ਹਜ਼ੂਰ ਦੀ ਬਿਮਾਰੀ ਸਬੰਧੀ

ਕਿਤਾਬ ਦਾ ਅਧਿਆਇ “ਹਮੇਸ਼ਾ ਗੁਰੂ ਦੇ ਨਾਲ, ਭਾਗ ੧” ਡਾ: ਹਰਭਜਨ ਸਿੰਘ ਦੁਆਰਾ

ਡੇਹਰਾਦੂਨ ਦਾ ਕੰਮ

ਜਦੋਂ ਮਾਨਵ ਕੇਂਦਰ ਦਾ ਕੰਮ ਡੇਹਰਾਦੂਨ ਵਿੱਚ ਚਲ ਰਿਹਾ ਸੀ ਤਾਂ ਹਜ਼ੂਰ ਨਿਰਸਵਾਰਥ ਸੇਵਾ, ਸ਼ਰਧਾ ਅਤੇ ਗੁਰੂ ਦੀ ਮਿੱਠੀ ਪਿਆਰੀ ਯਾਦ ਵਿੱਚ ਰਹਿ ਕੇ ਕੰਮ ਕਰਨ ਤੇ ਜ਼ੋਰ ਦਿੰਦੇ। ਇਹ ਵੀ ਕਹਿੰਦੇ ਕਿ ਤੁਸੀਂ ਸਾਰੇ ਭੈਣ-ਭਰਾ ਹੋ। ਇਸ ਤਰ੍ਹਾਂ ਇਹ ਪਵਿੱਤਰ ਅਸਥਾਨ ਬਣਿਆ। ਇਹ ਆਉਣ ਵਾਲੀ ਪੀੜ੍ਹੀ ਲਈ, ਜੋ ਗੁਰੂ ਦੇ ਦੱਸੇ ਹੋਏ ਮਾਰਗ ਤੇ ਚਲਣਗੇ, ਉਹਨਾਂ ਲਈ ਚਾਨਣ-ਮੁਨਾਰਾ ਬਣ ਕੇ ਸਿਧ ਹੋਵੇਗਾ।

ਚੰਗੇ ਵਿਚਾਰ, ਚੰਗੇ ਕਾਰ-ਵਿਹਾਰ ਅਤੇ ਚੰਗੇ ਕੰਮ, ਗੁਰੂ ਦੇ ਮਿਸ਼ਨ ਲਈ ਅਮਿਟ ਚਿੰਨ੍ਹ ਛੱਡ ਜਾਂਦੇ ਹਨ। ਸੈਂਕੜੇ ਹੀ ਭੈਣਾਂ-ਭਰਾਵਾਂ ਨੇ ਇੱਥੇ ਕੰਮ ਕੀਤਾ, ਇਸ ਕਰਕੇ ਬਹੁਤ ਸਾਰਾ ਕੰਮ ਥੋੜ੍ਹੇ ਹੀ ਸਮੇਂ ਵਿੱਚ ਸਮਾਪਤ ਹੋ ਗਿਆ।

ਹਜ਼ੂਰ ਦਾ ਇੱਥੇ ਇਕ ਸਾਂਝੀ ਥਾਂ ਬਣਾਉਣ ਦਾ ਮਨੋਰਥ ਸੀ, ਤਾਂ ਕਿ ਸਾਰੇ ਭੈਣ- ਭਰਾ ਇੱਥੇ ਆ ਕੇ ਇਕੱਠੇ ਬੈਠ ਸਕਣ। ਹੁਣ ਇਥੇ ਇਕ ਸਰੋਵਰ ਸਥਿਤ ਹੈ। ਇਕ ਲਾਇਬ੍ਰੇਰੀ ਹੈ, ਤਾਂ ਕਿ ਹਰ ਧਰਮ ਦੇ ਲੋਕ ਬੈਠ ਕੇ ਇਹਨਾਂ ਨੂੰ ਪੜ੍ਹ ਸਕਣ। ਲੋੜਵੰਦਾਂ ਅਤੇ ਬਿਮਾਰਾਂ ਲਈ ਇਕ ਹਸਪਤਾਲ ਹੈ। ਇਕ ਬ੍ਰਿਧ ਆਸ਼ਰਮ ਹੈ, ਜੋ ਬਜ਼ੁਰਗਾਂ ਅਤੇ ਗਰੀਬਾਂ ਲਈ ਬਣਿਆ ਹੈ। ਇਕ ਸਕੂਲ, ਇਕ ਸਾਂਝਾ ਰਸੋਈ ਘਰ, ਇਕ ਬਹੁਤ ਹੀ ਸੋਹਣੀ ਸਤਿਸੰਗ ਕਰਨ ਵਾਲੀ ਸਟੇਜ ਹੈ। ਇਕ ਬਹੁਤ ਹੀ ਵੱਡਾ ਪਾਣੀ-ਪੀਣ ਵਾਲਾ ਤਲਾਅ ਹੈ। ਇਹ ਸਾਰੇ ਹੀ ਆਪਸ ਵਿੱਚ ਸੜਕਾਂ ਨਾਲ ਜੁੜੇ ਹੋਏ ਹਨ।

ਹਜ਼ੂਰ ਦੇ ਸਾਰੇ ਸਰੀਰ ਵਿੱਚ ਦਰਦਾਂ ਰਹਿੰਦੀਆਂ ਸਨ

ਕੁਝ ਸਾਲਾਂ ਤੋਂ ਹਜ਼ੂਰ ਨੂੰ ਸਾਰੇ ਸਰੀਰ ਵਿੱਚ ਦਰਦਾਂ ਰਹਿੰਦੀਆਂ ਸਨ। ਉਹ ਕਦੇ-ਕਦੇ ਹੋਮੋਪੈਥਿਕ ਦੀ ਦਵਾਈ ਖਾ ਲੈਂਦੇ ਸਨ, ਪ੍ਰੰਤੂ ਹੌਲੀ-ਹੌਲੀ ਦਰਦਾਂ ਹੋਰ ਵਧਦੀਆਂ ਗਈਆਂ। ਹਜ਼ੂਰ ਨੂੰ ਖਾਂਸੀ ਅਤੇ ਜ਼ੁਕਾਮ ਆਦਿ ਵੀ ਸੀ। ਗਲੇ ਵੱਧਣ ਕਰਕੇ ਹਜ਼ੂਰ ਨੂੰ ਖਾਂਸੀ ਅਤੇ ਜ਼ੁਕਾਮ ਆਮ ਤੌਰ ਤੇ ਜ਼ੋਰ ਕਰ ਜਾਂਦੇ ਸਨ।

ਹਜ਼ੂਰ ਨੇ ਆਪਣੀਆਂ ਦਰਦਾਂ ਦਾ ਕਾਰਨ ਦਸਿਆ

ਹਰ ਕਿਸਮ ਦੇ ਵੱਡੇ ਤੋਂ ਵੱਡੇ ਡਾਕਟਰਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਦਿਤੀਆਂ ਪ੍ਰੰਤੂ ਹਜ਼ੂਰ ਨੂੰ ਕਿਸੇ ਵੀ ਦਵਾਈ ਨਾਲ ਅਰਾਮ ਨਹੀਂ ਆ ਰਿਹਾ ਸੀ। ਹਜ਼ੂਰ ਨੇ ਇੱਕ ਦਿਨ ਮੈਨੂੰ ਕਿਹਾ ਕਿ ਕੋਈ ਚੰਗੀ ਜਿਹੀ ਦਵਾਈ ਲੱਭੋ ਪ੍ਰੰਤੂ ਦਵਾਈ ਨੂੰ ਲੱਭਣ ਤੋਂ ਪਹਿਲਾਂ ਮੈਂ ਹਜ਼ੂਰ ਨੂੰ ਪੁੱਛਿਆ “ਕੀ ਤੁਹਾਨੂੰ ਜੋੜਾਂ ਵਿੱਚ ਦਰਦ ਰਹਿੰਦੀ ਹੈ”? ਉਹਨਾਂ ਨੇ ਕਿਹਾ, “ਨਹੀਂ” — “ਕੀ ਤੁਹਾਨੂੰ (Muscular or local) ਪੱਠਿਆਂ ਦੀ ਜਾਂ ਹੋਰ ਲੋਕਲ ਦਰਦ ਹੈ”? ਉਹਨਾਂ ਕਿਹਾ, “ਨਹੀਂ” — “ਕੀ ਤੁਸੀਂ ਅਰਾਮ ਕਰਨ ਤੋਂ ਪਿਛੋਂ ਆਪਣੇ ਆਪ ਨੂੰ ਠੀਕ ਮਹਿਸੂਸ ਕਰਦੇ ਹੋ”? … “ਨਹੀਂ”। ਫਿਰ ਉਹਨਾਂ ਨੇ ਕਿਹਾ, “ਅਰਾਮ ਕਰਨ ਤੋਂ ਪਿਛੋਂ ਮੈਨੂੰ ਹੋਰ ਬੇ-ਅਰਾਮੀ ਹੋ ਜਾਂਦੀ ਹੈ ਅਤੇ ਮੇਰੀਆਂ ਦਰਦਾਂ ਹੋਰ ਵਧ ਜਾਂਦੀਆਂ ਹਨ”।

ਮੈਂ ਉਹਨਾਂ ਨੂੰ ਪੁੱਛਿਆ, “ਹਜ਼ੂਰ! ਕੀ ਇਹ ਠੀਕ ਹੈ ਕਿ, ਗੁਰੂ-ਪਾਵਰ ਜਦੋਂ ਅਰਾਮ ਕਰਦੀ ਹੈ, ਤਾਂ ਉਹ ਸੂਖਸ਼ਮ ਰੂਪ ਵਿੱਚ ਹਜ਼ਾਰਾਂ ਹੱਥਾਂ ਨਾਲ ਅਣ-ਗਿਣਤ ਅੰਤਰੀ ਅਤੇ ਬਾਹਰੀ ਕੰਮ ਕਰਦੀ ਹੈ, ਇਹ ਇਕ ਇਹੋ ਜਿਹਾ ਕੰਮ ਹੁੰਦਾ ਹੈ, ਜਿਸਨੂੰ ਸਮਰਥ-ਪੁਰਸ਼ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ”?

ਹਜ਼ੂਰ ਨੇ ਦਸਿਆ, ਕਿ ਜਿਥੇ ਵੀ ਇਕ ਸ਼ਿਸ਼ ਗਲਤੀ ਕਰਦਾ ਹੈ, ਮੈਨੂੰ ਉਥੇ ਹੀ ਉਸਦੇ ਪਾਪਾਂ ਦੀ ਸਜ਼ਾ ਭੁਗਤਣ ਲਈ ਜਾਣਾ ਪੈਂਦਾ ਹੈ।

(ਨੋਟ: ਸੰਨ 1963 ਵਿੱਚ ਹਜ਼ੂਰ ਨੂੰ U.S.A. ਵਿੱਚ ਪੁੱਛਿਆ ਗਿਆ, “ਕੀ ਏਥੇ ਤੀਜੀ ਜੰਗ (World-War) ਹੋਵੇਗੀ”? ਹਜ਼ੂਰ ਨੇ ਕਿਹਾ, “ਕੋਈ ਵੀ ਪਿਤਾ ਆਪਣੇ ਬੱਚਿਆਂ ਨੂੰ ਮਰਦਾ ਨਹੀਂ ਵੇਖ ਸਕਦਾ”।)

ਮੈਂ ਫਿਰ ਪੁੱਛਿਆ, “ਹਜ਼ੂਰ! ਤੁਹਾਡਾ ਇਕ ਸ਼ਿਸ਼ ਹੈ, ਉਹ ਭਜਨ ਸਿਮਰਨ ਵਿੱਚ ਬੈਠਿਆਂ ਅੰਤਰ ਵਿੱਚ ਤੁਹਾਨੂੰ ਵੇਖਦਾ ਹੈ, ਕਿ ਤੁਸੀਂ ਸਾਰੀ ਮਾਨਵ ਜਾਤੀ ਲਈ ਕੰਮ ਕਰ ਰਹੇ ਹੋ। ਸਾਰੀ ਦੁਨੀਆਂ ਵਿੱਚ ਜਿਥੇ ਵੀ ਨਫ਼ਰਤ ਅਤੇ ਕ੍ਰੋਧ ਦੇ ਬੱਦਲ ਛਾਏ ਹੋਏ ਹਨ, ਤੁਸੀਂ ਉਥੇ-ਉਥੇ ਹੀ ਉਨ੍ਹਾਂ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਹੋ। ਉਹ ਤੁਹਾਡਾ ਸ਼ਿਸ਼ ਇਹ ਵੀ ਵੇਖਦਾ ਹੈ ਕਿ ਤੁਸੀਂ ਬਹੁਤ ਵਾਰੀ ਧੂੰਆਂ ਨਾਲ ਅਤੇ ਅੱਗ ਨਾਲ ਸੜਦੇ ਹੋਏ ਵਾਤਾਵਰਣ ਵਿੱਚ ਹੁੰਦੇ ਹੋ”।

ਹਜ਼ੂਰ ਨੇ ਉੱਤਰ ਦਿੱਤਾ, “ਇਹ ਠੀਕ ਹੈ, ਗੁਰੂ ਨੂੰ ਇਹ ਸਭ ਕੁਝ ਆਪਣੇ ਆਪ ਉਤੇ ਸਹਿਣ ਕਰਨਾ ਪੈਂਦਾ ਹੈ”। ਹਜ਼ੂਰ ਨੇ ਮੈਨੂੰ ਹੋਰ ਅੱਗੇ ਦੱਸਿਆ ਕਿ ਤੂੰ ਮੇਰੀ ਬਿਮਾਰੀ ਨੂੰ ਠੀਕ ਸਮਝਿਆ ਹੈ ਅਤੇ ਤੂੰ ਹੀ ਇਸ ਦੀ ਦਵਾਈ ਲੱਭ ਸਕਦਾ ਹੈ।

ਡੇਹਰਾਦੂਨ ਵਿੱਚ ਹਜ਼ੂਰ ਦੇ ਨਾਲ 1971 ਈ: ਵਿੱਚ

ਮੈਂ ਕੁਝ ਡਾਕਟਰਾਂ ਨਾਲ ਸਲਾਹ ਕਰਕੇ “ਦਸ ਟੀਕਿਆਂ” ਦਾ ਕੋਰਸ ਇਕ ਦਿਨ ਛੱਡ ਕੇ, ਦੂਜੇ ਦਿਨ ਲਗਾਉਣਾ ਸ਼ੁਰੂ ਕਰ ਦਿਤਾ।

ਮੈਂ ਸਵੇਰ ਦੇ 12 ਵਜੇ ਤੱਕ ਆਪਣੀ ਡਿਊਟੀ ਆਪਣੇ ਹਸਪਤਾਲ ਵਿੱਚ ਦਿੰਦਾ ਅਤੇ ਫਿਰ ਅੰਮ੍ਰਿਤਸਰ ਤੋਂ ਅੰਬਾਲੇ ਦੀ ਗੱਡੀ ਅਤੇ ਅਗੋਂ ਅੰਬਾਲੇ ਤੋਂ ਸਹਾਰਨਪੁਰ ਵਾਲੀ ਗੱਡੀ ਫੜ ਲੈਂਦਾ। ਇਸ ਤੋਂ ਅੱਗੇ ਟੈਕਸੀ ਤੇ 9-10 ਘੰਟਿਆਂ ਦੇ ਸਫ਼ਰ ਪਿਛੋਂ ਮੈਂ ਹਜ਼ੂਰ ਨੂੰ ਇਕ ਟੀਕਾ ਲਗਾਉਂਦਾ। ਇਸ ਤਰ੍ਹਾਂ ਨੌ ਟੀਕੇ ਲੱਗਣ ਤੱਕ ਮੇਰਾ ਲਗਾਤਾਰ ਆਉਣ ਅਤੇ ਟੀਕਾ ਲਗਾਉਣ ਦਾ ਨਿਯਮ ਬਣਿਆ ਰਿਹਾ।

ਇਸ ਦੌਰਾਨ ਇਕ ਦਿਨ ਬਹੁਤ ਸਾਰੇ ਭੈਣਾਂ-ਭਰਾ ਪੱਛਮੀ ਦੇਸ਼ਾਂ ਤੋਂ ਡੇਹਰਾਦੂਨ ਆਏ ਹੋਏ ਸਨ ਅਤੇ ਹਜ਼ੂਰ ਉਨ੍ਹਾਂ ਨਾਲ ਦਿਲ ਖੋਲ੍ਹ ਕੇ ਗੱਲਾਂ ਕਰ ਰਹੇ ਸਨ। ਹਜ਼ੂਰ ਨੇ ਮੈਨੂੰ ਵੀ ਉਥੇ ਹੀ ਸੱਦ ਲਿਆ ਅਤੇ ਬੜੇ ਪਿਆਰ ਨਾਲ ਸਾਰੇ ਭੈਣਾਂ-ਭਰਾਵਾਂ ਨੂੰ ਦਸਿਆ, “ਇੱਥੇ ਇਕ ਮੂਰਖ ਡਾਕਟਰ ਵੱਲ ਵੇਖੋ, ਜਿਹੜਾ ਹੋਰ ਡਾਕਟਰਾਂ ਉਤੇ ਵਿਸ਼ਵਾਸ ਨਹੀਂ ਕਰਦਾ ਅਤੇ ਤਕਰੀਬਨ ਹਜ਼ਾਰ ਕਿਲੋਮੀਟਰ ਤੋਂ ਮੈਨੂੰ ਟੀਕਾ ਲਗਾਉਣ ਇੱਥੇ ਆਉਂਦਾ ਹੈ”। ਹਜ਼ੂਰ ਨੇ ਫਿਰ ਮੈਨੂੰ ਕਿਹਾ, “ਅੱਛਾ! ਇਧਰ ਵੇਖੋ, ਹੁਣ ਅਗੇ ਤੋਂ ਤੂੰ ਟੀਕਾ ਲਗਾਉਣ ਫਿਰ ਨਹੀਂ ਆਉਣਾ”। ਮੈਂ ਸਤਿਕਾਰ ਵਜੋਂ ਸਿਰ ਝੁਕਾਇਆ ਅਤੇ ਕਿਹਾ, “ਅੱਛਾ, ਹਜ਼ੂਰ! ਇਸ ਕੰਮ ਲਈ ਮੈਂ ਨਹੀਂ ਆਵਾਂਗਾ”।

ਪ੍ਰੰਤੂ ਜਿਸ ਦਿਨ ਟੀਕਾ ਲਗਣਾ ਸੀ, ਮੈਂ ਉਥੇ 11-30 ਤੇ ਰਾਤ ਨੂੰ ਪਹੁੰਚਾ, ਕਿਉਂਕਿ ਟਰੇਨ ਲੇਟ ਸੀ। ਹਜ਼ੂਰ ਚਿੱਠੀਆਂ ਦੇ ਉੱਤਰ ਦੇਣ ਵਿੱਚ ਰੁੱਝੇ ਹੋਏ ਸਨ। ਹਜ਼ੂਰ ਨੇ ਮੇਰੇ ਵੱਲ ਵੇਖਿਆ ਅਤੇ ਕਿਹਾ, “ਅੱਜ ਰਾਤ ਨੂੰ ਤੂੰ ਫਿਰ ਆ ਗਿਆ”? ਮੈਂ ਉੱਤਰ ਦਿਤਾ, “ਹਜੂਰ! ਮੈਂ ਟੀਕਾ ਲਗਾਉਣ ਨਹੀਂ ਆਇਆ”। ਹਜ਼ੂਰ ਨੇ ਕਿਹਾ, “ਹੋਰ ਕਿਸ ਲਈ ਆਇਆ ਹੈਂ”? ਮੈਂ ਉੱਤਰ ਦਿਤਾ, “ਮੈਂ ਕੇਵਲ ਇਹ ਵੇਖਣ ਹੀ ਆਇਆ ਹਾਂ, ਕਿ ਤੁਸੀਂ ਟੀਕਾ ਲਗਵਾ ਲਿਆ ਹੈ ਜਾਂ ਨਹੀਂ”? ਹਜ਼ੂਰ ਨੇ ਬੜੇ ਹੀ ਪਿਆਰ ਅਤੇ ਦਇਆ ਭਰੀਆਂ ਅੱਖਾਂ ਨਾਲ ਮੇਰੀਆਂ ਅੱਖਾਂ ਵਿੱਚ ਵੇਖਿਆ ਅਤੇ ਕਿਹਾ, “ਕੰਮ ਜ਼ਿਆਦਾ ਹੋਣ ਕਰਕੇ ਮੈਂ ਭੁੱਲ ਹੀ ਗਿਆ”?

ਮੈਂ ਹਜ਼ੂਰ ਨੂੰ ਟੀਕਾ ਲਗਾਇਆ ਅਤੇ ਉਹਨਾਂ ਕੋਲੋਂ ਛੁੱਟੀ ਮੰਗੀ, ਪ੍ਰੰਤੂ ਹਜ਼ੂਰ ਨੇ ਕਿਹਾ, “ਅੱਜ ਦੀ ਰਾਤ ਮੈਂ ਤੈਨੂੰ ਨਹੀਂ ਜਾਣ ਦਿਆਂਗਾ”। ਮੈਂ ਕਿਹਾ, “ਹਜ਼ੂਰ! ਮੈਂ ਭਲਕੇ ਸਵੇਰੇ ਉਥੇ ਜ਼ਰੂਰ ਪਹੁੰਚਣਾ ਹੈ, ਕਿਉਂਕਿ ਮੇਰੇ ਹਸਪਤਾਲ ਵਿੱਚ ਇਕ ਬਹੁਤ ਹੀ ਜ਼ਿਆਦਾ ਬਿਮਾਰ ਮਰੀਜ਼ ਹੈ”।

ਸਹਾਰਨਪੁਰ ਦੇ ਰਸਤੇ ਵਿੱਚ ਬਹੁਤ ਹੀ ਜੰਗਲ ਹਨ। ਹਜ਼ੂਰ ਨੇ ਟੈਕਸੀ ਡਰਾਈਵਰ ਨੂੰ ਕਿਹਾ, “ਇਹ ਮੇਰਾ ਬੱਚਾ ਹੈ, ਜਿਸ ਨੂੰ ਮੈਂ ਸਭ ਤੋਂ ਵੱਧ ਪਿਆਰ ਕਰਦਾ ਹਾਂ। ਤੂੰ ਇਸ ਨੂੰ ਗੱਡੀ ਦੇ ਡੱਬੇ ਵਿੱਚ ਬੈਠਾ ਕੇ ਫਿਰ ਆਉਣਾ ਹੈ ਅਤੇ ਆ ਕੇ ਮੈਨੂੰ ਦਸਣਾ ਹੈ ਕਿ ਟਰੇਨ ਕਿੰਨੇ ਵਜੇ ਸਹਾਰਨਪੁਰ ਤੋਂ ਤੁਰੀ ਹੈ। ਮੈਂ ਤੈਨੂੰ ਆਉਣ ਅਤੇ ਜਾਣ ਦੋਵਾਂ ਪਾਸਿਆਂ ਦੇ ਪੈਸੇ ਦੇਵਾਂਗਾ”।

ਬਾਬਾ ਜੈਮਲ ਸਿੰਘ ਜੀ ਨੇ ਹਜ਼ੂਰ ਦੀ ਬਿਮਾਰੀ ਬਾਰੇ ਦਸਿਆ

ਜਦੋਂ ਮੈਂ ਅੰਮ੍ਰਿਤਸਰ ਸਾਂ, ਬਾਬਾ ਜੈਮਲ ਸਿੰਘ ਜੀ, ਮੇਰੀ ਪਤਨੀ ਸੁਰਿੰਦਰ ਕੌਰ ਨੂੰ ਅੰਤਰ ਵਿੱਚ ਮਿਲੇ ਅਤੇ ਕਿਹਾ, “ਤੁਹਾਡਾ ਗੁਰੂ ਡੇਹਰਾਦੂਨ ਬਹੁਤ ਹੀ ਬਿਮਾਰ ਹੈ, ਪ੍ਰੰਤੂ ਤੁਸੀਂ ਦਿੱਲੀ ਜਾਉ”।

ਮੈਂ, ਮੇਰੀ ਧਰਮ-ਪਤਨੀ ਅਤੇ ਚੰਡੀਗੜ੍ਹ ਤੋਂ ਅਸਾਂ ਰਣਬੀਰ ਸਿੰਘ ਨੂੰ ਨਾਲ ਲਿਆ ਅਤੇ ਅਸੀਂ ਦਿੱਲੀ ਵੱਲ ਨੂੰ ਰਵਾਨਾ ਹੋ ਗਏ। ਉਥੇ ਹਜ਼ੂਰ ਨੂੰ ਬਹੁਤ ਹੀ ਨਾਜ਼ਕ ਹਾਲਤ ਵਿੱਚ ਵੇਖਿਆ। ਹਜ਼ੂਰ ਦਾ ਪੇਟ ਪਾਣੀ ਨਾਲ ਭਰਿਆ ਹੋਇਆ ਸੀ। ਮੈਂ ਪੁੱਛਿਆ, “ਹਜ਼ੂਰ! ਤੁਸੀਂ ਕੀ ਮਹਿਸੂਸ ਕਰਦੇ ਹੋ”? ਹਜ਼ੂਰ ਨੇ ਮੇਰੀ ਪਤਨੀ ਦੀਆਂ ਅੱਖਾਂ ਵੱਲ ਵੇਖਦਿਆਂ ਹੋਇਆਂ ਪੁੱਛਿਆ, “ਤੁਹਾਨੂੰ ਅੰਤਰ ਵਿੱਚ ਕੌਣ ਮਿਲਿਆ ਸੀ ਅਤੇ ਉਹਨਾਂ ਨੇ ਤੁਹਾਨੂੰ ਇਸ ਬਾਰੇ ਕੀ ਦਸਿਆ”? ਉਸ ਨੇ ਦਸਿਆ, “ਮੈਨੂੰ ਬਾਬਾ ਜੈਮਲ ਸਿੰਘ ਅਤੇ ਬਾਬਾ ਸਾਵਨ ਸਿੰਘ ਜੀ ਮਿਲੇ ਸਨ”। ਬਾਬਾ ਜੈਮਲ ਸਿੰਘ ਜੀ ਨੇ ਕਿਹਾ, “ਕਿਰਪਾਲ ਸਿੰਘ ਹੋਮੋਪੈਥਿਕ ਦੀ ਦਵਾਈ ਖਾ ਰਿਹਾ ਹੈ, ਇਸ ਦੇ ਨਾਲ ਉਹ ਠੀਕ ਨਹੀਂ ਹੋਵੇਗਾ ਅਤੇ ਉਸ ਨੂੰ ਹੋਰ ਅਗੇ ਦਵਾਈ ਦੀ ਲੋੜ ਹੈ”। ਹਜ਼ੂਰ ਨੇ ਪੁੱਛਿਆ, “ਕੀ ਬਾਬਾ ਸਾਵਨ ਸਿੰਘ ਜੀ ਵੀ ਕੁਝ ਬੋਲੇ”? ਉਸ ਨੇ ਦਸਿਆ, “ਨਹੀਂ, ਉਹ ਕੁਝ ਨਹੀਂ ਬੋਲੇ”। ਹਜ਼ੂਰ ਨੇ ਕਿਹਾ, “ਹਾਂ, ਇਹ ਠੀਕ ਹੈ”।

ਮੈਨੂੰ ਤਾਈ ਜੀ ਤੋਂ ਵੀ ਪਤਾ ਲੱਗਾ ਕਿ ਬਾਰ-ਬਾਰ ਬੇਨਤੀ ਕਰਨ ਦੇ ਪਿਛੋਂ ਵੀ ਹਜ਼ੂਰ ਕੋਈ ਦਵਾਈ ਨਹੀਂ ਖਾ ਰਹੇ। ਮੈਂ ਇਸ ਦਾ ਕਾਰਨ ਪੁੱਛਿਆ। ਤਾਈ ਜੀ ਨੇ ਦਸਿਆ ਕਿ ਹਜ਼ੂਰ ਸਰੀਰ ਤੌਰ ਤੇ ਵਾਪਸ ਜਾਣ ਲਈ ਤਿਆਰੀ ਕਰ ਰਹੇ ਹਨ। ਉਹ ਇੱਥੇ ਰਹਿਣ ਨਾਲੋਂ ਵਾਪਸ ਜਾਣ ਨੂੰ ਪਹਿਲ ਦਿੰਦੇ ਹਨ, ਕਿਉਕਿ ਮਾਨਵ ਕੇਂਦਰ ਵਿੱਚ ਕੁਝ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਹੜੀਆਂ ਹਜ਼ੂਰ ਦੀ ਸਿਖਿਆ ਦੇ ਉਲਟ ਹਨ।

ਹਜ਼ੂਰ ਨੇ ਸਰੀਰਕ ਤੌਰ ਤੇ ਜਾਣ ਦਾ ਪੱਕਾ ਇਰਾਦਾ ਕਰ ਲਿਆ

ਮੈਂ ਹਜ਼ੂਰ ਅੱਗੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਤੁਸੀਂ ਦਵਾਈ ਖਾਓ, ਪ੍ਰੰਤੂ ਉਹਨਾਂ ਮੇਰੀ ਬੇਨਤੀ ਨੂੰ ਪਰਵਾਨ ਨਾ ਕੀਤਾ। ਹਜ਼ੂਰ ਨੇ ਕਿਹਾ, “ਭਾਵੇਂ ਮੈਨੂੰ ਖੁਦਾ ਵੀ ਆਖੇ ਤਾਂ ਵੀ ਮੈਂ ਦਵਾਈ ਨਹੀਂ ਖਾਵਾਂਗਾ”।

ਇਹ ਸ਼ਬਦ ਸੁਣਕੇ ਮੇਰੀ ਅਵਸਥਾ, ਉਸ ਬਿਮਾਰ ਵਰਗੀ ਸੀ, ਜਿਹੜਾ ਕਿ ਇਕ ਲਾ-ਇਲਾਜ ਬਿਮਾਰੀ ਨਾਲ ਘੁਲ ਰਿਹਾ ਹੋਵੇ। ਮੇਰੀ ਤਰਸਯੋਗ ਹਾਲਤ ਵੇਖ ਕੇ, ਹਜ਼ੂਰ ਨੇ ਕਿਹਾ, “ਮੈਂ ਸਵੇਰੇ ਅੱਠ ਵਜੇ ਤੋਂ ਪਿਛੋਂ ਦਵਾਈ ਲਵਾਂਗਾ, ਇਸ ਤੋਂ ਪਹਿਲਾਂ ਨਹੀਂ”।

(ਨੋਟ: ਹਜ਼ੂਰ ਨੇ ਜਾਣ ਦਾ ਪੱਕਾ ਇਰਾਦਾ ਬਣਾ ਲਿਆ ਸੀ, ਉਹਨਾਂ ਦਾ ਫੈਸਲਾ ਸਵੇਰ ਦੇ ਅੱਠ ਵਜੇ ਤੱਕ ਹੋਣਾ ਸੀ।)

ਮੈਡੀਕਲ ਟੈਸਟਾਂ ਦਾ ਪ੍ਰਬੰਧ

ਸਾਰੇ ਹੀ ਟੈਸਟ, ਜੋ ਵੀ ਬਿਮਾਰੀ ਨਾਲ ਸਬੰਧਤ ਸਨ, ਉਹ ਸਾਰੇ ਕਰ ਲਏ ਗਏ ਅਤੇ ਡਾਕਟਰਾਂ ਨੂੰ ਪੱਕਾ ਪਤਾ ਲੱਗ ਗਿਆ ਕਿ ਇਹ ‘Enlargement of Prostate’ (ਗਦੂਦਾਂ) ਦਾ ਕੇਸ ਹੈ। ਉਸ ਵੇਲੇ ਇਹੋ ਜਿਹਾ ਵੇਲਾ ਵੀ ਆਇਆ, ਜਦੋਂ ਨਾੜ ਵਿੱਚ ਟੀਕਾ ਲਗਾਉਣਾ ਸੀ, ਪ੍ਰੰਤੂ ਡਾਕਟਰਾਂ ਨੂੰ ਨਾੜ ਨਹੀਂ ਲੱਭ ਰਹੀ ਸੀ। ਫਿਰ ਮੈਂ ਡਾਕਟਰ ਨੂੰ ਬੇਨਤੀ ਕੀਤੀ ਕਿ ਮੈਂ ਨਾੜੀ ਲੱਭ ਸਕਦਾ ਹਾਂ, ਕੀ ਤੁਸੀਂ ਮੈਨੂੰ ਆਗਿਆ ਦਿਉਗੇ? ਹਜ਼ੂਰ ਨੇ ਉਸੇ ਵੇਲੇ ਡਾਕਟਰ ਨੂੰ ਕਿਹਾ, “ਹਾਂ, ਇਹ ਵੀ ਇਕ ਡਾਕਟਰ ਹੈ, ਇਸ ਨੂੰ ਟੀਕਾ ਲਗਾਉਣ ਦਿਉ”।

ਮੈਂ ਟੀਕਾ ਲਗਾਇਆ ਅਤੇ ਸੂਈ ਬਾਹਰ ਕੱਢ ਲਈ ਤਾਂ ਹਜ਼ੂਰ ਨੇ ਪੁੱਛਿਆ, “ਤੈਨੂੰ ਟੀਕਾ ਲਗਾਉਣ ਲਈ ਕਿੰਨਾ ਕੁ ਸਮਾਂ ਲੱਗੇਗਾ”? ਮੈਂ ਕਿਹਾ, “ਹਜ਼ੂਰ! ਟੀਕਾ ਤਾਂ ਲੱਗ ਚੁੱਕਾ ਹੈ”। ਹਜ਼ੂਰ ਨੇ ਮੇਰੇ ਹੱਥ ਨੂੰ ਫੜਦਿਆਂ ਹੋਇਆਂ ਬੜੇ ਹੀ ਪਿਆਰ ਨਾਲ ਕਿਹਾ, “ਅਸੀਂ ਆਪਣੇ ਘਰ ਵਿੱਚ ਅੱਖਾਂ ਦਾ ਹਸਪਤਾਲ ਚਾਲੂ ਕਰਾਂਗੇ, ਜਿਸ ਵਿੱਚ ਅੰਤਰੀ ਅਤੇ ਬਾਹਰੀ ਦੋਵਾਂ ਤਰ੍ਹਾਂ ਦੇ ਓਪਰੇਸ਼ਨ ਹੋਇਆ ਕਰਨਗੇ”।

ਓਪਰੇਸ਼ਨ ਦਾ ਫੈਸਲਾ

ਉਸੇ ਦਿਨ ਹਜ਼ੂਰ ਨੇ ਕਿਹਾ ਕਿ ਅੱਜ ਸ਼ਾਮ ਨੂੰ ਸਭ ਦੀ ਮੀਟਿੰਗ ਹੋਵੇਗੀ। ਹਜ਼ੂਰ ਦੇ ਬਹੁਤ ਸਾਰੇ ਰਿਸ਼ਤੇਦਾਰ, ਉਹਨਾਂ ਦੇ ਪਰਵਾਰ ਦੇ ਮੈਂਬਰ ਅਤੇ ਕੁਝ ਹੋਰ ਹਜ਼ੂਰ ਦੇ ਸ਼ਿਸ਼ਾਂ ਨੇ ਵੀ ‘ਸਾਵਨ ਆਸ਼ਰਮ’ ਦਿੱਲੀ ਵਿਖੇ, ਮੀਟਿੰਗ ਵਿੱਚ ਹਿੱਸਾ ਲਿਆ। ਹਜ਼ੂਰ ਨੇ ਦਸਿਆ ਕਿ “ਇਸ ਬਿਮਾਰੀ ਦਾ ਤੋਹਫ਼ਾ ਮੈਨੂੰ ਤੁਹਾਡੇ ਵਲੋਂ ਹੀ ਮਿਲਿਆ ਹੈ, ਇਹ ਮੇਰੇ ਆਪਣੇ ਕਰਕੇ ਨਹੀਂ। ਹੁਣ ਤੁਸੀਂ ਹੀ ਫੈਸਲਾ ਕਰੋ ਕਿ ਕੀ ਕਰਨਾ ਹੈ”?

(ਨੋਟ: ਨਾਮ-ਦਾਨ ਦੇਣ ਪਿਛੋਂ, ਹਜ਼ੂਰ ਸ਼ਿਸ਼ ਦੇ ਬੁਰੇ ਕਰਮਾਂ ਦਾ ਬੋਝ ਆਪਣੇ ਸਰੀਰ ਉਤੇ ਝੱਲਦਾ ਹੈ।)

ਡਾਕਟਰਾਂ ਨੇ ਦਸਿਆ ਕਿ ਇਸ ਬਿਮਾਰੀ ਨੂੰ ਦੂਰ ਕਰਨ ਲਈ ਦੋ ਤਰੀਕੇ ਹਨ। ਪਹਿਲਾ ਤਰੀਕਾ ਤਾਂ ਇਹ ਹੈ ਕਿ ਕੁਝ ਦਵਾਈ ਟੀਕਿਆਂ ਰਾਹੀਂ, ਸਿੱਧੀ Enlarged Prostate gland (ਵਧੇ ਹੋਏ ਹਿੱਸੇ) ਨੂੰ ਦਿਤੀ ਜਾਵੇ, ਜਿਸ ਨਾਲ ਵੱਧਿਆ ਹੋਇਆ ਹਿੱਸਾ ਬੈਠ ਜਾਵੇਗਾ। ਇਹ ਸਾਰਿਆਂ ਤੋਂ ਸੌਖਾ ਅਤੇ ਛੇਤੀ ਹੋਣ ਵਾਲਾ ਇਲਾਜ ਹੈ, ਪ੍ਰੰਤੂ ਇਸ ਵਿੱਚ ਇਨਫੈਕਸ਼ਨ ਹੋਣ ਦੀ ਬਹੁਤ ਸੰਭਾਵਨਾ ਹੁੰਦੀ ਹੈ ਅਤੇ ਇਸ ਵਿੱਚ 60 ਤੋਂ 70 ਫੀਸਦੀ ਠੀਕ ਹੋਣ ਦੀ ਆਸ ਹੁੰਦੀ ਹੈ। ਇਹ ਸਾਰੀ ਰਾਏ, ਉਥੋਂ ਦੇ ਸਪੈਸ਼ਲਿਸਟ ਡਾਕਟਰਾਂ ਵਲੋਂ ਦਿਤੀ ਗਈ। ਦੂਜਾ ਸਭ ਤੋਂ ਚੰਗਾ ਤਰੀਕਾ ਓਪਰੇਸ਼ਨ ਹੈ। ਇਹ ਸੁਣ ਕੇ ਸਾਰਿਆਂ ਨੇ ਕਿਹਾ, “ਅਸੀਂ ਸਾਰੇ ਓਪਰੇਸ਼ਨ ਕਰਾਉਣ ਦੇ ਹੱਕ ਵਿਚ ਹਾਂ, ਪਹਿਲੇ ਤਰੀਕੇ ਦੇ ਹੱਕ ਵਿਚ ਨਹੀਂ ਹਾਂ”। ਹਜ਼ੂਰ ਨੇ ਉੱਤਰ ਦਿਤਾ, “ਮੇਰੇ ਹਜ਼ੂਰ ਨੂੰ ਵੀ ਇਹੋ ਹੀ ਬਿਮਾਰੀ ਸੀ ਅਤੇ ਉਹ ਸਰੀਰਕ ਤੌਰ ‘ਤੇ ਚਲੇ ਗਏ ਸਨ, ਹਾਂ ਤੁਸੀਂ ਕੋਸ਼ਿਸ ਕਰਕੇ ਵੇਖ ਲਵੋ”।

(ਨੋਟ: ਪੂਰਨ ਸਤਿਪੁਰਸ਼ ਨੂੰ ਪ੍ਰਭੂ-ਪ੍ਰਮਾਤਮਾ ਵਲੋਂ ਇਸ ਦੁਨੀਆਂ ਵਿੱਚ ਭੇਜਿਆ ਜਾਂਦਾ ਹੈ। ਉਹ ਜਦੋਂ ਚਾਹੁਣ ਆਪਣੀ ਮਰਜੀ ਨਾਲ ਆਪਣਾ ਸਰੀਰ ਛੱਡ ਸਕਦੇ ਹਨ।)


ਹਜ਼ੂਰ ਨੇ ਹੋਰ ਅੱਗੇ ਪੁੱਛਿਆ, “ਜਿਹੜੇ ਓਪਰੇਸ਼ਨ ਕਰਾਉਣ ਦੇ ਹੱਕ ਵਿਚ ਉਹ ਹੱਥ ਉਪਰ ਕਰਨ”। ਮੇਰੇ ਤੋਂ ਬਿਨਾਂ, ਸਭ ਨੇ ਓਪਰੇਸ਼ਨ ਦੇ ਹੱਕ ਵਿਚ ਹੱਥ ਖੜੇ ਕਰ ਦਿਤੇ।

ਹਜ਼ੂਰ ਨੇ ਮੈਨੂੰ ਪੁੱਛਿਆ, “ਤੁਸੀਂ ਆਪਣਾ ਹੱਥ ਉੱਪਰ ਕਿਉਂ ਨਹੀਂ ਚੁੱਕਿਆ”? ਹਜ਼ੂਰ ਨੇ ਫਿਰ ਕਿਹਾ, “ਇਸ ਨੂੰ ਕੌਣ ਪੁੱਛਦਾ ਹੈ, ਜੇਕਰ ਇਹ ਨਾ ਵੀ ਓਪਰੇਸ਼ਨ ਦੇ ਹੱਕ ਵਿਚ ਹੋਵੇਗਾ, ਤਾਂ ਕੀ ਫ਼ਰਕ ਪੈਂਦਾ ਹੈ”? ਤਾਈ ਜੀ ਨੇ ਕਿਹਾ, “ਇਹ ਵੀ ਸੰਗਤ ਵਿਚੋਂ ਹੀ ਹੈ”। ਫਿਰ ਹਜ਼ੂਰ ਨੇ ਮੇਰੀ ਰਾਏ ਵੀ ਪੁੱਛੀ।

ਅਸੀਂ ਸਾਰੇ ਮੋਚੀ ਹਾਂ

ਮੈਂ ਕਿਹਾ, “ਹਜ਼ੂਰ! ਮੇਰਾ ਇਕ ਸਵਾਲ ਹੈ”। ਹਜ਼ੂਰ ਨੇ ਕਿਹਾ, “ਹਾਂ ਦੱਸੋ”। ਮੈਂ ਪੁੱਛਿਆ, “ਹਜੂਰ! ਜਦੋਂ ਤੁਸੀਂ ਵੀ ਬਹੁਤ ਜ਼ਰੂਰੀ ਕੰਮ ਕਰਨਾ ਚਾਹੁੰਦੇ ਹੋ, ਤਾਂ ਕੀ ਤੁਸੀਂ ਉਸ ਕੰਮ ਦਾ ਫੈਸਲਾ ਆਪਣੇ ਆਪ ਕਰ ਲੈਂਦੇ ਹੋ, ਜਾਂ ਆਪਣੇ ਗੁਰੂ ਕੋਲੋਂ ਇਸ ਬਾਰੇ ਫੈਸਲੇ ਦੀ ਆਗਿਆ ਮੰਗਦੇ ਹੋ”? ਹਜ਼ੂਰ ਨੇ ਬਹੁਤ ਹੀ ਪਿਆਰ ਨਾਲ ਉੱਤਰ ਦਿਤਾ, “ਹਰ ਤਰ੍ਹਾਂ ਦੇ ਕੰਮ ਲਈ ਮੇਰਾ ਗੁਰੂ ਮੈਨੂੰ ਸਲਾਹ ਦਿੰਦਾ ਹੈ”। ਮੈਂ ਫਿਰ ਬੇਨਤੀ ਕੀਤੀ, “ਫਿਰ ਤੁਸੀਂ ਸਾਨੂੰ ਸਲਾਹ ਦਿਉ, ਨਾ ਕਿ ਅਸੀਂ ਤੁਹਾਨੂੰ ਦੱਸੀਏ”। ਜਿੰਨੇ ਵੀ ਅਸੀਂ ਇੱਥੇ ਸਾਰੇ ਬੈਠੇ ਹਾਂ, ਅਸੀਂ ਸਾਰੇ ਮੋਚੀਆਂ ਤੋਂ ਵੱਧ ਹੋਰ ਕੁਝ ਵੀ ਨਹੀਂ। ਅਸੀਂ ਲੋਕ ਕੇਵਲ ਤੁਹਾਨੂੰ ਸਰੀਰਕ ਪੱਖ ਤੋਂ ਹੀ ਵੇਖਦੇ ਹਾਂ। ਮੇਰੀ ਫਿਰ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਸਾਨੂੰ ਆਪਣੀ ਰਾਏ ਦਿਉ ਅਤੇ ਅਸੀਂ ਸਾਰੇ ਤੁਹਾਡੀ ਹੀ ਰਾਏ ਤੇ ਫੁੱਲ ਚੜ੍ਹਾਵਾਂਗੇ।

ਫਿਰ ਮੈਂ ਬੇਨਤੀ ਕੀਤੀ, “ਤੁਹਾਡੇ ਆਪ੍ਰੇਸ਼ਨ ਲਈ ਜਾਣ ਤੋਂ ਪਹਿਲਾਂ ਸਾਨੂੰ ਪੂਰਾ ਭਰੋਸਾ ਚਾਹੀਦਾ ਹੈ”।

ਹਜ਼ੂਰ ਨੇ ਆਪਣੀਆਂ ਅੱਖਾਂ ਇਕ ਪਲ ਲਈ ਬੰਦ ਕਰ ਲਈਆਂ, ਫਿਰ ਅੱਖਾਂ ਖੋਲ੍ਹੀਆਂ ਅਤੇ ਕਿਹਾ “ਕੋਈ ਫਿਕਰ ਨਾ ਕਰੋ, ਮੈਂ ਪੂਰੀ ਤਰ੍ਹਾਂ ਠੀਕ ਹੋ ਕੇ ਆਵਾਂਗਾ”।

ਡਾਕਟਰ ਮਹਾਜਨ ਦੇ ਹਸਪਤਾਲ ਵਿੱਚ ਓਪਰੇਸ਼ਨ

ਹਜ਼ੂਰ ਨੂੰ ਦਿੱਲੀ ਦੇ ‘ਮਹਾਜਨ ਹਸਪਤਾਲ’ ਵਿੱਚ ਉਪਰੇਸ਼ਨ ਕਰਾਉਣ ਲਈ ਦਾਖ਼ਲ ਕਰਵਾ ਦਿਤਾ। ਗਰਮੀ ਦਾ ਮੌਸਮ ਸੀ। ਡਾਕਟਰਾਂ ਦਾ ਵਿਚਾਰ ਸੀ ਕਿ ਦਵਾਈ ਰਾਹੀਂ ਪਹਿਲਾਂ ਭਰੇ ਹੋਏ ਬਲੈਡਰ ਨੂੰ ਖਾਲੀ ਕੀਤਾ ਜਾਵੇ।

ਡਾਕਟਰਾਂ ਦੀ ਆਪਣੇ ਸਟਾਫ਼ ਨਾਲ ਮੀਟਿੰਗ

ਦਾਖ਼ਲ ਕਰਨ ਤੋਂ ਪਿਛੋਂ ਸਭ ਤੋਂ ਵੱਡੇ ਡਾਕਟਰ ਨੇ ਆਪਣੇ ਸਟਾਫ਼ ਨਾਲ ਮੀਟਿੰਗ ਕੀਤੀ ਕਿ ਕੇਸ ਦੀ ਪਹਿਲਾਂ ਚੰਗੀ ਤਰ੍ਹਾਂ ਘੋਖ ਕਰੋ। ਜਦੋਂ ਇਹ ਗੱਲਬਾਤ ਚੱਲ ਰਹੀ ਸੀ ਤਾਂ ਇਕ ਸਟਾਫ਼ ਮੈਂਬਰ ਜੋ ਹਜ਼ੂਰ ਦੀ ਸਮਰਥਾ ਬਾਰੇ ਨਹੀਂ ਜਾਣਦਾ ਸੀ ਉਸ ਨੇ ਕਿਹਾ, “ਇਕ ਸੰਤ ਜਿਹੜਾ ਦੂਜਿਆਂ ਨੂੰ ਜੀਵਨ ਦਿੰਦਾ ਹੈ, ਉਹ ਆਪ ਹਸਪਤਾਲ ਵਿੱਚ ਆਇਆ ਹੈ ਅਤੇ ਉਸ ਦਾ ਬਲੈਡਰ ਭਰਿਆ ਪਿਆ ਹੈ”।

ਛੇਤੀ ਹੀ ਹਜ਼ੂਰ ਨੇ ਉਸੇ ਵੇਲੇ ਮੈਨੂੰ ਬੁਲਾਇਆ ਅਤੇ ਕਿਹਾ, “ਜੋ ਕੁਝ ਓਪਰੇਸ਼ਨ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਕੀ ਤੂੰ ਇਹ ਕਰ ਸਕਦਾ ਹੈ”? ਮੈਂ ਕਿਹਾ, “ਤੁਹਾਡੀ ਦਯਾ-ਮਿਹਰਾ ਨਾਲ ਹੋ ਸਕਦਾ ਹੈ”। ਉਸੇ ਵੇਲੇ ਹੀ ਹਜ਼ੂਰ ਆਪਣੇ ਕਮਰੇ ਵਿਚੋਂ ਬਾਹਰ ਆਏ ਅਤੇ ਅਸੀਂ ਵੀ ਸਾਰੇ ਉਹਨਾਂ ਦੇ ਨਾਲ ਹੀ ਆਸ਼ਰਮ ਵਾਪਸ ਆ ਗਏ।

ਮੈਂ ਇਲਾਜ ਸ਼ੁਰੂ ਕਰ ਦਿਤਾ। ਤਿੰਨਾਂ ਘੰਟਿਆਂ ਤੋਂ ਪਿਛੋਂ ਹਜ਼ੂਰ ਦਾ ਸਾਰਾ ਬਲੈਡਰ ਖਾਲੀ ਹੋ ਗਿਆ ਅਤੇ ਉਹਨਾਂ ਨੇ ਦਸਿਆ ਕਿ ਮੈਂ ਹੁਣ ਬਿਲਕੁਲ ਠੀਕ ਹਾਂ, ਪ੍ਰੰਤੂ ਮੈਂ ਓਪਰੇਸ਼ਨ ਕਰਾਉਣ ਬਾਰੇ ਫਿਰ ਦਸਾਂਗਾ।

ਹਸਪਤਾਲ ਵਿੱਚ ਕੀ ਕੁਝ ਵਾਪਰਿਆ

ਜਦੋਂ ਹਜ਼ੂਰ ਹਸਪਤਾਲ ਤੋਂ ਵਾਪਸ ਆ ਗਏ, ਤਾਂ ਪਿਛੋਂ ਬਹੁਤ ਸਾਰੇ ਮਰੀਜ਼ ਡਾਕਟਰਾਂ ਦੇ ਇਲਾਜ ਤੋਂ ਨਰਾਜ਼ ਹੋ ਗਏ ਅਤੇ ਕੁਝ ਇਸ ਹਸਪਤਾਲ ਨੂੰ ਛੱਡ ਕੇ ਦੂਜੇ ਹਸਪਤਾਲ ਦਾਖਲ ਹੋ ਗਏ।

ਅਗਲੇ ਦਿਨ ਡਾਕਟਰ ਆਪ ਆਸ਼ਰਮ ਵਿੱਚ ਆਇਆ ਅਤੇ ਉਸ ਨੇ ਮਾਫ਼ੀ ਮੰਗੀ। ਉਸ ਨੇ ਕਿਹਾ, “ਅਸੀਂ ਆਪਣੀ ਅਗਿਆਨਤਾ ਕਰਕੇ ਤੁਹਾਡੀ ਅਸਲੀਅਤ ਨੂੰ ਸਮਝ ਨਾ ਸਕੇ”। ਉਸ ਨੇ ਹੋਰ ਕਿਹਾ, “ਤੁਹਾਡੇ ਹਸਪਤਾਲ ਵਿਚੋਂ ਆਉਣ ਤੋਂ ਪਿਛੋਂ ਉਥੇ ਹੈਰਾਨ ਕਰ ਦੇਣ ਵਾਲੀ ਤਬਦੀਲੀ ਆ ਗਈ ਅਤੇ ਅਸੀਂ ਸਾਰੇ ਬਹੁਤ ਹੀ ਬੇਚੈਨੀ ਅਨੁਭਵ ਕਰ ਰਹੇ ਹਾਂ। ਸਾਡੇ ਉਤੇ ਤਰਸ ਕਰੋ ਅਤੇ ਵਾਪਸ ਹਸਪਤਾਲ ਵਿੱਚ ਆਓ ਅਤੇ ਸਾਨੂੰ ਇਲਾਜ ਕਰਨ ਦਾ ਮੌਕਾ ਦਿਉ”। ਹਜ਼ੂਰ ਨੇ ਉਹਨਾਂ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਅਤੇ ਵਾਪਸ ਹਸਪਤਾਲ ਚਲੇ ਗਏ। ਉਹਨਾਂ ਨੇ ਇੱਕ ਵੱਡਾ ਕੂਲਰ ਵੀ ਮਰੀਜਾਂ ਦੇ ਅਰਾਮ ਲਈ ਭੇਜ ਦਿਤਾ।

29 ਜੂਨ 1971 ਨੂੰ ਹਜ਼ੂਰ ਦਾ ਓਪਰੇਸ਼ਨ ਵਾਲਾ ਦਿਨ ਸੀ। ਤਾਈ ਜੀ ਅਤੇ ਹੋਰ ਬਹੁਤ ਸਾਰੇ ਮੈਂਬਰ ਵੀ ਉਥੇ ਸਨ। ਤਾਈ ਜੀ ਜ਼ੋਰ ਦੇ ਕੇ ਕਹਿ ਰਹੇ ਸਨ, “ਹਜ਼ੂਰ ਹੁਣ ਤੁਸੀਂ ਓਪਰੇਸ਼ਨ ਕਰਾਉਣ ਚਲੇ ਹੋ, ਤੁਸੀਂ ਜ਼ਰੂਰ ਠੀਕ ਹੋ ਕੇ ਆਉਣਾ, ਨਹੀਂ ਤਾਂ ਅਸੀਂ ਥਾਂ-ਥਾਂ ਤੇ ਪਰਚਾਰ ਕਰਾਂਗੇ ਕਿ ਇਹ ਸਭ ਝੂਠ ਸੀ”। ਹਜ਼ੂਰ ਨੇ ਉਤਰ ਦਿਤਾ, “ਘਬਰਾਉ ਨਹੀਂ, ਸਭ ਕੁਝ ਠੀਕ ਹੋਵੇਗਾ”।

ਓਪਰੇਸ਼ਨ ਤੋਂ ਪਹਿਲਾਂ ਅਤੇ ਪਿਛੋਂ

ਡਾਕਟਰ ਨੇ ਹਜ਼ੂਰ ਨੂੰ ਓਪਰੇਸ਼ਨ ਲਈ ਬੇਹੋਸ਼ ਕਰਨ ਲਈ ਟੀਕੇ ਲਗਾਏ, ਪ੍ਰੰਤੂ ਟੀਕਿਆਂ ਦਾ ਹਜ਼ੂਰ ਉਤੇ ਕੋਈ ਅਸਰ ਨਾ ਹੋਇਆ। ਹਜ਼ੂਰ ਨੇ ਪੁੱਛਿਆ, “ਕੀ ਕਾਰਨ ਹੈ ਕਿ ਤੁਸੀਂ ਓਪਰੇਸ਼ਨ ਨਹੀਂ ਕਰਦੇ”? ਡਾਕਟਰ ਨੇ ਉਤਰ ਦਿਤਾ, “ਓਪਰੇਸ਼ਨ ਉਸ ਵੇਲੇ ਹੀ ਹੋ ਸਕਦਾ ਹੈ, ਜਦੋਂ ਐਨਸਥੀਜ਼ੀਆ ਦਾ ਅਸਰ ਹੋਣ ਨਾਲ ਬੇਹੋਸ਼ੀ ਹੋਵੇਗੀ”। ਹਜ਼ੂਰ ਨੇ ਕਿਹਾ, “ਜਿਹੜਾ ਹੋਸ਼ ਵਿੱਚ ਹੋਵੇ, ਉਸ ਨੂੰ ਬੇ-ਹੋਸ਼ ਕੌਣ ਕਰ ਸਕਦਾ ਹੈ”?

ਹਜ਼ੂਰ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਕਿਹਾ, “ਅੱਛਾ ਹੁਣ ਜੋ ਕਰਨਾ ਹੈ ਕਰੋ”। ਓਪਰੇਸ਼ਨ ਸਫ਼ਲਤਾ ਪੂਰਵਕ ਹੋ ਗਿਆ।

ਹਜ਼ੂਰ ਦੀ ਸਿਹਤ ਓਪਰੇਸ਼ਨ ਪਿਛੋਂ ਖਰਾਬ

ਕਮਰੇ ਵਿੱਚ ਪਹੁੰਚ ਕੇ ਹਜ਼ੂਰ ਦਾ ਬਲਡ-ਪਰੈਸ਼ਰ ਬਹੁਤ ਹੀ ਘੱਟ ਗਿਆ। ਡਾਕਟਰਾਂ ਨੇ ਬਾਰ-ਬਾਰ ਟੀਕੇ ਲਗਾਉਣੇ ਸ਼ੁਰੂ ਕਰ ਦਿਤੇ, ਪ੍ਰੰਤੂ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ। ਕਈ ਵਾਰੀ ਉਹ ਸੋਚਦੇ ਕਿ ਹਜ਼ੂਰ ਛੇਤੀ ਹੀ ਸਰੀਰ ਤਿਆਗ ਦੇਣਗੇ। ਤਾਈ ਜੀ ਜਿਹੜੇ ਉਹਨਾਂ ਦੇ ਲਾਗੇ ਹੀ ਬੈਠੇ ਸਨ, ਉਹਨਾਂ ਕਿਹਾ, “ਹਜ਼ੂਰ! ਤੁਸੀਂ ਸਾਰਿਆਂ ਦੀ ਪ੍ਰੀਖਿਆ ਕਿਉਂ ਲੈ ਰਹੇ ਹੋ, ਜਦੋਂ ਕਿ ਕੋਈ ਵੀ ਤੁਹਾਡੇ ਟੈਸਟ ਵਿਚੋਂ ਪਾਸ ਨਹੀਂ ਹੋ ਸਕਦਾ”?

ਮਹਾਰਾਜ ਜੀ ਸਰੀਰਕ-ਚੇਤਨਾ ਤੋਂ ਪਿੱਛੇ ਹਟ ਗਏ ਅਤੇ ਡਾਕਟਰ ਨੇ ਇਸ ਨੂੰ ਗੰਭੀਰ ਸਮੱਸਿਆ ਸਮਝ ਲਿਆ।

ਤਾਈ ਜੀ ਨੇ ਮੈਨੂੰ ਸੁਨੇਹਾ ਭੇਜਿਆ। ਮੈਂ ਦੂਜੇ ਕਮਰੇ ਵਿੱਚ ਸੀ ਅਤੇ ਮੈਂ ਉਸੇ ਵੇਲੇ ਹਜ਼ੂਰ ਕੋਲ ਆ ਗਿਆ। ਹਜ਼ੂਰ ਨੇ ਆਪਣੇ ਦੋਵੇਂ ਹੱਥ ਉਪਰ ਉਠਾਏ ਅਤੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ ਕਿਹਾ ਹੈ ਕਿ “ਤੁਸੀਂ ਛੇਤੀ ਹੀ ਠੀਕ ਹੋ ਜਾਵੋਗੇ। ਤੁਹਾਡੇ ਬੱਚੇ ਮਾਨਵ ਕੇਂਦਰ ਵਿੱਚ ਕੰਮ ਕਰ ਰਹੇ ਹਨ ਅਤੇ ਤੁਹਾਡੇ ਉਥੇ ਪਹੁੰਚਣ ਦੀ ਇੰਤਜ਼ਾਰ ਵਿੱਚ ਹਨ”।

(ਨੋਟ: ਇੱਥੋਂ ਤੱਕ ਕਿ ਓਪਰੇਸ਼ਨ ਦੇ ਸਮੇਂ ਵੀ ਹਜ਼ੂਰ ਦੀ ਤਵਜੋਂ, ਉਨ੍ਹਾਂ ਬੱਚਿਆਂ ਵਿੱਚ ਸੀ, ਜਿਹੜੇ ਮਾਨਵ ਕੇਂਦਰ ਵਿੱਚ ਨਿਰਸਵਾਰਥ ਸੇਵਾ ਕਰ ਰਹੇ ਸਨ।)

ਆਸ਼ਰਮ ਪਹੁੰਚ ਕੇ ਹਜ਼ੂਰ ਦਾ ਪਹਿਲਾ ਸਤਿਸੰਗ

ਹਜ਼ੂਰ ਨੇ ਕਿਹਾ, “ਜੇਕਰ ਤੁਸੀਂ ਸੋਚਦੇ ਹੋ ਕਿ ਮੈਂ ਬਿਮਾਰ ਹਾਂ, ਤਾਂ ਤੁਸੀਂ ਸਭ ਤੋਂ ਪਹਿਲਾਂ ਆਪਣੀ ਸੋਚਣ ਸ਼ਕਤੀ ਨੂੰ ਠੀਕ ਕਰੋ। ਮੈਂ ਬਿਮਾਰ ਨਹੀਂ ਹਾਂ, ਮੇਰਾ ਕੇਵਲ ਜਿਸਮ ਬਿਮਾਰ ਸੀ, ਉਹ ਵੀ ਕੇਵਲ ਤੁਹਾਡੀਆਂ ਹੀ ਗਲਤੀਆਂ ਕਰਕੇ ਹੀ ਹੋਇਆ ਹੈ”। ਹਜ਼ੂਰ ਨੇ ਹੋਰ ਅੱਗੇ ਕਿਹਾ, “ਜਦੋਂ ਓਪਰੇਸ਼ਨ ਸਰਾ ਹੋ ਗਿਆ ਤਾਂ ਮੈ ਆਪਣੀਆਂ ਅੱਖਾਂ ਖੋਲ੍ਹੀਆਂ”।

ਸਭ ਤੋਂ ਵੱਡਾ ਡਾਕਟਰ, ਜੋ ਇੱਥੋਂ ਦਾ ਇਨਚਾਰਜ ਸੀ ਉਹ ਬਹੁਤ ਹੈਰਾਨ ਹੋਇਆ ਕਿ ਇਹ ਵਿਅਕਤੀ ਹੋਸ਼ ਵਿਚ ਕਿਸ ਤਰ੍ਹਾਂ ਆ ਗਿਆ, ਜਦੋਂ ਕਿ ਬੇਹੋਸ਼ੀ ਦੇ ਬਹੁਤ ਟੀਕੇ ਇਹਨਾਂ ਨੂੰ ਲੱਗੇ ਹੋਏ ਹਨ। ਉਸਨੇ ਕਿਹਾ, “ਮੈਂ ਤਾਂ ਤੁਹਾਡੀ ਸਮਰਥਾ ਓਪਰੇਸ਼ਨ ਵਾਲੇ ਮੇਜ਼ ਉਤੇ ਹੀ ਵੇਖ ਲਈ ਸੀ। ਹੁਣ ਇਸ ਤੋਂ ਪਿਛੋਂ ਮੈਂ ਤੁਹਾਡਾ ਸ਼ਿਸ਼ ਬਣਨ ਲਈ ਹੀ ਆਸ਼ਰਮ ਆਵਾਂਗਾ”।

ਡਾਕਟਰ ਮਹਾਜਨ ਨੂੰ ਆਸ਼ਰਮ ਵਿੱਚ ਸੱਦਾ-ਪੱਤਰ

ਡਾ: ਮਹਾਜਨ ਅਤੇ ਦੋ ਨਰਸਾਂ, ਜਿਹੜੀਆਂ ਹਜ਼ੂਰ ਦੀ ਬਿਮਾਰੀ ਸਮੇਂ ਸੇਵਾ ਕਰਦੀਆਂ ਸਨ, ਉਹਨਾਂ ਨੂੰ ਆਸ਼ਰਮ ਵਿੱਚ ਆਉਣ ਲਈ ਸੱਦਾ-ਪੱਤਰ ਦਿੱਤਾ ਗਿਆ। ਹਜ਼ਾਰਾਂ ਹੀ ਸ਼ਰਧਾਲੂ ਉਨ੍ਹਾਂ ਦੇ ਸਵਾਗਤ ਲਈ ਬੈਠੇ ਸਨ। ਹਜ਼ੂਰ ਬਰਾਂਡੇ ਦੇ ਬਾਹਰ ਖੁਲ੍ਹੀ ਥਾਂ ਉਤੇ ਡਾ: ਮਹਾਜਨ ਨਾਲ ਬੈਠੇ ਅਤੇ ਸੰਖੇਪ ਅਤੇ ਪਿਆਰ ਭਰੇ ਸ਼ਬਦਾਂ ਨਾਲ ਡਾਕਟਰ ਦਾ ਮਦਦ ਕਰਨ ਲਈ ਧੰਨਵਾਦ ਕੀਤਾ। ਹਜ਼ੂਰ ਨੇ ਕੁਝ ਤੋਹਫ਼ੇ ਡਾ: ਮਹਾਜਨ ਅਤੇ ਦੋਵਾਂ ਨਰਸਾਂ ਨੂੰ ਵੀ ਦਿਤੇ।

ਦਰਸ਼ਨ ਸਿੰਘ ਜੋ, ਹਜ਼ੂਰ ਦਾ ਵੱਡਾ ਲੜਕਾ ਸੀ, ਉਸ ਨੇ ਡਾਕਟਰ ਮਹਾਜਨ ਦੇ ਹੱਥ ਨੂੰ ਆਪਣੇ ਹੱਥ ਵਿੱਚ ਫੜ ਕੇ ਉਪਰ ਚੁੱਕਦਿਆਂ ਅਤੇ ਸੰਗਤ ਵੱਲ ਵੇਖਦਿਆਂ ਹੋਇਆਂ ਕਿਹਾ, “ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਸਾਂ ਸਾਡੇ ਹਜ਼ੂਰ ਨੂੰ ਜੀਵਨ ਬਖਸ਼ਿਆ ਹੈ”।

ਮੈਂ ਇਸ ਵੇਲੇ ਹਜ਼ੂਰ ਦੇ ਲਾਗੇ ਹੀ ਖੜ੍ਹਾ ਸਾਂ ਅਤੇ ਮੈਂ ਜਾਨਣਾ ਚਾਹੁੰਦਾ ਸਾਂ ਕਿ ਹਜੂਰ ਕੁਝ ਦਸਣਗੇ। ਉਸੇ ਵੇਲੇ ਹਜ਼ੂਰ ਨੇ ਕਿਹਾ, “ਡਾਕਟਰ ਮੇਰੀ ਜ਼ਿੰਦਗੀ ਨੂੰ ਨਹੀਂ ਬਚਾ ਸਕਦਾ, ਸਗੋਂ ਜ਼ਿੰਦਗੀ ਮੈਨੂੰ ਮੇਰੇ ਹਜ਼ੂਰ ਨੇ ਬਖਸ਼ੀ ਹੈ”।

ਹਜ਼ੂਰ ਨੂੰ ਹਸਪਤਾਲ ਵਿਚੋਂ ਹੀ ਇਨਫੈਕਸ਼ਨ

ਓਪਰੇਸ਼ਨ ਤੋਂ ਪਿਛੋਂ, ਕੁਝ ਬਹੁਤ ਹੀ ਵੱਡੀਆਂ ਮੁਸ਼ਕਲਾਂ ਪਿਸ਼ਾਬ ਦੇ ਨਾਲ ਹੀ ਸ਼ੁਰੂ ਹੋ ਗਈਆਂ। ਹਜ਼ੂਰ ਨੂੰ ਹਸਪਤਾਲ ਦੇ ਮਾੜੇ ਪ੍ਰਬੰਧ ਅਤੇ ਕੀਟਾਣੂਆਂ (ਬੈਕਟੀਰੀਆ) ਕਰਕੇ ਹੀ ਨੁਕਸ ਪਿਆ ਅਤੇ ਉਹਨਾਂ ਤੇ ਕੋਈ ਦਵਾਈ ਅਸਰ ਨਹੀਂ ਕਰ ਰਹੀ ਸੀ,ਸਾਰੀਆਂ ਦਵਾਈਆਂ ਪ੍ਰਤੀ ਰੋਧਕ ਕੰਮ ਕਰ ਰਹੀਆਂ ਸਨ। 

ਡਾਕਟਰ ਨੇ ਕੁਝ ਦਵਾਈਆਂ ਲਿਖਕੇ ਦਿਤੀਆਂ, ਜਿਹੜੀਆਂ ਭਾਰਤ ਵਿਚੋਂ ਮਿਲ ਹੀ ਨਹੀਂ ਰਹੀਆਂ ਸਨ ਉਹ U.S.A. ਤੋਂ ਹੀ ਮੰਗਾਉਣ ਦਾ ਪ੍ਰਬੰਧ ਕੀਤਾ ਜਾ ਸਕਦਾ ਸੀ। ਕੁਝ ਦਿਨਾਂ ਪਿਛੋਂ, ਇਸ ਦਵਾਈ ਦਾ ਵੀ ਕੋਈ ਅਸਰ ਨਹੀਂ ਹੋਇਆ। ਡਾਕਟਰ ਨੇ ਹੋਰ ਦਵਾਈ ਲਈ ਸਲਾਹ ਦਿਤੀ, ਜਿਹੜੀ ਕਿ ਲੰਦਨ ਤੋਂ ਛੇਤੀ ਮੰਗਵਾਈ ਜਾ ਸਕਦੀ ਸੀ, ਪਰ ਇਹ ਦਵਾਈ ਵੀ ਪ੍ਰਤੀ ਰੋਧਕ ਕੰਮ ਕਰ ਰਹੀ ਸੀ, ਕਿਸੇ ਦਵਾਈ ਨੇ ਕੋਈ ਅਸਰ ਨਾ ਕੀਤਾ। ਪਿਸ਼ਾਬ ਨੂੰ ਰੋਜ਼ ਟੈਸਟ ਕੀਤਾ ਜਾਂਦਾ, ਪਰੰਤੂ ਇਨਫੈਕਸ਼ਨ ਉਸੇ ਤਰ੍ਹਾਂ ਹੀ ਰਹੀ।

ਹਜ਼ੂਰ ਕੋਲੋਂ ਹੀ ਰਾਏ ਲਈ ਗਈ

ਹਜ਼ੂਰ ਦੇ ਸਾਰੇ ਬੱਚੇ, ਉਨ੍ਹਾਂ ਦੀ ਇਸ ਤਕਲੀਫ ਕਰਕੇ ਪਰੇਸ਼ਾਨ ਸਨ ਅਤੇ ਹਰ ਇਕ ਦਾ ਦਿਲ ਬੁਝਿਆ ਹੋਇਆ ਸੀ। ਜਦੋਂ ਹਜ਼ੂਰ ਆਸ਼ਰਮ ਵਾਪਸ ਆਏ ਤਾਂ ਹਜ਼ੂਰ ਨੇ ਕੁਝ ਵਿਅਕਤੀਆਂ ਨਾਲ ਗੱਲਬਾਤ ਕੀਤੀ, ਪ੍ਰੰਤੂ ਉਹ ਬਹੁਤ ਥੱਕੇ ਹੋਏ ਸਨ ਅਤੇ ਇਨ੍ਹਾਂ ਸਾਰੀਆਂ ਗੱਲਾਂ ਦਾ ਉਹਨਾਂ ਦੀ ਸਿਹਤ ਉਤੇ ਅਸਰ ਸੀ।

ਹਜ਼ੂਰ ਨੇ ਕਿਹਾ, “ਦਵਾਈ ਸਿਰਫ਼ ਦੁਨਿਆਵੀ ਲੋਕਾਂ ਲਈ ਹੀ ਹੁੰਦੀ ਹੈ। ਇਥੇ ਮੇਰੇ ਦੁੱਖ ਦੀ ਕੋਈ ਦਵਾਈ ਨਹੀਂ”। ਕੋਈ ਵੀ ਉਹਨਾਂ ਕੋਲੋਂ ਕੋਈ ਗੱਲ ਵੀ ਪੁੱਛਣ ਦਾ ਹੌਂਸਲਾ ਨਹੀਂ ਕਰ ਰਿਹਾ ਸੀ। ਆਖਰ ਕਾਰ ਮੈਂ ਹਜ਼ੂਰ ਨੂੰ ਬੇਨਤੀ ਕੀਤੀ, “ਇੱਥੇ ਮੇਰਾ ਇਕ ਹਰਮਨ ਪਿਆਰਾ ਦੋਸਤ ਹੈ ਮੈਂ ਉਸ ਬਾਰੇ ਤੁਹਾਡੇ ਕੋਲੋਂ ਤੁਹਾਡੀ ਰਾਏ ਲੈਣੀ ਚਾਹੁੰਦਾ ਹਾਂ”। ਹਜ਼ੂਰ ਇਸ ਦਾ ਉਤਰ ਦੇਣ ਲਈ ਖ਼ੁਸ਼ੀ ਨਾਲ ਮੰਨ ਗਏ। ਮੈਂ ਕਿਹਾ, “ਉਸ ਨੂੰ ਤੁਹਾਡੇ ਵਾਲਾ ਹੀ ਨੁਕਸ ਹੈ, ਪ੍ਰੰਤੂ ਉਹ ਦਵਾਈਆਂ ਉਤੇ ਖਰਚ ਨਹੀਂ ਕਰ ਸਕਦਾ, ਇਹ ਬਹੁਤ ਹੀ ਚੰਗਾ ਹੋਵੇ, ਜੇਕਰ ਤੁਸੀਂ ਉਸ ਲਈ ਕੋਈ ਦਵਾਈ ਦਸ ਦਿਉ”। ਹਜ਼ੂਰ ਨੇ ਉੱਤਰ ਦਿਤਾ, “ਚੰਗਾ ਤਾਂ ਇਹ ਹੀ ਹੈ, ਕਿ ਉਹ ਨਿੰਬੂ ਵਾਲੀ ਚਾਹ, ਖਾਲੀ ਪੇਟ ਇਕ ਹਫ਼ਤਾ ਪੀਵੇ ਅਤੇ ਮੇਰੇ ਹਜ਼ੂਰ ਉਸ ਉਤੇ ਦਯਾ ਕਰਨਗੇ”।

ਛੇਤੀ ਹੀ ਮੈਂ ਰਸੋਈ ਵਿੱਚ ਗਿਆ ਅਤੇ ਨਿੰਬੂ ਵਾਲੀ ਚਾਹ ਤਿਆਰ ਕਰ ਲਈ। ਇਹ ਸੁਭਾ ਸਵੇਰ ਦਾ ਸਮਾਂ ਸੀ ਅਤੇ ਹਜ਼ੂਰ ਦਾ ਪੇਟ ਵੀ ਅਜੇ ਖਾਲੀ ਸੀ। ਜਦੋਂ ਮੈਂ ਚਾਹ ਨੂੰ ਹਜ਼ੂਰ ਕੋਲ ਲਿਆਂਦਾ ਅਤੇ ਮੈਂ ਉਹਨਾਂ ਨੂੰ ਕਿਹਾ, “ਇਹ ਤੁਹਾਡੇ ਲਈ ਹੈ। ਮੈਨੂੰ ਤੁਹਾਡੇ ਤੋਂ ਵੱਧ ਪਿਆਰਾ ਹੋਰ ਕੌਣ ਹੋ ਸਕਦਾ ਹੈ”? ਹਜ਼ੂਰ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਅਤੇ ਉਹਨਾਂ ਨੇ ਚਾਹ ਪੀ ਲਈ। ਉਹਨਾਂ ਨੇ ਇਸ ਨੂੰ ਲਗਾਤਾਰ ਦੋ ਹਫ਼ਤੇ ਪੀਤਾ ਅਤੇ ਹਜ਼ੂਰ ਬਿਲਕੁਲ ਪੂਰੀ ਤਰ੍ਹਾਂ ਠੀਕ ਹੋ ਗਏ।

ਹਜ਼ੂਰ ਨੇ ਅੰਤਰ ਵਿੱਚ ਸਾਨੂੰ ਘਰ ਵਾਪਸ ਜਾਣ ਲਈ ਪੁਛਿਆ

ਹਜ਼ੂਰ ਕੋਲ ਰਹਿੰਦਿਆਂ ਸਾਨੂੰ ਕਾਫ਼ੀ ਸਮਾਂ ਹੋ ਗਿਆ ਸੀ, ਇਸ ਲਈ ਹਜ਼ੂਰ ਸਾਨੂੰ ਕੰਮ ਕਰਨ ਲਈ ਵਾਪਸ ਭੇਜਣਾ ਚਾਹੁੰਦੇ ਸਨ। ਅਸੀਂ ਘਰ ਦੋ ਬੱਚੇ 11 ਸਾਲ ਅਤੇ 13 ਸਾਲ ਦੇ ਛੱਡ ਕੇ ਗਏ ਸਾਂ। ਮੇਰੇ ਪਿਤਾ ਜੀ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਘਰ ਵਿਚ ਹੀ ਰਹਿੰਦੇ ਸਨ। ਉਹਨਾਂ ਨੇ ਬੱਚਿਆਂ ਨੂੰ ਸਾਡੇ ਵਿਰੁੱਧ ਬਹੁਤ ਮਾੜੇ ਸ਼ਬਦ ਵੀ ਵਰਤੇ ਅਤੇ ਬੱਚਿਆਂ ਨੂੰ ਕਹਿਣਾ ਸ਼ੁਰੂ ਕਰ ਦਿਤਾ ਕਿ ਘਰ ਨੂੰ ਛੱਡ ਦਿਉ ਅਤੇ ਸਾਡੇ ਅਨੁਸਾਰ ਚਲੋ। ਮੇਰੇ ਲੜਕੇ ਨੇ ਆਪਣੀ ਭੈਣ ਨੂੰ ਕਿਹਾ, “ਤੂੰ ਭਜਨ–ਸਿਮਰਨ ਤੇ ਬੈਠ ਅਤੇ ਹਜ਼ੂਰ ਨੂੰ ਕਹੋ, ਕਿ ਸਾਡੇ ਮਾਤਾ-ਪਿਤਾ ਨੂੰ ਵਾਪਸ ਭੇਜ ਦਿਉ”। ਹਜ਼ੂਰ ਸੂਖਸ਼ਮ ਰੂਪ ਵਿੱਚ ਪ੍ਰਗਟ ਹੋਏ ਅਤੇ ਕਿਹਾ, “ਕੱਲ੍ਹ ਸਵੇਰੇ ਦੇ ਅੱਠ ਵਜੇ ਤੁਹਾਡੇ ਪਿਤਾ ਜੀ ਅਤੇ ਮਾਤਾ ਜੀ ਤੁਹਾਡੇ ਨਾਲ ਚਾਹ ਪੀਣਗੇ”।

ਉਹਨਾਂ ਦੇ ਅੰਦਰ ਦੇ ਹੁਕਮ ਅਨੁਸਾਰ ਅਸੀਂ ਉਸੇ ਵੇਲੇ ਤਿਆਰ ਹੋ ਗਏ ਅਤੇ ਹਜ਼ੂਰ ਕੋਲੋਂ ਛੁੱਟੀ ਮੰਗੀ। ਹਜ਼ੂਰ ਦੀ ਸਿਹਤ ਠੀਕ ਹੋਣ ਕਰਕੇ ਅਸੀਂ ਵੀ ਖੁਸ਼ੀ‌‌‍‍‌‍‍‌-ਖੁਸ਼ੀ ਜਾਣਾ ਚਾਹੁੰਦੇ ਸੀ। ਸਾਨੂੰ ਵੇਖ ਕੇ ਹਜ਼ੂਰ ਨੇ ਕਿਹਾ, “ਤੁਸੀਂ ਕਿਉਂ ਜਾਣਾ ਚਾਹੁੰਦੇ ਹੋ? ਮੈਂ ਤੁਹਾਨੂੰ ਜਾਣ ਨਹੀਂ ਦਿਆਂਗਾ”। ਮੈ ਉੱਤਰ ਦਿਤਾ, “ਨਹੀਂ, ਹੁਣ ਅਸੀਂ ਜ਼ਰੂਰ ਜਾਣਾ ਹੈ”। ਹਜ਼ੂਰ ਨੇ ਫਿਰ ਦੋ-ਤਿੰਨ ਵਾਰ ਕਿਹਾ, “ਮੈਂ ਤੁਹਾਨੂੰ ਜਾਣ ਦੀ ਆਗਿਆ ਨਹੀਂ ਦੇਵਾਂਗਾ”। ਫਿਰ ਹਜ਼ੂਰ ਸਹਿਮਤ ਹੋ ਗਏ ਅਤੇ ਕਿਹਾ, “ਅੱਜ ਤੋਂ ਤੂੰ ਰੱਬ ਦਾ ਡਾਕਟਰ ਹੈਂ। ਤੂੰ ਹੀ ਮੇਰੇ ਦਿਲ ਨੂੰ ਜਾਣ ਸਕਦਾ ਹੈ। ਚੰਗਾ ਹੋਵੇ, ਜੇਕਰ ਤੂੰ ਜਾਣ ਤੋਂ ਪਹਿਲਾਂ ਮੇਰਾ ਦਿਲ ਚੈੱਕ ਕਰ ਲਵੇ”। ਮੈਂ ਨੇੜੇ ਗਿਆ, ਹਜ਼ੂਰ ਨੇ ਆਪਣੀ ਸੱਜੀ ਬਾਂਹ ਉਪਰ ਚੁੱਕੀ ਅਤੇ ਕਿਹਾ, “ਤੂੰ ਹੀ ਮੇਰੇ ਦਿਲ ਨੂੰ ਚੈੱਕ ਕਰ ਸਕਦਾ ਹੈ”। ਮੈਂ ਕਿਹਾ, “ਹਜੂਰ ਦਿਲ ਤਾਂ ਦੂਜੇ ਪਾਸੇ ਹੈ”। — “ਓ, ਤੂੰ ਜਾਣਦਾ ਹੈਂ, ਮੇਰਾ ਦਿਲ ਕਿਥੇ ਹੈ”?

ਉਹਨਾਂ ਨੂੰ ਦਿਲ ਦੀ ਕੋਈ ਤਕਲੀਫ ਨਹੀਂ ਸੀ, ਇਹ ਕੇਵਲ ਇਕ ਕੁਦਰਤੀ ਖਿੱਚ ਅਤੇ ਦਿਲੀ ਪਿਆਰ ਦੀ ਗੱਲ ਸੀ।

ਚੈੱਕ ਕਰਦਿਆਂ ਹੋਇਆਂ, ਉਨ੍ਹਾਂ ਨੇ ਹੌਲੀ ਜਿਹੀ ਮੇਰੇ ਕੰਨ ਵਿੱਚ ਕਿਹਾ, “ਬੱਚੇ ਤੁਹਾਨੂੰ ਯਾਦ ਕਰਦੇ ਹਨ, ਤੁਸੀਂ ਜ਼ਰੂਰ ਚਲੇ ਜਾਵੋ”। ਅਸੀਂ ਛੇਤੀ ਹੀ ਅੰਮ੍ਰਿਤਸਰ ਵਾਪਸ ਆਉਣ ਲਈ ਤਿਆਰ ਹੋ ਗਏ। ਹਜ਼ੂਰ ਨੇ ਆਪਣੀ ਕਾਰ ਭੇਜੀ ਅਤੇ ਆਪਣੇ ਡਰਾਈਵਰ ਅਤੇ ਦਰਸ਼ਨ ਸਿੰਘ ਨੂੰ ਕਿਹਾ, ਕਿ ਰੇਲਵੇ-ਸਟੇਸ਼ਨ ਤੱਕ ਇਨ੍ਹਾਂ ਨੂੰ ਛੱਡ ਕੇ ਆਉਣਾ। ਰਸਤੇ ਵਿੱਚ ਮੈਂ ਅਤੇ ਮੇਰੀ ਪਤਨੀ ਨੇ ਉਹਨਾਂ ਨੂੰ ਕਿਹਾ, “ਸਵੇਰੇ ਤੁਸੀਂ ਕੁਝ ਗੱਲਾਂ ਹਜ਼ੂਰ ਦੀ ਤਾਲੀਮ ਦੇ ਉਲਟ ਆਖੀਆਂ ਹਨ। ਜਿਥੋਂ ਤੱਕ ਵਾਪਸ ਜਾਣ ਅਤੇ ਰਹਿਣ ਦਾ ਸਬੰਧ ਹੈ, ਉਹ ਹਜ਼ੂਰ ਦੇ ਆਪਣੇ ਹੱਥ ਵਿੱਚ ਹੈ। ਗੁਰੂ–ਪਾਵਰ ਨੂੰ ਆਪਣੇ ਬੱਚਿਆਂ ਨਾਲ ਦਿਲੀ-ਲਗਾਓ ਹੁੰਦਾ ਹੈ, ਇਸ ਲਈ ਉਹ ਆਪਣੇ ਸ਼ਿਸ਼ਾਂ ਦੇ ਕਰਮਾਂ ਦਾ ਬੋਝ ਆਪਣੇ ਆਪ ਉਤੇ ਸਹਾਰ ਲੈਂਦੇ ਹਨ”। ਉਸ ਨੇ ਆਪਣੀ ਗਲਤੀ ਮੰਨ ਲਈ ਅਤੇ ਕਿਹਾ ਕਿ ਅਗੇ ਤੋਂ ਮੈਂ ਇਹੋ ਜਿਹੀਆਂ ਗੱਲਾਂ ਦਾ ਖ਼ਿਆਲ ਰਖਾਂਗਾ ਅਤੇ ਸੁਚੇਤ ਰਹਾਂਗਾ।

ਹਜ਼ੂਰ ਨੂੰ ਦਵਾਈ ਦੇ ਰੀਐਕਸ਼ਨ ਕਾਰਨ ਮੁਸ਼ਕਲ

ਬਿਮਾਰੀ ਤੋਂ ਠੀਕ ਹੋਣ ਪਿਛੋਂ,ਹਜ਼ੂਰ ਨੂੰ ਛਾਤੀ ਦੀ ਦਰਦ ਸ਼ੁਰੂ ਹੋ ਗਈ। ਇਕ ਡਾਕਟਰ ਨੇ ਛਾਤੀ ਨੂੰ ਠੀਕ ਕਰਨ ਲਈ ਇਕ ਦਵਾਈ ਦੱਸੀ। ਇਸ ਦਵਾਈ ਨੇ ਬਹੁਤ ਹੀ ਮਾੜਾ ਅਸਰ ਕੀਤਾ, ਇਥੋਂ ਤੱਕ ਕਿ ਹਜ਼ੂਰ ਨੂੰ ਬਿਸਤਰੇ ਉਤੇ ਪਾਸਾ ਪਰਤਣਾ ਵੀ ਔਖਾ ਹੋ ਗਿਆ। ਡਾਕਟਰ ਨੇ ਕਿਹਾ ਕਿ ਉਹ ਨੁਕਸ ਹੌਲੀ-ਹੌਲੀ ਠੀਕ ਹੋਵੇਗਾ ਅਤੇ ਇਸਨੂੰ ਠੀਕ ਹੋਣ ਲਈ ਕੁਝ ਹਫ਼ਤੇ ਵੀ ਲੱਗ ਸਕਦੇ ਹਨ।

ਤਾਈ ਜੀ ਨੇ ਸੁਨੇਹਾ ਭੇਜਿਆ

ਤਾਈ ਜੀ ਨੇ ਮੈਨੂੰ ਸੁਨੇਹਾ ਭੇਜਿਆ ਕਿ ਹਜ਼ੂਰ ਨੂੰ ਦਵਾਈ ਖਾਣ ਨਾਲ ਉਹਨਾਂ ਦੀ ਸਿਹਤ ਉਤੇ ਬਹੁਤ ਮਾੜਾ ਅਸਰ ਹੋਇਆ ਹੈ, ਇਸ ਲਈ ਛੇਤੀ ਆਓ।

ਇੰਦਰਪਾਲ ਸਿੰਘ ਹੁਰਾਂ ਨਾਲ ਮੈਂ ਸਵੇਰੇ ਹੀ ਦਿੱਲੀ ਪਹੁੰਚ ਗਿਆ। ਹਜ਼ੂਰ ਦੀ ਹਾਲਤ ਵੇਖ ਕੇ ਮੈਂ ਆਪਣੇ ਕਮਰੇ ਵਿੱਚ ਆ ਗਿਆ ਅਤੇ ਬਹੁਤ ਹੀ ਬੈਚੇਨੀ ਅਨੁਭਵ ਕੀਤੀ। ਹਜ਼ੂਰ ਨੇ ਮੈਨੂੰ ਸੱਦਿਆ ਅਤੇ ਉਨ੍ਹਾਂ ਨੇ ਕਿਹਾ, “ਤੂੰ ਐਨਾ ਉਦਾਸ ਅਤੇ ਫਿਕਰਮੰਦ ਕਿਉਂ ਹੈ”? ਮੈਂ ਉਤਰ ਦਿੱਤਾ, “ਅਸੀਂ ਕਦੇ ਵੀ ਤੁਹਾਡੇ ਕੋਲੋਂ ਕੋਈ ਮੰਗ ਨਹੀਂ ਮੰਗੀ, ਤੁਸਾ ਜੋ ਵੀ ਸਾਨੂੰ ਦਿਤਾ ਹੈ, ਆਪਣੀ ਇੱਛਾ ਅਨੁਸਾਰ ਦਿਤਾ ਹੈ। ਹੁਣ ਸਾਡੀ ਦਿਲੀ ਇੱਛਾ ਹੈ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ”।

ਹਜ਼ੂਰ ਨੇ ਮੈਨੂੰ ਪੁਛਿਆ, “ਤੂੰ ਹੋਰ ਕੀ ਚਾਹੁੰਦਾ ਹੈ”? ਮੈਂ ਉਤਰ ਦਿਤਾ, “ਹਜ਼ੂਰ! ਮੈਂ ਚਾਹੁੰਦਾ ਹਾਂ ਕਿ ਤੁਸੀਂ ਬੈਠੋ ਅਤੇ ਸਾਡੇ ਸਾਰਿਆਂ ਨਾਲ ਗੱਲਾਂ ਕਰੋ”। — “ਓ, ਇਹ ਤਾਂ ਬਹੁਤ ਸੌਖਾ ਹੈ, ਕੋਈ ਮੁਸ਼ਕਲ ਨਹੀਂ”। ਹਜ਼ੂਰ ਨੇ ਮੈਨੂੰ ਕਿਹਾ, “ਆਪਣੇ ਹੱਥ ਮੇਰੇ ਸਿਰ ਦੇ ਪਿਛੇ ਰੱਖ ਅਤੇ ਮੇਰੇ ਸਿਰ ਨੂੰ ਹੌਲੀ-ਹੌਲੀ ਉੱਪਰ ਚੁੱਕ”। ਮੈਂ ਇਸੇ ਤਰ੍ਹਾਂ ਹੀ ਕੀਤਾ, ਤਾਂ ਹਜ਼ੂਰ ਛੇਤੀ ਹੀ ਬਿਸਤਰੇ ਉੱਤੇ ਉੱਠਕੇ ਬੈਠ ਗਏ। “ਹਾਂ, ਇਹੋ ਹੀ ਤੂੰ ਚਾਹੁੰਦਾ ਹੈ”? — “ਨਹੀਂ ਹਜ਼ੂਰ ਮੈਂ ਚਾਹੁੰਦਾ ਹਾਂ, ਤੁਸੀਂ ਘੱਟ ਤੋਂ ਘੱਟ ਖੜ੍ਹੇ ਤਾਂ ਹੋਵੇ”? ਹਜ਼ੂਰ ਨੇ ਕਿਹਾ, “ਆਪਣਾ ਹੱਥ ਮੇਰੀ ਪਿੱਠ ਦੇ ਪਿੱਛੇ ਰਖੋ ਅਤੇ ਹੌਲੀ-ਹੌਲੀ ਮੇਰੀ ਖੜ੍ਹੇ ਹੋਣ ਵਿਚ ਮਦਦ ਕਰੋ”। ਮੈਂ ਇਸੇ ਤਰ੍ਹਾਂ ਹੀ ਕੀਤਾ। ਹਜ਼ੂਰ ਨੇ ਫਿਰ ਪੁਛਿਆ, “ਕੀ ਤੂੰ ਇਹੋ ਚਾਹੁੰਦਾ ਹੈ”? — “ਨਹੀਂ, ਹਜ਼ੂਰ ਮੈਂ ਚਾਹੁੰਦਾ ਹਾਂ, ਤੁਸੀਂ ਤੁਰੋ”।

ਹਜ਼ੂਰ ਨੇ ਮੈਨੂੰ ਪਿਛੋਂ ਫੜ ਲਿਆ ਅਤੇ ਹੌਲੀ-ਹੌਲੀ ਤੁਰਨਾ ਸ਼ੁਰੂ ਕਰ ਦਿਤਾ ਅਤੇ ਫਿਰ ਵਾਪਸ ਆਪਣੇ ਬਿਸਤਰੇ ਉੱਤੇ ਆ ਬੈਠੇ। ਹਜ਼ੂਰ ਨੇ ਕਿਹਾ, “ਕੀ ਏਨਾ ਹੀ ਕਾਫ਼ੀ ਹੈ, ਜੋ ਤੂੰ ਚਾਹੁੰਦਾ ਹੈ”? ਮੈਂ ਉੱਤਰ ਦਿਤਾ, “ਨਹੀਂ, ਹੁਣ ਤੁਸੀਂ ਸੰਖੇਪ ਜਿਹੀ ਕੋਈ ਦਿਲੀ ਪਿਆਰ ਦੀ ਗੱਲਬਾਤ ਵੀ ਕਰੋ”। ਅਤੇ ਹਜ਼ੂਰ ਨੇ ਇਸ ਤਰ੍ਹਾਂ ਹੀ ਕੀਤਾ।

ਆਹ! ਉਸ ਸਮੇਂ ਉਸ ਨਾਲ ਕਿੰਨਾ ਸੋਹਣਾ ਸੀ।

Scroll to Top