਹਿਲੀ ਵਾਰੀ ਵਿੱਚ ਹੀ ਲੰਗਰ ਛਕਣ ਲਈ ਪੰਗਤਾਂ ਵਿੱਚ ਆ ਕੇ ਬੈਠ ਗਏ। ਆਸ਼ਰਮ ਦੇ ਬਾਹਰਲੇ ਗੇਟ ਤੱਕ ਬਹੁਤ ਭੀੜ ਸੀ, ਇਸ ਲਈ ਹਜ਼ੂਰ ਆਸ਼ਰਮ ਅੰਦਰ ਦਾਖਲ ਨਹੀਂ ਹੋ ਸਕਦੇ ਸਨ। ਹਜ਼ੂਰ ਦੀ ਕਾਰ ਲਗਭਗ ਪੰਦਰਾਂ ਮਿੰਟ ਲਈ ਅਤਿ ਦੀ ਗਰਮੀ ਵਿੱਚ ਆਸ਼ਰਮ ਦੇ ਬਾਹਰ ਖੜ੍ਹੀ ਰਹੀ। ਆਖਰਕਾਰ ਹਜ਼ੂਰ ਨੂੰ ਪੈਦਲ ਹੀ ਅੰਦਰ ਆਉਣਾ ਪਿਆ।

ਜਦੋਂ ਹੀ ਹਜ਼ੂਰ ਆਪਣੇ ਅਰਾਮ ਕਰਨ ਵਾਲੇ ਕਮਰੇ ਵਿੱਚ ਗਏ, ਤਾਂ ਉਸੇ ਵੇਲੇ ਮੈਨੂੰ ਅੰਦਰੋਂ ਦਰਵਾਜ਼ਾ ਬੰਦ ਕਰਨ ਦਾ ਹੁਕਮ ਦਿਤਾ। ਮੈਂ ਅੰਦਰੋਂ ਦਰਵਾਜ਼ਾ ਬੰਦ ਕਰ ਦਿਤਾ। ਹਜ਼ੂਰ ਬੈਠ ਗਏ ਅਤੇ ਆਪਣੇ ਦੋਵੇਂ ਹੱਥ ਆਪਣੇ ਸਿਰ ਉਤੇ ਰੱਖਦਿਆਂ ਹੋਇਆ, ਉਹਨਾਂ ਨੇ ਹੋਕਾ ਲਿਆ ਅਤੇ ਕਿਹਾ, “ਚੰਗਾ ਹੁੰਦਾ ਜੇਕਰ ਮੈਂ ਅੱਜ ਹੀ ਚਲਾ ਜਾਂਦਾ”। (ਇਸ ਦਿਨ ਮਹਾਰਾਜ ਜੀ ਦੇ ਹਜ਼ੂਰ ਦਾ ਜਨਮ-ਦਿਨ ਦਿਹਾੜਾ ਸੀ) ਮੈਂ ਪੁੱਛਿਆ, “ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹੋ? ਇਸ ਤਰ੍ਹਾਂ ਦੀਆਂ ਗੱਲਾਂ ਦੀ ਸਾਡੇ ਦਿਲ ਵਿੱਚ ਕੋਈ ਥਾਂ ਨਹੀਂ”। ਹਜ਼ੂਰ ਨੇ ਉੱਤਰ ਦਿਤਾ,

“ਜਾਂ ਮੈਨੇਜਿੰਗ ਕਮੇਟੀ ਰਹੇਗੀ ਜਾਂ ਮੈਂ” (1)

ਮੈਂ ਕਿਹਾ, ਅੱਛਾ ਹਜ਼ੂਰ, “ਤੁਸੀਂ ਬਹੁਤ ਹੀ ਥੱਕੇ ਹੋਏ ਹੋ, ਆਓ ਉਪਰਲੀ ਮੰਜ਼ਲ ਉਤੇ ਚਲੀਏ, ਤੁਹਾਨੂੰ ਮੈਂ ਮਾਲਸ਼ ਕਰਨੀ ਹੈ”। ਹਜ਼ੂਰ ਹੌਲੀ-ਹੌਲੀ ਉਪਰ ਆਪਣੇ ਕਮਰੇ ਵਿੱਚ ਚਲੇ ਗਏ। ਏਥੇ ਮੈਂ ਉਹਨਾਂ ਨੂੰ ਮਾਲਸ਼ ਅਤੇ ਨਪਣਾ-ਘੁਟਣਾ ਸ਼ੁਰੂ ਕਰ ਦਿਤਾ। ਮੇਰਾ ਹੱਥ ਫੜ ਕੇ ਹਜ਼ੂਰ ਬੋਲੇ, “ਡਾਕਟਰ! ਮੇਰੀ ਨਬਜ਼ ਵੇਖੋ, ਇਹ ਮਰੀਜ਼ ਕਿੰਨੀ ਦੇਰ ਹੋਰ ਰਹੇਗਾ”? ਮੈਂ ਫਿਰ ਹਜ਼ੂਰ ਨੂੰ ਪੁੱਛਿਆ, “ਆਖਰਕਾਰ ਤੁਸੀਂ ਇਹੋ ਜਿਹੀਆਂ ਗੱਲਾਂ ਕਿਉਂ ਬਾਰ-ਬਾਰ ਕਰਦੇ ਹੋ”? ਹਜ਼ੂਰ ਨੇ ਹੌਲੀ ਜਿਹੀ ਕਿਹਾ, “I have said it” (ਮੈਂ ਇਹ ਕਹਿ ਦਿਤਾ) ਛੇਤੀ ਹੀ ਉਹਨਾਂ ਨੇ ਪਿਆਰ ਨਾਲ ਕਿਹਾ, “ਗੁਰੂ ਕਦੇ ਵੀ ਆਪਣੇ ਬੱਚਿਆਂ ਨੂੰ ਨਹੀਂ ਛੱਡਦਾ ਯਕੀਨ ਰਖੋ, ਗੁਰੂ-ਪਾਵਰ ਤੁਹਾਨੂੰ ਕਦੇ ਨਹੀਂ ਛਡੇਗੀ”।

ਫਿਰ ਹਜ਼ੂਰ ਨੇ ਮੈਨੂੰ ਪ੍ਰੋਗਰਾਮ ਬਾਰੇ ਪੁਛਿਆ, ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਖੇਤੀਬਾੜੀ ਫਾਰਮ ਤੋਂ ਅੰਮ੍ਰਿਤਸਰ ਅਤੇ ਨਵੇਂ ਸ਼ਹਿਰ ਦੇ ਸ਼ਰਧਾਲੂਆਂ ਨਾਲ ਆਏ ਹਾਂ ਅਤੇ ਉਹ ਸਾਰੇ ਉਥੇ ਵਾਪਸ ਜਾ ਕੇ ਕੰਮ ਕਰਨਾ ਚਾਹੁੰਦੇ ਹਨ।

ਮਹਾਰਾਜ ਜੀ ਨੇ ਕਿਹਾ, “ਅੱਜ ਮੈਂ ਉਨ੍ਹਾਂ ਨੂੰ ਹੀ ਪ੍ਰਸ਼ਾਦ ਦੇਵਾਂਗਾ, ਜੋ ਤੁਹਾਡੇ ਨਾਲ ਫਾਰਮ ਤੋਂ ਆਏ ਹਨ ਅਤੇ ਉਨ੍ਹਾਂ ਤੋਂ ਸਿਵਾਏ ਹੋਰ ਕਿਸੇ ਨੂੰ ਪ੍ਰਸ਼ਾਦ ਨਹੀਂ ਮਿਲੇਗਾ” ਮਹਾਰਾਜ ਜੀ ਦੇ ਵੱਡੇ ਲੜਕੇ ਦਰਸ਼ਨ ਸਿੰਘ ਪ੍ਰਸ਼ਾਦ ਲਿਆਏ ਅਤੇ ਹਜ਼ੂਰ ਨੇ ਉਨ੍ਹਾਂ ਨੇ ਨੂੰ ਕਿਹਾ ਕਿ ਪ੍ਰਸ਼ਾਦ ਏਥੇ ਛੱਡ ਕੇ ਤੁਸੀਂ ਜਾਉ। ਇਸ ਵਾਰੀ ਹਜ਼ੂਰ ਨੇ ਪ੍ਰਸ਼ਾਦ ਵਾਲੀ ਟੋਕਰੀ ਵਿੱਚ ਇਕ ਮਿੰਟ ਤੋਂ ਵੀ ਵੱਧ ਤਵਜੋਂ ਦਿਤੀ ਅਤੇ ਕਿਹਾ, ਜਿਹੜੇ ਵਾਪਸ ਕੰਮ ਕਰਨ ਜਾ ਰਹੇ ਹਨ, ਉਨ੍ਹਾਂ ਤੋਂ ਬਿਨਾਂ ਹੋਰ ਕਿਸੇ ਨੂੰ ਪ੍ਰਸ਼ਾਦ ਨਹੀਂ ਦਿਤਾ ਜਾਵੇ।

ਮੇਰੀ ਆਮ ਹੀ ਆਦਤ ਹੈ ਕਿ ਮੈਂ ਪ੍ਰਸ਼ਾਦ ਸਭ ਤੋਂ ਪਿਛੋਂ ਲੈਂਦਾ ਹਾਂ। ਮੈਂ ਅਤੇ ਮੇਰੀ ਪਤਨੀ ਨੇ ਸਭ ਤੋਂ ਪਿਛੋਂ ਪ੍ਰਸ਼ਾਦ ਲਿਆ। ਹਜ਼ੂਰ ਨੇ ਪ੍ਰਸ਼ਾਦ ਦਿੰਦਿਆਂ ਹੋਇਆਂ, ਸਾਡੀਆਂ ਅੱਖਾਂ ਵਿੱਚ ਵੇਖਦਿਆਂ ਹੋਇਆ ਕਈ ਬੁੱਕ ਭਰ-ਭਰ ਕੇ ਪ੍ਰਸ਼ਾਦ ਦਿਤਾ। ਅਸਾਂ ਛੁੱਟੀ ਮੰਗੀ, ਪ੍ਰੰਤੂ ਹਜ਼ੂਰ ਨੇ ਕਿਹਾ,

“ਡਾਕਟਰ! ਮੈਨੂੰ ਇਕ ਜ਼ਰੂਰੀ ਕੰਮ ਹੈ।
ਇਸ ਲਈ ਤੂੰ 20 ਅਗਸਤ ਤੋਂ ਪਹਿਲਾਂ ਜ਼ਰੂਰ ਏਥੇ ਹੋਣਾ ਚਾਹੀਦਾ ਹੈ”।

ਭਾਵੇਂ ਹਜ਼ੂਰ ਦੀ ਸਿਹਤ ਚੰਗੀ ਨਹੀਂ ਸੀ, ਫਿਰ ਵੀ ਉਨ੍ਹਾਂ ਨੇ ਮੈਨੂੰ ਕੁਝ ਇਹੋ ਜਿਹੀਆਂ ਭੇਦ ਭਰੀਆ ਗੱਲਾਂ ਦਸੀਆਂ, ਜਿਸ ਦੀ ਚਿੰਤਾ ਅਤੇ ਡਰ ਦੇ ਨਾਲ ਮੇਰਾ ਦਿਲ ਕੰਬ ਉਠਿਆ। ਮੈਂ ਉਸ ਤਾਰੀਖ ਤੱਕ ਉਨ੍ਹਾਂ ਦੇ ਕੋਲ ਰਹਿਣ ਲਈ ਪ੍ਰਾਰਥਨਾ ਕੀਤੀ, ਪ੍ਰੰਤੂ ਹਜ਼ੂਰ ਨੇ ਮੇਰੀ ਇਸ ਇੱਛਾ ਨੂੰ ਸਵੀਕਾਰ ਨਾ ਕੀਤਾ। ਜਦੋਂ ਅਸੀਂ ਪੌੜੀਆਂ ਤੋਂ ਹੇਠਾਂ ਉਤਰ ਰਹੇ ਸਾਂ ਤਾਂ ਮੈਂ ਪਿਛੇ ਮੁੜ ਕੇ ਵੇਖਿਆ, ਤਾਂ ਹਜ਼ੂਰ ਸਾਡੇ ਵੱਲ ਵੇਖ ਰਹੇ ਸਨ ਅਤੇ ਉਨ੍ਹਾਂ ਦੀਆਂ ਅੱਖਾਂ ਅੱਥਰੂਆਂ ਨਾਲ ਭਰੀਆਂ ਹੋਈਆਂ ਸਨ। ਇਹ ਪਹਿਲੀ ਵਾਰ ਸੀ, ਜਦੋਂ ਮੈਂ ਆਪਣੇ ਆਪ ਨੂੰ ਏਨਾ ਉਦਾਸ ਅਨੁਭਵ ਕਰ ਰਿਹਾ ਸਾਂ ਅਤੇ ਵਿਛੜਨ ਦੀਆਂ ਸੋਚਾਂ ਵਿੱਚ ਹੀ ਗੋਤੇ ਖਾ ਰਿਹਾ ਸਾਂ। ਮੈਂ ਸੋਚਦਾ-ਸੋਚਦਾ ਡੂੰਘੇ ਵਹਿਣਾਂ ਵਿੱਚ ਵਹਿ ਗਿਆ ਅਤੇ ਮੇਰੀ ਸੋਚ ਦਾ ਤਾਣਾ-ਬਾਣਾ ਹੋਰ ਉਲਝਦਾ ਗਿਆ। ਇਸ ਲਈ ਮੈਂ ਕਿਸੇ ਵੀ ਸਿੱਟੇ ਤੇ ਪਹੁੰਚਣ ਤੋਂ ਅਸਮਰਥ ਸਾਂ, ਕਿਉਂਕਿ ਮੇਰੇ ਹਿਰਦੇ ਵਿੱਚ ਉਹ ਸਾਰੀਆਂ ਗੱਲਾਂ ਬਾਰ-ਬਾਰ ਚੇਤੇ ਆ ਰਹੀਆਂ ਸਨ, ਜਿਹੜੀਆਂ ਹਜ਼ੂਰ ਨੇ ਦਿੱਲੀ ਵਿੱਚ ਮੇਰੇ ਨਾਲ ਕੀਤੀਆਂ ਸਨ।

17 ਅਗਸਤ ਨੂੰ ਬੀਬੀ ਲਾਜੋ, ਜੋ ਕਿ ਹਜ਼ੂਰ ਬਾਬਾ ਸਾਵਨ ਸਿੰਘ ਜੀ ਦੀ ਪਿਆਰੀ ਸ਼ਿਸ਼ ਸੀ, ਉਹ ਮਹਾਰਾਜ ਜੀ ਦਾ ਅਤੇ ਤਾਈ ਜੀ ਦਾ ਸੁਨੇਹਾ ਲੈ ਕੇ ਅੰਮ੍ਰਿਤਸਰ ਆਈ।

( ਨੋਟ : ਬੀਬੀ ਲਾਜੋ ਆਪਣੇ ਕਿਸੇ ਰਿਸ਼ਤੇਦਾਰ ਦੀ ਪਤਨੀ, ਜੋ ਕਿ ਬੱਚਾ ਪੈਦਾ ਕਰਨ ਦੇ ਯੋਗ ਨਹੀਂ ਸੀ, ਉਸ ਦੀ ਦਵਾਈ ਸਬੰਧੀ ਹਜ਼ੂਰ ਕੋਲ ਗਈ ਸੀ। )

 ਮਹਾਰਾਜ ਜੀ ਨੇ ਉਸ ਨੂੰ ਕਿਹਾ, “ਤੁਸੀਂ ਉਥੇ ਡਾਕਟਰ ਨੂੰ ਮਿਲਣਾ, ਉਹ ਤੁਹਾਨੂੰ ਦਵਾਈ ਬਾਰੇ ਦਸੇਗਾ”। ਤਾਈ ਜੀ ਨੇ ਉਸ ਨੂੰ ਕਿਹਾ, “ਹਜ਼ੂਰ ਕਮਜ਼ੋਰ ਹੁੰਦੇ ਜਾ ਰਹੇ ਹਨ, ਹਰਭਜਨ ਸਿੰਘ ਨੂੰ ਕਹਿਣਾ ਛੇਤੀ ਆਉਣ”।

18 ਅਗਸਤ, 1974 ਦੀ ਅੱਧੀ ਰਾਤ ਨੂੰ ਮੈਂ ਆਪਣੇ ਹਸਪਤਾਲ ਵਿੱਚ ਡਾਕਟਰ ਦੀ ਮਦਦ ਲਈ ਗਿਆ। ਜਦੋਂ ਮੈਂ ਵਾਪਸ ਆਇਆ ਤਾਂ ਆਪਣੇ ਬਿਸਤਰੇ ਉਤੇ ਸੌਣ ਲਈ ਬੈਠਾ, ਤਾਂ ਮੈਨੂੰ ਇਸ ਤਰ੍ਹਾਂ ਅਨੁਭਵ ਹੋਇਆ ਕਿ ਜਿਵੇਂ ਮੇਰੇ ਮੋਢੇ ਕੋਈ ਦਬਾ ਰਿਹਾ ਹੈ। ਮੈਂ ਅਰਾਮ ਕਰਨਾ ਚਾਹੁੰਦਾ ਸਾਂ, ਪ੍ਰੰਤੂ ਮੈਂ ਕੀ ਵੇਖਿਆ ਕਿ, ਹਜ਼ੂਰ ਮੇਰੇ ਬਿਸਤਰੇ ਦੇ ਲਾਗੇ ਖੜ੍ਹੇ ਹਨ। ਹਜ਼ੂਰ ਨੇ ਮੈਨੂੰ ਕਿਹਾ, “ਸਾਨੂੰ ਆਪਸ ਵਿੱਚ ਮਿਲਿਆਂ ਨੂੰ ਕਾਫੀ ਸਮਾਂ ਹੋ ਗਿਆ ਹੈ। ਮੇਰੇ ਚਿਹਰੇ ਵੱਲ ਵੇਖੋ (ਜੋ ਫਿੱਕਾ ਅਤੇ ਪੀਲਾ ਸੀ) ਅਤੇ ਛੇਤੀ ਆਉ”।

ਹੁਣ ਮੈਂ ਸੋਚਾਂ ਦੇ ਸਮੁੰਦਰ ਵਿੱਚ ਡੁੱਬਦਾ ਜਾ ਰਿਹਾ ਸਾਂ, ਪ੍ਰੰਤੂ ਮੈਨੂੰ ਇਸ ਵਿੱਚੋ ਨਿਕਲਣ ਦਾ ਕੋਈ ਰਾਹ ਨਹੀਂ ਲੱਭ ਰਿਹਾ ਸੀ। ਮੈਂ ਹਜ਼ੂਰ ਦੇ ਕਮਰੇ ਵੱਲ ਭਜਨ-ਸਿਮਰਨ ਤੇ ਬੈਠਣ ਲਈ ਤੁਰ ਪਿਆ। ਹਜ਼ੂਰ ਦੇ ਕਮਰੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ, ਇਕ ਲੱਕੜ ਦਾ ਟੁੱਕੜਾ, ਜੋ ਦਰਵਾਜ਼ੇ ਦੇ ਲਾਗੇ ਹੀ ਪਿਆ ਸੀ, ਉਹ ਮੇਰੇ ਪੈਰ ਤੇ ਡਿੱਗਾ ਅਤੇ ਪੈਰ ਜ਼ਖ਼ਮੀ ਹੋ ਗਿਆ। ਪੈਰ ਵਿਚੋਂ ਖੂਨ ਵਗਦੇ-ਵਗਦੇ ਮੈਂ ਮਹਾਰਾਜ ਜੀ ਦੇ ਕਮਰੇ ਵਿੱਚ ਚਲਾ ਗਿਆ। ਇਸ ਦਿਨ ਭਜਨ-ਸਿਮਰਨ ਤੇ ਬੈਠਣ ਦੇ ਛੇਤੀ ਹੀ ਪਿਛੋਂ ਹਜ਼ੂਰ ਦੇ ਦਰਸ਼ਨ ਹੋ ਗਏ ਅਤੇ ਉਨ੍ਹਾਂ ਕਿਹਾ, “Now I have given you a wound — ਭਾਵ ਮੈਂ ਤੈਨੂੰ ਇਕ ਜ਼ਖ਼ਮ ਦਿਤਾ ਹੈ, ਤੂੰ ਮੁਕਾਬਲਾ ਕਰਕੇ ਵੇਖੀਂ, ਕਿ ਪੈਰ ਦੇ ਜ਼ਖ਼ਮ ਦੀ ਪੀੜ ਜ਼ਿਆਦਾ ਹੈ ਜਾਂ ਦਿਲ ਦੇ ਜ਼ਖ਼ਮ ਦੀ ਪੀੜ ਜ਼ਿਆਦਾ ਹੈ”।

ਮੇਰੀ ਹਾਲਤ ਉਸ ਨਿੱਕੇ ਜਿਹੇ ਗੁੰਮ ਹੋਏ ਬੱਚੇ ਵਰਗੀ ਸੀ, ਜੋ ਰੋਂਦਾ ਅਤੇ ਭਟਕਦਾ ਫਿਰਦਾ ਹੈ, ਪਰ ਉਸਨੂੰ ਮਾਂ ਨਹੀਂ ਲੱਭਦੀ।

19 ਅਗਸਤ, 1974 ਨੂੰ ਸਭ ਤੋਂ ਪਹਿਲਾਂ ਚਲਣ ਵਾਲੀ ਟਰੇਨ, ਜੋ ਮੇਰੇ ਹਰਮਨ ਪਿਆਰੇ ਕੁਲ-ਮਾਲਕ ਕੋਲ ਲੈ ਜਾ ਸਕਦੀ ਸੀ, ਉਹ ਦੁਪਹਿਰ ਦੇ 12.30 ਤੇ ਚੱਲਣ ਵਾਲੀ ਸੀ। ਮੈਨੂੰ ਆਪਣੇ ਆਪ ਦੀ ਕੋਈ ਸੁਧ-ਬੁੱਧ ਨਹੀਂ ਸੀ, ਏਥੋਂ ਤੱਕ ਕਿ ਕਾਰ ਚਲਾਉਣੀ ਵੀ ਮੇਰੇ ਲਈ ਬਹੁਤ ਔਖੀ ਸੀ।

ਮਹਾਰਾਜ ਜੀ ਨੇ ਦਵਾਈ ਖਾਣ ਤੋਂ ਇਨਕਾਰ ਕਰ ਦਿਤਾ

ਹਜ਼ੂਰ ਦੀ ਹਾਲਤ ਖਰਾਬ ਹੋ ਰਹੀ ਸੀ, ਇਸ ਲਈ ਸਾਰਿਆਂ ਨੇ ਮਹਾਰਾਜ ਜੀ ਨੂੰ ਦਵਾਈ ਖਾਣ ਲਈ ਬਾਰ-ਬਾਰ ਬੇਨਤੀ ਕੀਤੀ, ਪ੍ਰੰਤੂ ਹਜ਼ੂਰ ਦਵਾਈ ਖਾਣ ਤੋਂ ਇਨਕਾਰ ਕਰਦੇ ਰਹੇ। ਹਜ਼ੂਰ ਨੇ ਉਨ੍ਹਾਂ ਨੂੰ ਕਿਹਾ, “ਡਾਕਟਰ ਹਰਭਜਨ ਸਿੰਘ ਨੇ ਮੈਨੂੰ ਕਿਹਾ ਹੈ ਕਿ ਐਲੋਪੈਥਿਕ ਦਵਾਈ ਨਹੀਂ ਲੈਣੀ। ਉਹ ਅੱਜ ਜ਼ਰੂਰ ਆ ਜਾਵੇਗਾ ਇਸ ਲਈ ਤੁਸੀਂ ਉਸ ਦੀ ਓਨਾਂ ਚਿਰ ਇੰਤਜ਼ਾਰ ਕਰੋ”। ਕੁਝ ਕੁ ਮੈਂਬਰ ਹਜ਼ੂਰ ਦੇ ਬਹੁਤ ਹੀ ਨੇੜੇ ਸਨ, ਉਨ੍ਹਾਂ ਨੇ ਇਕ ਸਪੈਸ਼ਲਿਸ਼ਟ ਡਾਕਟਰ ਲਿਆਂਦਾ, ਜਿਸ ਨੇ (swallow) ਦੀਆਂ ਚਾਰ ਗੋਲੀਆ ਮਹਾਰਾਜ ਨੂੰ ਇਕੱਠੀਆਂ ਖਾਣ ਲਈ ਕਿਹਾ।

( ਨੋਟ: ਇਹ ਉਸ ਕਿਸਮ ਦੀ ਦਵਾਈ ਸੀ, ਜਿਸ ਨੂੰ ਬਾਬਾ ਜੈਮਲ ਸਿੰਘ ਜੀ ਹੁਰੀਂ ਅੰਤਰ ਵਿੱਚ ਖਾਣ ਦੀ ਮਨਾਹੀ ਕੀਤੀ ਸੀ। )

ਹਜ਼ੂਰ ਨੇ ਇਸ ਦਵਾਈ ਨੂੰ ਖਾਣ ਤੋਂ ਨਾਂਹ ਕਰ ਦਿਤੀ, ਪ੍ਰੰਤੂ ਸਾਰਿਆਂ ਨੇ ਮਹਾਰਾਜ ਜੀ ਨੂੰ ਕਿਹਾ, “ਡਾ: ਹਰਭਜਨ ਸਿੰਘ ਤਾਂ ਬਹੁਤ ਹੀ ਛੋਟਾ ਡਾਕਟਰ ਹੈ, ਉਹ ਆਮ ਤੌਰ ਤੇ ਜੜੀਆਂ ਬੂਟੀਆਂ ਤੋਂ ਤਿਆਰ ਹੋਈਆਂ ਦਵਾਈਆਂ ਹੀ ਵਰਤਦਾ ਹੈ, ਹੋਰ ਇਸ ਤੋਂ ਵੱਧ ਉਹ ਕੀ ਜਾਣਦਾ ਹੈ”? ਪ੍ਰੰਤੂ ਹਜ਼ੂਰ ਨੇ ਕਿਹਾ, “ਨਹੀਂ, ਉਹ ਰੱਬ ਦਾ ਡਾਕਟਰ ਹੈ (No, he is God’s Doctor)”। ਸਾਰੇ ਮੈਂਬਰਾਂ ਨੇ ਪਿਆਰ ਨਾਲ ਹਜ਼ੂਰ ਨੂੰ ਦਵਾਈ ਖਾਣ ਲਈ ਮਜਬੂਰ ਕਰ ਦਿਤਾ, ਤਾਂ ਆਖਰ ਹਜ਼ੂਰ ਨੇ ਚਾਰ ਗੋਲੀਆਂ ਇਕੋ ਵਾਰੀ ਖਾ ਲਈਆਂ।

ਮਹਾਰਾਜ ਜੀ ਦੇ ਸਰੀਰ ਵਿੱਚ ਜਲਣ ਸ਼ੁਰੂ

ਦਵਾਈ ਖਾਣ ਦੇ ਪੰਦਰਾਂ ਮਿੰਟਾਂ ਪਿਛੋਂ ਹਜ਼ੂਰ ਦੇ ਸਾਰੇ ਸਰੀਰ ਵਿੱਚ ਅੱਗ ਦੀ ਤਰ੍ਹਾਂ ਸਾੜ ਸ਼ੁਰੂ ਹੋ ਗਿਆ। ਇਸ ਸਭ ਕੁਝ ਨੂੰ ਝਲਦਿਆਂ ਹੋਇਆਂ ਵੀ, ਹਜ਼ੂਰ ਨੇ ਕਿਸੇ ਵਿਅਕਤੀ ਕੋਲੋਂ ਵੀ ਕਿਸੇ ਹੋਰ ਚੀਜ਼ ਦੀ ਮੰਗ ਨਾ ਕੀਤੀ।

ਜਦੋਂ ਮੈਂ ਆਸ਼ਰਮ ਪਹੁੰਚਾ ਤਾਂ ਮੈਂ ਹਜ਼ੂਰ ਨੂੰ ਵੇਖਿਆ, ਅਤੇ ਮੈਨੂੰ ਇਹ ਦਸਿਆ ਗਿਆ ਕਿ ਹਜ਼ੂਰ ਨੂੰ ਅੰਗਰੇਜ਼ੀ ਦਵਾਈ ਦੀਆਂ ਇਹ ਗੋਲੀਆਂ ਦਿਤੀਆਂ ਗਈਆਂ ਹਨ।

19 ਅਗਸਤ, 1974

19 ਤਾਰੀਖ ਦੀ ਸਾਰੀ ਰਾਤ ਮੈਂ ਹਜ਼ੂਰ ਦੇ ਕੋਲ ਰਿਹਾ, ਪ੍ਰੰਤੂ ਹਜ਼ੂਰ ਨੇ ਆਪਣੀਆਂ ਅੱਖਾਂ ਬੰਦ ਰੱਖੀਆਂ। ਭਾਵੇਂ ਡਾਕਟਰਾਂ ਨੇ ਗੁਲੂਕੋਜ਼ ਲਗਾਇਆ ਹੋਇਆ ਸੀ, ਫਿਰ ਵੀ ਉਨ੍ਹਾਂ ਦਾ ਸਾਰਾ ਸਰੀਰ ਸਾੜ ਮਹਿਸੂਸ ਕਰ ਰਿਹਾ ਸੀ।

20 ਅਗਸਤ, 1974

ਹਜ਼ੂਰ ਨੂੰ ਹਸਪਤਾਲ ਲੈ ਜਾਣ ਲਈ ਬਾਰ-ਬਾਰ ਕਿਹਾ ਜਾ ਰਿਹਾ ਸੀ, ਪ੍ਰੰਤੂ ਹਰ ਵਾਰ ਹਜ਼ੂਰ ਕਹਿੰਦੇ, “ਮੈਨੂੰ ਕੋਈ ਮੁਸ਼ਕਲ ਨਹੀਂ, ਜੇਕਰ ਤੁਹਾਡੇ ਵਿਚੋਂ ਕਿਸੇ ਨੂੰ ਵੀ ਕੋਈ ਮੁਸ਼ਕਲ ਹੈ ਤਾਂ ਮੈਨੂੰ ਦਸੋ, ਮੇਰੇ ਕੋਲ ਉਸ ਦਾ ਇਲਾਜ ਹੈ”।

20 ਅਗਸਤ, 1974 ਨੂੰ ਸ਼ਾਮ ਦੇ 3 ਵਜੇ ਤੋਂ ਪਿੱਛੋਂ

ਵਲਿੰਗਟਨ ਹਸਪਤਾਲ ਵਿੱਚੋਂ ਇਕ ਡਾਕਟਰ ਨੂੰ ਬੁਲਾਇਆ ਗਿਆ ਅਤੇ ਉਸ ਨੇ ਹਸਪਤਾਲ ਵਿੱਚ ਦਾਖਲ ਕਰਾਉਣ ਦੀ ਸਲਾਹ ਦਿਤੀ। ਹਜ਼ੂਰ ਨੇ ਕਿਹਾ, “ਤੁਸੀਂ ਡਾਕਟਰ ਨੂੰ ਬੁਲਾ ਲਿਆ ਹੈ, ਹੁਣ ਮੈਂ ਜ਼ਰੂਰ ਜਾਵਾਂਗਾ”।

( ਨੋਟ: ਹਜ਼ੂਰ ਕਦੇ ਵੀ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰਦੇ ਸਨ। )

20 ਅਗਸਤ, 1974 ਨੂੰ 3.30 ਦੀ ਸ਼ਾਮ ਸਮੇਂ

ਹਜ਼ੂਰ ਨੂੰ ਕੁਰਸੀ ਦੀ ਮਦਦ ਨਾਲ ਹੇਠਾਂ Mercedes Car (ਉਨ੍ਹਾਂ ਦੀ ਆਪਣੀ ਕਾਰ) ਤੱਕ ਲਿਆਂਦਾ ਗਿਆ, ਜਿਥੇ ਉਨ੍ਹਾਂ ਨੂੰ ਉਸ ਦੀ ਪਹਿਲੀ ਸੀਟ ਉਤੇ ਬੈਠਾ ਦਿਤਾ ਗਿਆ।

ਹਜ਼ੂਰ ਨੇ ਉਨ੍ਹਾਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਉਹ ਸਾਰੇ ਆਸ਼ਰਮ ਵਿਚੋਂ ਵਾਪਸ ਆਪਣੇ-ਆਪਣੇ ਘਰਾਂ ਨੂੰ ਚਲੇ ਜਾਣ। ਫਿਰ ਹਜ਼ੂਰ ਨੇ ਕਿਹਾ, “ਮੈਂ ਹਸਪਤਾਲ ਜਾ ਰਿਹਾ ਹਾਂ, ਜਿਹੜੇ ਕਾਰ ਵਿੱਚ ਮੇਰੇ ਨਾਲ ਹਨ, ਇਹਨਾਂ ਤੋਂ ਸਿਵਾਏ ਹੋਰ ਕੋਈ ਵੀ ਵਿਅਕਤੀ ਹਸਪਤਾਲ ਵਿੱਚ ਨਾ ਜਾਵੇ”।

( ਨੋਟ: ਉਸ ਵੇਲੇ ਹਜ਼ੂਰ ਦੇ ਨਾਲ, ਉਹਨਾਂ ਦਾ ਡਰਾਈਵਰ, ਤਾਈ ਜੀ ਅਤੇ ਮੈਂ ਸਾਂ। )

ਹਜ਼ੂਰ ਵਲਿੰਗਟਨ ਹਸਪਤਾਲ ਵਿੱਚ

ਗਰਮੀ ਪੂਰੇ ਜ਼ੋਰਾਂ ਤੇ ਸੀ, ਪ੍ਰੰਤੂ ਅਚਾਨਕ ਬਾਰਸ਼ ਸ਼ੁਰੂ ਹੋ ਗਈ ਅਤੇ ਅੱਧੇ ਘੰਟੇ ਵਿੱਚ ਹੀ ਮੌਸਮ ਚੰਗਾ ਹੋ ਗਿਆ। ਅਸੀਂ ਇਸ ਨੂੰ ਬਹੁਤ ਚੰਗਾ ਚਿੰਨ੍ਹ ਸਮਝਿਆ। ਛੇਤੀ ਹੀ ਡਾਕਟਰ ਨੇ ਨਾੜ ਵਿੱਚ ਗੁਲੂਕੋਜ਼ ਲਗਾ ਦਿਤਾ। ਮੈਂ ਹਜ਼ੂਰ ਦੇ ਬਿਸਤਰੇ ਦੇ ਲਾਗੇ ਹੀ ਬੈਠਾ ਸਾਂ, ਪ੍ਰੰਤੂ ਹਜ਼ੂਰ ਨੇ ਆਪਣੀਆਂ ਅੱਖਾਂ ਬੰਦ ਕਰ ਰੱਖੀਆਂ ਅਤੇ ਕਿਸੇ ਵੱਲ ਵੀ ਨਾ ਵੇਖਿਆ। ਡਾਕਟਰਾਂ ਦੀ ਲਿਖੀ ਹੋਈ ਦਵਾਈ ਪਹੁੰਚਣ ਵਿੱਚ ਦੇਰੀ ਹੋ ਰਹੀ ਸੀ, ਇਸ ਲਈ ਮੈਂ ਡਾਕਟਰ ਨੂੰ ਸਲਾਹ ਦਿਤੀ ਕਿ ਮੈਨੂੰ ਇਹ ਦਵਾਈ ਲਿਆਉਣ ਲਈ ਆਗਿਆ ਦਿਉ। ਉਸੇ ਵੇਲੇ ਹਜ਼ੂਰ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਆਪਣੀਆਂ ਅੱਖਾਂ ਰਾਹੀਂ ਮੈਨੂੰ ਇਸ਼ਾਰਾ ਕੀਤਾ ਕਿ ਨਹੀਂ ਜਾਣਾ ਮੈਂ ਬਹੁਤ ਖੁਸ਼ੀ ਅਨੁਭਵ ਕੀਤੀ ਅਤੇ ਮਹਿਸੂਸ ਕੀਤਾ ਕਿ ਹਜ਼ੂਰ ਹੁਣ ਠੀਕ ਹਨ।

ਹਜ਼ੂਰ ਨੇ ਆਪਣੀਆਂ ਅੱਖਾਂ ਫਿਰ ਬੰਦ ਕਰ ਲਈਆਂ। ਕਈ ਵਾਰੀ ਹਜ਼ੂਰ ਜਿਹੜੀ ਗੁਲੂਕੋਜ਼ ਦੀ ਨਾਲੀ, ਜੋ ਨਾੜੀ ਵਿੱਚ ਲੱਗੀ ਹੋਈ ਸੀ, ਉਸ ਨੂੰ ਕੱਢਣ ਦਾ ਯਤਨ ਕਰਦੇ। ਹਰ ਵਾਰੀ ਮੈਂ ਕਿਹਾ, “ਹਜ਼ੂਰ! ਇਹ ਗੁਲੂਕੋਜ਼ ਦੇਣ ਲਈ ਹੈ”। ਹਜ਼ੂਰ ਹਰ ਵਾਰ ਕਹਿੰਦੇ “Okay no fear” ਠੀਕ ਹੈ, ਡਰੋ ਨਹੀਂ।

ਹਜ਼ੂਰ ਦੇ ਕੋਲ ਬੈਠਾ ਮੈਂ ਹਜ਼ੂਰ ਅੱਗੇ ਹੀ ਪ੍ਰਾਰਥਨਾ ਕਰੀ ਜਾ ਰਿਹਾ ਸੀ, ਪ੍ਰੰਤੂ ਮੈਂ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਨਹੀਂ ਕਰ ਸਕਦਾ ਸਾਂ। ਹਜ਼ੂਰ ਦੀ ਹਾਲਤ ਪਹਿਲਾਂ ਨਾਲੋਂ ਕੁਝ ਚੰਗੀ ਸੀ ਅਤੇ ਕਈ ਵਾਰੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਹਜ਼ੂਰ ਅਰਾਮ ਕਰ ਰਹੇ ਹਨ। ਏਸੇ ਤਰ੍ਹਾਂ ਹੀ ਸਾਰੀ ਰਾਤ ਲੰਘ ਗਈ।

21 ਅਗਸਤ, 1974

ਸਵੇਰੇ ਹਜ਼ੂਰ ਨੇ ਆਪਣੀਆਂ ਅੱਖਾਂ ਖੋਲ੍ਹੀਆਂ। ਉਸ ਵੇਲੇ ਮੈਂ ਛੇਤੀ ਨਾਲ ਉਨ੍ਹਾਂ ਲਈ ਪਾਣੀ ਦਾ ਗਲਾਸ ਲਿਆਇਆ। ਮਹਾਰਾਜ ਜੀ ਨੇ ਕਿਹਾ, “It is time for tea — ਇਹ ਚਾਹ ਦਾ ਵੇਲਾ ਹੈ”। ਇਸ ਵੇਲੇ ਮੇਰੇ ਲਾਗੇ ਤਾਈ ਜੀ, ਹਰਚਰਨ ਸਿੰਘ, ਪੁਸ਼ਪਾ, ਬਲਵੰਤ ਸਿੰਘ ਅਤੇ ਹਜ਼ੂਰ ਦਾ ਡਰਾਈਵਰ ਉਥੇ ਸੀ। ਸਾਨੂੰ ਸਾਰਿਆਂ ਨੂੰ ਇਹ ਸੋਚ ਕੇ ਬਹੁਤ ਖੁਸ਼ੀ ਹੋਈ, ਕਿ ਹਜ਼ੂਰ ਹੁਣ ਠੀਕ ਹੋ ਰਹੇ ਹਨ। ਅਸੀਂ ਉਸੇ ਵੇਲੇ ਹਜ਼ੂਰ ਲਈ ਚਾਹ ਲੈ ਆਏ, ਪ੍ਰੰਤੂ ਹਜ਼ੂਰ ਨੇ ਪੀਣ ਤੋਂ ਇਨਕਾਰ ਕਰ ਦਿਤਾ ਅਤੇ ਕਿਹਾ, “ਪਹਿਲਾਂ ਤੁਸੀਂ ਆਪਣਾ ਖਾਣਾ ਖਾਓ, ਫਿਰ ਮੈਂ ਚਾਹ ਪੀਵਾਂਗਾ”। ਅਸਾਂ ਸਾਰਿਆਂ ਨੇ ਉਨ੍ਹਾਂ ਦਾ ਹੁਕਮ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ ਅਤੇ ਅਸਾਂ ਸਾਰਿਆਂ ਨੇ ਖਾਣਾ ਖਾਧਾ। ਖਾਣਾ ਖਾਣ ਤੋਂ ਪਿਛੋਂ, ਫਿਰ ਹਜ਼ੂਰ ਲਈ ਚਾਹ ਮੰਗਵਾਈ, ਪ੍ਰੰਤੂ ਫਿਰ ਹਜ਼ੂਰ ਨੇ ਚਾਹ ਪੀਣ ਤੋਂ ਨਾਂਹ ਕਰ ਦਿਤੀ। ਅਸੀਂ ਉਸੇ ਵੇਲੇ ਫਿਰ ਚਿੰਤਾ ਵਿੱਚ ਡੁੱਬ ਗਏ ਅਤੇ ਹਜ਼ੂਰ ਨੇ ਆਪਣੀਆਂ ਅੱਖਾਂ ਫਿਰ ਬੰਦ ਕਰ ਲਈਆਂ। ਸਾਡੇ ਵਿਚੋਂ ਕੋਈ ਵੀ ਦੁਬਾਰਾ ਹਜ਼ੂਰ ਨੂੰ ਚਾਹ ਪੀਣ ਲਈ ਪੁੱਛਣ ਦੀ ਹਿੰਮਤ ਨਹੀਂ ਰੱਖਦਾ ਸੀ। ਡਾਕਟਰਾਂ ਨੇ ਕਿਹਾ, ਕਿ ਇਨ੍ਹਾਂ ਨੂੰ ਚਾਹ ਦੀ ਕੋਈ ਲੋੜ ਨਹੀਂ, ਕਿਉਂਕਿ ਇਨ੍ਹਾਂ ਨੂੰ ਟੀਕੇ ਰਾਹੀਂ ਹੀ ਸਾਰੀ ਖ਼ੁਰਾਕ ਮਿਲ ਰਹੀ ਹੈ।

ਇਕ ਮੈਂਬਰ ਨੂੰ ਹੀ ਅੰਦਰ ਆਉਣ ਦੀ ਆਗਿਆ ਮਿਲੀ

21 ਅਗਸਤ 1974 ਨੂੰ ਸਵੇਰ ਦੇ ਗਿਆਰਾਂ ਵਜੇ ਸ੍ਰੀ ਮਤੀ ਚੰਦਰ ਸ਼ੇਖਰ M.P. ਹਜ਼ੂਰ ਨੂੰ ਵੇਖਣ ਲਈ ਹਸਪਤਾਲ ਵਿੱਚ ਆਈ। ਉਸਨੂੰ ਵੇਖਦਿਆਂ ਹੀ ਹਜ਼ੂਰ ਨੇ ਆਪਣੀਆਂ ਅੱਖਾਂ ਖੋਲ੍ਹ ਲਈਆਂ ਅਤੇ ਬਿਸਤਰੇ ਤੇ ਬੈਠ ਗਏ ਭਾਵੇਂ ਕਿ ਉਨ੍ਹਾਂ ਨੂੰ ਨਾੜ ਵਿੱਚ ਡਰਿਪ ਲੱਗਾ ਹੋਇਆ ਸੀ। ਹਜ਼ੂਰ ਉਸ ਨੂੰ ਬੜੇ ਪਿਆਰ ਨਾਲ ਮਿਲੇ। ਅਤੇ ਦੋ ਮਿੰਟ ਪਿਛੋਂ ਉਹ ਚਲੇ ਗਏ। ਇਸ ਪਿਛੋਂ ਨਾ ਹੀ ਕਿਸੇ ਸ਼ਰਧਾਲੂ ਨੂੰ, ਨਾ ਹੀ ਕਿਸੇ ਹਜ਼ੂਰ ਦੇ ਪਰਵਾਰ ਦੇ ਮੈਂਬਰ ਨੂੰ ਅਤੇ ਨਾ ਹੀ ਕਿਸੇ ਹੋਰ ਨੂੰ, ਹਜ਼ੂਰ ਨੂੰ ਮਿਲਣ ਦੀ ਆਗਿਆ ਸੀ। ਸਾਰਿਆਂ ਨੇ ਹਜ਼ੂਰ ਦੇ ਹੁਕਮ ਦੀ ਪਾਲਣਾ ਕੀਤੀ। ਸ਼ਾਮ ਨੂੰ 2 ਵਜੇ ਤੋਂ ਪਿਛੋਂ ਹਜ਼ੂਰ ਦੀ ਹਾਲਤ ਬਹੁਤ ਖਰਾਬ ਹੋ ਗਈ ਅਤੇ ਡਾਕਟਰਾਂ ਨੇ ਕਿਹਾ ਕਿ ਇਨ੍ਹਾਂ ਦੇ ਬਾਹਰੀ ਚਿਹਨ-ਚੱਕਰਾਂ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਨੂੰ ਕੋਈ ਤਕਲੀਫ ਨਹੀਂ 

ਹਜ਼ੂਰ ਅੱਗੇ ਮੇਰੀ ਪ੍ਰਾਰਥਨਾ

ਮੈਂ ਇਸ ਵੇਲੇ ਚਿੰਤਾ ਦੇ ਡੂੰਘੇ ਸਮੁੰਦਰ ਦੀਆਂ ਲਹਿਰਾਂ ਵਿੱਚ ਗੋਤੇ ਖਾ ਰਿਹਾ ਸਾਂ ਅਤੇ ਆਖਰ ਕਾਰ ਮੈਂ ਹਜ਼ੂਰ ਅਗੇ ਪ੍ਰਾਰਥਨਾ ਕੀਤੀ, “ਭਵਿਖ ਵਿੱਚ ਮੈਂ ਉਹ ਹੀ ਕਰਾਂਗਾ, ਜੋ ਤੁਹਾਡੀ ਇੱਛਾ ਹੋਵੇਗੀ, ਸਾਡੇ ਉਤੇ ਤਰਸ ਕਰੋ ਅਤੇ ਤੰਦਰੁਸਤ ਹੋ ਜਾਉ”। ਉਸੇ ਵੇਲੇ ਮੈਂ ਅਨੁਭਵ ਕੀਤਾ ਕਿ ਮੇਰੀ ਪ੍ਰਾਰਥਨਾ ਸੱਚੀ ਸੀ। ਹਜ਼ੂਰ ਨੇ ਆਪਣੀਆਂ ਅੱਖਾਂ ਨੂੰ ਖੋਲ੍ਹਿਆ ਅਤੇ ਮੈਨੂੰ ਕਿਹਾ, “ਹਾਂ ਸਭ ਕੁਝ ਠੀਕ ਹੈ”।

ਛੇਤੀ ਹੀ ਤਾਈ ਜੀ ਆਏ ਅਤੇ ਹਜ਼ੂਰ ਵੱਲ ਵੇਖਦਿਆਂ ਹੋਇਆਂ ਉਨ੍ਹਾਂ ਨੇ ਰੋਂਦਿਆਂ ਹੋਇਆਂ ਹਜ਼ੂਰ ਤੋਂ ਪੁਛਿਆ, “ਤੁਹਾਡੇ ਪਿਛੋਂ ਸਾਡੀ ਰੱਖਿਆ ਕਰਨ ਵਾਲਾ ਕੌਣ ਹੋਵੇਗਾ”? ਹਜ਼ੂਰ ਨੇ ਆਪਣੀ ਉਂਗਲ ਉਪਰ ਉਠਾਈ ਅਤੇ ਕਿਹਾ,

“ਜੋ ਪਹਿਲਾਂ ਕਰਦਾ ਰਿਹਾ ਹੈ, ਉਹ ਅਗੇ ਵੀ ਕਰੇਗਾ।
ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਉਸ ਨੇ (ਕੁਲ-ਮਾਲਕ ਨੇ) ਸਭ ਕੁਝ ਕਰ ਦਿਤਾ ਹੈ”।

ਮੇਰੀਆਂ ਸਾਰੀਆਂ ਆਸਾਂ ਢਹਿ-ਢੇਰੀ ਹੋ ਗਈਆਂ ਅਤੇ ਮੈਂ ਬਾਰ-ਬਾਰ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿਤੀ। ਆਖਰਕਾਰ ਮੈਂ ਕਮਰੇ ਦੇ ਇਕ ਕੋਨੇ ਵਿੱਚ ਭਜਨ-ਸਿਮਰਨ ਤੇ ਬੈਠ ਗਿਆ। ਮੈਨੂੰ ਆਪਣੇ ਹਜ਼ੂਰ ਦੀ ਅਵਾਜ਼ ਮੇਰੇ ਕੰਨਾਂ ਵਿੱਚ ਸੁਣਾਈ ਦਿਤੀ, “Do not be worried, He will not leave you — ਚਿੰਤਾ ਨਾ ਕਰੋ, ਉਹ ਤੁਹਾਨੂੰ ਕਦੇ ਨਹੀਂ ਛਡੇਗਾ”। ਮੈਂ ਖੜ੍ਹਾ ਹੋ ਗਿਆ ਅਤੇ ਫਿਰ ਆਪਣੇ ਹਜ਼ੂਰ ਕੋਲ ਚਲਾ ਗਿਆ। ਜਿਸ ਵੇਲੇ ਮੈਂ ਜਾ ਕੇ ਖੜ੍ਹਾ ਹੋਇਆ, ਉਸੇ ਵੇਲੇ ਮੈਂ ਵੇਖਿਆ ਕਿ ਹਜ਼ੂਰ ਮੇਰੇ ਵੱਲ, ਵੱਡੀ ਲਾਲ ਅੱਖ ਨਾਲ ਜਿਵੇਂ ਚੜ੍ਹਦੇ ਸੂਰਜ ਦੀ ਲਾਲੀ ਹੁੰਦੀ ਹੈ, ਉਸ ਨਾਲ ਮੇਰੇ ਵੱਲ ਵੇਖ ਰਹੇ ਹਨ ਅਤੇ ਮੈਂ ਉਸੇ ਵੇਲੇ ਆਪਣੇ ਕੁਲ-ਮਾਲਕ ਅਗੇ ਸਿਰ ਝੁਕਾਇਆ। ਮੈਂ ਉਸੇ ਵੇਲੇ ਅਨੁਭਵ ਕੀਤਾ, ਕਿ ਇਹ ਇਕ ਉਨ੍ਹਾਂ ਦੇ ਜ਼ਰ-ਖਰੀਦ ਗੁਲਾਮ ਲਈ ਸਹਾਰਾ ਹੈ। ਜਿਵੇਂ ਕਿ ਮੈਂ ਬਹੁਤ ਵਾਰ ਸੋਚਿਆ ਸੀ, ਕਿ ਜੇਕਰ ਹਜ਼ੂਰ ਸਾਨੂੰ ਛੱਡ ਜਾਣਗੇ, ਤਾਂ ਦੁਨੀਆਂ ਵਿੱਚ ਮੇਰਾ ਸਹਾਰਾ ਖਤਮ ਹੋ ਜਾਵੇਗਾ, ਕਿਉਂਕਿ ਮੇਰੀਆਂ ਅੱਖਾਂ ਨੂੰ ਹੋਰ ਕਿਸੇ ਦੀਆਂ ਅੱਖਾਂ ਤੋਂ ਤਸੱਲੀ ਨਹੀਂ ਮਿਲੇਗੀ।

( ਨੋਟ: ਜੇਕਰ ਗੁਰੂ ਦੀ ਅੱਖ, ਸ਼ਿਸ਼ ਦੀ ਅੱਖ ਨਾਲ ਮਿਲ ਜਾਵੇ, ਤਾਂ ਉਹ ਇਕ ਹੋ ਜਾਂਦੀ ਹੈ ਅਤੇ ਸ਼ਿਸ਼ ਦੀ ਅੱਖ ਵਿੱਚ, ਗੁਰੂ ਦੀ ਅੱਖ ਵਾਲਾ ਸਰੂਰ ਭਰ ਜਾਂਦਾ ਹੈ, ਜਿਹੜਾ ਕਿ ਇਕ ਖਾਸ ਹਿਲੋਰ ਦਿੰਦਾ ਰਹਿੰਦਾ ਹੈ। )

21 ਅਗਸਤ, 1974 ਨੂੰ 5.00 ਵਜੇ ਸ਼ਾਮ ਤੋਂ ਪਿਛੋਂ

ਹਜ਼ੂਰਹਾਲਤ ਹੋਰ ਖਰਾਬ ਹੁੰਦੀ ਗਈ। ਡਾਕਟਰ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ 6.25 ਸ਼ਾਮ ਤੱਕ ਆਪਣੀ ਪੂਰੀ ਵਾਹ ਲਾਈ। ਮੈਨੂੰ ਇਕ ਅਨੋਖੀ ਤਰ੍ਹਾਂ ਦੀ ਹਿਲੋਰ ਮਹਿਸੂਸ ਹੋਈ, ਜਿਸ ਨੇ ਮੇਰੇ ਦੁਖੀ ਹਿਰਦੇ ਨੂੰ ਹੋਰ ਤੜਫਾ ਦਿਤਾ ਅਤੇ ਮੈਂ ਨਾਲ ਹੀ ਕੀ ਵੇਖਿਆ, ਕਿ ਸਾਰਾ ਕਮਰਾ ਸੁਨਹਿਰੀ ਰੋਸ਼ਨੀ ਨਾਲ ਚਮਕ ਰਿਹਾ ਹੈ ਅਤੇ ਕੁਝ ਤਾਕਤਾਂ ਹਜ਼ੂਰ ਦੇ ਸਵਾਗਤ ਲਈ ਖੜ੍ਹੀਆਂ ਹਨ।

ਸ਼ਾਮ ਦੇ 6.35 ਤੇ ਹਜ਼ੂਰ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ, ਫਿਰ ਉਨ੍ਹਾਂ ਨੇ ਆਪਣਾ ਮੂੰਹ ਆਪ ਹੀ ਘੁੱਟ ਕੇ ਬੰਦ ਕਰ ਲਿਆ, ਜਿਸ ਨੂੰ ਮੈਂ ਚੰਗੀ ਤਰ੍ਹਾਂ ਸਾਫ਼- ਸਾਫ਼ ਵੇਖਿਆ ਅਤੇ ਉਸੇ ਵੇਲੇ ਹੀ ਉਨ੍ਹਾਂ ਨੇ ਆਪਣਾ ਇਹ ਪੰਜ-ਭੌਤਿਕ ਸਰੀਰ ਤਿਆਗ ਦਿਤਾ।


ਵਾਪਸ ਜਾਓ ^
ਫੁਟਨੋਟ:

(1) ਰੂਹਾਨੀ ਸਤਿਸੰਗ ਸਾਵਨ ਆਸ਼ਰਮ ਵਿੱਚ ਪ੍ਰਬੰਧਕੀ ਕਮੇਟੀ ਦੇ ਸੱਤ ਮੈਂਬਰ ਸਨ। ਹਜ਼ੂਰ ਜਾਣਦੇ ਸਨ, ਕਿ ਇਹ ਸਾਰੇ ਦਰਸ਼ਨ ਸਿੰਘ ਦੀ ਮਦਦ ਕਰਨਗੇ ਅਤੇ ਉਸ ਨੂੰ ਹੀ ਰੂਹਾਨੀ-ਸਤਿਸੰਗ ਘਰ ਦਾ ਵਾਰਸ ਬਣਾਉਣਗੇ।
ਇਹੋ ਜਿਹਾ ਹੀ ਤਜਰਬਾ, ਉਹਨਾਂ ਨੂੰ ਆਪਣੇ ਗੁਰੂ ਬਾਬਾ ਸਾਵਨ ਸਿੰਘ ਜੀ ਮਹਾਰਾਜ ਦੇ ਚੋਲਾ ਛੱਡਣ ਤੋਂ ਪਿਛੋਂ ਹੋਇਆ ਸੀ।
ਹਜ਼ੂਰ ਨੇ ਪ੍ਰਬੰਧਕੀ ਕਮੇਟੀ ਵਿੱਚ 6 ਮੈਂਬਰ ਹੋਰ ਚੁਣੇ ਅਤੇ ਪ੍ਰਬੰਧਕੀ ਕਮੇਟੀ ਨੂੰ ਕਿਹਾ ਕਿ ਇਹਨਾਂ ਮੈਂਬਰਾਂ ਦਾ ਨਾਂ ਉਸ ਕਮੇਟੀ ਵਿੱਚ ਰਜਿਸਟਰ ਕਰਵਾ ਦਿਉ। ਭਾਵੇਂ ਹਜ਼ੂਰ ਨੇ ਉਹਨਾਂ ਨੂੰ ਕਈ ਵਾਰ ਚੇਤੇ ਕਰਵਾਇਆ, ਪ੍ਰੰਤੂ ਉਹਨਾਂ ਲੋਕਾਂ ਨੇ ਇਹ ਲਿਸਟ ਰਜਿਟਰੇਸ਼ਨ ਲਈ ਨਾ ਭੇਜੀ। ਇਸ ਤਰ੍ਹਾਂ ਹਜ਼ੂਰ ਦੇ ਦਿਲ ਵਿੱਚ ਪ੍ਰਬੰਧਕੀ ਕਮੇਟੀ ਦਾ ਵਿਸ਼ਵਾਸ ਖਤਮ ਹੋ ਗਿਆ। ਹਜ਼ੂਰ ਆਪਣਾ ਕੰਮ ਆਪਣੇ ਪਰਵਾਰ ਦੇ ਕਿਸੇ ਵੀ ਮੈਂਬਰ ਨੂੰ ਦੇਣ ਦੇ ਹੱਕ ਵਿੱਚ ਨਹੀਂ ਸਨ। ਹਜ਼ੂਰ ਦੇ ਸਤਿਸੰਗ ਦੀ ਟੇਪ ਵਿੱਚ ਅਤੇ ਮਹਾਂਵਾਰੀ ਰਸਾਲੇ ਵਿੱਚ ਹਜ਼ੂਰ ਦੀ ਸਟੇਟਮੈਂਟ ਇਸ ਤਰ੍ਹਾਂ ਹੈ, “None of my family members would succeed Me” — ਭਾਵ ਮੇਰੇ ਪਰਵਾਰ ਦਾ ਕੋਈ ਵੀ ਮੈਂਬਰ ਮੇਰੇ ਰੂਹਾਨੀ ਕੰਮ ਦਾ ਵਾਰਸ ਨਹੀਂ ਹੋਵੇਗਾ।

Scroll to Top